ਪਾਠਕਾਂ ਦੇ ਖ਼ਤ
ਕੁਦਰਤ ਨਾਲ ਆਢਾ
12 ਜੂਨ ਦੀ ਸੰਪਾਦਕੀ ‘ਹਾਏ ਗਰਮੀ ਤੌਬਾ ਏਸੀ’ ਮਨੁੱਖ ਦੁਆਰਾ ਬਨਾਵਟੀ ਸੁੱਖ-ਸਹੂਲਤਾਂ ਦੀ ਸਿਰਜਣਾ ਹਿਤ ਕੁਦਰਤ ਨਾਲ ਲਗਾਏ ਆਢੇ ’ਤੇ ਕਰਾਰੀ ਚੋਟ ਕਰਦਾ ਹੈ। ਸ਼ਹਿਰੀਕਰਨ ਵਿੱਚ ਵਾਧਾ, ਆਵਾਜਾਈ ਸਾਧਨਾਂ ਦੀ ਬਹੁਤਾਤ, ਲਗਾਤਾਰ ਤੇ ਅੰਨ੍ਹੇਵਾਹ ਹੋ ਰਹੀ ਰੁੱਖਾਂ ਦੀ ਕਟਾਈ ਆਲਮੀ ਤਪਸ਼ ਵਧਾਉਣ ਦੇ ਪ੍ਰਮੁੱਖ ਕਾਰਨ ਹਨ। ਧਰਤੀ ਦੇ ਸਰਵ-ਸ੍ਰੇਸ਼ਟ ਜੀਵ ‘ਮਨੁੱਖ’ ਦੀ ਇਹ ਸਭ ਤੋਂ ਵੱਡੀ ਨਾਲਾਇਕੀ ਹੈ ਕਿ ਉਹ ਕੁਦਰਤ ਤੋਂ ਬੇਮੁਖ ਹੋ ਰਿਹਾ ਹੈ। ਹੁਣ ਸਥਾਨਕ ਪ੍ਰਸ਼ਾਸਨ, ਪ੍ਰਾਈਵੇਟ ਸੈਕਟਰਾਂ ਦੀਆਂ ਇਕਾਈਆਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਨੂੰ ਇਸ ਪਾਸੇ ਸੱਚੀ ਨਿਸ਼ਠਾ ਤੇ ਇਮਾਨਦਾਰੀ ਨਾਲ ਆਪੋ-ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਤਾਂ ਕਿ ਭਵਿੱਖ ਦੀ ਆਲਮੀ ਤਪਸ਼ ਤੋਂ ਆਪਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਬਚਾਅ ਹੋ ਸਕੇ।
ਮਾਸਟਰ ਤਰਸੇਮ ਸਿੰਘ, ਡਕਾਲਾ (ਪਟਿਆਲਾ)
ਗੱਲਬਾਤ ਰਾਹੀਂ ਹੱਲ
ਅਵਤਾਰ ਸਿੰਘ ਪਤੰਗ ਦੀ ਰਚਨਾ ‘ਖੰਡ ਵਾਲੀ ਚਾਹ’ (18 ਜੂਨ) ਬਹੁਤ ਹੀ ਸਰਲ ਢੰਗ ਨਾਲ ਪੇਸ਼ ਕੀਤੀ ਗਈ ਹੈ। ਰਚਨਾ ਵਿੱਚ ਕਿਸੇ ਨਾਲ ਵੀ ਵਾਧਾ ਘਾਟਾ ਨਾ ਕਰ ਕੇ ਸਭ ਨੂੰ ਹੀ ਬਰਾਬਰ ਦਾ ਅਧਿਕਾਰ ਦੇਣ ਦੇ ਨਾਲ-ਨਾਲ ਬੱਚਤ ਦੀ ਵੀ ਗੱਲ ਕੀਤੀ ਹੈ। ਜੇਕਰ ਸਮਾਜ ਦੇ ਮਸਲੇ ਵੀ ਸ਼ਾਂਤੀ ਨਾਲ ਬੈਠ ਕੇ ਗੱਲਬਾਤ ਨਾਲ ਸੁਲਝਾਏ ਜਾਣ ਤਾਂ ਕੋਈ ਵੀ ਧਿਰ ਘੂਰੀ ਨਹੀਂ ਵੱਟੇਗੀ। 17 ਜੂਨ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦੀ ਰਚਨਾ ‘ਸ਼ਿਕਵੇ ਤੋਂ ਸ਼ਲਾਘਾ ਤੱਕ’ ਵਿੱਚ ਨੇਕ ਅਤੇ ਕਾਬਲ ਡਾਕਟਰ ਬਾਰੇ ਕਹਾਣੀ ਸੁਣਾਈ ਹੈ। ਬਥੇਰੇ ਡਾਕਟਰ ਪੈਸਿਆਂ ਖਾਤਰ ਜਣੇਪੇ ਵੇਲੇ ਝੱਟ ਅਪ੍ਰੇਸ਼ਨ ਕਰ ਦਿੰਦੇ ਹਨ। ਕੁਝ ਸ਼ਖ਼ਸੀਅਤਾਂ ਦਾ ਚਾਨਣ ਸਮਾਂ ਪਾ ਕੇ ਮਹਿਸੂਸ ਹੁੰਦਾ ਹੈ।
ਨਵਜੀਤ ਕੌਰ, ਝੁਨੇਰ (ਮਾਲੇਰਕੋਟਲਾ)
(2)
18 ਜੂਨ ਦੇ ਅੰਕ ਵਿੱਚ ਡਾ. ਅਵਤਾਰ ਸਿੰਘ ਪਤੰਗ ਦਾ ਲੇਖ ‘ਖੰਡ ਵਾਲੀ ਚਾਹ’ ਸਾਡੇ ਪੁਰਾਣੇ ਪੇਂਡੂ ਸਭਿਆਚਾਰ ਦੀ ਤਸਵੀਰ ਪੇਸ਼ ਕਰਦਾ ਹੈ। ਲੇਖਕ ਨੇ ਪੁਰਾਣੇ ਵਿਆਹ ਤੋਂ ਪਹਿਲਾਂ ਦੇ ਦ੍ਰਿਸ਼ ਤੇ ਰਿਸ਼ਤਿਆਂ ਦੀ ਨੋਕ-ਝੋਕ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੀ ਹੈ। ਕਮਲਜੀਤ ਕੌਰ ਗੁੰਮਟੀ ਨੇ ਆਪਣੀ ਕਹਾਣੀ ‘ਗਰਮੀ ਦੀਆਂ ਛੁੱਟੀਆਂ’ (7 ਜੂਨ) ਰਾਹੀਂ ਬੱਚਿਆਂ ਨੂੰ ਉਨ੍ਹਾਂ ਦੇ ਹੁਨਰ ਦੀ ਪਛਾਣ ਕਰਵਾਈ ਹੈ। ਜੇ ਹਰ ਬੱਚਾ ਨਵੀਨ ਵਾਂਗ ਸੋਚੇ ਤੇ ਸਾਡਾ ਸਮਾਜ ਬਹੁਤ ਅੱਗੇ ਜਾ ਸਕਦਾ ਹੈ। ਕਹਾਣੀ ਰੌਚਕ ਹੋਣ ਦੇ ਨਾਲ-ਨਾਲ ਤਕਨੀਕੀ ਯੁੱਗ ਨਾਲ ਵੀ ਜੁੜੀ ਹੋਈ ਸੀ।
ਨਵਜੋਤ ਕੌਰ, ਕੁਠਾਲਾ
ਜਾਤ ਆਧਾਰਿਤ ਮਰਦਮਸ਼ੁਮਾਰੀ
17 ਜੂਨ ਦੇ ਅੰਕ ਵਿੱਚ ਕੰਵਲਜੀਤ ਕੌਰ ਗਿੱਲ ਦਾ ਲੇਖ ਪੜ੍ਹਿਆ। ਅੰਗਰੇਜ਼ੀ ਹਕੂਮਤ ਦੌਰਾਨ 1931 ਵਿੱਚ ਜਾਤੀ ਆਧਾਰਿਤ ਜਨਗਣਨਾ ਹੋਈ ਸੀ। ਅਸਲ ਵਿੱਚ ਸਾਡੇ ਦੇਸ਼ ਦਾ ਸਮਾਜਿਕ ਢਾਂਚਾ ਜਾਤਪਾਤ ’ਤੇ ਟਿਕਿਆ ਹੋਇਆ ਹੈ। ਇਸ ਲਈ ਜ਼ਰੂਰੀ ਹੈ ਕਿ ਹਾਸ਼ੀਏ ’ਤੇ ਧੱਕੇ ਹੋਏ ਵਰਗ ਨੂੰ ਬਰਾਬਰੀ ਦੇਣ ਲਈ ਉਨ੍ਹਾਂ ਦੀ ਆਰਥਿਕ, ਵਿਦਿਅਕ ਸਥਿਤੀ ਨੂੰ ਦੇਖ ਕੇ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ। ਪਛੜੀਆਂ ਸ਼੍ਰੇਣੀਆਂ ਦੇ ਲੋਕ ਅਨਪੜ੍ਹਤਾ, ਗ਼ਰੀਬੀ, ਕੁਪੋਸ਼ਣ ਅਤੇ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ।
ਸਾਗਰ ਸਿੰਘ ਸਾਗਰ, ਬਰਨਾਲਾ
ਪਹੁਤਾ ਪਾਂਧੀ
10 ਜੂਨ ਨੂੰ ਡਾ. ਸਤਿੰਦਰ ਸਿੰਘ ਦਾ ਮਿਡਲ ‘ਇਤਿਹਾਸ ਦੁਹਰਾਈਏ’ ਪੜ੍ਹ ਕੇ ਬਹੁਤ ਚੰਗਾ ਲੱਗਿਆ। ਰਚਨਾ ਪੜ੍ਹਦਿਆਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ‘ਪਹੁਤਾ ਪਾਂਧੀ’ ਚੇਤੇ ਆ ਗਈ ਜਿਸ ਦਾ ਮੁੱਖ ਪਾਤਰ ਮੇਜਰ ਸਾਹਿਬ ਦੂਸਰਿਆਂ ਦੇ ਕੰਮ ਆਉਣ ਵਾਲੇ ਆਪਣੇ ਮੁਹੱਬਤੀ ਤੇ ਨਫ਼ੀਸ ਵਿਹਾਰ ਨਾਲ ਸਵਾਰੀਆਂ ਨਾਲ ਭਰੇ ਖਚਾ-ਖਚ ਡੱਬੇ ਦੀ ਫ਼ਿਜ਼ਾ ਬਦਲ ਦਿੰਦਾ ਹੈ। ਆਪਣਾ ਫਸਟ ਕਲਾਸ (ਜਿਸ ਨੂੰ ਉਹ ਪੇ ਮਰਿਆਂ ਦਾ ਡੱਬਾ ਆਖਦਾ ਹੈ) ਦਾ ਡੱਬਾ ਛੱਡ ਆਮ ਡੱਬੇ ਵਿੱਚ ਆ ਜਾਂਦਾ ਹੈ ਜਿੱਥੇ ਉਹ ਤੁੰਨ ਕੇ ਭਰੇ ਡੱਬੇ ਵਿੱਚ ਹੋਰਨਾਂ ਸਵਾਰੀਆਂ ਦੇ ਚੜ੍ਹਨ ਲਈ ਥਾਂ ਬਣਾਉਂਦਾ ਹੈ। ਹਾਸੇ-ਠੱਠੇ ਵਿੱਚ ਉਨ੍ਹਾਂ ਦਾ ਸਮਾਨ ਥਾਂ ਸਿਰ ਕਰਵਾ ਦਿੰਦਾ ਹੈ। ਸਭ ਨੂੰ ਪੱਲਿਉਂ ਪੈਸੇ ਦੇ ਕੇ ਸ਼ਕੰਜਵੀ ਪਿਲਾਉਂਦਾ ਹੈ। ਪ੍ਰੇਸ਼ਾਨੀ ਭਰੇ ਸਫਰ ਨੂੰ ਆਪਣੀ ਲਿਆਕਤ ਨਾਲ ਦਿਲਚਸਪ ਬਣਾ ਦਿੰਦਾ ਹੈ। ਮੇਜਰ ਸਾਹਿਬ ਦੇ ਉਤਰਨ ਨਾਲ ਡੱਬਾ ਭਾਂ-ਭਾਂ ਕਰਨ ਲੱਗ ਜਾਂਦਾ ਹੈ। ਰਚਨਾ ਪੜ੍ਹ ਕੇ ਮਹਿਸੂਸ ਹੋਇਆ ਕਿ ਲੇਖਕ ਦੇ ਵਿਹਾਰ ਨਾਲ ਮੇਜਰ ਸਾਹਿਬ ਦਾ ਗਲਪੀ ਪਾਤਰ ਹਕੀਕੀ ਰੂਪ ਲੈ ਗਿਆ। ਜੇਕਰ ਸਮਾਜ ਦੇ ਸਭ ਬਾਸ਼ਿੰਦੇ ਇਸ ਤਰ੍ਹਾਂ ਦੀ ਸੋਚ ਅਪਣਾ ਲੈਣ ਤਾਂ ਨਿਸ਼ਚੇ ਹੀ ਸਾਡਾ ਸਮਾਜ ਤੇ ਸੱਭਿਆਚਾਰ ਬਹੁਤ ਖ਼ੂਬਸੂਰਤ ਤੇ ਉੱਚ ਮਾਨਵੀ ਕਦਰਾਂ-ਕੀਮਤਾਂ ਵਾਲਾ ਹੋਵੇਗਾ।
ਜਗਜੀਤ ਬਰਾੜ ਅਬੁਲ ਖੁਰਾਣਾ, ਈਮੇਲ
ਲੋਪ ਹੋ ਰਹੇ ਪਿੰਡ
ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਕੋਠੇ ਚੜ੍ਹ ਕੇ ਤੱਕਿਆ ਪਿੰਡ’ (9 ਜੂਨ) ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਸ਼ਹਿਰੀਕਰਨ ਦੇ ਦੌਰ ਵਿੱਚ ਕਿਸ ਤਰ੍ਹਾਂ ਪਿੰਡ ਲੋਪ ਹੋ ਰਹੇ ਹਨ, ਆਪਣੀ ਪਛਾਣ ਗੁਆ ਰਹੇ ਹਨ। ਚੰਡੀਗੜ੍ਹ ਦੇ ਉਜਾੜੇ ’ਚੋਂ ਬਚੇ ਪਲਸੌਰੇ ਜਿਹੇ ਪਿੰਡ ਨਵ-ਨਿਰਮਾਣ ਨਾਲ ਬੇਪਛਾਣ ਹੋ ਚੁੱਕੇ ਹਨ।
ਮਨੋਜ ਭੱਲਾ, ਬੱਧਨੀ ਕਲਾਂ
(2)
9 ਜੂਨ ਨੂੰ ਸੁਪਿੰਦਰ ਸਿੰਘ ਰਾਣਾ ਦੀ ਰਚਨਾ ‘ਕੋਠੇ ਚੜ੍ਹ ਕੇ ਤੱਕਿਆ ਪਿੰਡ’ ਪੜ੍ਹੀ। ਰਚਨਾ ਪੜ੍ਹ ਕੇ ਅੱਖਾਂ ਅੱਗੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਸ਼ਹਿਰੀਕਰਨ ਨੇ ਚੰਡੀਗੜ੍ਹ ਅਤੇ ਸਾਡੇ ਪਿੰਡਾਂ ਦਾ ਪਿਛੋਕੜ, ਬੋਲੀ, ਸਭਿਆਚਾਰ ਕਿੰਨਾ ਕੁਝ ਖੋਹ ਲਿਆ ਹੈ।
ਰੂਪੀ ਹੁੰਦਲ, ਖਰੜ
ਕੱਲ੍ਹ ਦਾ ਮਾਲਵਾ
24 ਮਈ ਨੂੰ ਨਜ਼ਰੀਆ ਪੰਨੇ ਉੱਤੇ ਰਮੇਸ਼ਵਰ ਸਿੰਘ ਦੀ ਰਚਨਾ ‘ਕੱਲ੍ਹ ਦਾ ਮਾਲਵਾ’ ਵਧੀਆ ਲੱਗੀ। ਲੇਖਕ ਨੇ ਅੱਜ ਤੋਂ 50 ਸਾਲ ਪਹਿਲਾਂ ਦੀ ਮਾਲਵੇ ਦੀ ਪੂਰੀ ਤਸਵੀਰ ਖਿੱਚ ਦਿੱਤੀ। ਬਿਲਕੁਲ ਸਹੀ ਹੈ ਕਿ ਪਹਿਲਾਂ ਮਾਲਵੇ ਵਿੱਚ ਕਣਕ ਘੱਟ ਤੇ ਬਾਜਰਾ, ਜੌਂ, ਛੋਲੇ ਵੱਧ ਹੁੰਦੇ ਸਨ। ਉਂਝ, ਲੇਖਕ ਇੱਕ ਗੱਲ ਲਿਖਣੀ ਭੁੱਲ ਗਿਆ ਕਿ ਘੁਲਾੜੇ ਤੋਂ ਜਿੱਥੇ ਗਰਮ ਗੁੜ ਖਾਂਦੇ, ਉੱਥੋਂ ਬਾਲਟੀ ਭਰ ਕੇ ਗੰਨੇ ਦਾ ਰਸ ਲਿਆ ਕੇ ਉਸ ਦੀ ਖੀਰ ਬਣਾ ਕੇ ਖਾਂਦੇ ਸੀ। ਅਸੀਂ ਛੋਟੇ ਹੁੰਦੇ ਜੰਗਲ, ਰੋਹੀ ਬੀਆਬਾਨ ਵਿੱਚ ਜਾ ਕੇ ਪੀਲਾਂ, ਬੇਰ ਤੋੜ ਕੇ ਖਾਂਦੇ ਤੇ ਆਚਾਰ ਲਈ ਡੇਲੇ ਲਿਆਉਂਦੇ।
ਮਾਸਟਰ ਪਰਮ ਵੇਦ, ਸੰਗਰੂਰ
ਬੇਗਮੁਪਰਾ : ਤੁਰੀਆ ਅਵਸਥਾ
17 ਮਈ ਦੇ ਨਜ਼ਰੀਆ ਅੰਕ ਵਿੱਚ ਜਤਿੰਦਰ ਸਿੰਘ ਦੇ ਲੇਖ ‘ਬੇਗਮਪੁਰੇ ਦਾ ਸੁਫਨਾ ਅਤੇ ਸਾਧਨਾਂ ਦੀ ਦਰੁਸਤ ਵੰਡ’ ’ਚ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਸ਼ਬਦ ‘ਬੇਗਮਪੁਰਾ ਸਹਰ ਕੋ ਨਾਉ।।’ ਵਿੱਚ ਆਏ ਸ਼ਬਦ ‘ਬੇਗਮਪੁਰਾ’ ਦਾ ਭਾਵ ਕਲਪਿਤ ਸਥਾਨ ਜਾਂ ਉਨ੍ਹਾਂ ਦਾ ਸੁਫਨਾ ਜਿੱਥੇ ਦੁੱਖ, ਡਰ ਅਤੇ ਤਣਾਅ ਜਾਂ ਚਿੰਤਾ ਆਦਿ ਨਹੀਂ, ਲਿਖਿਆ ਗਿਆ ਹੈ। ‘ਬੇਗਮਪੁਰਾ’ ਸ਼ਬਦ ਤੋਂ ਇਹ ਅਰਥ ਲੈਣੇ ਦਰੁਸਤ ਨਹੀਂ। ਦਰਅਸਲ ‘ਬੇਗਮਪੁਰਾ’ ਦਾ ਭਾਵ ਸਾਧਕ ਦੀ ਚੇਤਨਾ ਦੀਆਂ ਚਾਰ ਅਵਸਥਾਵਾਂ- ‘ਰਜੋ, ਤਮੋ, ਸਤੋ ਅਤੇ ਤੁਰੀਆ, ਵਿੱਚੋਂ ਅੰਤਲੀ ਯਥਾਰਥਿਕ ਅਵਸਥਾ ‘ਤੁਰੀਆ’ ਤੋਂ ਹੈ। ਇਹੀ ਬ੍ਰਹਮੀ ਅਵਸਥਾ ਹੈ ਜਿੱਥੇ ਪੁੱਜ ਕੇ ਸਿੱਖ/ਸਾਧਿਕ ਗੁਰਪ੍ਰਸਾਦਿ ਨਾਲ ਸਿਮਰਨ, ਸੇਵਾ ਅਤੇ ਸਤਿਸੰਗਤ ਕਰਦਾ ਹੋਇਆ ਸਚਖੰਡ ਵਾਸੀ ਬਣ ਕੇ ਜੀਵਨ ਮੁਕਤ ਹੋ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਵਿੱਚ ਵੀ ਬੇਗਮਪੁਰਾ ਦੀ ਸੰਗਯਾ ਤੁਰੀਆ ਪਦ, ਗਿਆਨ ਅਵਸਥਾ, ਜਿਸ ਵਿੱਚ ਗ਼ਮ ਦਾ ਅਭਾਵ ਹੈ, ਕੀਤੀ ਗਈ ਹੈ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਸਿੱਖਿਆ ਦਾ ਬੁਨਿਆਦੀ ਢਾਂਚਾ
ਸਿੱਖਿਆ ਕ੍ਰਾਂਤੀ ਬਾਰੇ ਬਥੇਰੀਆਂ ਖ਼ਬਰਾਂ ਪੜ੍ਹੀਆਂ ਪਰ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੀ। ਹਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਹੈ। ਸਿੱਖਿਆ ਕ੍ਰਾਂਤੀ ਦੀ ਬੁਨਿਆਦ ਇਹ ਪ੍ਰਾਇਮਰੀ ਸਕੂਲ ਹੀ ਹਨ। ਸਮਾਰਟ ਸਿੱਖਿਆ ਸਕੀਮ ਅਧੀਨ ਸਕੂਲਾਂ ਦੀਆਂ ਇਮਾਰਤਾਂ ਅਤੇ ਦੀਵਾਰਾਂ ਉੱਤੇ ਤਸਵੀਰਾਂ ਬਣਾ ਕੇ ਬਾਹਰੋਂ ਤਾਂ ਦਿੱਖ ਚੰਗੀ ਬਣਾ ਦਿੱਤੀ ਹੈ ਪਰ ਸਕੂਲ ਦੇ ਅੰਦਰ ਦਾ ਕੀ ਹਾਲ ਹੈ? ਕੀ ਕਦੀ ਬਲਾਕ ਸਿੱਖਿਆ ਅਧਿਕਾਰੀਆਂ ਜਾਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਪਛੜੇ ਇਲਾਕਿਆਂ ਦੇ ਸਕੂਲਾਂ ਦਾ ਦੌਰਾ ਕਰ ਕੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਜਾਂ ਪਿੰਡ ਵਾਲਿਆਂ ਦੀ ਮਹਿਕਮੇ ਬਾਰੇ ਕੋਈ ਸ਼ਿਕਾਇਤ ਸੁਣਨ ਦਾ ਵਿਹਲ ਕੱਢਿਆ ਹੈ? ਸਿੱਖਿਆ ਮੰਤਰੀ ਨੂੰ ਪਤਾ ਹੋਣਾ ਚਾਹੀਦੈ ਕਿ ਖ਼ਬਰਾਂ ਰਾਹੀਂ ਸਿੱਖਿਆ ਕ੍ਰਾਂਤੀ ਨਹੀਂ ਆਉਣੀ। ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਪਵੇਗਾ।
ਐੱਮਏ ਸਿੰਘ, ਈਮੇਲ