ਜਗਤਾਰ ਸਮਾਲਸਰ
ਏਲਨਾਬਾਦ, 24 ਫਰਵਰੀ
ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਿਰਸਾ ਜ਼ਿਲ੍ਹੇ ਵਿੱਚ ਛੋਲਿਆਂ ਦੀ ਬਿਜਾਈ ਹੇਠ ਰਕਬਾ ਹਰ ਸਾਲ ਘਟਦਾ ਜਾ ਰਿਹਾ ਹੈ। ਇਸ ਵਾਰ ਸਾਲ 2024-25 ਦੌਰਾਨ ਸਿਰਫ 2400 ਹੈਕਟੇਅਰ ਵਿੱਚ ਹੀ ਛੋਲਿਆਂ ਦੀ ਬਿਜਾਈ ਹੋਈ ਹੈ।
ਖੇਤੀਬਾੜੀ ਮਾਹਿਰਾਂ ਅਨੁਸਾਰ ਟਿਊਬਵੈੱਲਾਂ ਦੇ ਖਾਰੇ ਪਾਣੀ ਕਾਰਨ ਛੋਲਿਆਂ ਦੀ ਪੈਦਾਵਰ ਚੰਗੀ ਨਹੀ ਹੋ ਰਹੀ ਜਿਸ ਕਾਰਨ ਕਿਸਾਨਾਂ ਦਾ ਰੁਝਾਨ ਲਗਾਤਾਰ ਘਟ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਕਮੀ ਅਤੇ ਛੋਲਿਆਂ ਦੀ ਫ਼ਸਲ ਦੇ ਮੰਦੇ ਭਾਅ ਕਾਰਨ ਕਿਸਾਨਾਂ ਦੀ ਰੁਚੀ ਘਟੀ ਹੈ।
ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 1975-76 ਵਿੱਚ ਸਿਰਸਾ ਜ਼ਿਲ੍ਹੇ ਵਿੱਚ 147000 ਹੈਕਟੇਅਰ ਵਿੱਚ ਬਿਜਾਈ ਹੋਈ ਸੀ ਅਤੇ ਉਤਪਾਦਨ 133000 ਮੀਟਰਕ ਟਨ ਹੋਇਆ ਸੀ। 1979 ਵਿੱਚ 166000 ਹੈਕਟੇਅਰ ਵਿੱਚ ਬਿਜਾਈ ਹੋਈ।
ਇਸ ਤੋਂ ਬਾਅਦ ਬਿਜਾਈ ਵਿੱਚ ਲਗਾਤਾਰ ਕਮੀ ਬਣੀ ਹੋਈ ਹੈ। ਸਾਲ 1990 ਵਿੱਚ 97000 ਹੈਕਟੇਅਰ ਵਿੱਚ, ਸਾਲ 1995 ਵਿੱਚ 56000 ਹੈਕਟੇਅਰ ਵਿੱਚ, ਸਾਲ 2000 ਵਿੱਚ 13000 ਹੈਕਟੇਅਰ ਵਿੱਚ ਬਿਜਾਈ ਹੋਈ ਅਤੇ ਉਤਪਾਦਨ 8000 ਮੀਟਰਕ ਟਨ ਹੋਇਆ। ਸਾਲ 2010 ਵਿੱਚ 8000 ਹੈਕਟੇਅਰ ਵਿੱਚ ਬਿਜਾਈ ਹੋਈ ਅਤੇ ਉਤਪਾਦਨ 6000 ਮੀਟਰਕ ਟਨ ਹੋਇਆ। 2014 ਵਿੱਚ ਸਿਰਫ 5000 ਹੈਕਟੇਅਰ ਵਿੱਚ ਬਿਜਾਈ ਦਾ ਰਕਬਾ ਸਿਮਟ ਕੇ ਰਹਿ ਗਿਆ। ਸਾਲ 2018-19 ਵਿੱਚ 6800 ਹੈਕਟੇਅਰ ਵਿੱਚ ਬਿਜਾਈ ਹੋਈ ਪ੍ਰੰਤੂ ਸਾਲ 2019-20 ਵਿੱਚ 4400 ਹੈਕਟੇਅਰ ਵਿੱਚ ਹੀ ਛੋਲਿਆਂ ਦੀ ਬਿਜਾਈ ਹੋਈ ਹੈ। ਸਾਲ 2021-22 ਵਿੱਚ 3315 ਹੈਕਟੇਅਰ ਅਤੇ ਇਸ ਵਾਰ ਸਾਲ 2024-25 ਵਿੱਚ ਸਿਰਫ 2400 ਹੈਕਟੇਅਰ ਵਿੱਚ ਹੀ ਬਿਜਾਈ ਹੋਈ ਹੈ।
ਕਿਸਾਨ ਜਗਦੀਸ਼ ਕੁਮਾਰ, ਰਾਜ ਕੁਮਾਰ, ਪਵਨ ਕੁਮਾਰ ਅਤੇ ਰਾਮ ਕੁਮਾਰ ਨੇ ਕਿਹਾ ਕਿ ਇਸ ਫ਼ਸਲ ਲਈ ਮਿੱਠਾ ਪਾਣੀ ਜ਼ਰੂਰੀ ਹੀ ਹੈ ਪਰ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਵਿੱਚ ਪਾਣੀ ਖਾਰਾ ਹੈ ਅਤੇ ਨਹਿਰੀ ਪਾਣੀ ਦੀ ਕਮੀ ਰਹਿੰਦੀ ਹੈ।
ਸਰ੍ਹੋਂ ਤੇ ਕਣਕ ਦਾ ਚੰਗਾ ਭਾਅ ਮਿਲਣ ਕਾਰਨ ਰੁਝਾਨ ਘਟਿਆ: ਅਧਿਕਾਰੀ
ਜ਼ਿਲ੍ਹਾ ਖੇਤੀਬਾੜੀ ਉਪ-ਨਿਰਦੇਸ਼ਕ ਡਾ ਸੁਖਦੇਵ ਸਿੰਘ ਨੇ ਕਿਹਾ ਕਿ ਸਿਰਸਾ ਜ਼ਿਲ੍ਹੇ ਵਿੱਚ ਪਿਛਲੇ ਕਈ ਸਾਲਾਂ ਤੋਂ ਛੋਲਿਆਂ ਦੀ ਬਿਜਾਈ ਹੇਠ ਰਕਬਾ ਘਟਿਆ ਹੈ। ਉਨ੍ਹਾਂ ਕਿਹਾ ਕਿ ਹੁਣ ਬਰਾਨੀ ਜ਼ਮੀਨ ਘਟ ਗਈ ਹੈ ਅਤੇ ਸਰ੍ਹੋਂ ਤੇ ਕਣਕ ਦੇ ਚੰਗੇ ਭਾਅ ਮਿਲਣ ਕਾਰਨ ਵੀ ਕਿਸਾਨਾਂ ਦਾ ਰੁਝਾਨ ਛੋਲਿਆਂ ਦੀ ਫ਼ਸਲ ਵੱਲ ਘਟਿਆ ਹੈ।