ਕੌਮੀ ਹੜਤਾਲ ਨੂੰ ਸਫ਼ਲ ਬਣਾਉਣ ਦੀਆਂ ਤਿਆਰੀਆਂ
ਪੱਤਰ ਪ੍ਰੇਰਕ
ਯਮੁਨਾਨਗਰ, 19 ਜੂਨ
ਦੇਸ਼ ਦੀਆਂ ਟਰੇਡ ਯੂਨੀਅਨਾਂ ਦੇ ਸੱਦੇ ‘ਤੇ, 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਵਜੋਂ, ਸਰਵ ਕਰਮਚਾਰੀ ਸੰਘ ਹਰਿਆਣਾ ਨਾਲ ਸਬੰਧਤ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਨੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ ਦੀ ਪ੍ਰਧਾਨਗੀ ਹੇਠ ਭਾਈ ਘਨ੍ਹਈੱਆ ਸਾਹਿਬ ਚੌਕ ਨੇੜੇ ਗੋਵਿੰਦਪੁਰੀ ਸਰਕਾਰੀ ਸਕੂਲ ਵਿੱਚ ਜ਼ਿਲ੍ਹਾ ਪੱਧਰੀ ਵਰਕਰ ਸੰਮੇਲਨ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕੀਤਾ । ਬੈਠਕ ਵਿੱਚ ਮੌਜੂਦ ਸਬੰਧਤ ਵਿਭਾਗੀ ਯੂਨੀਅਨਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਜਨਰਲ ਸਕੱਤਰ ਨਰੇਸ਼ ਕੁਮਾਰ, ਉਪ ਪ੍ਰਧਾਨ ਜਰਨੈਲ ਸਿੰਘ, ਸਕੱਤਰ ਮਾਂਗੇ ਰਾਮ ਤਿਗਰਾ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਮਜ਼ਦੂਰ ਵਿਰੋਧੀ ਲੇਬਰ ਕੋਡ ਰੱਦ ਕਰਨ, ਠੇਕੇਦਾਰੀ ਪ੍ਰਣਾਲੀ ਅਤੇ ਨਿੱਜੀਕਰਨ ਨੂੰ ਬੰਦ ਕਰਕੇ ਸਰਕਾਰੀ ਵਿਭਾਗਾਂ ਦੇ ਸੁੰਗੜਨ ਨੂੰ ਰੋਕਣ ਅਤੇ ਹੋਰ ਮੰਗਾਂ ਲਈ 9 ਜੁਲਾਈ ਨੂੰ ਰਾਸ਼ਟਰੀ ਹੜਤਾਲ ਵਿੱਚ ਹਿੱਸਾ ਲੈਣਗੇ।ਇਸ ਹੜਤਾਲ ਨੂੰ ਸਫਲ ਬਣਾਉਣ ਲਈ, 24 ਤੋਂ 26 ਜੂਨ ਤੱਕ ਜਥੇ ਚਲਾ ਕੇ ਸਾਰੇ ਬਲਾਕਾਂ ਦੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚ ਜਨ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਐੱਸਕੇਐੱਸ ਦੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕਿਹਾ ਕਿ ਪਹਿਲਾਂ ਜੋ ਕਾਨੂੰਨ ਬਣਾਏ ਗਏ ਸਨ, ਉਨ੍ਹਾਂ ਨੂੰ ਅੱਜ ਪੂੰਜੀਪਤੀਆਂ ਦੇ ਦਬਾਅ ਹੇਠ ਕਿਰਤ ਸੁਧਾਰ ਕਾਨੂੰਨ ਵਿੱਚ ਬਦਲਾਅ ਕਰਕੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਾ ਵਿਰੋਧ ਕਰਨ ਵਾਲੇ ਮੁਲਾਜ਼ਮਾਂ ਅਤੇ ਆਗੂਆਂ ਵਿਰੁੱਧ ਦਮਨਕਾਰੀ ਕਾਰਵਾਈ ਕੀਤੀ ਜਾ ਰਹੀ ਹੈ। ਨਿੱਜੀਕਰਨ ਪ੍ਰਣਾਲੀ ਦਾ ਫਾਇਦਾ ਸਿਰਫ਼ ਪੂੰਜੀਪਤੀਆਂ ਨੂੰ ਹੋਵੇਗਾ। ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ, ਸਰਕਾਰ ਸਾਰੇ ਵਿਭਾਗ ਨਿੱਜੀ ਕੰਪਨੀਆਂ ਨੂੰ ਸੌਂਪਣ ਲਈ ਤਿਆਰ ਹੈ। ਇਸ ਮੌਕੇ ਐੱਸਕੇਐੱਸ ਤੋਂ ਸਤੀਸ਼ ਕੁਮਾਰ, ਕ੍ਰਿਸ਼ਨਾ ਸੈਣੀ, ਪਵਨ ਸ਼ਰਮਾ, ਵਿਕਰਮ, ਬਲਾਕ ਸਢੌਰਾ ਤੋਂ ਰਾਜੇਸ਼, ਜੋਤ ਸਿੰਘ, ਰਿਟਾਇਰਡ ਐਸੋਸੀਏਸ਼ਨ ਤੋਂ ਸੋਮਨਾਥ, ਨਗਰ ਪਾਲਿਕਾ ਤੋਂ ਪਾਪਲਾ, ਮੁਕੇਸ਼ ਨੇ ਵੀ ਸੰਬੋਧਨ ਕੀਤਾ।