ਪਾਠਕਾਂ ਦੇ ਖ਼ਤ
ਅਧਿਆਪਕ ਅਤੇ ਰੋਸ਼ਨੀ
24 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਜਸ਼ਨਪ੍ਰੀਤ ਦਾ ਲੇਖ ‘ਸਲਾਮ’ ਪੜ੍ਹਿਆ। 17 ਸਾਲ ਦੀ ਉਮਰ ’ਚ ਉਹਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ। ਸਿਰ ’ਤੇ ਪਿਤਾ ਦਾ ਸਾਇਆ ਨਹੀ। ਘਰ ਦੀ ਗ਼ਰੀਬੀ ਕਾਰਨ ਮਾਂ ਪੁੱਤਰ ਦੇ ਇਲਾਜ ਲਈ ਘਰ ਵੇਚਣਾ ਲਾ ਦਿੰਦੀ ਹੈ। ਖੁਸ਼ੀ ਹੋਈ ਕਿ ਵਿਦਿਆਰਥੀ ਦੇ ਅਧਿਆਪਕ ਨੇ ਉਸ ਦੀ ਬਾਂਹ ਫੜ ਲਈ ਜਾਂ ਇਹ ਕਹਿ ਲਓ ਕਿ ਜ਼ਿੰਦਗੀ ਫੜ ਲਈ। ਸੱਚਮੁੱਚ ਅਜਿਹੇ ਅਧਿਆਪਕਾਂ ਨੂੰ ਸਲਾਮ ਕਰਨਾ ਬਣਦਾ ਹੈ। ਇਹ ਸਚਾਈ ਹੈ ਕਿ ਅਧਿਆਪਕ ਦੀਵਾ ਹੈ ਜਿਹੜਾ ਆਪ ਬਲ ਕੇ, ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਮੈਨੂੰ ਯਕੀਨ ਹੈ ਕਿ ਜਿਹੜਾ ਅਧਿਆਪਕ ਕਿਸੇ ਦੀ ਜ਼ਿੰਦਗੀ ਲਈ ਇੰਨਾ ਕੁਝ ਕਰ ਸਕਦਾ ਹੈ, ਉਹ ਕਿੰਨੇ ਬੱਚਿਆਂ ਨੂੰ ਰੋਸ਼ਨੀ ਦਿੰਦਾ ਹੋਵੇਗਾ। ਅਜਿਹੇ ਅਧਿਆਪਕਾਂ ਨੇ ਹੀ ਸਿੱਧ ਕੀਤਾ ਹੈ ਕਿ ਅਧਿਆਪਨ ਕੋਈ ਕਿੱਤਾ ਨਹੀਂ ਸਗੋਂ ਜਨੂੰਨ ਹੈ।
ਪ੍ਰੋ. ਦਿਲਬਾਗ ਸਿੰਘ, ਲੁਧਿਆਣਾ
ਐਮਰਜੈਂਸੀ ਦੌਰਾਨ ਤਸ਼ੱਦਦ
ਚਮਨ ਲਾਲ ਦਾ ਲੇਖ ‘ਮਾੜੇ ਸਮਿਆਂ ’ਚੋਂ ਮਿਲੀਆਂ ਮੰਜ਼ਿਲਾਂ’ (25 ਜੂਨ) ਜਿੱਥੇ ਐਮਰਜੈਂਸੀ ਦੌਰਾਨ ਆਮ ਲੋਕਾਂ ’ਤੇ ਹੁੰਦੇ ਤਸ਼ੱਦਦ ਬਾਰੇ ਜ਼ਿਕਰ ਕਰਦਾ ਹੈ, ਉੱਥੇ ਸਰਕਾਰੀ ਹਾਈ ਸਕੂਲ ਪੂਹਲਾ ਵਿੱਚ ਹਿੰਦੀ ਅਧਿਆਪਕ ਤੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਵਿੱਚ ਪ੍ਰੋਫੈਸਰ ਤੱਕ ਦੇ ਸਫ਼ਰ ਦਾ ਜ਼ਿਕਰ ਵੀ ਕਰਦਾ ਹੈ। ਮਈ 2013 ਵਿੱਚ ਸਾਨੂੰ ਵੀ ਐੱਸਐੱਸਏ ਰਮਸਾ ਅਧਿਆਪਕਾਂ ਦੇ ਸੰਘਰਸ਼ ਕਾਰਨ ਬਠਿੰਡਾ ਤੋਂ ਚੁੱਕ ਕੇ ਪਹਿਲਾਂ ਨੇਹੀਆਂ ਵਾਲਾ ਥਾਣੇ ਅਤੇ ਫਿਰ ਫਰੀਦਕੋਟ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਮਹੀਨੇ ਬਾਅਦ ਸਾਡੀ ਜ਼ਮਾਨਤ ਮਨਜ਼ੂਰ ਹੋਈ। ਵੇਲੇ ਦੀਆਂ ਸਰਕਾਰਾਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਦਬਾਉਣ ਲਈ ਅਜਿਹੀਆਂ ਐਮਰਜੈਂਸੀਆਂ ਲਾਉਂਦੀਆਂ ਆਈਆਂ ਹਨ। 25 ਜੂਨ ਨੂੰ ਹੀ ਅਮਰਜੀਤ ਸਿੰਘ ਵੜੈਚ ਦਾ ਮਿਡਲ ‘ਸਰਕਾਰੀ ਜੀਪਾਂ ਅਤੇ ਐਮਰਜੈਂਸੀ’ ਪੜ੍ਹਿਆ। ਜਸਟਿਸ ਜਗਮੋਹਨ ਲਾਲ ਸਿਨਹਾ ਨੇ ਕੋਈ ਵੀ ਦਬਾਅ ਨਾ ਸਹਾਰਦਿਆਂ ਫ਼ੈਸਲਾ ਸੁਣਾਉਣ ਤੱਕ ਖੁਫ਼ੀਆ ਏਜੰਸੀਆਂ ਨੂੰ ਭੰਬਲਭੂਸੇ ਵਿੱਚ ਪਾਈ ਰੱਖਿਆ। ਸੁੱਚਾ ਸਿੰਘ ਖੱਟੜਾ ਦਾ ਲੇਖ ‘ਵਜ਼ੀਫ਼ੇ ਵਾਲੀ ਬੱਕਰੀ’ (14 ਜੂਨ) ਉਨ੍ਹਾਂ ਵੇਲਿਆਂ ਦੀ ਗੱਲ ਕਰਦਾ ਹੈ ਜਦੋਂ ਲਗਭਗ ਹਰ ਘਰ ’ਚ ਤੰਗੀ-ਤੁਰਸ਼ੀ ਕਾਰਨ ਵਿਦਿਆਰਥੀ ਨੂੰ ਪੜ੍ਹਾਈ ਨਾਲ ਘਰੇਲੂ ਕੰਮ ਕਰਨੇ ਪੈਂਦੇ ਸਨ।
ਚਮਕੌਰ ਸਿੰਘ ਬਾਘੇਵਾਲੀਆ, ਈਮੇਲ
ਅੱਗੇ ਵਧਣ ਵਾਲੇ
23 ਜੂਨ ਨੂੰ ਕੁਲਵਿੰਦਰ ਸਿੰਘ ਮਲੋਟ ਦੀ ਲਿਖਤ ‘ਕਰੀਏ ਹੀਲਾ’ ਨੇ ਪ੍ਰਭਾਵਿਤ ਕੀਤਾ। ਢੇਰੀ ਢਾਹ ਕੇ ਬੈਠਣ ਵਾਲਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਅੱਖਾਂ ਵਿੱਚ ਸੁਫਨੇ, ਮਨ ਵਿੱਚ ਵਿਸ਼ਵਾਸ ਅਤੇ ਦਿਲ ਵਿੱਚ ਹੌਸਲਾ ਲੈ ਕੇ ਸਾਬਤ ਕਦਮੀਂ ਅੱਗੇ ਵਧਣ ਵਾਲਿਆਂ ਨੂੰ ਮੰਜ਼ਿਲ ਜ਼ਰੂਰ ਮਿਲਦੀ ਹੈ। ਜੇਕਰ ਲੇਖਕ ਦਾ ਮਾਸੜ ਵੀ ਲੇਖਕ ਦੇ ਪਰਿਵਾਰਕ ਜੀਆਂ ਵਾਂਗ ਢਾਹੂ ਵਿਚਾਰਾਂ ਵਾਲਾ ਹੁੰਦਾ ਤਾਂ ਲੇਖਕ ਸ਼ਾਇਦ ਨਾ ਅਧਿਆਪਕ ਬਣਦਾ ਤੇ ਨਾ ਹੀ ਲੇਖਕ। ਸਪਸ਼ਟ ਹੈ ਕਿ ਵਿਵੇਕ ਤੇ ਉਸਾਰੂ ਸੋਚ ਨੂੰ ਆਪਣੇ ਅੰਗ-ਸੰਗ ਪਾਲ ਕੇ ਅੱਗੇ ਵਧਣ ਵਾਲੇ ਮਨੁੱਖ ਦੇ ਰਾਹਾਂ ’ਚ ਆਉਣ ਵਾਲੀਆਂ ਵੱਡੀਆਂ/ਛੋਟੀਆਂ ਰੁਕਾਵਟਾਂ ਸਹਿਜੇ ਹੀ ਦੂਰ ਹੋ ਜਾਂਦੀਆਂ ਹਨ।
ਬੂਟਾ ਸਿੰਘ ਵਾਕਫ਼, ਮੁਕਤਸਰ
ਬੰਦਾ ਸਿੰਘ ਬਹਾਦਰ ਦੀ ਰਾਜਧਾਨੀ
23 ਜੂਨ ਦੇ ‘ਵਿਰਾਸਤ’ ਪੰਨੇ ’ਤੇ ਲਖਵਿੰਦਰ ਸਿੰਘ ਰਈਆ ਦਾ ਜਾਣਕਾਰੀ ਭਰਪੂਰ ਲੇਖ ‘ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ’ ਪੜ੍ਹਿਆ। ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਗੁਰਦਾਸ ਨੰਗਲ ਵਿਖੇ ਬਣਾਈ ਸੀ, ਇਹ ਦਰੁਸਤ ਨਹੀਂ। ਦਰਅਸਲ, ਬਾਬਾ ਜੀ ਨੇ ਨਾਹਨ (ਹਿਮਾਚਲ ਪ੍ਰਦੇਸ਼) ਅਤੇ ਸਢੌਰਾ (ਯਮੁਨਾਨਗਰ, ਹਰਿਆਣਾ) ਦੇ ਵਿਚਕਾਰ ਮੁਖਲਿਸਪੁਰ ਨਾਮ ਦੇ ਪੁਰਾਣੇ ਕਿਲ੍ਹੇ ਦੀ ਨਵੇਂ ਸਿਰਿਓਂ ਮੁਰੰਮਤ ਕਰਾ ਕੇ ਉਸ ਦਾ ਨਾਮ ਕਿਲ੍ਹਾ ਲੋਹਗੜ੍ਹ ਰੱਖ ਕੇ ਆਪਣੀ ਰਾਜਧਾਨੀ ਬਣਾਈ ਸੀ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਕ੍ਰਿਕਟ: ਵਪਾਰ ਤੋਂ ਅੰਧ-ਰਾਸ਼ਟਰਵਾਦ ਵੱਲ
20 ਜੂਨ ਅਵਿਜੀਤ ਪਾਠਕ ਦਾ ਲੇਖ ‘ਕ੍ਰਿਕਟ ਦਾ ਸਾਮਰਾਜ ਤੇ ਸੰਮੋਹਨ’ ਇਸ ਖੇਡ ਦੀ ਸਹੀ ਅਤੇ ਹਕੀਕੀ ਤਸਵੀਰ ਪੇਸ਼ ਕਰਦਾ ਹੈ। ਇਹ ਹੁਣ ਖੇਡ ਨਾ ਰਹਿ ਕੇ ਵਪਾਰ ਬਣ ਚੁੱਕਾ ਹੈ। ਬੱਚੇ ਤੋਂ ਬੁੱਢੇ ਤੱਕ, ਪਿੰਡਾਂ ਤੋਂ ਸ਼ਹਿਰਾਂ ਤੱਕ ਹਰ ਵਿਅਕਤੀ ਵਿਰਾਟ ਕੋਹਲੀ ਜਾਂ ਸਚਿਨ ਬਣਨਾ ਚਾਹੁੰਦਾ ਹੈ। ਇਸ ਦੀ ਚਮਕ-ਦਮਕ ਅਤੇ ਅੰਨ੍ਹੇ ਪੈਸੇ ਨੇ ਲੋਕਾਂ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਹਨ। ਬੰਗਲੁਰੂ ਵਿੱਚ ਕ੍ਰਿਕਟ ਸਟੇਡੀਅਮ ਦੇ ਬਾਹਰ ਜੋ ਕੁਝ ਵਾਪਰਿਆ, ਇਸ ਦੀ ਮੂੰਹ ਬੋਲਦੀ ਕਹਾਣੀ ਹੈ। ਉਂਝ ਹੁਣ ਜਿਸ ਤਰ੍ਹਾਂ ਇਹ ਅੰਧ-ਰਾਸ਼ਟਰਵਾਦ ਦਾ ਉਤੇਜਕ ਕਾਰਨ ਬਣ ਰਿਹਾ ਹੈ, ਉਹ ਬਹੁਤ ਖ਼ਤਰਨਾਕ ਹੈ। 20 ਜੂਨ ਨੂੰ ਹੀ ਡਾ. ਰਜਿੰਦਰ ਭੂਪਾਲ ਦਾ ਲੇਖ ‘ਝਿੜੀ ਦੇ ਉਸ ਪਾਰ’ ਵਧੀਆ ਲੱਗਿਆ। ਮਿਹਨਤ ਦਾ ਫ਼ਲ ਹਮੇਸ਼ਾ ਮਿਲਦਾ ਹੈ ਅਤੇ ਮਿੱਠਾ ਹੁੰਦਾ ਹੈ। ਲੇਖਕ ਦੇ ਜੀਵਨ ਦੀ ਇਸ ਕਹਾਣੀ ਨੇ ਸੰਤ ਸਿੰਘ ਸੇਖੋਂ ਦੀ ਬਚਪਨ ਵਿੱਚ ਪੜ੍ਹੀ ਕਹਾਣੀ ‘ਪੇਮੀ ਦੇ ਨਿਆਣੇ’ ਦੀ ਯਾਦ ਕਰਵਾ ਦਿੱਤੀ। 17 ਜੂਨ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਜਾਤੀ ਆਧਾਰਿਤ ਮਰਦਮਸ਼ੁਮਾਰੀ ਦਾ ਮਹੱਤਵ’ ਇਸ ਮਰਦਮਸ਼ੁਮਾਰੀ ਨੂੰ ਸਮਾਜਿਕ ਵਿਕਾਸ ਲਈ ਮਹੱਤਵਪੂਰਨ ਮੰਨਦਾ ਹੈ ਪਰ ਇਹ ਸਵਾਲ ਵੀ ਕਰਦਾ ਹੈ ਕਿ ਕੀ ਇਸ ਨਾਲ ਸਮੁੱਚਾ ਸਮਾਜਿਕ ਵਿਕਾਸ ਹੋਵੇਗਾ ਜਾਂ ਸਮਾਜਿਕ ਵੰਡੀਆਂ ਹੋਰ ਪੀਡੀਆਂ ਹੋ ਜਾਣਗੀਆਂ? ਮੇਰੇ ਵਿਚਾਰ ਅਨੁਸਾਰ ਇਸ ਨਾਲ ਜਾਤ-ਪਾਤ ਨੂੰ ਲੈ ਕੇ ਵਖਰੇਵੇਂ ਵਧ ਜਾਣਗੇ। ਜਿੱਥੋਂ ਤੱਕ ਸਮਾਜ ਭਲਾਈ ਸਕੀਮਾਂ ਲਾਗੂ ਕਰਨ ਦਾ ਸਵਾਲ ਹੈ, ਇਸ ਦਾ ਆਧਾਰ ਆਰਥਿਕਤਾ ਹੋਣੀ ਚਾਹੀਦੀ ਹੈ। ਰਿਜ਼ਰਵੇਸ਼ਨ ਦਾ ਫ਼ਾਇਦਾ ਪੀੜ੍ਹੀ-ਦਰ-ਪੀੜ੍ਹੀ ਉਪਰਲੇ ਤਬਕੇ ਨੇ ਹੀ ਉਠਾਇਆ ਹੈ। ਪਟਿਆਲਾ-ਸੰਗਰੂਰ ਪੰਨੇ ’ਤੇ ਖ਼ਬਰ ‘ਲਾਇਬਰੇਰੀ ਆਡੀਟੋਰੀਅਮ ਦੀ ਖ਼ਸਤਾ ਹਾਲਤ ਤੋਂ ਰੰਗਕਰਮੀ ਨਿਰਾਸ਼’ ਪੜ੍ਹ ਕੇ ਦੁੱਖ ਹੋਇਆ ਕਿ 1970ਵਿਆਂ ਵਿੱਚ ਜਿਸ ਲਾਇਬਰੇਰੀ ਨੂੰ ਨਾਟ-ਕਰਮੀਆਂ ਦਾ ਮੱਕਾ ਕਿਹਾ ਜਾਂਦਾ ਸੀ, ਸਰਕਾਰਾਂ ਦੀ ਅਣਦੇਖੀ ਕਾਰਨ ਉਹ ਇੰਨੀ ਬੁਰੀ ਹਾਲਤ ਵਿੱਚ ਪਹੁੰਚ ਗਈ ਹੈ। 4 ਜੂਨ ਦਾ ਸੰਪਾਦਕੀ ‘ਸਾਖ਼ਰਤਾ ਦਰ’ ਇਸ ਦੀ ਖੋਖ਼ਲੀ ਪ੍ਰਾਪਤੀ ਬਾਰੇ ਸੰਤੁਲਿਤ ਜਾਣਕਾਰੀ ਦਿੰਦਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਝਿੜੀ ਦੇ ਉਸ ਪਾਰ
20 ਜੂਨ ਦੇ ਨਜ਼ਰੀਆ ਅੰਕ ਵਿੱਚ ਡਾ. ਰਜਿੰਦਰ ਭੂਪਾਲ ਦਾ ਮਿਡਲ ‘ਝਿੜੀ ਦੇ ਉਸ ਪਾਰ’ ਪੜ੍ਹਿਆ। ਸੀਮਤ ਸਾਧਨਾਂ ਦੇ ਬਾਵਜੂਦ ਸਰਕਾਰੀ ਸਕੂਲਾਂ ਵਿੱਚੋਂ ਪੜ੍ਹ ਕੇ ਉੱਚ ਸਿੱਖਿਆ ਪ੍ਰਾਪਤ ਕਰਨਾ ਲੇਖਕ ਦੀ ਦ੍ਰਿੜਤਾ ਦਰਸਾਉਂਦਾ ਹੈ। ਉਨ੍ਹਾਂ ਸਮਿਆਂ ਵਿੱਚ ਵਿਦਿਆਰਥੀ-ਅਧਿਆਪਕ ਦਾ ਰਿਸ਼ਤਾ ਪੈਸਿਆਂ ਜਾਂ ਫ਼ੀਸਾਂ ਤੱਕ ਸੀਮਤ ਨਾ ਹੋ ਕੇ ਰੂਹਾਨੀ ਹੁੰਦਾ ਸੀ। ਇਹੀ ਕਾਰਨ ਹੈ ਕਿ ਇੰਨੇ ਵਰ੍ਹੇ ਬੀਤਣ ਤੋਂ ਬਾਅਦ ਵੀ ਅਜਿਹੇ ਅਧਿਆਪਕ ਯਾਦਾਂ ਵਿੱਚ ਅਮਰ ਰਹਿੰਦੇ ਹਨ।
ਅਕਬਰ ਸਕਰੌਦੀ, ਸੰਗਰੂਰ
ਅਪਰੇਸ਼ਨ ਸਿੰਧੂਰ ਬਨਾਮ ਦਹਿਸ਼ਤਪਸੰਦ
ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਅਪਰੇਸ਼ਨ ਸਿੰਧੂਰ ਨਾਲ ਅਤਿਵਾਦੀਆਂ ਨੂੰ ਡਰ ਪੈ ਗਿਆ ਹੈ। ਉਹ ਗ਼ਲਤ ਹਨ। ਇਹ ਅਪਰੇਸ਼ਨ ਤਾਂ ਉਨ੍ਹਾਂ ਵਾਸਤੇ ਕਾਮਯਾਬੀ ਸਮਝੀ ਜਾਵੇਗੀ। ਅਤਿਵਾਦੀ ਭਾਰਤ ਤੇ ਪਾਕਿਸਤਾਨ ਵਿਚਕਾਰ ਕਸ਼ੀਦਗੀ ਤੋਂ ਨਹੀਂ, ਚੰਗੇ ਸਬੰਧਾਂ ਤੋਂ ਡਰਦੇ ਹਨ। ਇਸ ਦਾ ਇੱਕ ਸਬੂਤ ਇਹ ਹੈ ਕਿ ਜਦੋਂ ਸ੍ਰੀਨਗਰ ਤੋਂ ਮੁਜ਼ੱਫਰਾਬਾਦ ਵਾਸਤੇ ਬੱਸ ਚਲਾਉਣ ਦਾ ਪ੍ਰੋਗਰਾਮ ਬਣਿਆ ਸੀ ਤਾਂ ਅਤਿਵਾਦੀਆਂ ਨੇ ਸ੍ਰੀਨਗਰ ਦੇ ਸੈਰ-ਸਪਾਟਾ ਕੇਂਦਰ ਨੂੰ ਅੱਗ ਲਗਾ ਦਿੱਤੀ ਸੀ। ਪਾਕਿਸਤਾਨ ਦੇ ਸ਼ਹਿਰਾਂ ਉੱਪਰ ਕੀਤੀ ਬੰਬਾਰੀ ਦਾ ਅਤਿਵਾਦੀਆਂ ਦੀ ਸਿਹਤ ਉੱਪਰ ਕੋਈ ਅਸਰ ਨਹੀਂ ਹੋ ਸਕਦਾ।
ਅਭੈ ਸਿੰਘ, ਮਨੀਮਾਜਰਾ (ਚੰਡੀਗੜ੍ਹ)