ਕੈਂਪ ਦੌਰਾਨ ਐੱਸਡੀਐੱਮ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਨਾਰਾਇਣਗੜ੍ਹ, 7 ਜੁਲਾਈ
ਸਬ-ਡਿਵੀਜ਼ਨ ਪੱਧਰ ’ਤੇ ਲਗਾਏ ਗਏ ਸਮਾਧਾਨ ਕੈਂਪ ਵਿੱਚ ਐੱਸਡੀਐੱਮ ਸ਼ਿਵਜੀਤ ਭਾਰਤੀ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਉਨ੍ਹਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਕੈਂਪ ਵਿੱਚ ਛੇ ਸਮੱਸਿਆਵਾਂ ਚੁੱਕੀਆਂ ਗਈਆਂ, ਜਿਨ੍ਹਾਂ ਵਿੱਚੋਂ ਪਿੰਡ ਪਥਰੇਰੀ ਦੇ ਰਿਸ਼ੀਪਾਲ ਨੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਾਰੇ ਦੱਸਿਆ। ਪਿੰਡ ਪੰਜੇਟੋ ਦੇ ਬਜ਼ੁਰਗ ਕਾਕਾ ਸਿੰਘ ਨੇ ਬੁਢਾਪਾ ਪੈਨਸ਼ਨ ਸਬੰਧੀ ਸਮੱਸਿਆ ਬਾਰੇ ਦੱਸਿਆ। ਨਰਾਇਣਗੜ੍ਹ ਵਾਰਡ 1 ਦੇ ਯੋਗੇਸ਼ ਕੁਮਾਰ ਨੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਚੁੱਕੀ, ਵਾਰਡ 12 ਦੇ ਅਜੈ ਕੁਮਾਰ ਨੇ ਸਫਾਈ ਪ੍ਰਣਾਲੀ ਵਿੱਚ ਖਾਮੀਆਂ ਵੱਲ ਇਸ਼ਾਰਾ ਕੀਤਾ। ਵਾਰਡ 14 ਦੇ ਕੌਂਸਲਰ ਨਰਿੰਦਰ ਪਰਾਸ਼ਰ ਨੇ ਟੈਲੀਫੋਨ ਐਕਸਚੇਂਜ ਦੇ ਨੇੜੇ ਮਾਰਕੀਟ ਕਮੇਟੀ ਦੇ ਮੈਦਾਨ ਵਿੱਚ ਕੂੜਾ ਸੁੱਟਣ ਨਾਲ ਸਬੰਧਤ ਸਮੱਸਿਆ ਉਠਾਈ। ਪਿੰਡ ਬੇਰਖੇੜੀ ਦੇ ਪੰਚ ਰਾਜੇਸ਼ ਅਤੇ ਹੋਰ ਪਿੰਡ ਵਾਸੀਆਂ ਨੇ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ। ਐੱਸਡੀਐਮ ਨੇ ਪੰਚਾਇਤ ਵਿਭਾਗ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪਿੰਡ ਨਗਾਵਾਂ ਦੀ ਬਿਮਲਾ ਦੇਵੀ ਨੇ ਵੀ ਬੁਢਾਪਾ ਪੈਨਸ਼ਨ ਦੀ ਸਮੱਸਿਆ ਉਠਾਈ, ਜਿਸ ‘ਤੇ ਉਨ੍ਹਾਂ ਨੇ ਸਬੰਧਤ ਅਧਿਕਾਰੀ ਨੂੰ ਸਮੱਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਨਾਇਬ ਤਹਿਸੀਲਦਾਰ ਸੰਜੀਵ ਅਤਰੀ, ਬਿਜਲੀ ਨਿਗਮ ਦੇ ਐੱਸਡੀਓ ਵਿਕਾਸ ਬਾਂਸਲ, ਨਗਰਪਾਲਿਕਾ, ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ, ਖੇਡ ਵਿਭਾਗ, ਜਨ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।