ਪਾਠਕਾਂ ਦੇ ਖ਼ਤ
ਗਰੀਬੀ ਘਟਣ ਦੇ ਦਾਅਵਿਆਂ ਦੀ ਹਕੀਕਤ
4 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਹਜ਼ਾਰਾ ਸਿੰਘ ਚੀਮਾ ਦੀ ਲਿਖਤ ‘ਗਰੀਬੀ ਮਾਪਣ ਦੇ ਗਜ਼ ਤੇ ਗੱਪਾਂ’ ਪੜਿ੍ਹਆ। ਉਨ੍ਹਾਂ ਨੇ ਹਟਵਾਣੀਏ ਦੀ 10 ਸੇਰੀ ਲੱਤ ਨਾਲ ਜਿਣਸ ਤੋਲਣ ਵਾਲੇ ਦਾ ਜ਼ਿਕਰ ਕਰਦਿਆਂ ਤੱਥਾਂ ਦਾ ਹਵਾਲਾ ਨਾਲ ਦੇਸ਼ ਵਿਚੋਂ ਗਰੀਬੀ ਘਟਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਅਸਲੀਅਤ ਦੱਸੀ ਹੈ। ਸਰਕਾਰੀ ਅੰਕੜੇ ਵਿਸ਼ਵ ਦੀ ਨਜ਼ਰ ’ਚ ਚੰਗਾ ਬਣਨ ਅਤੇ ‘ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਊਣ’ ਤੱਕ ਹੀ ਸੀਮਤ ਹਨ ਜਦੋਂ ਕਿ ਵਧਦੀ ਮਹਿੰਗਾਈ ਨੇ ਆਮ ਜਨਤਾ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਸਰਕਾਰ ਨੂੰ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਨਾ ਰਹਿ ਕੇ ਜ਼ਮੀਨੀ ਪੱਧਰ ’ਤੇ ਕਾਰਗਰ ਫੈਸਲੇ ਕਰ ਕੇ ਗਰੀਬੀ ਹਟਾਉਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ।
ਕੁਲਬੀਰ ਸਿੰਘ ਖੈੜਾ, ਪਿੰਡ ਖੈੜਾ ਦੋਨਾ (ਕਪੂਰਥਲਾ)
ਅੱਜ ਦੀ ਹਕੀਕਤ
ਸੁੱਚਾ ਸਿੰਘ ਖੱਟੜਾ ਦਾ ਨਜ਼ਰੀਆ ਪੰਨੇ ’ਤੇ ਲੇਖ ‘ਅੱਜ ਦੇ ਭਾਰਤ ਦਾ ਕੱਲ੍ਹ’ (3 ਜੁਲਾਈ) ਕਿਸੇ ਜੋਤਸ਼ੀ ਦੀ ਭਵਿੱਖਬਾਣੀ ਨਹੀਂ, ਸਗੋਂ ਅੱਜ ਵੀ ਆਰਥਿਕ ਦਸ਼ਾ ਦਾ ਵਿਗਿਆਨਕ ਵਿਸ਼ਲੇਸ਼ਣ ਹੈ ਅਤੇ ਚਲੰਤ ਦਿਸ਼ਾਵਾਂ ਉੱਤੇ ਆਧਾਰਿਤ ਜੋ ਦਿੱਸਦਾ ਹੈ, ਉਸ ਦੀ ਪੇਸ਼ਕਾਰੀ ਹੈ। ਅਜੋਕੀ ਸਰਕਾਰ ਆਈ ਭਾਵੇਂ ਵੋਟਾਂ ਦੇ ਸਿਰ ’ਤੇ ਹੈ ਪਰ ਸਰਕਾਰ ਦੇ ਆਰਐਸਐਸ ਵਾਲੇ ਉਦੇਸ਼ ਵੋਟਾਂ ਨਾਲ ਪ੍ਰਾਪਤ ਨਹੀਂ ਹੋ ਸਕਦੇ। ਨਵੀਂ ਸ਼ਬਦਾਵਲੀ, ਨਵੇਂ ਅਰਥ, ਬਦਲ ਚੁੱਕੀਆਂ ਸੰਸਥਾਵਾਂ, ਨਵੀਂ ਵਿਦਿਅਕ ਨੀਤੀ ਜੋ ਇਸ਼ਾਰੇ ਕਰਦੀਆਂ ਹਨ, ਲੇਖ ਉਨ੍ਹਾਂ ਦੇ ਆਧਾਰ ’ਤੇ ਆਉਣ ਵਾਲੇ ਕੱਲ੍ਹ ਦੀ ਗੱਲ ਕਰਦਾ ਹੈ, ਜਿਸ ਵਿਚ ਬੋਲਣ, ਲਿਖਣ, ਬਲਕਿ ਸ਼ਾਇਦ ਸੋਚਣ ਦੀ ਵੀ ਆਜ਼ਾਦੀ ਨਾ ਹੋਵੇ। ਰਹੀ ਗੱਲ ਬਰਾਬਰੀ ਦੀ, ਜੌਰਜ ਔਰਵਲ ਦੇ ਨਾਵਲ ‘ਐਨੀਮਲ ਫਾਰਮ’ ਦੇ ਸੋਧੇ ਹੋਏ ਸੰਵਿਧਾਨ ਮੁਤਾਬਕ ਸਭ ਜਾਨਵਰ ਬਰਾਬਰ ਹਨ ਪਰ ਕੁਝ ਖਾਸ ਜਾਨਵਰ, ਹੋਰਨਾਂ ਨਾਲੋਂ ਵਧੇਰੇ ਬਰਾਬਰ ਹੋਣਗੇ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ
(2)
3 ਜੁਲਾਈ ਦੇ ਅੰਕ ਵਿਚ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਖਟੜਾ ਦਾ ਲੇਖ ‘ਅੱਜ ਦੇ ਭਾਰਤ ਦਾ ਕੱਲ੍ਹ’ ਪੜਿ੍ਹਆ। ਲੇਖਕ ਨੇ ਵਰਤਮਾਨ ਭਾਰਤ ਅਤੇ ਇਸ ਦੇ ਭਵਿੱਖ ਦੀ ਸੱਚੀ ਤਸਵੀਰ ਪੇਸ਼ ਕੀਤੀ ਹੈ। ਹਰ ਸੋਚਵਾਨ ਭਾਰਤੀ ਅੱਜ ਦੇ ਰਾਜਨੀਤਕ ਹਾਲਾਤ ਬਾਰੇ ਫਿ਼ਕਰਮੰਦ ਹੈ। ਮੁੱਖ ਸੰਪਾਦਕ ਜਯੋਤੀ ਮਲਹੋਤਰਾ ਦੇ ਲੇਖ ਬਹੁਤ ਮੁੱਲਵਾਨ ਹੁੰਦੇ ਹਨ। ਇਹ ਕੌਮਾਂਤਰੀ ਗਿਆਨ ਵਿਚ ਵਾਧਾ ਕਰਦੇ ਹਨ। ਕੌਮੀ ਅਤੇ ਕੌਮਾਂਤਰੀ ਅਰਥਚਾਰੇ ਬਾਰੇ ਲੇਖ ਵੀ ਛਾਪਿਆ ਕਰੋ।
ਗੁਰਦੀਪ ਸਿੰਘ, ਮੁਹਾਲੀ
ਹੈਰਾਨੀ ਹੋਈ
3 ਜੁਲਾਈ ਨੂੰ ਪੰਨਾ 2 ਉੱਤੇ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਵਿਚ ਜਨ ਸੰਖਿਆ ਕੰਟਰੋਲ ਬਿੱਲ ਪੇਸ਼ ਕਰਨ ਸਬੰਧੀ ਪੜ੍ਹ ਕੇ ਹੈਰਾਨੀ ਹੋਈ। ਪੰਜਾਬ ਦੇ ਲੋਕਾਂ ਨੇ ਤਾਂ ਪਹਿਲਾਂ ਹੀ ਆਪਣੇ ਪਰਿਵਾਰ ਸੀਮਤ ਰੱਖੇ ਹੋਏ ਹਨ। ਕਾਫੀ ਸਾਲਾਂ ਤੋਂ ਪੰਜਾਬ ਵਿਚ ਹੋਰ ਰਾਜਾਂ ਤੋਂ ਆਏ ਬਹੁਤ ਲੋਕ ਸਰਕਾਰੀ ਥਾਵਾਂ ’ਤੇ ਝੁੱਗੀਆਂ ਬਣਾ ਕੇ ਰਹਿਣ ਲੱਗ ਪਏ ਹਨ। ਸਿਆਸੀ ਪਾਰਟੀਆਂ ਨੇ ਇਨ੍ਹਾਂ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਨੇ ਮਹਿੰਗੀਆਂ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕਰ ਕੇ ਬਣਾਈਆਂ ਕਲੋਨੀਆਂ ਦੇ ਨਾਂ ਸੰਜੇ ਕਲੋਨੀ, ਰਾਜੀਵ ਕਲੋਨੀ, ਇੰਦਰਾ ਕਲੋਨੀ ਰੱਖ ਲਏ। ਪੰਜਾਬ ਵਿਚ ਵਧਦੀ ਜਨਸੰਖਿਆ ਦੀ ਸਮੱਸਿਆ ਹੱਲ ਕਰਨ ਲਈ ਝੁੱਗੀਆਂ ਵਾਲੇ ਲੋਕਾਂ ਨੂੰ ਸਿੱਖਿਅਤ ਤੇ ਜਾਗਰੂਕ ਕਰਨਾ ਜ਼ਰੂਰੀ ਹੈ। 26 ਜੂਨ ਦੇ ਸੰਪਾਦਕੀ ‘ਹਵਾਈ ਸੁਰੱਖਿਆ’ ਵਿਚ ਸਹੀ ਲਿਖਿਆ ਹੈ ਕਿ ਕੀਮਤੀ ਜਾਨਾਂ ਨੂੰ ਧਿਆਨ ਵਿਚ ਰੱਖ ਕੇ ਸੁਰੱਖਿਆ ਬੇਹੱਦ ਜ਼ਰੂਰੀ ਹੈ। ਨਿਯਮਾਂ ਦੀ ਉਲੰਘਣਾ ਕਰਨ ’ਤੇ ਸਰਕਾਰ ਵੱਲੋਂ ਏਅਰਲਾਈਨ ਕੰਪਨੀਆਂ ’ਤੇ ਭਾਰੀ ਜੁਰਮਾਨੇ ਲਾਉਣ ਨਾਲੋਂ ਉਨ੍ਹਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਵਿਚ ਸਹਿਯੋਗ ਦੇਣਾ ਜ਼ਿਆਦਾ ਜ਼ਰੂਰੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਰੁਕਣਾ ਚੰਗਾ ਹੁੰਦਾ...
2 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਗੁਰਪ੍ਰੀਤ ਮਾਨਸਾ ਦਾ ਮਿਡਲ ‘ਗੋਰਾ ਬੱਕਰੀਆਂ ਵਾਲਾ’ ਪੜਿ੍ਹਆ। ਲੇਖਕ ਆਪਣੇ ਦੋਸਤ ਨਾਲ ਸਕੂਲੋਂ ਛੁੱਟੀ ਲੈ ਕੇ ਲਟਬੌਰੀ ’ਤੇ ਨਿਕਲਦੇ ਨੇ। ਰਸਤੇ ਵਿਚ ਗੋਰੇ ਬੱਕਰੀਆਂ ਵਾਲੇ ਕੋਲ ਰੁਕਦੇ ਨੇ, ਗੱਲਾਂ-ਬਾਤਾਂ ਰਾਹੀਂ ਉਸ ਦੇ ਅੰਦਰ ਝਾਕਦਿਆਂ ਗਰੀਬੀ, ਪੁੰਨ-ਪਾਪ, ਪਸ਼ੂ-ਪੰਛੀਆਂ ਨਾਲ ਮੋਹ ਤੰਦ ਦੀਆਂ ਗੱਲਾਂ ਕਰਦਿਆਂ ਸਾਨੂੰ ਇਹ ਅਹਿਸਾਸ ਕਰਾਉਂਦੇ ਕਿ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਰੁਕਣਾ ਕਈ ਵਾਰ ਚੰਗਾ ਹੁੰਦਾ ਹੈ।
ਚਰਨਜੀਤ ਸਮਾਉਂ, ਈਮੇਲ
ਐਮਰਜੈਂਸੀ ਦਾ ਦਿਲਚਸਪ ਬਿਆਨ
25 ਜੂਨ ਨੂੰ ਅਮਰਜੀਤ ਸਿੰਘ ਵੜੈਚ ਦਾ ਲੇਖ ‘ਸਰਕਾਰੀ ਜੀਪਾਂ ਅਤੇ ਐਮਰਜੈਂਸੀ’ ਪੜ੍ਹਿਆ। ਜਸਟਿਸ ਜਗਮੋਹਨ ਲਾਲ ਸਿਨਹਾ ਨੇ ਫ਼ੈਸਲਾ ਸੁਣਾਉਣ ਲਈ ਰਾਜਨੀਤਕ ਦਬਾਅ ਅੱਗੇ ਗੋਡੇ ਟੇਕਣ ਤੋਂ ਬਚਣ ਲਈ ਜਿਹੜੇ ਢੰਗ ਤਰੀਕੇ ਵਰਤੇ, ਉਹ ਦਿਲਚਸਪ ਢੰਗ ਨਾਲ ਬਿਆਨ ਕੀਤੇ ਗਏ ਹਨ। ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਮਗਰੋਂ ਐਮਰਜੈਂਸੀ ਲਗਾਉਣ ਵਾਲਾ ਦਿਨ ਭਾਰਤ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਅਹਿਮ ਦਿਨ ਬਣ ਗਿਆ। ਇਸ ਰਾਜਨੀਤਕ ਪੈਂਤੜੇ ਦੀ ਗੂੰਜ ਅੱਜ ਪੰਜਾਹ ਸਾਲ ਬਾਅਦ ਵੀ ਓਨੀ ਹੀ ਸ਼ਿੱਦਤ ਨਾਲ ਪੈ ਰਹੀ ਹੈ। 24 ਜੂਨ ਦਾ ਸੰਪਾਦਕੀ ‘ਆਪ ਨੂੰ ਹੁੰਗਾਰਾ’ ਕੇਵਲ ਇੱਕ ਵਿਧਾਨ ਸਭਾ ਸੀਟ ਦੀ ਜਿੱਤ-ਹਾਰ ਦੀ ਨਿਸ਼ਾਨਦੇਹੀ ਨਹੀਂ ਕਰਦਾ ਸਗੋਂ 2027 ਵਾਲੀਆਂ ਵਿਧਾਨ ਸਭਾ ਚੋਣਾਂ ਦੀ ਸੂਹ ਲਾਉਣ ਦਾ ਯਤਨ ਵੀ ਕਰਦਾ ਹੈ। 19 ਜੂਨ ਦਾ ਸੰਪਾਦਕੀ ‘ਮੋਦੀ-ਟਰੰਪ ਗੱਲਬਾਤ’ ਸੰਸਾਰ ਦੀ ਸਟੇਜ ਉੱਤੇ ਅਹਿਮ ਗੱਲਬਾਤ ਦਾ ਅਹਿਸਾਸ ਕਰਾਉਂਦਾ ਹੈ। 18 ਜੂਨ ਦੇ ਸੰਪਾਦਕੀ ‘ਸੰਧੀ ਦੀ ਅਜ਼ਮਾਇਸ਼’ ਤੇ ‘ਰਾਡਾਰ ’ਤੇ ਪਾਕਿਸਤਾਨ’, ਲੇਖ ‘ਅਮਰੀਕਾ ’ਚ ਪਰਵਾਸ ਨੀਤੀ ਖ਼ਿਲਾਫ਼ ਸੰਘਰਸ਼’ ਅਤੇ ਇਰਾਨ-ਇਜ਼ਰਾਈਲ ਜੰਗ, ਇਜ਼ਰਾਈਲ-ਫਲਸਤੀਨ ਟਕਰਾਅ, ਰੂਸ-ਯੂਕਰੇਨ ਯੁੱਧ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਬਾਰੇ ਖ਼ਬਰਾਂ ਪੜ੍ਹ ਕੇ ਇਉਂ ਜਾਪ ਰਿਹਾ ਹੈ ਜਿਵੇਂ ਦੁਨੀਆ ਦਾ ਸੰਤੁਲਨ ਵਿਗੜ ਗਿਆ ਹੋਵੇ। ਸੰਯੁਕਤ ਰਾਸ਼ਟਰ ਕੇਵਲ ਸੀਟੀਆਂ ਮਾਰਨ ਜੋਗਾ ਰਹਿ ਗਿਆ ਹੈ। 16 ਜੂਨ ਨੂੰ ਸੰਜੇ ਬਾਰੂ ਦਾ ਲੇਖ ‘ਦੁਨੀਆ ਦੀ ਨਜ਼ਰ ਵਿੱਚ ਪਾਕਿਸਤਾਨ’ ਪੜ੍ਹ ਕੇ ਪਹਿਲਗਾਮ ਘਟਨਾ ਦੇ ਪ੍ਰਸੰਗ ਵਿੱਚ ਦੁਨੀਆ ਵਿੱਚ ਨਵੀਂ ਕਤਾਰਬੰਦੀ ਸਪੱਸ਼ਟ ਝਲਕ ਰਹੀ ਹੈ। ਇਸ ਕਤਾਰਬੰਦੀ ਵਿੱਚ ਭਾਰਤ ਦੀ ਸਥਿਤੀ ਕਮਜ਼ੋਰ ਹੋਈ ਲੱਗ ਰਹੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ