ਪਾਠਕਾਂ ਦੇ ਖ਼ਤ
ਪ੍ਰੋਫੈਸਰਾਂ ਦੀ ਭਰਤੀ ਦਾ ਸੰਕਟ
23 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਖੱਟੜਾ ਨੇ ਆਪਣੇ ਲੇਖ ‘1158 ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਸੰਕਟ’ ਵਿੱਚ ਸੁਪਰੀਮ ਕੋਰਟ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਰੱਦ ਕਰਨ ਕਾਰਨ ਉਪਜੇ ਸੰਕਟ ਦਾ ਇੱਕ ਕਾਰਨ ਸਰਕਾਰਾਂ ਦੀ ਨਾ-ਅਹਿਲੀਅਤ ਦੱਸਿਆ ਹੈ; ਨਾਲ ਹੀ ਇਸ ਮਸਲੇ ਦੇ ਹੱਲ ਲਈ ਕਈ ਨੁਕਤੇ ਸਾਂਝੇ ਕੀਤੇ ਹਨ। ਲੇਖਕ ਨੇ ਦੱਸਿਆ ਹੈ ਕਿ ਕਿਸੇ ਮੁੱਦੇ ਉੱਪਰ ਸਰਕਾਰ ਅਤੇ ਨਿਆਂ ਪਾਲਿਕਾ ਵਿੱਚ ਟਕਰਾਅ ਦੀ ਸੂਰਤ ਦੌਰਾਨ ਸਰਕਾਰ ਵਿਸ਼ੇਸ਼ ਐਕਟ ਰਾਹੀਂ ਆਪਣਾ ਫ਼ੈਸਲਾ ਕਾਇਮ ਰੱਖ ਸਕਦੀ ਹੈ। ਸੋ, ਹੁਣ ਇਨ੍ਹਾਂ 1158 ਪੀੜਤਾਂ ਨੂੰ ਰਾਹਤ ਦੇਣ ਲਈ ਸਰਕਾਰ ਨੂੰ ਅਜਿਹਾ ਕੋਈ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਵੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣਾਇਆ ਜਾ ਸਕੇ। ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਮੇਜਰ ਸਿੰਘ, ਨਾਭਾ (ਪਟਿਆਲਾ)
ਠਹਿਰਾਓ ਵਾਲਾ ਜੀਵਨ
23 ਜੁਲਾਈ ਨੂੰ ਅਵਨੀਤ ਕੌਰ ਦਾ ਲੇਖ ‘ਗੁੜ੍ਹਤੀ’ ਪੜ੍ਹ ਕੇ ਚਾਰ-ਪੰਜ ਦਹਾਕੇ ਦਾ ਪੰਜਾਬ ਚੇਤੇ ਆ ਗਿਆ। ਉਸ ਸਮੇਂ ਨਾ ਟੈਲੀਫੋਨਾਂ ਦੀਆਂ ਘੰਟੀਆਂ ਸ਼ਾਂਤ ਵਾਤਾਵਰਨ ਅੰਦਰ ਕਾਹਲ ਪਾਉਂਦੀਆਂ ਸਨ ਅਤੇ ਨਾ ਹੀ ਮੋਬਾਈਲ ਫੋਨਾਂ ’ਤੇ ਚੱਲ ਰਹੇ ਸੋਸ਼ਲ ਮੀਡੀਆ ਨੇ ਲੋਕਾਂ ਦੀ ਸਾਵੀਂ ਤੇ ਪੱਧਰੀ ਚਾਲ ਨੂੰ ਵਖ਼ਤ ਪਾਇਆ ਸੀ। ਲੇਖ ਵਿਚਲੀ ਆਪਣੀ ਸਹੇਲੀ ਨਾਲ ਪਹਾੜਾਂ ਵਿੱਚ ਰਹਿੰਦੇ ਉਨ੍ਹਾਂ ਦੇ ਮਾਪਿਆਂ ਨਾਲ ਬਿਤਾਏ ਤਿੰਨ ਦਿਨਾਂ ਦਾ ਜ਼ਿਕਰ ਜਿਸ ਤਰ੍ਹਾਂ ਉੱਥੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਬਾਰੇ ਪੜ੍ਹ ਕੇ ਹੈਰਾਨ ਕਰਦਾ ਹੈ, ਕੁਝ ਇਸੇ ਤਰ੍ਹਾਂ ਦਾ ਠਹਿਰਾਓ ਵਾਲਾ ਜੀਵਨ ਅਸੀਂ ਆਪਣੇ ਬਚਪਨ ਦੇ ਵਰ੍ਹਿਆਂ ਵਿੱਚ ਦੇਖਿਆ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਨੇ ਸਾਡੇ ਜੀਵਨ ਵਿੱਚੋਂ ਸੁਹਜ, ਸਨੇਹ ਅਤੇ ਸਬਰ-ਸੰਤੋਖ ਖੋਹ ਲਿਆ ਹੈ। ਪੈਸੇ ਦੀ ਦੌੜ ਨੇ ਰਿਸ਼ਤਿਆਂ ਦਾ ਮੋਹ ਮਨਫ਼ੀ ਕਰ ਦਿੱਤਾ ਹੈ।
ਅਵਤਾਰ ਸਿੰਘ ਭੁੱਲਰ, ਕਪੂਰਥਲਾ
(2)
23 ਜੁਲਾਈ ਨੂੰ ਅਵਨੀਤ ਕੌਰ ਦਾ ਮਿਡਲ ‘ਗੁੜ੍ਹਤੀ’ ਸ਼ਲਾਘਾਯੋਗ ਹੈ। ਅੱਜ ਕੱਲ੍ਹ ਲੋਕਾਂ ਵਿੱਚ ਦੌੜ ਬਹੁਤ ਲੱਗੀ ਹੋਈ ਹੈ। ਸਬਰ-ਸੰਤੋਖ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਲੇਖ ਵਿੱਚ ਇੱਕ ਗੱਲ ਵਧੀਆ ਲੱਗੀ ਕਿ ‘ਪਹਾੜਾਂ ਦਾ ਜੀਵਨ ਔਖਾ ਜ਼ਰੂਰ ਹੈ ਪਰ ਸਿਦਕ ਸਬਰ ਵਾਲਾ’। ਉਚੇਰੀ ਮੰਜ਼ਿਲ ਵੱਲ ਜਾਣ ਲਈ ਛੋਟੀਆਂ ਪੌੜੀਆਂ ਬਹੁਤ ਕੰਮ ਆਉਂਦੀਆਂ ਹਨ। ਸਾਨੂੰ ਸਾਰਿਆਂ ਨੂੰ ਜ਼ਿੰਦਗੀ ਜਿਊਣ ਦਾ ਢੰਗ ਸਿੱਖਣਾ ਚਾਹੀਦਾ ਹੈ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)
(3)
ਅਵਨੀਤ ਕੌਰ ਦਾ ਮਿਡਲ ‘ਗੁੜ੍ਹਤੀ’ (23 ਜੁਲਾਈ) ਪਹਾੜੀ ਲੋਕਾਂ ਦੀ ਜੀਵਨ ਜਾਚ ਬਾਰੇ ਚਰਚਾ ਕਰਦਾ ਹੈ। ਅੰਕਿਤਾ ਦਾ ਸਬਰ-ਸੰਤੋਖ ਵਾਲਾ ਜੀਵਨ ਅਤੇ ਆਪਣੇ ਜੀਵਨ ਵਿੱਚ ਮਿਹਨਤ ਕਰ ਕੇ ਕੁਝ ਬਣਨ ਦਾ ਸੁਫਨਾ ਪ੍ਰੇਰਨਾ ਦਿੰਦਾ ਹੈ। ਸਾਡੇ ਨਾਲ ਵੀ ਹਿਮਾਚਲ ਪ੍ਰਦੇਸ਼ ਦੇ ਅਭਿਨਵ ਕੁਮਾਰ ਦੀ ਨੌਕਰੀ ਖੇਤੀਬਾੜੀ ਮਾਸਟਰ ਵਜੋਂ ਸਾਡੇ ਸਕੂਲ ਵਿੱਚ ਲੱਗ ਗਈ। ਉਮਰ ਵਿੱਚ ਛੋਟਾ ਹੋਣ ਦੇ ਬਾਵਜੂਦ ਅਭਿਨਵ ਸਿਆਣੀਆਂ ਅਤੇ ਹਕੀਕੀ ਗੱਲਾਂ ਕਰਦਾ। ਅਕਸਰ ਅਸੀਂ ਕਹਿ ਦਿੰਦੇ ਕਿ ਪਹਾੜਾਂ ਵਿੱਚ ਤਾਂ ਬਹੁਤ ਮੌਜ ਹੈ; ਉਹ ਕਹਿੰਦਾ ਕਿ ਇਹ ਮੌਜ ਦੂਰੋਂ ਦਿਸਦੀ ਹੈ, ਪਹਾੜੀ ਜੀਵਨ ਬਹੁਤ ਸਖ਼ਤ ਅਤੇ ਸਬਰ-ਸੰਤੋਖ ਨਾਲ ਜਿਊਣਾ ਪੈਂਦਾ ਹੈ।
ਚਮਕੌਰ ਸਿੰਘ, ਈਮੇਲ
ਮਨੁੱਖ ਦੀ ਲਾਲਸਾ ’ਤੇ ਸਵਾਲ
19 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜੀ ਕੇ ਸਿੰਘ ਦਾ ਮਜ਼ਮੂਨ ‘ਵਾਤਾਵਰਨ, ਮਨੁੱਖ ਅਤੇ ਰੁੱਖ’ ਅਜੋਕੇ ਮਨੁੱਖ ਦੀ ਪ੍ਰਕਿਰਤੀ ਪ੍ਰਤੀ ਸੁਆਰਥੀ, ਬੇਕਿਰਕ ਅਤੇ ਜ਼ਾਲਮਾਨਾ ਬਿਰਤੀ ਦਾ ਜ਼ਿਕਰ ਛੇੜਦਾ ਹੈ। ਪੰਜਾਬ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਦਰੱਖ਼ਤਾਂ ਹੇਠ ਰਕਬੇ ਵਿੱਚ 19 ਫ਼ੀਸਦੀ ਗਿਰਾਵਟ ਆਉਣ, ਸ਼ਹਿਰੀਕਰਨ ਅਤੇ ‘ਵਿਕਾਸ’ ਦੇ ਨਾਂ ’ਤੇ ਅਣਗਿਣਤੀ ਰਵਾਇਤੀ ਦਰੱਖ਼ਤਾਂ ਦਾ ਮਲੀਆਮੇਟ ਕਰਨ, ਵੰਨ-ਸਵੰਨੇ ਨਿੱਕੇ-ਵੱਡੇ ਸੁੰਦਰ ਤੇ ਪਿਆਰੇ ਜੀਵ-ਜੰਤੂਆਂ ਦੇ ਖ਼ਾਤਮੇ, ਪਾਣੀ ਦੇ ਬੇਹਿਸਾਬ ਬਰਬਾਦੀ ਕਰਨ ਅਤੇ ਸ਼ੁੱਧ ਹਵਾ ਨੂੰ ਮਲੀਨ ਕਰਨ ਪਿੱਛੇ ਮਨੁੱਖ ਦੀ ਲਾਲਚੀ ਤੇ ਲਾਲਸੀ ਮਾਨਸਿਕਤਾ ਹੀ ਕੰਮ ਕਰ ਰਹੀ ਹੈ। ਧਾਰਮਿਕ ਗ੍ਰੰਥਾਂ ਵਿੱਚ ਪ੍ਰਕਿਰਤਕ-ਪੂੰਜੀ ਦੀ ਸਾਂਭ-ਸੰਭਾਲ ਲਈ ਦਿੱਤੇ ਉਸਾਰੂ ਸੁਨੇਹਿਆਂ ਵੱਲੋਂ ਜਾਣ-ਬੁੱਝ ਕੇ ਮੁਖ ਮੁੜਨ ਦਾ ਖ਼ਮਿਆਜ਼ਾ ਮਨੁੱਖ ਨੂੰ ਭੁਗਤਣਾ ਪੈਣਾ ਹੈ। ਆਉਣ ਵਾਲੀ ਪੀੜ੍ਹੀ ਸਾਨੂੰ ਸਵਾਲ ਕਰੇਗੀ ਕਿ ਅਸੀਂ ਉਨ੍ਹਾਂ ਲਈ ਕਿਹੋ ਜਿਹਾ ਵਾਤਾਵਰਨ ਪੈਦਾ ਕੀਤਾ ਹੈ?
ਦਰਸ਼ਨ ਸਿੰਘ ਆਸ਼ਟ, ਪਟਿਆਲਾ
ਸਹਿਕਾਰੀ ਯੂਨੀਵਰਸਿਟੀ
17 ਜੁਲਾਈ ਨੂੰ ਡਾ. ਨਿਰਮਲ ਸਿੰਘ ਬਰਾੜ ਦਾ ਲੇਖ ‘ਪੰਜਾਬ ਵਿੱਚ ਸਹਿਕਾਰੀ ਖੇਤੀਬਾੜੀ ਯੂਨੀਵਰਸਿਟੀ ਬਣਾਉਣ ਦੀ ਜ਼ਰੂਰਤ’ ਪੜ੍ਹਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਦੀ ਕਿਸੇ ਵੀ ਹੋਰ ਯੂਨੀਵਰਸਿਟੀ ’ਚ ਸਹਿਕਾਰੀ ਸਿੱਖਿਆ ਨਹੀਂ ਦਿੱਤੀ ਜਾਂਦੀ। ਲੇਖਕ ਨੇ ਪਾਣੀ ਦੇ ਹੇਠਾਂ ਜਾ ਰਹੇ ਪੱਧਰ, ਖੇਤੀ ਵੰਨ-ਸਵੰਨਤਾ, ਖੇਤੀ ਰਹਿੰਦ-ਖੂੰਹਦ ਪ੍ਰਬੰਧਨ ਤੇ ਕਿਸਾਨਾਂ ਨੂੰ ਮੰਡੀ ਪ੍ਰਬੰਧ ਨਾਲ ਜੋੜਨ ਲਈ ਵੱਡੇ ਉਪਰਾਲਿਆਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਸਹਿਕਾਰੀ ਯੂਨੀਵਰਸਿਟੀ ਦੀ ਲੋੜ ਬਾਰੇ ਠੀਕ ਨੁਕਤੇ ਉਭਾਰੇ ਹਨ।
ਹਰਿੰਦਰ ਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)
ਆਦਰ-ਮਾਣ
17 ਜੁਲਾਈ ਨੂੰ ਜਸਵਿੰਦਰ ਸੁਰਗੀਤ ਦੀ ਰਚਨਾ ‘ਜਿਊਂਦਿਆਂ ’ਚ’ ਵਧੀਆ ਸੀ। ਸਚਮੁੱਚ ਮਨੁੱਖ ਨੂੰ ਜੀਵਨ ਵਿੱਚ ਰੋਟੀ-ਪਾਣੀ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਆਦਰ-ਮਾਣ ਦੀ ਹੁੰਦੀ ਹੈ, ਖ਼ਾਸ ਕਰ ਕੇ ਬਜ਼ੁਰਗ ਅਵਸਥਾ ਸਮੇਂ। ਜਦੋਂ ਮਨੁੱਖ ਦੇ ਅਸਲ ਸ਼ੌਕ ਨਾਲ ਸਬੰਧਿਤ ਕੰਮ ਜਾਂ ਰੁਚੀ ਦਾ ਕੋਈ ਸ਼ਖ਼ਸ ਮਿਲ ਜਾਂਦਾ ਹੈ ਤਾਂ ਮਨੁੱਖ ਦੀਆਂ ਅੱਖਾਂ ਵਿੱਚ ਅਲੱਗ ਹੀ ਚਮਕ ਆ ਜਾਂਦੀ ਹੈ ਅਤੇ ਉਹ ਢਹਿੰਦੀ ਕਲਾ ਵਿੱਚੋਂ ਉੱਭਰ ਆਉਂਦਾ ਹੈ ਤੇ ਮੁੜ ਆਪਣੇ ਆਪ ਨੂੰ ਜਿਊਂਦਿਆਂ ਵਿੱਚ ਸਮਝਣ ਲਗਦਾ ਹੈ। 16 ਜੁਲਾਈ ਨੂੰ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਦੇਖੀ ਜਾਊ’ ਪ੍ਰੇਰਨਾ ਦੇਣ ਵਾਲਾ ਹੈ।
ਬਿਕਰਮਜੀਤ ਸਿੰਘ, ਪਟਿਆਲਾ
ਨਸ਼ਿਆਂ ਦੀ ਮਾਰ
15 ਜੁਲਾਈ ਨੂੰ ਮੋਹਨ ਸ਼ਰਮਾ ਦੀ ਰਚਨਾ ‘ਹੋਕਾ’ ਪੜ੍ਹੀ ਜਿਸ ਵਿੱਚ ਜ਼ਿਕਰ ਹੈ ਕਿ ਨਸ਼ੇ ਕਿਵੇਂ ਜਵਾਨੀ ਨੂੰ ਨਿਗਲ ਰਹੇ ਹਨ। ਇਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਪੈਣਾ ਹੈ, ਨਹੀਂ ਤਾਂ ਨੌਜਵਾਨ ਦਿਨੋ -ਦਿਨ ਨਸ਼ੇ ਦੇ ਦੈਂਤ ਨੇ ਖਾ ਲੈਣੇ ਹਨ।
ਰਾਜੀ ਥਿੰਦ, ਬਰਨਾਲਾ
ਕੋਈ ਟੀਚਾ ਪੂਰਾ ਨਹੀਂ ਹੋਇਆ
8 ਜੁਲਾਈ ਦੇ ਅੰਕ ਵਿੱਚ ਲੈਫ਼ਟੀਨੈਂਟ ਜਨਰਲ (ਰਿਟਾ.) ਹਰਵੰਤ ਸਿੰਘ ਦਾ ਲੇਖ ‘ਅਪਰੇਸ਼ਨ ਸਿੰਧੂਰ ਤੋਂ ਅਗਲੇ ਟੀਚੇ’ ਪੜ੍ਹਿਆ, ਲੇਕਿਨ ਅਗਲੇ ਟੀਚਿਆਂ ਦੀ ਕੀ ਗੱਲ ਕਰਨੀ, ਅਪਰੇਸ਼ਨ ਸਿੰਧੂਰ ਦੇਸ਼ ਹਿੱਤ ਦਾ ਕੋਈ ਵੀ ਟੀਚਾ ਪੂਰਾ ਨਹੀਂ ਕਰ ਸਕਿਆ। ਇਹ ਬੇਲੋੜਾ ਤੇ ਬੇਸਿੱਟਾ ਰਿਹਾ। ਲੇਖਕ ਨੇ ਭਾਰਤ ਦੀਆਂ ਫ਼ੌਜੀ ਕਮਜ਼ੋਰੀਆਂ ਦਾ ਸਹੀ ਵਰਨਣ ਕੀਤਾ ਹੈ ਪਰ ਇਸ ਵਿੱਚ ਸੁਧਾਰ ਦੇ ਜੋ ਸੁਝਾਅ ਦਿੱਤੇ ਹਨ, ਉਹ ਮਹਿਜ਼ ਹਥਿਆਰਾਂ ਦੀ ਦੌੜ ਹੋਵੇਗੀ ਅਤੇ ਇਸ ਵਿੱਚ ਉੱਪਰਲਾ ਹੱਥ ਹਾਸਿਲ ਕਰਨਾ ਹੁਣ ਸੰਭਵ ਨਹੀਂ ਹੋ ਸਕੇਗਾ। ਭਾਰਤ ਸਾਹਮਣੇ ਹੁਣ ਪਾਕਿਸਤਾਨ ਨਾਲ ਸੰਪਰਕ ਸਾਧਣ, ਸਬੰਧ ਸੁਧਾਰਨ, ਆਵਾਜਾਈ ਤੇ ਵਪਾਰ ਸ਼ੁਰੂ ਕਰਨ ਅਤੇ ਸਾਰਕ ਸੰਗਠਨ ਨੂੰ ਸੁਰਜੀਤ ਕਰਨਾ ਹੀ ਹੋਵੇਗਾ। ਦੇਸ਼ ਹਿੱਤ ਤਾਂ ਇਹੀ ਕਹਿੰਦਾ ਹੈ, ਬਾਕੀ ਹਾਕਮ ਪਾਰਟੀ ਦੇ ਚੁਣਾਵੀ ਮਨਸੂਬੇ ਕੁਝ ਹੋਰ ਹੋਣ ਤਾਂ ਕਹਿ ਨਹੀਂ ਸਕਦੇ।
ਅਭੈ ਸਿੰਘ, ਮਨੀਮਾਜਰਾ (ਚੰਡੀਗੜ੍ਹ)