ਡਾਕ ਐਤਵਾਰ ਦੀ
ਪੰਜਾਬ ਦਿਵਸ ਐਤਵਾਰ 26 ਅਕਤੂਬਰ ਦੇ ‘ਦਸਤਕ’ ਪੰਨੇ ’ਤੇ ਚਰਨਜੀਤ ਭੁੱਲਰ ਰਚਿਤ ਮਜ਼ਮੂਨ ‘ਪੰਜਾਬੀ ਸੂਬਾ: ਛੇ ਦਹਾਕੇ, ਇੱਕ ਚੀਸ’ ਸੱਤਾਧਾਰੀ ਧਿਰਾਂ ਦੀ ਪੰਜਾਬੀ ਸੂਬੇ ਪ੍ਰਤੀ ਬੇਰੁਖ਼ੀ ਨੂੰ ਬੇਬਾਕੀ ਨਾਲ ਬਿਆਨ ਕਰਦਾ ਹੈ। ਪੰਜਾਬੀ ਭਾਸ਼ਾ ਦੇ ਆਧਾਰ ’ਤੇ ਹੋਂਦ ਵਿੱਚ ਆਏ...
ਪੰਜਾਬ ਦਿਵਸ
ਐਤਵਾਰ 26 ਅਕਤੂਬਰ ਦੇ ‘ਦਸਤਕ’ ਪੰਨੇ ’ਤੇ ਚਰਨਜੀਤ ਭੁੱਲਰ ਰਚਿਤ ਮਜ਼ਮੂਨ ‘ਪੰਜਾਬੀ ਸੂਬਾ: ਛੇ ਦਹਾਕੇ, ਇੱਕ ਚੀਸ’ ਸੱਤਾਧਾਰੀ ਧਿਰਾਂ ਦੀ ਪੰਜਾਬੀ ਸੂਬੇ ਪ੍ਰਤੀ ਬੇਰੁਖ਼ੀ ਨੂੰ ਬੇਬਾਕੀ ਨਾਲ ਬਿਆਨ ਕਰਦਾ ਹੈ। ਪੰਜਾਬੀ ਭਾਸ਼ਾ ਦੇ ਆਧਾਰ ’ਤੇ ਹੋਂਦ ਵਿੱਚ ਆਏ ਪੰਜਾਬੀ ਸੂਬੇ ਦੇ ਵਜੂਦ ਨੂੰ ਕਦੇ ਹੋਰਨਾਂ ਸੂਬਿਆਂ ਅਤੇ ਕਦੇ ਰਾਜਧਾਨੀ ਦੇ ਨਾਂ ’ਤੇ ਇਸ ਕਦਰ ਵੱਢਿਆ-ਟੁੱਕਿਆ ਗਿਆ ਕਿ ਕਿਸੇ ਸਮੇਂ ਮਹਾਂ-ਪੰਜਾਬ ਵਜੋਂ ਜਾਣਿਆ ਜਾਣ ਵਾਲਾ ਇਹ ਇਲਾਕਾ ਵਰਤਮਾਨ ਦੌਰ ਵਿੱਚ ਮਹਿਜ਼ ਇੱਕ ‘ਸੂਬੀ’ ਬਣ ਚੁੱਕਾ ਹੈ ਅਤੇ ਆਪਣੀ ਹੋਣੀ ਉੱਪਰ ਹੰਝੂ ਕੇਰ ਰਿਹਾ ਹੈ। ਇਸ ਦੀ ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਵੀ ਘੱਟ ਨਹੀਂ ਹੋਈ। ਕੋਝੀਆਂ ਰਾਜਨੀਤਕ ਸਾਜ਼ਿਸ਼ਾਂ ਨੇ ਪੰਜਾਬੀ ਦੀ ਲਿਪੀ ਤੱਕ ਨਹੀਂ ਬਖ਼ਸ਼ੀ। ਇਸ ਦੇ ਵੀ ਟੋਟੇ ਕਰ ਦਿੱਤੇ ਗਏ। ਮਸਲਨ ਚੜ੍ਹਦੇ ਪੰਜਾਬ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਲਈ ਗੁਰਮੁਖੀ ਅਤੇ ਲਹਿੰਦੇ ਪੰਜਾਬ ਵਿੱਚ ਵਰਤੀ ਜਾਣ ਵਾਲੀ ਪੰਜਾਬੀ ਲਈ ਸ਼ਾਹਮੁਖੀ ਲਿਪੀ। ਜਿਊਂਦੇ ਰਹਿਣ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਰਗੇ ਭਾਸ਼ਾ-ਆਧਾਰਿਤ ਉੱਚ-ਵਿਦਿਅਕ ਅਦਾਰੇ, ਜਿਨ੍ਹਾਂ ਨੇ ਆਰਥਿਕ ਸੰਕਟ ਦੇ ਮਾਹੌਲ ਵਿੱਚ ਘਿਰੇ ਹੋਣ ਦੇ ਬਾਵਜੂਦ ਮਾਂ-ਬੋਲੀ ਪੰਜਾਬੀ ਦੀ ਅੱਜ ਤੱਕ ਪਿੱਠ ਨਹੀਂ ਲੱਗਣ ਦਿੱਤੀ। ਭਾਸ਼ਾ ਦੇ ਨਾਂ ’ਤੇ ਬਣੇ ਕਈ ਵਿਭਾਗਾਂ ਤੋਂ ਵੱਡੀਆਂ ਆਸਾਂ ਸਨ, ਭਾਸ਼ਾ ਦੇ ਵਿਕਾਸ ਲਈ ਹੋਂਦ ਵਿੱਚ ਆਏ ਇੱਕ ਹੋਰ ਸਰਕਾਰੀ ਵਿਭਾਗ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁੱਕ ਬੋਰਡ ਦਾ ਤਾਂ ਕਦੋਂ ਦਾ ਭੋਗ ਪੈ ਚੁੱਕਾ ਹੈ। ਲੱਗਦਾ ਹੈ, ਉਰਦੂ ਦਾ ਇਹ ਸ਼ਿਅਰ ਸਿਰਜਣ ਵਾਲੇ ਸ਼ਾਇਰ ਕੋਲੋਂ ਪੰਜਾਬ ਦੀ ਤ੍ਰਾਸਦੀ ਦੇਖੀ ਨਹੀਂ ਗਈ ਹੋਵੇਗੀ:
ਬਹੁਤ ਮੁਸ਼ਕਿਲ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ, ਅਕਲਮੰਦੋਂ ਨੇ ਬਹੁਤ ਸੋਚ ਕਰ ਉਲਝਾਈ ਹੈ।
ਪੰਜਾਬ ਦਿਵਸ ਮੌਕੇ ਸਾਨੂੰ ਸਭ ਨੂੰ ਇਹ ਮੰਥਨ ਕਰਨਾ ਲੋੜੀਂਦਾ ਹੈ ਕਿ ਪੰਜਾਬੀ ਸੂਬਾ ਆਪਣੇ ਗੁਆ ਰਹੇ ਗੌਰਵ ਨੂੰ ਮੁੜ ਕਿਵੇਂ ਹਾਸਲ ਕਰੇ? ਇਸ ਦੀ ਆਪਣੀ ਮਾਤ-ਭਾਸ਼ਾ ਮੁੜ ਪਟਰਾਣੀ ਬਣ ਕੇ ਲੋਕ ਮਨਾਂ ਦੇ ਸਿੰਘਾਸਨ ਉੱਪਰ ਕਿਵੇਂ ਸੁਸ਼ੋਭਿਤ ਹੋਵੇ? ਨੀਅਤ ਸਾਫ਼ ਹੋਵੇ ਤਾਂ ਇਹ ਸਭ ਕੁਝ ਮੁਮਕਿਨ ਹੈ। ਨੀਅਤ ਸਾਫ਼ ਨਹੀਂ ਤਾਂ ਸੌ ਬਹਾਨੇ ਹੁੰਦੇ ਹਨ।
ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਲਵਿਦਾ ਰਾਜਵੀਰ!
ਐਤਵਾਰ, 12 ਅਕਤੂਬਰ ਨੂੰ ‘ਦਸਤਕ’ ਅੰਕ ਵਿੱਚ ਰਾਜਵੀਰ ਜਵੰਦਾ ਬਾਰੇ ਲਿਖੇ ਦੋਵੇਂ ਲੇਖ ਪੜ੍ਹੇ। ਆਤਮਜੀਤ ਵੱਡੇ ਨਾਟਕਕਾਰ ਹਨ ਅਤੇ ਉਨ੍ਹਾਂ ਨੇ ਆਪਣੇ ਨਾਟਕੀ ਅੰਦਾਜ਼ ਵਿੱਚ ਹੀ ਲੱਛੇਦਾਰ ਗੱਲਾਂ ਰਾਹੀਂ ਰਾਜਵੀਰ ਦੀ ਗਾਇਕੀ ਦਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਦੀ ਲਿਖਤ ਤੋਂ ਇਉਂ ਲੱਗਦਾ ਹੈ ਜਿਵੇਂ ਰਾਜਵੀਰ ਨਾਲ ਉਨ੍ਹਾਂ ਦਾ ਕੋਈ ਨਿੱਜੀ ਰਾਬਤਾ ਨਹੀਂ ਸੀ। ਵੱਡਾ ਲੇਖਕ ਹੋਣ ਕਰਕੇ ਉਨ੍ਹਾਂ ਕੋਲ ਸ਼ਬਦਾਂ ਦਾ ਭੰਡਾਰ ਵੀ ਵੱਡਾ ਹੈ, ਇਸ ਲਈ ਗੱਲਾਂ ਦੀ ਲੜੀ ਟੁੱਟਦੀ ਨਹੀਂ। ਦੂਜੇ ਪਾਸੇ ਨਵਦੀਪ ਸਿੰਘ ਗਿੱਲ ਨੇ ਆਪਣੇ ਲੇਖ ਵਿੱਚ ਰਾਜਵੀਰ ਦੇ ਸੰਘਰਸ਼ ਦੇ ਦਿਨਾਂ, ਕਾਲਜ-ਯੂਨੀਵਰਸਿਟੀ ਦੇ ਦਿਨਾਂ ਅਤੇ ਘਰ-ਪਰਿਵਾਰ ਦਾ ਜ਼ਿਕਰ ਕੀਤਾ ਹੈ। ਦੋਵੇਂ ਲੇਖਾਂ ਵਿੱਚ ਪਾਠਕਾਂ ਦੇ ਜਾਨਣ ਯੋਗ ਰਾਜਵੀਰ ਦੀਆਂ ਨਿੱਜੀ ਗੱਲਾਂ ਦਾ ਬਹੁਤਾ ਜ਼ਿਕਰ ਨਹੀਂ। ਜਦੋਂ ਕੋਈ ਮਹਿਬੂਬ ਨਾਇਕ ਜਾਂ ਗਾਇਕ ਸਰੀਰਕ ਰੂਪ ਵਿੱਚ ਨਹੀਂ ਰਹਿੰਦਾ ਤਾਂ ਉਸਦੀਆਂ ਨਿੱਜੀ, ਸੰਘਰਸ਼ ਦੇ ਦਿਨਾਂ ਦੀਆਂ ਗੱਲਾਂ ਅਤੇ ਕਾਮਯਾਬੀ ਦੀ ਬੁਲੰਦੀ ਪ੍ਰਾਪਤ ਕਰਨ ਦੀ ਗਾਥਾ ਜਾਨਣ ਦੀ ਹੀ ਤਾਂ ਪਾਠਕਾਂ/ਪ੍ਰਸ਼ੰਸਕਾਂ ਦੀ ਜਗਿਆਸਾ ਹੁੰਦੀ ਹੈ।
ਡਾ. ਗੁਰਲੀਨ ਕੌਰ ਬਾਜਵਾ, ਮੁਹਾਲੀ
ਅਨੁਵਾਦ ਦਾ ਕਾਰਜ
ਐਤਵਾਰ, 19 ਅਕਤੂਬਰ ਦੇ ‘ਦਸਤਕ’ ਅੰਕ ਵਿੱਚ ਮਨਮੋਹਨ ਦੇ ਛਪੇ ਅਨੁਵਾਦ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿੱਚ ਲੇਖਕ ਅਨੁਵਾਦ ਦੇ ਕਠਿਨ ਕਾਰਜ ਕਰਦੇ ਸਮੇਂ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਬਾਰੇ ਵਰਣਨ ਕਰਨ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਅਨੁਵਾਦ ਦੇ ਖੇਤਰ ਵਿੱਚ ਪੈਦਾ ਹੋ ਰਹੇ ਕਰੀਅਰ ਅਤੇ ਸੰਭਾਵਨਾਵਾਂ ਪ੍ਰਤੀ ਵੀ ਜਾਗਰੂਕ ਕਰਦਾ ਹੈ। ਸਾਹਿਤ ਦੇ ਖੇਤਰ ਵਿੱਚ ਅਨੁਵਾਦ ਬਹੁਤ ਜ਼ਰੂਰੀ ਕਾਰਜ ਹੈ ਕਿਉਂਕਿ ਅਨੁਵਾਦ ਦੀ ਮਦਦ ਨਾਲ ਅਸੀਂ ਦੂਜੀਆਂ ਭਾਸ਼ਾਵਾਂ ਦੀ ਬਹੁਮੁੱਲੀਆਂ ਅਤੇ ਸ਼ਾਹਕਾਰ ਰਚਨਾਵਾਂ ਦਾ ਆਨੰਦ ਮਾਣ ਸਕਦੇ ਹਾਂ। ਅਨੁਵਾਦ ਦਾ ਕਾਰਜ ਅਨੁਵਾਦਕ ਦੇ ਅਭਿਆਸ ਅਤੇ ਭਾਸ਼ਾ ਦੀ ਪਕੜ ’ਤੇ ਬਹੁਤ ਨਿਰਭਰ ਕਰਦਾ ਹੈ। ਅਨੁਵਾਦਕ ਦੋ-ਭਾਸ਼ੀ ਹੋਣ ਚਾਹੀਦਾ ਹੈ ਭਾਵ ਉਸ ਨੂੰ ਰਚਨਾ ਦੀ ਮੌਲਿਕ ਭਾਸ਼ਾ ਦੇ ਨਾਲ-ਨਾਲ ਜਿਸ ਭਾਸ਼ਾ ਵਿੱਚ ਤਰਜਮਾ ਕਰਨਾ ਚਾਹੁੰਦਾ ਹੈ, ਉਸ ਬਾਰੇ ਵੀ ਪੂਰਾ ਗਿਆਨ ਹੋਵੇ। ਅਨੁਵਾਦ ਵਿੱਚ ਮੂਲ ਲਿਖਤ ਦੀ ਮੌਲਿਕਤਾ ਕਾਇਮ ਰਹਿਣੀ ਬਹੁਤ ਜ਼ਰੂਰੀ ਹੈ। ਅਨੁਵਾਦ ਕਰਦੇ ਸਮੇਂ ਵਰਤੇ ਗਏ ਸ਼ਬਦ ਦੇ ਮਤਲਬ ਅਤੇ ਵਾਕਾਂ ਵਿੱਚ ਉਨ੍ਹਾਂ ਦੀ ਢੁਕਵੀਆਂ ਥਾਵਾਂ ’ਤੇ ਵਰਤੋਂ ਕਰਨੀ ਵੀ ਬਹੁਤ ਜ਼ਰੂਰੀ ਹੈ ਜੋ ਕਿ ਕਾਫ਼ੀ ਮੁਸ਼ਕਿਲ ਕਾਰਜ ਹੈ। ਪੰਜਾਬੀ ਦੇ ‘ਕਾਕਾ’ ਅਤੇ ਹਿੰਦੀ ਦੇ ‘ਕਾਕਾ’ ਸ਼ਬਦ ਦੇ ਵੱਖੋ-ਵੱਖਰੇ ਅਰਥ ਹਨ। ਪੰਜਾਬੀ ਵਿੱਚ ‘ਦਾਦਾ’ ਪਿਤਾ ਦੇ ਪਿਤਾ ਨੂੰ ਕਿਹਾ ਜਾਂਦਾ ਹੈ ਜਦੋਂਕਿ ਬੰਗਾਲੀ ਵਿੱਚ ‘ਦਾਦਾ’ ਵੱਡੇ ਭਰਾ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ਨਵੇਂ ਖੋਜਾਰਥੀਆਂ ਅਤੇ ਅਨੁਵਾਦਕਾਂ ਲਈ ਇਹ ਲੇਖ ਸੋਨੇ ’ਤੇ ਸੁਹਾਗੇ ਦਾ ਕੰਮ ਕਰੇਗਾ। ਇਸੇ ਹੀ ਅੰਕ ਵਿੱਚ ਪ੍ਰੋ. ਗਗਨਦੀਪ ਸ਼ਰਮਾ ਦਾ ਲੇਖ ‘ਹੰਗਰੀ ਦੀ ਉਦਾਸੀ ਤੇ ਪੰਜਾਬ ਦੀ ਆਸ’ ਪੜ੍ਹਕੇ ਮਨ ਵਿੱਚ ਹੰਗਰੀ ਦਾ ਸਾਹਿਤ ਪੜ੍ਹਨ ਦੀ ਇੱਛਾ ਪੈਦਾ ਹੋਈ ਹੈ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਦੋਸਤ ਵੀ ਤੇ ਨਾਇਕ ਵੀ
ਐਤਵਾਰ 5 ਅਕਤੂਬਰ ਦੇ ਅੰਕ ਵਿੱਚ ਰਾਮਚੰਦਰ ਗੁਹਾ ਦਾ ਲੇਖ ‘ਦੋਸਤ ਵੀ ਤੇ ਨਾਇਕ ਵੀ’ ਪੜ੍ਹਿਆ। ਇਹ ਪੜ੍ਹ ਕੇ ਜਾਪਿਆ ਕਿ ਅਸੀਂ ਫੋਕੇ ਕਿਰਦਾਰਾਂ ਦੇ ਕਦਰਦਾਨ ਹਾਂ ਨਾ ਕਿ ਉਨ੍ਹਾਂ ਦੇ ਜਿਨ੍ਹਾਂ ਦੀ ਸਮਾਜ
ਨੂੰ ਬਹੁਮੁੱਲੀ ਦੇਣ ਹੈ। ਚਕਾਚੌਂਧ ਦੇ ਪ੍ਰਤੀਕ
ਸ਼ਹਿਰ ਬੰਗਲੂਰੂ ਵਿਚਲੇ ਅਨਮੋਲ ਹੀਰਿਆਂ
ਨਾਲ ਜਾਣ-ਪਛਾਣ ਕਰਵਾਉਂਦਾ ਇਹ ਲੇਖ ਬਹੁਤ ਚੰਗਾ ਲੱਗਿਆ।
ਜਗਰੂਪ ਸਿੰਘ, ਉਭਾਵਾਲ

