ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਦੀ ਸ਼ਖ਼ਸੀਅਤ ਦਾ ਸਹਿਜ ਚਿਤਰਣ

ਕੇਵਲ ਤਿਵਾੜੀ ਡਾ. ਚੰਦਰ ਤ੍ਰਿਖਾ ਨੂੰ ਪਹਿਲੀ ਵਾਰ ਮਿਲਣ ’ਤੇ ਵੀ ਮਨੋਂ ਆਵਾਜ਼ ਆਵੇਗੀ ਕਿ ‘ਇਨ੍ਹਾਂ ਨੂੰ ਤਾਂ ਮੈਂ ਜਾਣਦਾ ਹਾਂ।’ ਜਦੋਂ ਜਾਣਨ ਲੱਗੋਗੇ ਤਾਂ ਉਨ੍ਹਾਂ ਵਿੱਚ ਦਿਲਚਸਪੀ ਵਧ ਜਾਵੇਗੀ। ਫਿਰ ਉਹੀ ਮਨ ਆਖੇਗਾ, ‘‘ਇਨ੍ਹਾਂ ਬਾਰੇ ਤਾਂ ਮੈਂ ਬਹੁਤ ਘੱਟ...
Advertisement

ਕੇਵਲ ਤਿਵਾੜੀ

ਡਾ. ਚੰਦਰ ਤ੍ਰਿਖਾ ਨੂੰ ਪਹਿਲੀ ਵਾਰ ਮਿਲਣ ’ਤੇ ਵੀ ਮਨੋਂ ਆਵਾਜ਼ ਆਵੇਗੀ ਕਿ ‘ਇਨ੍ਹਾਂ ਨੂੰ ਤਾਂ ਮੈਂ ਜਾਣਦਾ ਹਾਂ।’ ਜਦੋਂ ਜਾਣਨ ਲੱਗੋਗੇ ਤਾਂ ਉਨ੍ਹਾਂ ਵਿੱਚ ਦਿਲਚਸਪੀ ਵਧ ਜਾਵੇਗੀ। ਫਿਰ ਉਹੀ ਮਨ ਆਖੇਗਾ, ‘‘ਇਨ੍ਹਾਂ ਬਾਰੇ ਤਾਂ ਮੈਂ ਬਹੁਤ ਘੱਟ ਜਾਣਦਾ ਹਾਂ।’’ ਅਜਿਹੀ ਹੈ ਡਾ. ਚੰਦਰ ਤ੍ਰਿਖਾ ਦੀ ਸ਼ਖ਼ਸੀਅਤ। ਉਨ੍ਹਾਂ ਦੀ ਰਚਨਾ, ਉਨ੍ਹਾਂ ਦੇ ਜੀਵਨ ਪੰਧ ਅਤੇ ਵਿਚਾਰਾਂ ਬਾਰੇ ਉਨ੍ਹਾਂ ਦੇ 80ਵੇਂ ਜਨਮ ਦਿਨ ਮੌਕੇ ਇੱਕ ਪੁਸਤਕ ਪ੍ਰਕਾਸ਼ਿਤ ਹੋਈ ਹੈ: ‘ਸਿਰਜਨ ਕੇ ਸ਼ਿਖਰ ਚੰਦਰ ਤ੍ਰਿਖਾ: ਵੰਦਨ ਅਭਿਨੰਦਨ’ (ਸੰਪਾਦਕ: ਡਾ. ਸੁਮੇਧਾ ਕਟਾਰੀਆ; ਕੀਮਤ: 600 ਰੁਪਏ; ਪੰਨੇ: 344; ਨਿਰਮਲ ਪਬਲਿਸ਼ਿੰਗ ਹਾਊਸ, ਕੁਰੂਕਸ਼ੇਤਰ)। ਇਸ ਪੁਸਤਕ ਵਿੱਚ ਵੱਖ-ਵੱਖ ਖੇਤਰਾਂ ਦੀਆਂ ਹਸਤੀਆਂ ਨੇ ਡਾ. ਤ੍ਰਿਖਾ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਇਹ ਕਾਰਜ ਉੱਘੇ ਸਾਹਿਤਕਾਰ ਅਤੇ ਕੇਂਦਰੀ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਦੀ ਅਗਵਾਈ ਹੇਠ ਸਾਬਕਾ ਆਈਏਐੱਸ ਅਧਿਕਾਰੀ ਡਾ. ਸੁਮੇਧਾ ਕਟਾਰੀਆ ਨੇ ਕੀਤਾ ਹੈ। ਇਸ ਪੁਸਤਕ ਵਿਚਲੇ ਲੇਖਾਂ ਦੇ ਲੇਖਕਾਂ ਨੇ ਗਾਗਰ ਵਿੱਚ ਸਾਗਰ ਭਰਨ ਵਾਲਾ ਕੰਮ ਕੀਤਾ ਹੈ। ਡਾ. ਚੰਦਰ ਤ੍ਰਿਖਾ ਬੱਚਿਆਂ ਲਈ ਆਪਣੇ ਨਾਨੇ-ਦਾਦੇ ਵਾਂਗ ਹਨ; ਜਦੋਂਕਿ ਸਮਕਾਲੀ ਸਾਹਿਤਕਾਰਾਂ ਲਈ ਜ਼ਿੰਦਾਦਿਲ ਸ਼ਖ਼ਸ ਅਤੇ ਦੂਜਿਆਂ ਦੀ ਗੱਲ ਗੰਭੀਰਤਾ ਨਾਲ ਸੁਣਨ ਵਾਲੇ ਅਤੇ ਚੰਗਾ ਲਿਖਣ ਵਾਲਿਆਂ ਨਾਲ ਆਪ ਮਿਲਣ-ਗਿਲਣ ਦੀ ਇੱਛਾ ਰੱਖਣ ਵਾਲੇ ਵਿਅਕਤੀ ਹਨ। ਕੋਈ ਉਨ੍ਹਾਂ ਨੂੰ ਸੰਤ ਤਬੀਅਤ ਆਖਦਾ ਹੈ ਤੇ ਕੋਈ ਪਿਤਾ ਸਮਾਨ। ਸਾਹਿਤਕਾਰ ਮਾਧਵ ਕੌਸ਼ਿਕ ਨੇ ਬੜੇ ਸੰਖੇਪ ਸ਼ਬਦਾਂ ਵਿੱਚ ਉਨ੍ਹਾਂ ਦੇ ਜੀਵਨ ਸਫ਼ਰ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਗੱਲ ਡਾ. ਚੰਦਰ ਤ੍ਰਿਖਾ ਦੀਆਂ ਲਿਖੀਆਂ ਸਤਰਾਂ ਨਾਲ ਹੀ ਮੁਕਾਈ ਹੈ, ‘‘ਸਾਥੀਓ, ਸੰਭਾਵਨਾਵਾਂ ਦੇ ਚੱਪੂ ਚਲਾਉਂਦੇ ਰਹੋ।’’ ਡਾ. ਤ੍ਰਿਖਾ ਦੀ ਸਕਾਰਾਤਮਕ ਸੋਚ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਪੁਸਤਕ ਵਿਚਲੇ ਬਹੁਤੇ ਲੇਖਾਂ ਦੇ ਲੇਖਕਾਂ ਨੇ ਉਨ੍ਹਾਂ ਦੀ ਇਸ ਕਵਿਤਾ ਦਾ ਜ਼ਿਕਰ ਕੀਤਾ ਹੈ: ‘ਅੱਛੀ ਖ਼ਬਰੇਂ ਦੀਆ ਕਰੋ, ਸਹਿਜ ਜ਼ਿੰਦਗੀ ਜੀਆ ਕਰੋ।’ ਇਨ੍ਹਾਂ ਲੇਖਾਂ ਵਿੱਚੋਂ ਡਾ. ਤ੍ਰਿਖਾ ਦੀ ਰਚਨਾਕਾਰੀ ਦੇ ਦਰਸ਼ਨ ਤਾਂ ਹੁੰਦੇ ਹੀ ਹਨ ਸਗੋਂ ਵੱਖ-ਵੱਖ ਲੇਖਕਾਂ ਦਾ ਅੰਦਾਜ਼-ਏ-ਬਿਆਨ ਦਿਲਚਸਪੀ ’ਚ ਵਾਧਾ ਕਰਦਾ ਹੈ। ਇਸ ਤੋਂ ਛੁੱਟ ਪਰਿਵਾਰ ਦੀ ਨਜ਼ਰ ਵਿੱਚ ਉਹ ਇੱਕ ‘ਬਿਹਤਰੀਨ ਇਨਸਾਨ’ ਹਨ। ਇਸ ਬਿਹਤਰੀਨ ਇਨਸਾਨ ਨੂੰ ਕੋਈ ਆਪਣਾ ਨਾਇਕ ਅਤੇ ਕੋਈ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰੇਰਨਾ ਮੰਨਦਾ ਹੈ। ਕਿਸੇ ਲਈ ਉਹ ਸੰਘਣੀ ਛਾਂ ਵਰਗੇ ਹਨ ਅਤੇ ਕਿਸੇ ਲਈ ਸੰਪੂਰਨ ਵਿਅਕਤਿਤਵ ਅਤੇ ਕਿਸੇ ਲਈ ਸੰਸਥਾ ਦੇ ਤੁੱਲ। ਕਿਸੇ ਨੂੰ ਉਨ੍ਹਾਂ ਦਾ ਸਾਇਆ ਪਿਤਾ ਜਿਹੀ ਸੁਰੱਖਿਆ ਦਿੰਦਾ ਜਾਪਦਾ ਹੈ। ਕੋਈ ਉਨ੍ਹਾਂ ਨੂੰ ਪਰਿਵਾਰ ਦੀ ਤਾਕਤ ਆਖਦਾ ਹੈ ਅਤੇ ਕਿਸੇ ਨੂੰ ਉਹ ਜ਼ਿੰਦਗੀ ਦਾ ਖ਼ੂਬਸੂਰਤ ਹਿੱਸਾ ਦਿਸਦੇ ਹਨ। ਦੂਜੀ ਤੀਜੀ ਪੀੜ੍ਹੀ ਨੂੰ ਵੀ ਡਾ. ਚੰਦਰ ਤ੍ਰਿਖਾ ਦੋਸਤਾਂ ਜਿਹੇ ਭਾਸਦੇ ਹਨ। ਆਪਣੀ ਪਤਨੀ ਲਈ ਉਹ ਜੀਵਨ ਸਾਥੀ ਹੀ ਨਹੀਂ ਸਗੋਂ ਸਭ ਤੋਂ ਵੱਡੀ ਪੂੰਜੀ ਹਨ। ਲੇਖਕਾਂ ਵੱਲੋਂ ਡਾ. ਚੰਦਰ ਤ੍ਰਿਖਾ ਬਾਰੇ ਸਾਂਝੀਆਂ ਕੀਤੀਆਂ ਯਾਦਾਂ ਵੀ ਉਨ੍ਹਾਂ ਵਾਂਗ ਸਹਿਜ ਹਨ। ਦਰਅਸਲ, ਦੇਸ਼ਵੰਡ ਤੋਂ ਲੈ ਕੇ ਅਜੋਕੇ ਡਿਜੀਟਲ ਯੁੱਗ ਤੱਕ ਆਪਣੇ ਨੁਕਤਾ-ਏ-ਨਜ਼ਰ ਤੋਂ ਦੇਖਣ ਵਾਲੇ ਡਾ. ਤ੍ਰਿਖਾ ਬਹੁਪੱਖੀ ਪ੍ਰਤਿਭਾ ਦੇ ਮਾਲਕ ਹਨ। ਇਸ ਪੁਸਤਕ ਵਿੱਚ ਛਪੀਆਂ ਉਨ੍ਹਾਂ ਦੀਆਂ ਤਸਵੀਰਾਂ ਦਿਲਚਸਪੀ ’ਚ ਵਾਧਾ ਕਰਦੀਆਂ ਹਨ। ਪੁਸਤਕ ਸਾਂਭਣਯੋਗ ਹੈ।

Advertisement

Advertisement
Show comments