ਨਵੀਂ ਦਿੱਲੀ, 28 ਜੂਨ
ਕੌਮੀ ਰਾਜਧਾਨੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 0.8 ਡਿਗਰੀ ਵੱਧ ਹੈ। ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਇਹ ਜਾਣਕਾਰੀ ਦਿੱਤੀ ਹੈ। ਆਈਐੱਮਡੀ ਨੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਗਰਜ ਚਮਕ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਰਾਜਧਾਨੀ ਵਿੱਚ ਸਵੇਰੇ ਸਾਢੇ ਅੱਠ ਵਜੇ ਹਵਾ ਵਿੱਚ ਨਮੀ 72 ਫ਼ੀਸਦ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਸ਼ਨਿੱਚਵਾਰ ਸਵੇਰੇ ਦਸ ਵਜੇ ਹਵਾ ਗੁਣਗਤਾ ਸੂਚਕ ਅੰਕ 86 ਦਰਜ ਕੀਤੀ ਗਈ ਜੋ ਸੰਤੋਸ਼ਜਨਕ ਸ਼੍ਰੇਣੀ ਵਿੱਚ ਆਉਂਦਾ ਹੈ। , ਉਧਰ ਵਿਭਾਗ ਨੇ ਦਿੱਲੀ ਵਿੱਚ ਮੌਨਸੂਨ ਦੀ ਸ਼ੁਰੂਆਤ ਵਿੱਚ ਦੇਰੀ ਦੀ ਵੀ ਸੰਭਾਵਨਾ ਪ੍ਰਗਟਾਈ ਹੈ। ਮੌਨਸੂਨ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਗਿਆ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਸ਼ਾਮਲ ਹਨ, ਪਰ ਇਹ ਦਿੱਲੀ ਤੋ ਪਰ੍ਹੇ ਹੈ ਅਤੇ ਇਸ ਦੀ ਸੀਮਾ ਸੋਨੀਪਤ ਵਿੱਚੋਂ ਲੰਘਦੀ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਪਣੀ ਤੇਜ਼ ਰਫ਼ਤਾਰ ਦੇ ਬਾਵਜੂਦ, ਦੱਖਣ-ਪੱਛਮੀ ਮੌਨਸੂਨ ਅਚਾਨਕ ਕੌਮੀ ਰਾਜਧਾਨੀ ਖੇਤਰ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਰੁਕ ਗਿਆ ਹੈ, ਜਿਸ ਨਾਲ ਦਿੱਲੀ ਵਿੱਚ ਇਸ ਦੀ ਆਮਦ ਵਿੱਚ ਦੇਰੀ ਹੋ ਗਈ ਹੈ। ਭਾਰਤ ਮੌਸਮ ਵਿਭਾਗ ਅਨੁਸਾਰ ਮੌਨਸੂਨ ਆਮ ਤੌਰ ’ਤੇ 27-28 ਜੂਨ ਤੱਕ ਦਿੱਲੀ ਪਹੁੰਚਦਾ ਹੈ। ਹੁਣ ਸ਼ਹਿਰ ਅਤੇ ਪੱਛਮੀ ਰਾਜਸਥਾਨ ਦੇ ਬਾਕੀ ਹਿੱਸਿਆਂ ਨੂੰ ਕਵਰ ਕਰਨ ਲਈ 2-3 ਦਿਨ ਹੋਰ ਲੱਗਣ ਦੀ ਉਮੀਦ ਹੈ। ਇਹ ਦੇਰੀ ਉਦੋਂ ਵੀ ਹੋਈ ਹੈ ਜਦੋਂ ਮੌਨਸੂਨ ਪਹਿਲਾਂ ਹੀ ਉੱਤਰ-ਪੱਛਮੀ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਫੈਲ ਚੁੱਕਾ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਅਤੇ ਕਸ਼ਮੀਰ ਸ਼ਾਮਲ ਹਨ। ਅੱਜ ਦਿੱਲੀ ਵਿੱਚ ਦੁਪਹਿਰ ਮਗਰੋਂ ਕਾਲੇ ਬੱਦਲ ਛਾ ਗਏ। ਇਸ ਦੌਰਾਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਦੁਪਹਿਰ ਨੂੰ ਇੰਡੀਆ ਗੇਟ, ਕਰਤੱਵਿਆ ਮਾਰਗ ਅਤੇ ਹੋਰ ਥਾਵਾਂ ’ਤੇ ਕਾਫ਼ੀ ਗਿਣਤੀ ਵਿੱਚ ਲੋਕ ਘੁੰਮਦੇ ਹੋਏ, ਮੌਸਮ ਦਾ ਨਜ਼ਾਰਾ ਲੈਂਦੇ ਹੋਏ ਦਿਖਾਈ ਦਿੱਤੇ। ਇਸ ਦੌਰਨ ਸੜਕਾਂ ’ਤੇ ਵੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਰੌਣਕ ਦਿਖਾਈ ਦਿੱਤੀ। ਵਿਭਾਗ ਨੇ 29 ਜੂਨ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। -ਪੀਟੀਆਈ