ਪਾਠਕਾਂ ਦੇ ਖ਼ਤ
ਪੰਜਾਬੀ ਬੋਲੀ ਦਾ ਜਨੂੰਨ 22 ਨਵੰਬਰ ਨੂੰ ਭੋਲਾ ਸਿੰਘ ਸ਼ਮੀਰੀਆ ਦਾ ਲੇਖ ‘ਅਮਰ ਗੀਤਾਂ ਦਾ ਗਾਇਕ ਕਰਨੈਲ ਸਿੰਘ ਗਿੱਲ’ ਪੜਿ੍ਹਆ। ਸਾਡਾ ਬਚਪਨ ਉਸ ਯੁੱਗ ਵਿੱਚ ਬੀਤਿਆ ਜਦੋਂ ਪਿੰਡ ਵਿੱਚ ਵਿਆਹਾਂ ਸਮੇਂ ਦੋ ਮੰਜੇ ਜੋੜ ਕੇ ਸਪੀਕਰ ਵੱਜਦੇ, ਮਠਿਆਈਆਂ ਬਣਨ ਦੀ...
ਪੰਜਾਬੀ ਬੋਲੀ ਦਾ ਜਨੂੰਨ
22 ਨਵੰਬਰ ਨੂੰ ਭੋਲਾ ਸਿੰਘ ਸ਼ਮੀਰੀਆ ਦਾ ਲੇਖ ‘ਅਮਰ ਗੀਤਾਂ ਦਾ ਗਾਇਕ ਕਰਨੈਲ ਸਿੰਘ ਗਿੱਲ’ ਪੜਿ੍ਹਆ। ਸਾਡਾ ਬਚਪਨ ਉਸ ਯੁੱਗ ਵਿੱਚ ਬੀਤਿਆ ਜਦੋਂ ਪਿੰਡ ਵਿੱਚ ਵਿਆਹਾਂ ਸਮੇਂ ਦੋ ਮੰਜੇ ਜੋੜ ਕੇ ਸਪੀਕਰ ਵੱਜਦੇ, ਮਠਿਆਈਆਂ ਬਣਨ ਦੀ ਖ਼ੁਸ਼ਬੂ ਗੇੜੇ ਕੱਢਦੀ ਫਿਰਦੀ ਹੁੰਦੀ ਸੀ। ਤਵਿਆਂ ਉੱਤੇ ਗੀਤ ਵੱਜਦੇ ਹੁੰਦੇ ਸਨ। ਦਾਜ ਵਿੱਚ ਚਰਖਾ, ਸਾਈਕਲ ਤੇ ਰੇਡੀਓ ਮਿਲਣ ਦਾ ਯੁੱਗ ਹੁਣ ਬਹੁਤ ਅੱਗੇ ਲੰਘ ਗਿਆ ਹੈ। ਕਰਨੈਲ ਗਿੱਲ ਦੇ ਰਾਖੀ ਹੁੰਦਲ ਨਾਲ ਗਾਏ ਗੀਤ ਬਹੁਤ ਚੰਗੇ ਲੱਗਣ ਵਾਲੇ ਹਨ। ਇੱਕ ਇੰਟਰਵਿਊ ’ਚ ਰਾਖੀ ਹੁੰਦਲ ਨੇ ਬਹੁਤ ਹੀ ਦਿਲਚਸਪ ਗੱਲ ਦੱਸੀ ਸੀ ਕਿ ਉਹ ਕਰਨੈਲ ਗਿੱਲ ਤੋਂ ਉਮਰ ਵਿੱਚ ਬਹੁਤ ਛੋਟੀ ਸੀ। ਇਸ ਕਰ ਕੇ ਜਦੋਂ ਜੋੜੀ ਦੇ ਰੂਪ ਵਿੱਚ ਦੋਵੇਂ ਗਾਉਂਦੇ ਤਾਂ ਲੋਕ ਕਹਿੰਦੇ ਸਨ ਦਾਦੇ-ਪੋਤੀ ਵਾਲੀ ਜੋੜੀ ਆ ਗਈ ਹੈ। ਪੰਜਾਬੀ ਬੋਲੀ ਵਿੱਚ ਲੈਅ ਦਾ ਜਨੂੰਨ ਹੈ ਜਿਸ ਕਰ ਕੇ ਪੰਜਾਬੀਆਂ ਨੂੰ ਗੀਤ ਬੜੇ ਚੰਗੇ ਲੱਗਦੇ ਹਨ। ਕਰਨੈਲ ਗਿੱਲ ਨੇ ਧਾਰਮਿਕ ਗੀਤ ਵੀ ਗਾਏ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਕਿਹੋ ਜਿਹਾ ਬਚਪਨ
27 ਨਵੰਬਰ ਨੂੰ ਛਪੀ ਖ਼ਬਰ ‘ਅੱਠ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ’ ਪੜ੍ਹਦੇ ਹੀ ਹਿਰਦਾ ਵਲੂੰਧਰਿਆ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਨਾਬਾਲਗ 13 ਅਤੇ 14 ਸਾਲ ਦੀ ਉਮਰ ਦੇ ਸਨ। ਸੋਚਣ ਵਾਲੀ ਗੱਲ ਹੈ ਕਿ ਅਸੀਂ ਕਿਹੋ ਜਿਹਾ ਬਚਪਨ ਪਾਲ ਰਹੇ ਹਾਂ, ਕਿਤੇ ਮੋਬਾਈਲਾਂ ਰਾਹੀਂ ਦਿੱਤੇ ਡਾਟਾ ਐਕਸੈਸ ਨਾਲ ਕੰਮ ਦੀ ਥਾਂ ਅਸੀ ਇਨ੍ਹਾਂ ਨੂੰ ਕਾਮੁਕ ਭਾਵਨਾਵਾਂ ਦਾ ਵਿਸਫੋਟ ਤਾਂ ਨਹੀਂ ਪਰੋਸ ਰਹੇ। ਬਚਪਨ ਵਿੱਚ ਅਜਿਹੀਆਂ ਕੁਰੀਤੀਆਂ ਆਮ ਹੋ ਗਈਆਂ ਹਨ। 30 ਨਵੰਬਰ ਨੂੰ ਖ਼ਬਰ ਆਈ ‘ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ’ ਜਿਸ ਵਿੱਚ ਇੱਕ 13 ਸਾਲਾਂ ਬੱਚੀ ਨਾਲ ਜਬਰ-ਜਨਾਹ ਦੇ ਦੋਸ਼ ਵਿੱਚ ਗ੍ਰਿਫਤਾਰ 63 ਸਾਲਾਂ ਵਿਅਕਤੀ, ਜੋ ਪੇਸ਼ੇ ਵਜੋਂ ਗ੍ਰੰਥੀ ਸਿੰਘ ਹੈ, ਵਲੋਂ ਪਵਿੱਤਰ ਰਿਸ਼ਤੇ ਨੂੰ ਲੀਰੋ ਲੀਰ ਕਰ ਦਿੱਤਾ ਗਿਆ। ਇਸ ਦਾ ਜ਼ਿੰਮੇਵਾਰ ਕੌਣ ਹੈ? ਇਨ੍ਹਾਂ ਘਟਨਾਵਾ ਸਬੰਧੀ ਸਾਡੇ ਸਮਾਜ ਵਿੱਚ ਗੰਭੀਰ ਚਿੰਤਨ ਹੋਣਾ ਚਾਹੀਦਾ ਹੈ।
ਯਾਦਵਿੰਦਰ ਸਿੰਘ ਛਿੱਬਰ, ਲੁਧਿਆਣਾ।
65 ਤੋਂ 70 ਸਾਲ ਦੀ ਪੀੜ੍ਹੀ ਦੇ ਲੋਕ
28 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਧਰਮਪਾਲ ਸਾਹਿਲ ਦੀ ਰਚਨਾ ‘ਅਸਾਂ ਹਾਂ ਆਖ਼ਰੀ ਪੀੜ੍ਹੀ ਦੇ ਲੋਕ’ ਕਾਬਲੇ ਗ਼ੌਰ ਸੀ। ਆਉਣ ਵਾਲੇ 10-15 ਸਾਲਾਂ ’ਚ ਇੱਕ ਪੀੜ੍ਹੀ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਵੇਗੀ। 65 ਤੋਂ ਲੈ ਕੇ 70 ਸਾਲ ਦੇ ਗੇੜ ਦੇ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ ਹਨ। ਰਾਤ ਨੂੰ ਜਲਦੀ ਸੌਣਾ ਤੇ ਸਵੇਰੇ ਜਲਦੀ ਉੱਠਣ ਵਾਲੇ। ਘਰ ਵਿੱਚ ਪੌਦਿਆਂ ਨੂੰ ਪਾਣੀ ਦੇਣ ਵਾਲੇ, ਗੁਰਦੁਆਰੇ ਜਾਣਾ, ਇੱਕ ਦੂਜੇ ਦਾ ਹਾਲ ਚਾਲ ਪੁੱਛਣਾ, ਦਿਨ ਤਿਉਹਾਰ ਮਨਾਉਣੇ, ਰੀਤੀ ਰਿਵਾਜ ਨਿਭਾਉਣੇ, ਵਿਆਹ ਸ਼ਾਦੀਆਂ ’ਚ ਸ਼ਰੀਕ ਹੋਣਾ, ਖੇਤਾਂ ਵਿੱਚ ਹਲ ਚਲਾਉਣੇ, ਹਾੜੀ ਸਾਉਣੀ ਦੀਆਂ ਫ਼ਸਲਾਂ ਬੀਜਣੀਆਂ। ਖੂਹ ਗੇੜਨੇ, ਕੱਦੂ ਕਰਨੇ, ਲਾਲਟੈਨ ਨਾਲ ਪੜ੍ਹਨਾ, ਰੇਡੀਓ ਤੋਂ ਦਿਹਾਤੀ ਪ੍ਰੋਗਰਾਮ ਸੁਣਨਾ। ਸੱਥਾਂ ਵਿੱਚ ਬੈਠ ਅਖਬਾਰਾਂ ਪੜ੍ਹਨਾ, ਭੱਠੀ ਤੋਂ ਦਾਣੇ ਭੁੰਨਾ ਕੇ ਖਾਣਾ, ਸੁਆਣੀਆਂ ਨੇ ਕਾੜ੍ਹਨੇ ਵਿੱਚ ਦੁੱਧ ਜਮਾਉਣਾ, ਰਿੜਕਣਾ, ਚਰਖੇ ਕੱਤਣੇ, ਦੁੱਧ, ਘਿਉ, ਮੱਖਣ, ਦਹੀਂ ਜਿਹੀ ਨਰੋਈ ਖ਼ੁਰਾਕ ਖਾਣੀ, ਲੁਕਣ ਮੀਚੀ, ਖਿੱਦੋ ਖੂੰਡੀ, ਆਦਿ ਦੇਸੀ ਖੇਡਾਂ ਖੇਡਣੀਆਂ, ਪਿੰਡਾਂ ਵਿੱਚ ਬਾਜ਼ੀ, ਛਿੰਝਾਂ ਤੇ ਰਾਸਾਂ ਪੈਣੀਆਂ। ਕਿੰਨੇ ਕਿੰਨੇ ਦਿਨ ਬਰਾਤਾਂ ਠਹਿਰਨੀਆਂ, ਸਾਰਾ ਪਿੰਡ ਉਸ ਵਿੱਚ ਸ਼ਰੀਕ ਹੋਣਾ। ਦੇਖਦੇ ਦੇਖਦੇ ਨਵੀਂ ਕ੍ਰਾਂਤੀ ਆਈ ਸਭ ਕੁਝ ਬਦਲ ਗਿਆ ਪਰ ਇਸ ਤਰੱਕੀ ਤੇ ਨਾਲ ਨਾਲ ਸਾਡੀ ਨਵੀਂ ਪੀੜ੍ਹੀ ਸਾਡੇ ਪੁਰਖਿਆਂ ਦੀ ਮਿਹਨਤ ਤੇ ਪੰਜਾਬ ਦੇ ਸਭਿਆਚਾਰ ਤੋਂ ਅਣਜਾਣ ਪੱਛਮੀ ਰੰਗ ’ਚ ਰੰਗੀ ਗਈ। ਉਸ ਨੂੰ ਨਾ ਹੀ ਆਪਣੇ ਬਜ਼ੁਰਗਾਂ ਦੇ ਵਾਹੇ ਹਲ ਤੇ ਖੇਤੀ ਸੰਦਾਂ ਦੇ ਨਾਂ ਦਾ ਪਤਾ ਹਨ ਤੇ ਨਾ ਹੀ ਠੇਠ ਪੰਜਾਬੀ ਦੇ ਲਫ਼ਜ਼ਾਂ ਦੀ ਜਾਣਕਾਰੀ ਹੈ। ਲੋੜ ਹੈ ਪੁਰਾਣੇ ਸਭਿਆਚਾਰ ਨੂੰ ਪ੍ਰਫੁੱਲਤ ਕਰਕੇ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਈਏ।
ਗੁਰਮੀਤ ਸਿੰਘ, ਵੇਰਕਾ
ਲੋਕ ਮਾਰੂ ਕਿਰਤ ਕਾਨੂੰਨ
ਡਾਕਟਰ ਕੇਸਰ ਸਿੰਘ ਭੰਗੂ ਦਾ ਨਜ਼ਰੀਆ ‘ਲੇਬਰ ਕੋਡਜ਼ ਲਾਗੂ ਕਰਨ ਦੇ ਮਾਅਨੇ’ ਵਿੱਚ ਲੇਖਕ ਬੇਹੱਦ ਚਿੰਤਾ ਕਰਦਾ ਨਜ਼ਰ ਆਉਂਦਾ ਹੈ। ਕੇਂਦਰ ਸਰਕਾਰ ਪੁਰਾਣੇ ਕਿਰਤ ਕਾਨੂੰਨਾਂ ਦੀ ਸਮੀਖਿਆ ਕਰਕੇ ਤੋੜ-ਮਰੋੜ ਕੇ ਚਾਰ ਕਿਰਤ ਕਾਨੂੰਨ ਬਣਾ ਕੇ ਕਿਰਤੀਆਂ ਦਾ ਘਾਣ ਕਰਦੀ ਜਾਪਦੀ ਹੈ। ਲੇਖਕ ਨੇ ਸੰਵਿਧਾਨ 1950 ਦੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਕਿਰਤ ਕਾਨੂੰਨਾਂ ਦੀ ਪੜਚੋਲ ਕੀਤੀ ਹੈ ਜੋ ਵਧੀਆ ਉਪਰਾਲਾ ਹੈ। ਹੁਣ ਤੋਂ ਪਹਿਲਾਂ ਕਿਰਤ ਕਾਨੂੰਨ ਕਿਰਤੀਆਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਸਨ ਪ੍ਰੰਤੂ ਨਵੇਂ ਕਿਰਤ ਕਾਨੂੰਨ ਕਿਰਤੀਆਂ ਦੀਆਂ ਜੜ੍ਹਾਂ ਖੋਖਲੀਆਂ ਕਰਦੇ ਨਜ਼ਰ ਆਉਂਦੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਆਉਂਦੇ ਸਾਲਾਂ ਵਿੱਚ ਮਹਿੰਗਾਈ, ਮਹਿੰਗੀ ਸਿੱਖਿਆ, ਬਿਜਲੀ ਦੀ ਮਾਰ ਨਾਲ ਕਿਰਤੀਆਂ ਦੇ ਵਿਹੜਿਆਂ ਵਿੱਚ ਸੁਧਾਰ ਦੀ ਬਜਾਏ ਨਿਘਾਰ ਪੈਦਾ ਹੋ ਜਾਵੇਗਾ। ਅਜਿਹੇ ਵਿੱਚ ਤਾਂ ਕਿਹਾ ਜਾ ਸਕਦਾ ਹੈ ਕਿ ਜੋ ਲੋਕ ਪਾਣੀ ਵੀ ਪੁਣ ਕੇ ਪੀਂਦੇ ਹਨ ਉਹ ਕਿਰਤੀ ਦਾ ਖੂਨ ਬਿਨਾਂ ਪੁਣੇ ਪੀ ਜਾਂਦੇ ਹਨ। ਅਜਿਹੇ ਵਿੱਚ ਪੂਰੀ ਮਜ਼ਦੂਰ ਜਮਾਤ ਨੂੰ ਇੱਕ ਮੰਚ ’ਤੇ ਇਕਜੁੱਟ ਹੋਣ ਦੀ ਜ਼ਰੂਰਤ ਹੈ। ਇਸੇ ਲੜੀ ਵਿੱਚ ਰਣਜੀਤ ਲਹਿਰਾ ਦਾ ਮਿਡਲ ‘ਪਹਿਲੀ ਵਾਰ ਦਿਲ ਟੁਟਿਆ’ ਪੜ੍ਹ ਕੇ ਵਧੀਆ ਲੱਗਿਆ। ਲੇਖਕ ਨੇ ਦੱਸਣ ਦਾ ਯਤਨ ਕੀਤਾ ਹੈ ਕਿ ਕਿਸੇ ਵੀ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਲੋੜੋਂ ਵੱਧ ਸਵੈ-ਭਰੋਸਾ ਨਹੀਂ ਕਰਨਾ ਚਾਹੀਦਾ ਭਾਵ ਆਪਣੇ ਤੋਂ ਮਾੜੇ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ।
ਮਨਮੋਹਨ ਸਿੰਘ, ਨਾਭਾ (ਪਟਿਆਲਾ)
ਸਭਿਅਕ ਸਮਾਜ ’ਤੇ ਕਲੰਕ
27 ਨਵੰਬਰ ਨੂੰ ਪੰਨਾ 3 ’ਤੇ ਛਪੀ ਖ਼ਬਰ ‘ਅੱਠ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ’ ਦੀ ਖ਼ਬਰ ਪੜ੍ਹ ਕੇ ਹਰ ਵਿਅਕਤੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਨਿੱਤ ਅਜਿਹੇ ਅਪਰਾਧਾਂ ਦਾ ਹੋਣਾ ਇਸ ਸਭਿਅਕ ਸਮਾਜ ਲਈ ਕਿਸੇ ਕਲੰਕ ਤੋਂ ਘੱਟ ਨਹੀਂ। ਕਦੇ ਕਿਸੇ ਵਿਅਕਤੀ ਵੱਲੋਂ ਕਿਸੇ ਨਾਬਾਲਗ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਦੀ ਖ਼ਬਰ, ਕਦੇ ਅੱਠ ਸਾਲਾ ਲੜਕੀ ਨਾਲ ਨਾਬਾਲਗ ਮੁੰਡਿਆਂ ਵੱਲੋਂ ਜਬਰ-ਜਨਾਹ ਦੀ ਖ਼ਬਰ ਤੇ ਕਦੇ ਕਿਸੇ ਪੋਤਰਿਆਂ ਦੋਹਤਰਿਆਂ ਵਾਲੀ ਔਰਤ ਦਾ ਆਪਣੇ ਇਸ਼ਕ ਦੀ ਖਾਤਰ ਦੇਸ਼ ਤੇ ਕੌਮ ਨੂੰ ਧੋਖਾ ਦੇ ਕੇ ਦੇਸ਼ ਛੱਡ ਕੇ ਆਪਣਾ ਧਰਮ ਬਦਲ ਕੇ ਦੂਜੇ ਧਰਮ ਦੇ ਬੰਦੇ ਨਾਲ ਨਿਕਾਹ ਕਰਵਾ ਲੈਣ ਵਾਲੀ ਖ਼ਬਰ ਪੜ੍ਹਕੇ ਸਾਨੂੰ ਆਪਣੇ-ਆਪ ’ਤੇ ਸ਼ੱਕ ਹੋਣ ਲਗਦਾ ਹੈ ਕਿ ਕੀ ਅਸੀਂ ਉਨ੍ਹਾਂ ਗੁਰੂਆਂ ਪੀਰਾਂ ਦੀ ਧਰਤੀ ਦੇ ਵਾਸੀ ਹਾਂ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਸਭਿਅਤਾ ਦਾ ਪਾਠ ਪੜ੍ਹਾਇਆ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਡਾ ਪ੍ਰਸ਼ਾਸਨਿਕ ਸਿਸਟਮ ਸਖ਼ਤ ਹੋ ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਏ ਤਾਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਲੋਕ ਮਾਰੂ ਕਿਰਤ ਕਾਨੂੰਨ
27 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਲੇਬਰ ਕੋਡਜ਼ ਲਾਗੂ ਕਰਨ ਦੇ ਮਾਅਨੇ’ ਪੜ੍ਹਿਆ। ਲੇਬਰ ਕੋਡਜ਼ ਲਈ ਭਾਜਪਾ ਦੀ ਪਹਿਲੀ ਸਰਕਾਰ (1999-2004) ਦੇ ਸਮੇਂ ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਦਬਾਅ ਕਾਰਨ ਜ਼ਮੀਨ ਤਿਆਰ ਕਰ ਲਈ ਗਈ ਸੀ। ਅੰਤਰਰਾਸ਼ਟਰੀ ਸੰਸਥਾਵਾਂ ਦੇ ਦਬਾਅ ਹੇਠ ਭਾਰਤ ਸਰਕਾਰ ਦਾ ਕੰਮ ਕਰਨਾ ਵੱਡਾ ਸਵਾਲ ਖੜ੍ਹਾ ਕਰਦਾ ਹੈ। ਕੀ ਅਸੀਂ ਇੱਕ ਖੁਦਮੁਖ਼ਤਾਰ ਲੋਕਤੰਤਰ ਹਾਂ ਕਿ ਨਹੀਂ? ਵੀਹ ਸਾਲ ਬੀਤਣ ’ਤੇ ਵੀ ਅਸੀਂ ਇਨ੍ਹਾਂ ਸੰਸਥਾਵਾਂ ਦੇ ਦਬਾਅ ਨੂੰ ਘਟਾ ਨਹੀਂ ਸਕੇ। ਕੀ ਅਸੀਂ ਕਮਜ਼ੋਰ ਮਜ਼ਦੂਰ ਵਰਗ ਦੇ ਹੱਕਾਂ ਨੂੰ ਸੀਮਤ ਕਰਕੇ ਹੀ ਆਪਣਾ ਕੌਮਾਂਤਰੀ ਵੱਕਾਰ ਕਾਇਮ ਰੱਖ ਸਕਦੇ ਹਾਂ? ਲੇਬਰ ਕੋਡਜ਼, ਜਿਨ੍ਹਾਂ ਦਾ ਮਜ਼ਦੂਰ ਸੰਘ ਵਿਰੋਧ ਵੀ ਕਰ ਰਹੇ ਹਨ, ਲਾਗੂ ਕਰਨ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਭਾਜਪਾ ਸਰਮਾਏਦਾਰੀ ਪੱਖੀ ਨੀਤੀਆਂ ਅਪਣਾਉਂਦੀ ਹੈ। ਅਜਿਹੇ ਕਾਨੂੰਨਾਂ ਦੀਆਂ ਮੱਦਾਂ ਇਸ ਤਰ੍ਹਾਂ ਲਿਖੀਆਂ ਜਾਂਦੀਆਂ ਹਨ ਕਿ ਉਹ ਮਜ਼ਦੂਰਾਂ ਤੇ ਆਮ ਲੋਕਾਂ ਦੇ ਪੱਖ ’ਚ ਹੋਣ ਦਾ ਭਰਮ ਪਾਉਂਦੇ ਹਨ।
ਜਗਰੂਪ ਸਿੰਘ, ਉਭਾਵਾਲ
ਕੀ ਇਹ ਗੁਲਾਮੀ ਤਾਂ ਨਹੀਂ?
26 ਨਵੰਬਰ ਨੂੰ ਛਪੀ ਇੱਕ ਖ਼ਬਰ ਅਨੁਸਾਰ ਸੁਪਰੀਮ ਕੋਰਟ ਨੇ ਇੱਕ ਇਸਾਈ ਅਫਸਰ ਦੀ ਅਪੀਲ ਇਸ ਲਈ ਖਾਰਜ ਕਰ ਦਿੱਤੀ ਕਿਉਂਕਿ ਉਸਨੇ ਗਰਭ ਗ੍ਰਹਿ ਵਿੱਚ ਪੂਜਾ ਦੀਆਂ ਰਸਮਾਂ ਵਿੱਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਅਦਾਲਤ ਨੇ ਨਾਲ ਹੀ ਕਿਹਾ ਕਿ ਉਸਨੇ ਅਜਿਹਾ ਕਰ ਕੇ ਅਨੁਸ਼ਾਸਨ ਭੰਗ ਕੀਤਾ ਹੈ। ਕੀ ਇਹ ਫ਼ੈਸਲਾ ਉਸੇ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ 1857 ਵਿੱਚ ਮੰਗਲ ਪਾਂਡੇ ਨੂੰ ਅੰਗਰੇਜ਼ ਰਾਜ ਵਿੱਚ ਹੁਕਮ ਨਾ ਮੰਨਣ ਕਾਰਨ ਫ਼ੌਜ ਵਿੱਚੋਂ ਕੱਢਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਹਿੰਦੁਸਤਾਨ ਦਾ ਇਤਿਹਾਸ ਉਸ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਜਾਂ ਗਦਰ ਕਰਕੇ ਯਾਦ ਕਰਦਾ ਹੈ। ਕੀ ਇਸ ਤਰ੍ਹਾਂ ਦੇ ਫ਼ੈਸਲੇ ਕਿਸੇ ਵੀ ਸੱਭਿਅਕ ਮੁਲਕ ’ਚ ਜਾਇਜ਼ ਹਨ ?
ਵਿਕਰਮ ਸਿੰਘ, ਈਮੇਲ

