DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤ ਸ਼ੇਰਗਿੱਲ

ਦੇਵਿੰਦਰ ਸਤਿਆਰਥੀ ਸ਼ਬਦ ਚਿੱਤਰ ਚਿੱਤਰਕਾਰ ਅੰਮ੍ਰਿਤ ਦੀ ਮੁਸਕਾਨ ਮੈਨੂੰ ਸਦਾ ਪਿਆਰੀ-ਪਿਆਰੀ ਲੱਗਦੀ ਰਹੇਗੀ। ਅੰਮ੍ਰਿਤ ਹੁਣ ਜਿਉਂਦੀ ਨਹੀਂ, ਪਰ ਉਸ ਦੀ ਮੁਸਕਾਨ ਅੱਜ ਵੀ ਹਾਜ਼ਰ ਹੈ। ਇਸ ਨੂੰ ਕੈਮਰਾਮੈਨ ਦਾ ਕੌਸ਼ਲ ਕਿਹਾ ਜਾਣਾ ਚਾਹੀਦਾ ਹੈ ਕਿ ਕਿਵੇਂ ਉਸ ਨੇ ਸੁਹਣੇ ਵਾਲਾਂ ਵਾਲੀ...
  • fb
  • twitter
  • whatsapp
  • whatsapp
featured-img featured-img
ਅੰਮ੍ਰਿਤ ਸ਼ੇਰਗਿੱਲ ਦਾ ਬਣਾਇਆ ਚਿੱਤਰ ‘ਤਿੰਨ ਕੁੜੀਆਂ’।
Advertisement

ਦੇਵਿੰਦਰ ਸਤਿਆਰਥੀ

ਸ਼ਬਦ ਚਿੱਤਰ

ਚਿੱਤਰਕਾਰ ਅੰਮ੍ਰਿਤ ਦੀ ਮੁਸਕਾਨ ਮੈਨੂੰ ਸਦਾ ਪਿਆਰੀ-ਪਿਆਰੀ ਲੱਗਦੀ ਰਹੇਗੀ। ਅੰਮ੍ਰਿਤ ਹੁਣ ਜਿਉਂਦੀ ਨਹੀਂ, ਪਰ ਉਸ ਦੀ ਮੁਸਕਾਨ ਅੱਜ ਵੀ ਹਾਜ਼ਰ ਹੈ। ਇਸ ਨੂੰ ਕੈਮਰਾਮੈਨ ਦਾ ਕੌਸ਼ਲ ਕਿਹਾ ਜਾਣਾ ਚਾਹੀਦਾ ਹੈ ਕਿ ਕਿਵੇਂ ਉਸ ਨੇ ਸੁਹਣੇ ਵਾਲਾਂ ਵਾਲੀ ਕੁੜੀ ਦੇ ਚਿਹਰੇ ਉਪਰ ਉਹੀ ਮੁਸਕਰਾਹਟ ਪੇਸ਼ ਕੀਤੀ ਜੋ ਅੰਮ੍ਰਿਤ ਦੇ ਬੁੱਲ੍ਹਾਂ ’ਤੇ ਨੱਚੀ ਸੀ ਜਦੋਂ ਮੈਂ ਉਸ ਨੂੰ ਪਹਿਲੀ ਵਾਰ 1936 ਵਿਚ ਦੇਖਿਆ ਸੀ। ਸ਼ਿਮਲੇ ਦੀ ਸਮਰ ਹਿੱਲ ਵਾਲੀ ਥਾਂ ਉਸ ਦੇ ਬਜ਼ੁਰਗ ਅਤੇ ਚਿੰਤਨਸ਼ੀਲ ਪਿਤਾ ਸਰਦਾਰ ਉਮਰਾਓ ਸਿੰਘ ਸ਼ੇਰਗਿੱਲ ਦੀ ਰਿਹਾਇਸ਼ਗਾਹ ਸੀ।

Advertisement

‘‘ਤੁਹਾਨੂੰ ਅੰਮ੍ਰਿਤ ਦੀਆਂ ਤਸਵੀਰਾਂ ਕਿਵੇਂ ਲੱਗੀਆਂ ਹਨ?’’ ਉਸ ਦੇ ਪਿਤਾ ਨੇ ਪੁੱਛਿਆ।

ਮੈਂ ਕਿਹਾ, ‘‘ਮੇਰੇ ਵਾਸਤੇ ਇਨ੍ਹਾਂ ਵਿਚ ਨਵਾਂਪਣ ਹੈ। ਜੇਕਰ ਅੰਮ੍ਰਿਤ ਦੀ ਪ੍ਰਤਿਭਾ ਦਾ ਵਿਕਾਸ ਯੂਰੋਪੀਅਨ ਪ੍ਰਭਾਵਾਂ ਦਾ ਰਿਣੀ ਹੈ ਤਾਂ ਇਸ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜਾਪਦਾ ਹੈ ਉਸ ਨੇ ਭਾਰਤੀਪਣ ਦਾ ਦਿਲ ਲੱਭ ਲਿਆ ਹੈ।’’

ਅੰਮ੍ਰਿਤ ਸ਼ੇਰਗਿੱਲ ਦਾ ਬਣਾਇਆ ਚਿੱਤਰ ‘ਤਿੰਨ ਕੁੜੀਆਂ’।

ਸ਼ਿਮਲੇ ਵਿਖੇ ਅੰਮ੍ਰਿਤ ਦੀ ਛੋਟੀ ਜਿਹੀ ਗੈਲਰੀ ਕਿੰਨੀ ਸੋਹਣੀ ਸੀ। ਉੱਥੇ ਬੈਠ ਕੇ ਉਸ ਨੇ ਰੰਗ ਤੇ ਬੁਰਸ਼ ਨਾਲ ਕਈ ਤਜਰਬੇ ਕੀਤੇ। ਥੋੜ੍ਹੇ ਜਿਹੇ ਸਮੇਂ ਵਿਚ ਉਸ ਨੇ ਭਾਰਤੀ ਚਿੱਤਰਕਾਰਾਂ ਸਾਹਮਣੇ ਇਕ ਚੁਣੌਤੀ ਰੱਖ ਦਿੱਤੀ ਕਿਉਂਕਿ ਉਸ ਨੂੰ, ਚਿੰਤਨ ਦੀ ਪਿੱਠਭੂਮੀ ਦੇ ਰੂਪ ਵਿਚ ਬਜ਼ੁਰਗ ਪਿਤਾ ਦਾ ਗਿਆਨ ਪ੍ਰਾਪਤ ਸੀ।

ਅੰਮ੍ਰਿਤ ਨੇ ਖ਼ੁਦ ਮੈਨੂੰ ਦੱਸਿਆ ਕਿ 1934 ਵਿਚ ਜਦੋਂ ਉਹ ਭਾਰਤ ਆਈ ਹੀ ਸੀ, ਉਸ ਦੀ ਬਣਾਈ ਪੇਂਟਿੰਗ ਨੂੰ ਸ਼ਿਮਲਾ ਵਿਖੇ ਲੱਗੀ ਇਕ ਨੁਮਾਇਸ਼ ਵਿਚ ਸਨਮਾਨਿਤ ਕੀਤਾ ਗਿਆ। ਪਰ ਇਨਾਮ ਅਜਿਹੀ ਤਸਵੀਰ ਨੂੰ ਦਿੱਤਾ ਗਿਆ ਜੋ ਖ਼ੁਦ ਅੰਮ੍ਰਿਤ ਦੀ ਨਜ਼ਰ ਵਿਚ ਏਨੀ ਸ਼ਾਨਦਾਰ ਨਹੀਂ ਸੀ। ਉਸ ਨੇ ਇਸ ਨੂੰ ਆਪਣੇ ਪੋਰਟਰੇਟ ਦਾ ਅਪਮਾਨ ਸਮਝਿਆ। ਉਹ ਉਸ ਨੂੰ ਆਪਣੀ ਸਭ ਤੋਂ ਬਿਹਤਰ ਪੇਂਟਿੰਗ ਮੰਨਦੀ ਸੀ। ਇਸ ਕਾਰਨ ਉਸ ਨੇ ਇਨਾਮ ਵਾਲੀ ਰਕਮ ਪ੍ਰਦਰਸ਼ਨੀ ਕਮੇਟੀ ਨੂੰ ਵਾਪਸ ਕਰ ਦਿੱਤੀ। ਮੈਂ ਉਸੇ ਵੇਲੇ ਸਮਝ ਗਿਆ ਕਿ ਉਸ ਨੂੰ ਆਪਣੇ ਪੇਂਟ-ਬੁਰਸ਼ ਵਿਚ ਕਿੰਨਾ ਵਿਸ਼ਵਾਸ ਸੀ।

‘‘ਅੰਮ੍ਰਿਤ ਤੇਰਾ ਜਨਮ ਕਿੱਥੇ ਹੋਇਆ ਸੀ?’’ ਮੈਂ ਪੁੱਛਿਆ।

‘‘ਹੰਗਰੀ ਦੀ ਰਾਜਧਾਨੀ ਬੁਡਾਪੈਸਟ ਵਿਚ,’’ ਉਸ ਨੇ ਕਿਹਾ। ‘‘ਮੇਰਾ ਜਨਮ 1913 ਵਿਚ ਹੋਇਆ ਸੀ।’’

ਮੈਂ ਉਛਲ ਕੇ ਕਿਹਾ, ‘‘ਅੰਮ੍ਰਿਤ ਤੂੰ ਮੇਰੇ ਤੋਂ ਪੰਜ ਸਾਲ ਛੋਟੀ ਏਂ।’’

‘‘ਛੋਟੀ ਈ ਸਹੀ,’’ ਅੰਮ੍ਰਿਤ ਮੁੜ ਬੋਲੀ, ‘‘ਮੈਨੂੰ ਹਮੇਸ਼ਾ ਇਹੋ ਲੱਗਦਾ ਆ ਰਿਹਾ ਏ ਕਿ ਮੈਂ ਸਦਾ ਤਸਵੀਰਾਂ ਬਣਾਉਂਦੀ ਰਹੀ ਹਾਂ।’’

‘‘ਤਾਂ ਤੂੰ ਵੱਡੀ ਏਂ, ਅੰਮ੍ਰਿਤ!’’

‘‘ਚਿੱਤਰ ਰਚਨਾ ਦੇ ਅਨੁਭਵ ਦੇ ਆਧਾਰ ’ਤੇ ਨਿਸ਼ਚਿਤ ਤੌਰ ’ਤੇ ਮੈਂ ਵੱਡੀ ਹਾਂ।’’

ਸੰਨ 1935 ਨੂੰ ਦਿੱਲੀ ਦੀ ‘ਆਲ ਇੰਡੀਆ ਫਾਈਨ ਆਰਟਸ ਐਂਡ ਕਰਾਫਟਸ ਸੋਸਾਇਟੀ’ ਵੱਲੋਂ ਅੰਮ੍ਰਿਤ ਦੀ ਇਕ ਪੇਂਟਿੰਗ ਨੂੰ ਇਨਾਮ ਦਿੱਤਾ ਗਿਆ। ਇਸੇ ਸਾਲ ਬੰਬਈ ਆਰਟਸ ਸੋਸਾਇਟੀ ਵੱਲੋਂ ਉਸ ਦੇ ‘ਕੁਝ ਹਿੰਦੋਸਤਾਨੀ ਕੁੜੀਆਂ’ ਚਿੱਤਰ ਨੂੰ ਸੋਨੇ ਦਾ ਤਮਗਾ ਦਿੱਤਾ ਗਿਆ। ਇਨ੍ਹਾਂ ਦਿਨਾਂ ਦੌਰਾਨ ਅੰਮ੍ਰਿਤ ਨੇ ਪੂਰੇ ਭਾਰਤ ਦੀ ਯਾਤਰਾ ਕੀਤੀ ਅਤੇ ਕਈ ਥਾਵਾਂ ’ਤੇ ਉਸ ਨੇ ਸੁਤੰਤਰ ਪ੍ਰਦਰਸ਼ਨੀਆਂ ਲਾਈਆਂ। ਜਦੋਂ ਉਸ ਨੇ ਦੱਖਣ ਦੀਆਂ ਅਜੰਤਾ ਦੀਆਂ ਗੁਫ਼ਾਵਾਂ ਵਾਲੀਆਂ ਪ੍ਰਸਿੱਧ ਤਸਵੀਰਾਂ ਦਾ ਰਸ ਮਾਣਿਆ ਤਾਂ ਸੱਚੀਂ-ਮੁੱਚੀਂ ਉਸ ਨੂੰ ਇਕ ਨਵੀਂ ਪ੍ਰੇਰਣਾ ਮਿਲੀ।

ਅੰਮ੍ਰਿਤ ਨੂੰ ਛੋਟੇ ਕੈਨਵਸ ਦੀ ਵਰਤੋਂ ਨਾਪਸੰਦ ਸੀ। ਵੱਡੇ ਕੈਨਵਸ ਦੀ ਵਰਤੋਂ ਕਾਰਨ ਆਪਣੇ ਕੰਮ ਵਿਚ ਕੰਧ-ਚਿੱਤਰਾਂ ਦੇ ਗੁਣ-ਲੱਛਣ ਰਲਾਉਣੇ ਉਸ ਲਈ ਸਹਿਜ ਹੋ ਗਏ। ਅਜੰਤਾ ਫੇਰੀ ਤੋਂ ਬਾਅਦ ਅੰਮ੍ਰਿਤ ਦੇ ਬੁਰਸ਼ ਵਿਚ ਆਈ ਤਬਦੀਲੀ ਜੱਗ ਜ਼ਾਹਿਰ ਹੈ। ਉਨ੍ਹੀਂ ਦਿਨੀਂ ਇਕ ਦੋਸਤ ਨੂੰ ਲਿਖੇ ਖ਼ਤਾਂ ਵਿਚ ਆਪਣੇ ਸ਼ਬਦਾਂ ਰਾਹੀਂ ਵੀ ਉਸ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ, ‘‘ਮੈਂ ਬਹੁਤ ਮਿਹਨਤ ਕਰ ਰਹੀ ਆਂ ਅਤੇ ਵੱਡੇ ਕੈਨਵਸ ਤਿਆਰ ਕਰਨ ਵਿਚ ਮਸਰੂਫ਼ ਹਾਂ। ਵਿਸ਼ੇ ਦੇ ਲਿਹਾਜ਼ ਪੱਖੋਂ ਉਹ ਦੱਖਣੀ ਭਾਰਤ ਦੀ ਛਾਪ ਰੱਖਦੇ ਹਨ ਜਿਸ ਨੂੰ ਮੈਂ ਗ੍ਰਹਿਣ ਕੀਤਾ ਹੈ। ਚਿੱਤਰਕਾਰੀ ਦੇ ਪੱਖੋਂ ਇਹ ਉਸ ਮਹਾਨ ਸਿੱਖਿਆ ਦਾ ਪ੍ਰਗਟਾਵਾ ਹੈ ਜੋ ਮੈਂ ਅਜੰਤਾ ਵਿਖੇ ਪ੍ਰਾਪਤ ਕੀਤੀ ਸੀ।’’

ਬੰਬਈ ਦੇ ਪ੍ਰਸਿੱਧ ਕਲਾ ਸਮੀਖਿਆਕਾਰ ਕਾਰਲ ਖੰਡੇਲਵਾਲ ਨੇ ਅੰਮ੍ਰਿਤ ਸ਼ੇਰਗਿੱਲ ਦੇ ਚਿੱਤਰਾਂ ਦਾ ਇਕ ਸੰਗ੍ਰਹਿ ਛਪਵਾਇਆ। ਸ੍ਰੀ ਖੰਡੇਲਵਾਲ ਅਨੁਸਾਰ, ‘‘ਅੰਮ੍ਰਿਤ ਸ਼ੇਰਗਿੱਲ ਭਾਰਤੀ ਮੂਰਤੀ ਕਲਾ ਤੋਂ ਪ੍ਰਭਾਵਿਤ ਸੀ। ਇਹ ਤੱਥ ਉਸ ਦੇ ਚਿੱਤਰਾਂ ਦੀ ਬਣਤਰ, ਰੱਖ-ਰਖਾਓ ਤੋਂ ਸਾਹਮਣੇ ਆਉਂਦਾ ਹੈ।’’ ਇਕ ਦੋਸਤ ਨੂੰ ਲਿਖੀ ਆਪਣੀ ਚਿੱਠੀ ਵਿਚ ਉਸ ਨੇ ਇੱਥੋਂ ਤੱਕ ਲਿਖਿਆ, ‘‘ਮੈਨੂੰ ਰੂਪ ਨਾਲ ਬਹੁਤ ਪਿਆਰ ਹੈ, ਹਾਲਾਂਕਿ ਮੈਂ ਰੰਗਾਂ ਦੀ ਪੂਜਾ ਕਰਦੀ ਹਾਂ।’’

ਸੰਨ 1941 ਨੂੰ ਮੇਰੀ ਅੰਮ੍ਰਿਤ ਨਾਲ ਮੁਲਾਕਾਤ ਹੋਈ। ਉਹ ਆਪਣੀਆਂ ਨਵੀਆਂ ਤਸਵੀਰਾਂ ਨੂੰ ਲੈ ਉਨ੍ਹਾਂ ਦੀ ਨੁਮਾਇਸ਼ ਦੀ ਤਿਆਰੀ ਵਿਚ ਰੁੱਝੀ ਹੋਈ ਸੀ। ਅਚਾਨਕ ਉਹ ਬਿਮਾਰ ਹੋ ਗਈ ਅਤੇ ਇਕ ਦਿਨ ਖ਼ਬਰ ਆਈ ਕਿ ਉਸ ਦੀ ਮੌਤ ਹੋ ਗਈ ਹੈ। ਭਾਰਤ ਦੀ ਇਸ ਚਿਤੇਰੀ ਦੀ ਜੁਆਨੀ ਵਿਚ ਹੀ ਮੌਤ ਹੋ ਗਈ- ਇਹ ਦੁਖਦਾਈ ਘਟਨਾ ਭਾਰਤੀ ਕਲਾ ਇਤਿਹਾਸ ਵਿਚ ਹਮੇਸ਼ਾ ਬਹੁਤ ਉਦਾਸੀ ਨਾਲ ਯਾਦ ਕੀਤੀ ਜਾਵੇਗੀ।

- ਅਨੁਵਾਦ: ਜਗਤਾਰਜੀਤ ਸਿੰਘ

ਸੰਪਰਕ: 98990-91186

Advertisement
×