ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਦਿੱਲੀ ਦਾ ਰਾਸ਼ਟਰੀ ਜ਼ੂਆਲੋਜੀਕਲ ਪਾਰਕ ਜਾਨਵਰਾਂ ਦੀ ਦੇਖਭਾਲ, ਸਟਾਫ ਦੀ ਸਿਖਲਾਈ ਅਤੇ ਚਿੜੀਆਘਰ ਦੇ ਸਮੁੱਚੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਪਸ਼ੂ ਭਲਾਈ ਸੰਗਠਨ ਵੰਤਾਰਾ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਇਸ ਤਰ੍ਹਾਂ ਦਿੱਲੀ ਦੇ ਚਿੜੀਆਘਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਹੋ ਚੁੱਕੀ ਹੈ। ਵੰਤਾਰਾ ਦੇ ਸੀਈਓ ਵਿਵਾਨ ਕਰਨੀ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਚਿੜੀਆਘਰ ਦੇ ਕਾਰਜਾਂ ਨੂੰ ਮਜ਼ਬੂਤ ਕਰਨਾ ਅਤੇ ਇਸ ਨੂੰ ਦਿੱਲੀ ਦੇ ਲੋਕਾਂ ਲਈ ਹੋਰ ਅਰਥਪੂਰਨ ਅਤੇ ਭਰਪੂਰ ਅਨੁਭਵ ਵਿੱਚ ਬਦਲਣਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਸਹਿਯੋਗ ਦਾ ਉਦੇਸ਼ ਸਾਂਝੇ ਸਰੋਤਾਂ, ਵਿਗਿਆਨਕ ਮੁਹਾਰਤ ਅਤੇ ਆਧੁਨਿਕ ਸਹੂਲਤਾਂ ਰਾਹੀਂ ਜਾਨਵਰਾਂ ਦੀ ਦੇਖਭਾਲ ਦਾ ਸਮਰਥਨ ਕਰਨਾ ਹੈ। ਇਹ ਜਨਤਕ ਸੰਸਥਾ ਦੀਆਂ ਸ਼ਕਤੀਆਂ ਨੂੰ ਜਾਨਵਰਾਂ ਦੀ ਭਲਾਈ ਵਿੱਚ ਵੰਤਾਰਾ ਦੇ ਵਿਸ਼ੇਸ਼ ਗਿਆਨ ਨਾਲ ਜੋੜਨ ਲਈ ਤਿਆਰ ਕੀਤਾ ਗਿਆ ਹੈ। ਇਸ ਸਮਝੌਤੇ ਦੀ ਕੁਝ ਹਿੱਸਿਆਂ ਤੋਂ ਆਲੋਚਨਾ ਹੋਈ ਹੈ। ਕੁਝ ਨੇ ਦੋਸ਼ ਲਗਾਇਆ ਹੈ ਕਿ ਇਹ ਨਿੱਜੀਕਰਨ ਵੱਲ ਇੱਕ ਕਦਮ ਹੈ। ਹਾਲਾਂਕਿ, ਵੰਤਾਰਾ ਨੇ ਕਿਹਾ ਗਿਆ ਹੈ ਕਿ ਭਾਈਵਾਲੀ ਕੋਈ ਮਾਲਕੀ ਜਾਂ ਪ੍ਰਸ਼ਾਸਕੀ ਕੰਟਰੋਲ ਨਹੀਂ ਕਰਦੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮਝੌਤੇ ਦੇ ਹਿੱਸੇ ਵਜੋਂ, ਦਿੱਲੀ ਚਿੜੀਆਘਰ ਦੇ ਸਟਾਫ ਨੂੰ ਜਾਨਵਰਾਂ ਦੀ ਦੇਖਭਾਲ ਵਿੱਚ ਆਪਣੇ ਤਕਨੀਕੀ ਹੁਨਰ ਨੂੰ ਵਧਾਉਣ ਲਈ ਸਿਖਲਾਈ ਪ੍ਰਾਪਤ ਹੋਵੇਗੀ।