DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਾਕ ਐਤਵਾਰ ਦੀ

ਸ਼ਰਮਨਾਕ ਘਟਨਾ ਐਤਵਾਰ 9 ਮਾਰਚ ਦੇ ਅੰਕ ਵਿੱਚ ਮੁੱਖ ਸਫ਼ੇ ’ਤੇ ਸਿਰਲੇਖ ‘ਕਰਨਾਟਕ: ਇਜ਼ਰਾਇਲੀ ਸੈਲਾਨੀ ਸਣੇ ਦੋ ਔਰਤਾਂ ਨਾਲ ਸਮੂਹਿਕ ਜਬਰ-ਜਨਾਹ’ ਹੇਠ ਛਪੀ ਖ਼ਬਰ ਨੇ ਸ਼ਰਮਸਾਰ ਕੀਤਾ ਹੈ। ਇਸ ਘਟਨਾ ਨਾਲ ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦਾ ਮਸਲਾ ਉਜਾਗਰ...
  • fb
  • twitter
  • whatsapp
  • whatsapp
Advertisement

ਸ਼ਰਮਨਾਕ ਘਟਨਾ

ਐਤਵਾਰ 9 ਮਾਰਚ ਦੇ ਅੰਕ ਵਿੱਚ ਮੁੱਖ ਸਫ਼ੇ ’ਤੇ ਸਿਰਲੇਖ ‘ਕਰਨਾਟਕ: ਇਜ਼ਰਾਇਲੀ ਸੈਲਾਨੀ ਸਣੇ ਦੋ ਔਰਤਾਂ ਨਾਲ ਸਮੂਹਿਕ ਜਬਰ-ਜਨਾਹ’ ਹੇਠ ਛਪੀ ਖ਼ਬਰ ਨੇ ਸ਼ਰਮਸਾਰ ਕੀਤਾ ਹੈ। ਇਸ ਘਟਨਾ ਨਾਲ ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦਾ ਮਸਲਾ ਉਜਾਗਰ ਹੋਇਆ ਹੈ। ਭਾਰਤ ਵਿੱਚ ਆਉਣ ਵਾਲੇ ਸੈਲਾਨੀ ਜਿੱਥੇ ਭਾਰਤ ਦੇ ਇਤਿਹਾਸ ਅਤੇ ਸੱਭਿਅਤਾ ਨਾਲ ਰੂ-ਬ-ਰੂ ਹੁੰਦੇ ਹਨ, ਉੱਥੇ ਸਾਡੇ ਦੇਸ਼ ਦੀ ਆਰਥਿਕਤਾ ਵਿੱਚ ਵੀ ਵਾਧਾ ਕਰਦੇ ਹਨ। ਤਾਜ਼ਾ ਉਦਾਹਰਣ ਪ੍ਰਯਾਗਰਾਜ ਵਿੱਚ ਚੱਲੇ ਮਹਾਂ ਕੁੰਭ ਮੇਲੇ ਦੀ ਲਈ ਜਾ ਸਕਦੀ ਹੈ ਜਿੱਥੇ ਭਾਰਤ ਦੇ ਨਾਲ ਨਾਲ ਵਿਦੇਸ਼ਾਂ ਤੋਂ ਆਏ ਸੈਲਾਨੀਆਂ ਨੇ ਇਸ਼ਨਾਨ ਕਰਕੇ ਭਾਰਤੀ ਸੱਭਿਆਚਾਰ ਨੂੰ ਕਰੀਬ ਤੋਂ ਜਾਣਿਆ। ਧਰਮ ਅਤੇ ਆਸਥਾ ਦੇ ਨਾਲ ਨਾਲ ਆਰਥਿਕ ਪੱਖੋਂ ਵੀ ਕੁੰਭ ਸਫਲ ਰਿਹਾ ਜਿਸ ਵਿੱਚ ਹਜ਼ਾਰਾਂ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲਿਆ। ਕਰਨਾਟਕ ਵਿੱਚ ਵਾਪਰੀ ਉਪਰੋਕਤ ਘਟਨਾ ਤੋਂ ਸੈਲਾਨੀਆਂ ਦੀ ਸੁਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਗੰਭੀਰ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਦੋਸ਼ੀਆਂ ਨੂੰ ਫੜਨਾ ਅਤੇ ਕਾਰਵਾਈ ਕਰਨਾ ਘਟਨਾ ਦੇ ਵਾਪਰਨ ਤੋਂ ਬਾਅਦ ਵਾਲੀ ਖ਼ਾਨਾਪੂਰਤੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਲਈ ਇੰਤਜ਼ਾਮ ਕਰਨੇ ਚਾਹੀਦੇ ਹਨ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ।

ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

Advertisement

ਜ਼ਿੰਦਗੀ ਦੇ ਰਾਹ ਬਦਲੇ ਪਰ...

ਐਤਵਾਰ 9 ਮਾਰਚ ਨੂੰ ਅਰਵਿੰਦਰ ਜੌਹਲ ਦੇ ਲੇਖ ਵਿੱਚ ਦਰਸਾਈ ਘਟਨਾ, ਜਿਸ ਵਿੱਚ ਇੱਕ ਲੜਕੀ ਵੱਲੋਂ ਆਪਣੇ ਪਰਿਵਾਰ ਦੇ ਬੋਝ ਦੇ ਨਾਲ ਨੌਕਰੀ ਦਾ ਬੋਝ ਨਹੀਂ ਝੱਲਿਆ ਜਾ ਰਿਹਾ ਸੀ..., ਦਿਲ ਹਲੂਣ ਦੇਣ ਵਾਲੀ ਹੈ। ਉਨ੍ਹਾਂ ਪਰਿਵਾਰਾਂ ਨੂੰ ਜ਼ਾਲਮ ਹੀ ਕਿਹਾ ਜਾ ਸਕਦਾ ਹੈ ਜਿਹੜੇ ਨੂੰਹ ਨੂੰ ਨੌਕਰੀ ਦੇ ਨਾਲ ਘਰ ਦੇ ਬੋਝ ਹੇਠ ਦੱਬਦੇ ਹਨ। ਜਦੋਂ ਦੋਵੇਂ ਕਮਾਉਂਦੇ ਹੋਣ ਤਾਂ ਬਾਕੀ ਘਰੇਲੂ ਜ਼ਿੰਮੇਵਾਰੀਆਂ ਵੀ ਹਿੱਸੇ ਆ ਜਾਂਦੀਆਂ ਹਨ। ਮਰਦ ਤੇ ਔਰਤ ਦੇ ਕੰਮ ਵਿਚਾਲੇ ਵੰਡ ਨਹੀਂ ਕੀਤੀ ਜਾ ਸਕਦੀ। ਮੈਂ ਅਜਿਹੀਆਂ ਬਹੁਤ ਉਦਾਹਰਣਾਂ ਜਾਣਦਾ ਹਾਂ ਜਿਨ੍ਹਾਂ ਵਿੱਚ ਕੁੜੀਆਂ ਲੋੜ ਤੋਂ ਵੱਧ ਵਜ਼ਨ ਚੁੱਕਣ ਤੋਂ ਇਨਕਾਰ ਕਰ ਦਿੰਦੀਆਂ ਹਨ। ਬਹੁਤ ਜਗ੍ਹਾ ਮਾਪਿਆਂ ਨੂੰ ਵੀ ਆਪਣੀ ਪੁਰਾਣੀ ਸੋਚ ਦੇ ਡੱਬੇ ਵਿੱਚੋਂ ਬਾਹਰ ਹੋ ਕੇ ਝਾਕਣ ਦੀ ਸਮਝ ਆਈ ਹੈ।

ਨਿਸ਼ਠਾ ਸੂਦ ਵੱਲੋਂ ਭਾਸ਼ਾ ਅਤੇ ਸ਼ਨਾਖਤ ਦੀ ਲੜਾਈ ਦਾ ਲੇਖ ਪੜ੍ਹ ਕੇ ਸੁਰਜੀਤ ਪਾਤਰ ਦੀ ਕਵਿਤਾ ‘ਆਇਆ ਨੰਦ ਕਿਸ਼ੋਰ’ ਯਾਦ ਆਉਂਦੀ ਹੈ। ਇਸ ਵਿੱਚ ਭਾਸ਼ਾ ਨੂੰ ਰਿਜ਼ਕ ਅਤੇ ਇੱਛਾਵਾਂ ਨਾਲ ਜੋੜਿਆ ਗਿਆ ਹੈ। ਦੁਨੀਆ ਦੇ ਗਲੋਬਲ ਬਣ ਜਾਣ ਨਾਲ ਸਭ ਤੋਂ ਵੱਧ ਸਮਝੀ ਜਾਣ ਵਾਲੀ ਭਾਸ਼ਾ ਸੁਭਾਵਿਕ ਹੀ ਲਾਹੇ ਵਿੱਚ ਆ ਜਾਂਦੀ ਹੈ ਪਰ ਇਹ ਵੀ ਸਦੀਵੀ ਸੱਚ ਹੈ ਕਿ ਹੋਰ ਭਾਸ਼ਾਵਾਂ ਲੋੜ ਲਈ ਸਿੱਖਦੇ ਹੋਏ ਆਪਣੀ ਮਾਂ ਬੋਲੀ ਨੂੰ ਨਹੀਂ ਵਿਸਾਰਨਾ ਚਾਹੀਦਾ। ਭਾਸ਼ਾ ਕਿਸੇ ਵੀ ਸੱਭਿਆਚਾਰ ਦਾ ਨਗ਼ ਹੁੰਦੀ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਔਰਤਾਂ ਨਾਲ ਬੇਇਨਸਾਫ਼ੀ

ਐਤਵਾਰ 9 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ’ਚ ਦੋ ਲੇਖ ਔਰਤਾਂ ਦੀ ਸਮਾਜਿਕ ਸਥਿਤੀ ਬਾਰੇ ਛਪੇ। ਦੋਵੇਂ ਲੇਖਾਂ ਨੇ ਅੱਜ ਦੇ ਸਮਾਜ ’ਚ ਔਰਤ ਖ਼ਿਲਾਫ਼ ਹੋ ਰਹੇ ਅਪਰਾਧਾਂ ਤੇ ਬੇਇਨਸਾਫ਼ੀ ਨੂੰ ਚੰਗੀ ਤਰ੍ਹਾਂ ਬਿਆਨ ਕੀਤਾ ਹੈ। ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦਾ ਇਤਿਹਾਸ ਬੜਾ ਜੁਝਾਰੂ ਤੇ ਇਨਕਲਾਬੀ ਹੈ। ਔਰਤਾਂ ਹਰ ਦੌਰ ਦੇ ਸਮਾਜਿਕ ਧੱਕੇ ਖ਼ਿਲਾਫ਼ ਲੜੀਆਂ ਹਨ। ਇਹ ਇਨਕਲਾਬੀ ਵਿਰਾਸਤ ਕਲਾਰਾ ਜੈਟਕਿਨ, ਮਾਈ ਭਾਗੋ, ਗ਼ਦਰੀ ਗੁਲਾਬ ਕੌਰ, ਸਵਿੱਤਰੀ ਬਾਈ ਫੂਲੇ ਆਦਿ ਤੋਂ ਹੁੰਦੇ ਹੋਏ ਅੱਜ ਸਾਡੇ ਤੱਕ ਪਹੁੰਚੀ ਹੈ। ਅੱਜ ਦੇ ਸਮਾਜ ’ਚ ਔਰਤਾਂ ਦਾ ਦੋਇਮ ਦਰਜਾ ਹੈ। ਉਹ ਪਿੱਤਰਸੱਤਾ ਦੀ ਅਧੀਨਗੀ ਦਾ ਸੰਤਾਪ ਹੰਢਾਅ ਰਹੀਆਂ ਹਨ। ਇਸ ਤੋਂ ਮੁਕਤੀ ਲਈ ਉਨ੍ਹਾਂ ਨੂੰ ਆਪਣੀ ਇਨਕਲਾਬੀ ਵਿਰਾਸਤ ਤੋਂ ਸੇਧ ਲੈਂਦੇ ਹੋਏ ਇਸ ਖ਼ਿਲਾਫ਼ ਜਥੇਬੰਦ ਹੋ ਕੇ ਸੰਘਰਸ਼ ਵਿੱਢਣੇ ਹੋਣਗੇ। ਇਸ ਤੋਂ ਸਿਵਾਏ ਹੋਰ ਦੂਜਾ ਕੋਈ ਰਾਹ ਨਹੀਂ ਹੈ।

ਮੌਸਮ ਗੋਰਸੀ, ਢਾਬੀ ਗੁੱਜਰਾਂ (ਪਟਿਆਲਾ)

Advertisement
×