ਆਤਿਸ਼ ਗੁਪਤਾ
ਚੰਡੀਗੜ੍ਹ, 28 ਮਈ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਕਾਮਿਆਂ ਦੀ ਨਿਗਰਾਨੀ ਲਈ ਟਰੈਕਿੰਗ ਪੋਰਟਲ ਅਤੇ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਅਤੇ ਮੋਬਾਈਲ ਐਪ ਨਾਲ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵਿੱਚ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਅਤੇ ਕਾਮਿਆਂ ਦੀ ਸਹੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਇਸ ਪੋਰਟਲ ਨਾਲ ਹਰਿਆਣਾ ਦਾ ਹਰੇਕ ਵਸਨੀਕ ਆਪਣੇ ਖੇਤਰ ਤੇ ਇਲਾਕੇ ਵਿੱਚ ਚੱਲਣ ਵਾਲੀ ਗੱਡੀ ਦੀ ਲਾਈਵ ਟਰੈਕਿੰਗ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ 37 ਨਗਰ ਕੌਂਸਲਾਂ ਇਸ ਪੋਰਟਲ ’ਤੇ ਲਾਈਵ ਹੋ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸੈਣੀ ਨੇ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਨਗਰ ਨਿਗਮ ਕਮਿਸ਼ਨਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਸਾਰੇ ਸ਼ਹਿਰਾਂ ਦੀ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸੇ ਵੀ ਸ਼ਹਿਰ ਵਿੱਚ ਕੂੜੇ ਦੇ ਢੇਰ ਦਿਖਣੇ ਨਹੀਂ ਚਾਹੀਦੇ। ਜੇਕਰ ਕਿਸੇ ਵੀ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਤਾਂ ਉਸ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਨਵੇਂ ਪੋਰਟਲ ਨਾਲ ਸਾਰੇ ਸਫਾਈ ਕਾਮਿਆਂ ਦੀ ਹਾਜ਼ਰੀ ਵੀ ਆਨਲਾਈਨ ਲੱਗ ਸਕੇਗੀ। ਇਸ ਦੇ ਨਾਲ ਹੀ ਵਧੀਆਂ ਕਾਰਜ ਕਰਨ ਵਾਲੀ ਨਗਰ ਨਿਗਮ ਦਾ ਸਨਮਾਨ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਨੇ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਲਿਜਾਅ ਕੇ ਟੈਗਿੰਗ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੂਬੇ ਵਿੱਚ ਬੇਸਹਾਰਾ ਗਊਆਂ ਦੀ ਗਿਣਤੀ ਕੀਤੀ ਜਾ ਸਕੇ।