ਜਗਤਾਰ ਸਮਾਲਸਰ
ਏਲਨਾਬਾਦ, 2 ਮਾਰਚ
ਸਥਾਨਿਕ ਨਗਰ ਪਾਲਿਕਾ ਵੱਲੋਂ ਅੱਜ ਵਿੱਤੀ ਵਰ੍ਹੇ 2025-26 ਲਈ 47 ਕਰੋੜ 83 ਲੱਖ 87 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ। ਨਗਰ ਪਾਲਿਕਾ ਚੇਅਰਮੈਨ ਰਾਮ ਸਿੰਘ ਸੋਲੰਕੀ ਨੇ ਦੱਸਿਆ ਕਿ ਵਿੱਤੀ ਸਾਲ 2024-25 ਦੌਰਾਨ ਨਗਰ ਪਾਲਿਕਾ ਏਲਨਾਬਾਦ ਕੋਲ 27 ਕਰੋੜ 98 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਜਮ੍ਹਾਂ ਸੀ ਅਤੇ ਸਾਲ 2024-25 ਵਿੱਚ 12 ਕਰੋੜ 25 ਲੱਖ 78 ਹਜ਼ਾਰ ਰੁਪਏ ਦੀ ਆਮਦਨੀ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਨਗਰ ਪਾਲਿਕਾ ਨੂੰ 16 ਕਰੋੜ 35 ਲੱਖ 72 ਹਜ਼ਾਰ ਦੀ ਆਮਦਨੀ ਹੋਣ ਦਾ ਅਨੁਮਾਨ ਹੈ ਅਤੇ 29 ਕਰੋੜ 76 ਲੱਖ 59 ਹਜ਼ਾਰ ਰੁਪਏ ਅਨੁਮਾਨਿਤ ਖਰਚ ਹੋਵੇਗਾ। ਇਹ ਵਿੱਤੀ ਸਾਲ ਖ਼ਤਮ ਹੋਣ ਤੋਂ ਬਾਅਦ ਨਗਰ ਪਾਲਿਕਾ ਏਲਨਾਬਾਦ ਕੋਲ 18 ਕਰੋੜ 7 ਲੱਖ 28 ਹਜ਼ਾਰ ਰੁਪਏ ਦੀ ਬੱਚਤ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਕੌਸ਼ਲਰ ਸੁਭਾਸ਼ ਚੰਦਰ ਵੀ ਉਨ੍ਹਾਂ ਨਾਲ ਮੌਜੂਦ ਸਨ। ਚੇਅਰਮੈਨ ਰਾਮ ਸਿੰਘ ਸੋਲੰਕੀ ਨੇ ਦੱਸਿਆ ਕਿ ਸ਼ਹਿਰ ਦੇ ਦੇਵੀ ਲਾਲ ਪਾਰਕ ਵਿੱਚ ਲਾਇਬਰੇਰੀ ਸਥਾਪਿਤ ਕਰਨਾ, ਟਿੱਬੀ ਬੱਸ ਸਟੈਂਡ ਖੇਤਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਬੂਸਟਿੰਗ ਸਟੇਸ਼ਨ ਤੱਕ ਪਾਇਪ ਲਾਇਨ ਪਾਉਣਾ ਵਿਚਾਰ ਅਧੀਨ ਹੈ। ਟਰੈਫਿਕ ਸਮੱਸਿਆ ਦੇ ਹੱਲ ਲਈ ਨਗਰ ਪਾਲਿਕਾ ਦਫ਼ਤਰ ਨੂੰ ਤੋੜ ਕੇ ਤਿੰਨ ਮੰਜ਼ਿਲ ਬਣਾਇਆ ਜਾਵੇਗਾ ਜਿਸ ਦਾ ਗਰਾਊਂਡ ਫਲੋਰ ਪਾਰਕਿੰਗ ਲਈ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਚੌਕਾਂ ਨੂੰ ਵੀ ਸੁੰਦਰ ਬਣਾਇਆ ਜਾਵੇਗਾ ਅਤੇ ਸ਼ਾਸਤਰੀ ਮਾਰਕੀਟ ਵਿੱਚ ਇੱਕ ਇਨਡੋਰ ਖੇਡ ਸਟੇਡੀਅਮ ਅਤੇ ਜਿਮ ਦਾ ਨਿਰਮਾਣ ਵੀ ਕੀਤਾ ਜਾਵੇਗਾ।