ਕਲਾਲ ਮਾਜਰਾ ’ਚ ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਪੀਲਾ ਪੰਜਾ
ਬਾਬੈਨ ਬਲਾਕ ਦੇ ਪਿੰਡ ਕਲਾਲ ਮਾਜਰਾ ਵਿੱਚ ਛੱਪੜ ਦੀ ਜ਼ਮੀਨ ’ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਅੱਜ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ। ਬਾਬੈਨ ਦੇ ਬੀਡੀਪੀਓ ਰੂਬਲ ਦੀਨ ਦਿਆਲ ਦੀ ਨਿਗਰਾਨੀ ਹੇਠ ਚਲਾਈ ਗਈ ਇਸ ਮੁਹਿੰਮ ਵਿਚ ਬਾਬੈਨ ਥਾਣਾ ਇੰਚਾਰਜ ਜਸਬੀਰ ਸਿੰਘ ਆਪਣੀ ਪੂਰੀ ਟੀਮ ਨਾਲ ਮੌਕੇ ’ਤੇ ਮੌਜੂਦ ਸਨ। ਪਿੰਡ ਦੇ ਸੁਭਾਸ਼ ਚੰਦ ਦੀ ਸ਼ਿਕਾਇਤ ਦੇ ਆਧਾਰ ’ਤੇ ਪ੍ਰਸ਼ਾਸਨ ਨੇ ਪਿੰਡ ਦੀ ਛੱਪੜ ਦੀ ਜ਼ਮੀਨ ’ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ। ਜਿਵੇਂ ਹੀ ਜੇਸੀਬੀ ਮਸ਼ੀਨ ਨਾਜਾਇਜ਼ ਕਬਜ਼ੇ ਹਟਾਉਣ ਲਈ ਪਿੰਡ ਵਿਚ ਪੁੱਜੀ ਤਾਂ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਕੇ ’ਤੇ ਇੱਕਠੇ ਹੋ ਗਏ ਪਰ ਪੁਲੀਸ ਨੇ ਮੁਸ਼ਤੈਦੀ ਦਿਖਾਉਂਦਿਆਂ ਲੋਕਾਂ ਨੂੰ ਵਾਪਸ ਭੇਜ ਦਿੱਤਾ। ਇਸ ਮੌਕੇ ਪ੍ਰਸ਼ਾਸਨ ਨੇ ਪੀਲੇ ਪੰਜੇ ਦੀ ਮਦਦ ਨਾਲ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾ ਦਿੱਤੇ।
ਬੀਡੀਪੀਓ ਨੇ ਕਿਹਾ ਕਿ ਪਿੰਡ ਕਲਾਲ ਮਾਜਰਾ ਵਿਚ ਨਾਜਾਇਜ਼ ਕਬਜੇ ਹਟਾਉਣ ਦੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸੁਭਾਸ਼ ਚੰਦ ਨੇ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਹੀ ਕੁਝ ਲੋਕਾਂ ਨੇ ਛੱਪੜ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜ਼ਿਲਾ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ, ਜੋ ਅੱਜ ਹਟਾ ਦਿੱਤੇ ਗਏ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਨੇ ਪਿੰਡ ਦੇ ਐਨ ਵਿਚਕਾਰ ਸਥਿਤ ਇਸ ਜ਼ਮੀਨ ਤੋਂ ਕਈ ਵਾਰ ਪਹਿਲਾਂ ਵੀ ਕਬਜ਼ੇ ਹਟਾਏ ਹਨ ਪਰ ਨਾਜਾਇਜ਼ ਕਬਜ਼ੇ ਹਟਾਉਣ ਤੋਂ ਬਾਅਦ ਪੰਚਾਇਤ ਇਸ ਨੂੰ ਇਵੇਂ ਹੀ ਛੱਡ ਦਿੰਦੀ ਹੈ, ਜਿਸ ਕਰਕੇ ਲੋਕ ਦੁਬਾਰਾ ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ।
ਨਿਗਮ ਟੀਮ ਨੇ ਬਾਜ਼ਾਰ ’ਚੋਂ ਨਾਜਾਇਜ਼ ਕਬਜ਼ੇ ਹਟਵਾਏ
ਯਮੁਨਾਨਗਰ (ਪੱਤਰ ਪ੍ਰੇਰਕ): ਨਗਰ ਨਿਗਮ ਨੇ ਸੜਕਾਂ ’ਤੇ ਕਬਜ਼ਾ ਕਰਨ ਵਾਲਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਤਹਿਤ ਸੀਐੱਸਆਈ ਅਨਿਲ ਨੈਨ ਦੀ ਟੀਮ ਨੇ ਜਗਾਧਰੀ ਵਰਕਸ਼ਾਪ ਰੋਡ ’ਤੇ ਮਹਾਰਾਣਾ ਪ੍ਰਤਾਪ ਚੌਕ ਤੋਂ ਆਈਟੀਆਈ ਤੱਕ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ। ਇਸ ਦੌਰਾਨ ਸੜਕ ’ਤੇ ਸਾਮਾਨ ਰੱਖ ਕੇ ਕਬਜ਼ੇ ਕਰਨ ਵਾਲੇ ਇੱਕ ਦੁਕਾਨਦਾਰ ਦਾ ਵੀ ਚਲਾਨ ਕੀਤਾ ਗਿਆ। ਨਗਰ ਨਿਗਮ ਵੱਲੋਂ ਜ਼ੋਨ-1 ਵਿੱਚ ਸੀਐੱਸਆਈ ਹਰਜੀਤ ਸਿੰਘ, ਜ਼ੋਨ- 2 ਵਿੱਚ ਸੀਐੱਸਆਈ ਵਿਨੋਦ ਬੇਨੀਵਾਲ ਅਤੇ ਜ਼ੋਨ-3ਵਿੱਚ ਸੀਐੱਸਆਈ ਅਨਿਲ ਨੈਨ ਦੀ ਅਗਵਾਈ ਵਿੱਚ ਕਬਜ਼ੇ ਹਟਾਉਣ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਦੇਰ ਸ਼ਾਮ ਜਿਵੇਂ ਹੀ ਨਿਗਮ ਟੀਮਾਂ ਨੇ ਕਬਜ਼ੇ ਹਟਾਉਣੇ ਸ਼ੁਰੂ ਕੀਤੇ, ਦੁਕਾਨਦਾਰਾਂ ਵਿੱਚ ਹੜਕੰਪ ਮਚ ਗਿਆ।