ਕੰਮਕਾਜੀ ਥਾਵਾਂ ’ਤੇ ਔਰਤਾਂ ਦੀ ਹਿੱਸੇਦਾਰੀ
ਜਦ ਤੱਕ ਪੂੰਜੀ ਅਤੇ ਜਾਇਦਾਦ ਨਹੀਂ ਸੀ, ਪਰਿਵਾਰ ਤੇ ਵਿਆਹ ਸੰਸਥਾ ਦੀ ਜ਼ਰੂਰਤ ਨਹੀਂ ਸੀ। ਮਨੁੱਖ ਜੰਗਲੀ ਸੀ ਤੇ ਉਸ ਦਾ ਸੁਭਾਅ ਕੁਦਰਤੀ ਸੀ। ਔਰਤ ਮਰਦ ਵਿੱਚ ਲਿੰਗਕ ਭੇਦ ਉਨ੍ਹਾਂ ਦੀ ਸਮਰੱਥਾ ਤੇ ਵਖਰੇਵੇਂ ਦਾ ਕਾਰਨ ਨਹੀਂ ਸੀ ਬਣਿਆ ਪਰ ਖੇਤੀ ਦੇ ਆਰੰਭ ਨਾਲ ਮਨੁੱਖ ਜਾਇਦਾਦ ਦਾ ਮਾਲਕ ਬਣਿਆ। ਜਾਇਦਾਦ ਦੇ ਅਗਲੇ ਮਾਲਕ ਦੀ ਲੋੜ ਵਿੱਚੋਂ ਪਰਿਵਾਰ ਅਤੇ ਵਿਆਹ ਵਰਗੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ। ਵਿਆਹ ਉਪਰੰਤ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜ਼ਰੂਰਤ ਕਾਰਨ ਔਰਤ ਦੀ ਭੂਮਿਕਾ ਘਰ ਦੀ ਚਾਰ ਦੀਵਾਰੀ ਵਿੱਚ ਬੰਨ੍ਹੀ ਗਈ। ਮਰਦ ਦੀ ਜਿ਼ੰਮੇਵਾਰੀ ਘਰ ਤੋਂ ਬਾਹਰ ਦੇ ਕੰਮਕਾਜ ਕਰਨਾ ਅਤੇ ਪਰਿਵਾਰ ਲਈ ਕਮਾਈ ਕਰਨਾ ਨਿਸ਼ਚਿਤ ਕਰ ਦਿੱਤਾ ਗਿਆ।
ਲਿੰਗਕ ਆਧਾਰ ’ਤੇ ਕੰਮਕਾਜ ਦੀ ਇਹ ਵੰਡ ਫੌਰੀ ਤੌਰ ’ਤੇ ਸਹੀ ਸੀ ਪਰ ਲੰਮੇ ਸਮੇਂ ਦੌਰਾਨ ਇਹ ਮਰਦ ਅਤੇ ਔਰਤ ਦੋਹਾਂ ਦੇ ਵਿਕਾਸ ਵਿੱਚ ਅੜਿੱਕਾ ਬਣੀ ਹੈ। ਅੱਜ ਮਰਦ, ਮਰਦ ਵਧੇਰੇ ਹੈ, ਮਨੁੱਖ ਘੱਟ ਹੈ। ਉਸ ਨੂੰ ਮਨੁੱਖੀ ਜੀਵਨ ਦੇ ਨਿਰਬਾਹ ਲਈ ਜ਼ਰੂਰੀ ਕੰਮਕਾਜ ਦੀ ਆਦਤ ਨਾ ਹੋਣ ਕਾਰਨ ਉਹ ਮੁੱਢਲੀਆਂ ਜ਼ਰੂਰਤਾਂ ਜਿਵੇਂ ਖਾਣ-ਪੀਣ, ਸਫ਼ਾਈ ਤੇ ਆਪਣੇ ਰੋਜ਼ਮੱਰਾ ਦੇ ਕੰਮਾਂ ਲਈ ਔਰਤ ’ਤੇ ਨਿਰਭਰ ਹੋ ਚੁੱਕਿਆ ਹੈ; ਹਾਲਾਂਕਿ ਔਰਤਾਂ ਇਨ੍ਹਾਂ ਲਿੰਗਕ ਬੰਦਿਸ਼ਾਂ ਨੂੰ ਤੋੜ ਕੇ ਮਨੁੱਖੀ ਸਮਰੱਥਾ ਦਾ ਪ੍ਰਮਾਣ ਦੇ ਰਹੀਆਂ ਹਨ। ਲਿੰਗਕ ਜੜ੍ਹਤਾ ਵਿੱਚੋਂ ਨਿਕਲ ਕੇ ਮਨੁੱਖ ਹੋ ਜਾਣ ਦਾ ਇਹ ਸਿਲਸਿਲਾ ਖੂਬਸੂਰਤ ਹੈ ਜਿਸ ਨਾਲ ਯਕੀਨਨ ਪਰਿਵਾਰ ਅਤੇ ਵਿਆਹ ਵਰਗੀ ਸੰਸਥਾ ਵਿੱਚ ਔਰਤ ’ਤੇ ਨਿਰਭਰ ਹੋ ਚੁੱਕੀ ਧਿਰ (ਮਰਦ) ਨੂੰ ਅਸੁਖਾਵਾਂ ਮਹਿਸੂਸ ਹੋਣਾ ਲਾਜ਼ਮੀ ਹੈ। ਔਰਤ ਦੇ ਬਾਹਰੀ ਕੰਮਾਂ ਵਿੱਚ ਜਾਣ ਨਾਲ ਸਮਾਜ ਦੀ ਪੁਰਾਣੀ ਵਿਵਸਥਾ ਵਿੱਚ ਬਦਲਾਅ ਆ ਰਿਹਾ ਹੈ। ਇਸੇ ਬਦਲਾਅ ਤੋਂ ਘਬਰਾ ਕੇ ਲਿੰਗਕ ਵਖਰੇਵੇਂ ਦੀ ਹਮਾਇਤ ਕਰਨ ਵਾਲੇ ਇਹ ਸੁਝਾਅ ਦਿੰਦੇ ਸੁਣੇ ਜਾ ਸਕਦੇ ਹਨ ਕਿ ਔਰਤਾਂ ਦਾ ਕੰਮ ਘਰ ਦੇ ਕੰਮਾਂ ਤੱਕ ਹੀ ਸੀਮਤ ਹੈ ਅਤੇ ਉਹ ਬਾਹਰ ਕੰਮਾਂ ਵਿੱਚ ਚੰਗੇ ਨਤੀਜੇ ਦੇਣ ਤੋਂ ਅਸਮਰੱਥ ਹੈ, ਪਰ ਅਜਿਹਾ ਨਹੀਂ ਹੈ। ਇਹ ਮਨੁੱਖ ਦੀ ਬਣਾਈ ਮਿੱਥ ਹੈ। ਇਸ ਬਾਰੇ ਹੁਣ ਅਨੇਕ ਖੋਜਾਂ ਹੋ ਰਹੀਆਂ ਹਨ ਅਤੇ ਵੱਖ-ਵੱਖ ਸੰਸਥਾਵਾਂ ਦੁਆਰਾ ਔਰਤਾਂ ਦੀ ਭਾਗੀਦਾਰੀ ਸਦਕਾ ਨਿਕਲੇ ਸਕਾਰਾਤਮਕ ਨਤੀਜਿਆਂ ਬਾਰੇ ਚਰਚਾ ਹੋਣ ਲੱਗੀ ਹੈ। ਲਾਸ ਐਂਜਲਿਸ ਦੀ ਜੰਮਪਲ ਐਲਿਸ ਐਗਲੇ ਸਮਾਜ ਮਨੋਵਿਗਿਆਨੀ ਹੈ। ਉਸ ਨੇ ‘ਸਮਾਜਿਕ ਭੂਮਿਕਾ’ ਦਾ ਸਿਧਾਂਤ ਦਿੱਤਾ। ਇਸ ਸਿਧਾਂਤ ਅਨੁਸਾਰ ਲਿੰਗਕ ਅੰਤਰ ਸਮਾਜ ਵਿੱਚ ਨਿਰਧਾਰਤ ਭੂਮਿਕਾਵਾਂ ਤੋਂ ਪੈਦਾ ਹੁੰਦੇ ਹਨ। ਇਹ ਵਖਰੇਵਾਂ ਕੁਦਰਤੀ ਜਾਂ ਜੈਵਿਕ ਨਹੀਂ। ਐਲਿਸ ਨੇ ਆਪਣੇ ਪੀਐੱਚਡੀ ਖੋਜ ਕਾਰਜ ਵਿੱਚ ਇਹ ਪ੍ਰਮਾਣਿਤ ਕੀਤਾ ਹੈ ਕਿ ਔਰਤ, ਆਗੂ ਵਾਲੀ ਭੂਮਿਕਾ ਨਿਭਾਉਣ ਲਈ ਮਰਦ ਨਾਲੋਂ ਵੱਧ ਯੋਗ ਹੁੰਦੀ ਹੈ। ਇਸ ਤੋਂ ਇਲਾਵਾ, ਕੁਝ ਵਿਸ਼ਵ ਪੱਧਰੀ ਸੰਸਥਾਵਾਂ ਦੁਆਰਾ ਵੀ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਸ ਤੋਂ ਵਿਸ਼ਵ ਪੱਧਰ ’ਤੇ ਕੰਮਕਾਜੀ ਥਾਵਾਂ ’ਤੇ ਔਰਤਾਂ ਦੀ ਸਕਾਰਾਤਮਕ ਭੂਮਿਕਾ ਦੇ ਪ੍ਰਮਾਣ ਮਿਲਦੇ ਹਨ।
ਯੂਨਾਈਟਿਡ ਨੇਸ਼ਨ ਦੇ ‘ਵਿਸ਼ਵ ਜਨਸੰਖਿਆ ਪ੍ਰਾਸਪੈਕਟ-2024’ ਅਨੁਸਾਰ, ਮਨੁੱਖ ਦੀ ਮੌਜੂਦਾ ਜਨਸੰਖਿਆ 8.23 ਬਿਲੀਅਨ ਹੈ ਜਿਸ ਵਿੱਚੋਂ ਔਰਤਾਂ 49.73% ਹਨ ਜੋ ਮਨੁੱਖੀ ਆਬਾਦੀ ਦਾ ਲੱਗਪਗ ਅੱਧਾ ਹਿੱਸਾ ਹਨ। ਜੇ ਕੰਮਕਾਜੀ ਥਾਵਾਂ ’ਤੇ ਔਰਤਾਂ ਦੀ ਸ਼ਮੂਲੀਅਤ ਦੀ ਗੱਲ ਕਰੀਏ ਤਾਂ ਇਹ ਅੰਕੜੇ ਵੱਖਰੇ-ਵੱਖਰੇ ਹਨ। ਵਿਸ਼ਵ ਬੈਂਕ ਦੇ 2023 ਦੇ ਅੰਕੜਿਆਂ ਅਨੁਸਾਰ, 15 ਸਾਲ ਤੋਂ ਉੱਪਰ ਦੀਆਂ ਔਰਤਾਂ ਦੀ ਕੰਮਕਾਜੀ ਥਾਵਾਂ ’ਤੇ ਗਿਣਤੀ 50% ਹੈ; ਅੰਕਿੜਆਂ ਵਿੱਚ ਦੇਖੀਏ ਤਾਂ 1.3 ਬਿਲੀਅਨ ਔਰਤਾਂ ਕੰਮ ਕਰਦੀਆਂ ਹਨ ਜੋ ਮਰਦਾਂ ਦੇ ਮੁਕਾਬਲੇ ਬਹੁੱਤ ਘੱਟ ਹੈ ਕਿਉਂਕਿ 80% ਮਰਦ ਬਾਹਰ ਕੰਮ ਕਰਦੇ ਹਨ। ਦੱਖਣੀ ਏਸ਼ਿਆਈ ਦੇਸ਼ਾਂ ਵਿੱਚ ਕੰਮਕਾਜੀ ਔਰਤਾਂ ਦੀ ਗਿਣਤੀ ਸਿਰਫ਼ 32% ਹੈ ਜੋ 77% ਕੰਮਕਾਜੀ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਹੈ। ਯੂਨਾਈਟਿਡ ਨੇਸ਼ਨ ਵਿਮੈੱਨ ਜਾਣਕਾਰੀ ਪੋਰਟਲ ਅਨੁਸਾਰ, ਵਿਸ਼ਵ ਵਿੱਚ 2.7 ਅਰਬ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਬਾਹਰ ਕੰਮ ਕਰਨ ਲਈ ਕੁਝ ਕਾਨੂੰਨੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਉਂ ਵਿਸ਼ਵ ਪੱਧਰ ’ਤੇ ਔਰਤਾਂ ਦੀ ਆਪਣੀ ਗਿਣਤੀ ਤੋਂ ਬਹੁਤ ਘੱਟ ਸੰਖਿਆਂ ਵਿੱਚ ਕੰਮਕਾਜੀ ਥਾਵਾਂ ’ਤੇ ਸ਼ਮੂਲੀਅਤ ਹੈ। ਕਾਰਨ ਇਹੀ ਹੈ ਕਿ ਔਰਤ ਦੀ ਭੂਮਿਕਾ ਪਰਿਵਾਰ ਪਾਲਣ ਲਈ ਨਿਸ਼ਚਿਤ ਕੀਤੀ ਗਈ ਸੀ, ਇਸ ਲਈ ਜਦ ਉਹ ਘਰ ਤੋਂ ਬਾਹਰ ਬਾਕੀ ਕੰਮਾਂ ਲਈ ਨਿਕਲੀ ਤਾਂ ਇਹ ਕਿਹਾ ਜਾਣ ਲੱਗਿਆ ਕਿ ਔਰਤਾਂ ਆਪਣੇ ਦਫ਼ਤਰਾਂ ਦੇ ਕੰਮ ਮਰਦਾਂ ਬਰਾਬਰ ਨਹੀਂ ਕਰ ਸਕਦੀਆਂ। ਮਾਹਵਾਰੀ ਤੇ ਬੱਚੇ ਪੈਦਾ ਕਰਨ ਤੋਂ ਇਲਾਵਾ ਘਰ ਦੀਆਂ ਜਿ਼ੰਮੇਵਾਰੀਆਂ ਦੌਰਾਨ ਉਨ੍ਹਾਂ ਦੀ ਕਾਰਜਕੁਸ਼ਲਤਾ ਪ੍ਰਭਾਵਸ਼ਾਲੀ ਨਹੀਂ। ਇਸ ਬਾਰੇ ਸੱਚ ਜਾਣਨ ਲਈ ਕੁਝ ਸੰਸਥਾਵਾਂ ਨੇ ਸਰਵੇਖਣ ਕੀਤੇ। ‘ਮਿਕਕਿੰਨਸੇ’ ਨਾਂ ਦੀ ਸੰਸਥਾ ਇਸ ਪਾਸੇ ਵਿਸੇਸ਼ ਕੰਮ ਕਰ ਰਹੀ ਹੈ ਜੋ ਦਫ਼ਤਰੀ ਕੰਮਾਂ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਅਧਿਐਨ ਕਰ ਕੇ ਅੰਕੜੇ ਪੇਸ਼ ਕਰਦੀ ਹੈ।
ਮਿਕਕਿੰਨਸੇ, ਹਾਰਵਰਡ ਅਤੇ ਵਿਸ਼ਵ ਆਰਥਿਕ ਮੰਚ ਵਰਗੀਆਂ ਸੰਸਥਾਵਾਂ ਦੀ ਖੋਜ ਇਹ ਦੱਸਦੀ ਹੈ ਕਿ ਜਿਨ੍ਹਾਂ ਕੰਪਨੀਆਂ ਵਿੱਚ ਲਿੰਗ ਸਮਾਨਤਾ ਹੁੰਦੀ ਹੈ, ਉਹ ਕੰਪਨੀਆਂ ਆਮ ਤੌਰ ’ਤੇ ਵਧੀਆਂ ਨਤੀਜੇ ਦਿੰਦੀਆਂ ਹਨ। ਹਾਰਵਰਡ ਯੂਨੀਵਰਸਿਟੀ ਦੇ ਹਾਰਵਰਡ ਬਿਜ਼ਨਸ ਰਿਵਿਊ ਅਨੁਸਾਰ ਤਾਂ ਔਰਤਾਂ ਦੀ ਕੰਮਕਾਜ ਸਮਰੱਥਾ ਅਕਸਰ ਮਰਦਾਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਉੱਚੀ ਹੋਣ ਦੀ ਰੇਟਿੰਗ ਮਿਲਦੀ ਹੈ, ਖਾਸ ਕਰ ਕੇ ਲੀਡਰਸ਼ਿਪ ਅਤੇ ਟੀਮ ਵਰਕ ਵਾਲੇ ਹਾਲਾਤ ਵਿੱਚ। 2019 ਦੀ ਹਾਰਵਰਡ ਬਿਜ਼ਨਸ ਰਿਵਿਊ ਰਿਪੋਰਟ ਅਨੁਸਾਰ, ਉਨ੍ਹਾਂ 60000 ਤੋਂ ਵੱਧ ਟੀਮ ਨੇਤਾਵਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ। ਔਰਤਾਂ ਨੇ 19 ਵਿਚੋਂ 17 ਲੀਡਰਸ਼ਿਪ ਗੁਣਾਂ ਵਿੱਚ ਮਰਦਾਂ ਤੋਂ ਵਧੀਆਂ ਸਕੋਰ ਕੀਤਾ; ਜਿਵੇਂ ਪਹਿਲ ਕਰਨਾ, ਇਮਾਨਦਾਰੀ, ਸਹਿਯੋਗ ਅਤੇ ਨਤੀਜਾ ਕੇਂਦਰਿਤ ਕੰਮ ਕਰਨਾ। ਇਸ ਰਿਪੋਰਟ ਅਨੁਸਾਰ, ਮਰਦ ਅਤੇ ਔਰਤਾਂ ਵਿੱਚੋਂ ਔਰਤਾਂ ਨੂੰ ਵਧੀਆ ਲੀਡਰ ਮੰਨਿਆ ਗਿਆ ਹੈ। ਕੋਵਿਡ-19 ਕਾਲ ਦੌਰਾਨ ਦੇ ਪ੍ਰਬੰਧਨ ਬਾਰੇ ਹਾਰਵਰਡ ਕੈਨੇਡੀ ਸਕੂਲ ਅਤੇ ਐੱਚਬੀਆਰ ਨੇ ਖੋਜ ਕੀਤੀ। ਇਸ ਖੋਜ ਤਹਿਤ ਇਹ ਨਤੀਜੇ ਸਾਹਮਣੇ ਆਏ ਕਿ ਔਰਤਾਂ ਦੀ ਅਗਵਾਈ ਵਾਲੀਆਂ ਸਰਕਾਰਾਂ ਤੇ ਸੰਸਥਾਵਾਂ ਨੇ ਤੇਜ਼ੀ ਨਾਲ ਜਵਾਬ ਦਿੱਤਾ, ਵਧੀਆ ਸੰਚਾਰ ਕੀਤਾ ਅਤੇ ਲੋਕਾਂ ਵਿੱਚ ਵਧੀਆ ਭਰੋਸਾ ਬਣਾਇਆ। ਇਸ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਸੰਕਟ ਦੌਰਾਨ ਔਰਤਾਂ ਵਧੇਰੇ ਚੰਗਾ ਪ੍ਰਬੰਧ ਕਰ ਸਕਦੀਆਂ ਹਨ। ਹਾਰਵਰਡ ਦੀ ਬਿਜ਼ਨਸ ਰਿਵਿਊ ਰਿਪੋਰਟ ਇਹ ਵੀ ਦੱਸਦੀ ਹੈ ਕਿ ਔਰਤਾਂ ਦੇ ਕੰਮਕਾਜੀ ਟੀਮ ਵਿੱਚ ਜੇਕਰ ਕਿਤੇ ਕੋਈ ਪੈਦਾਵਾਰੀ ਅੰਤਰ ਹੈ ਤਾਂ ਉਹ ਲਿੰਗ ਭੇਦਭਾਵ, ਮੌਕਿਆਂ ਦੀ ਘਾਟ, ਘਰ ਅਤੇ ਕੰਮ ਵਿੱਚ ਸੰਤੁਲਨ ਦੀ ਚੁਣੌਤੀ ਕਰ ਕੇ ਹੁੰਦਾ ਹੈ, ਨਾ ਕਿ ਔਰਤਾਂ ਵਿੱਚ ਸਮਰੱਥਾ ਦੀ ਘਾਟ ਕਾਰਨ।
ਮਿਕਕਿੰਨਸੇ ਦੀ 2024 ਦੀ ਰਿਪੋਰਟ ਅਨੁਸਾਰ, 2015 ਤੋਂ 2024 ਤੱਕ ਕਾਰਪੋਰੇਟ ਪੱਧਰ ’ਤੇ ਔਰਤਾਂ ਦੀ ਭਾਗੀਦਾਰੀ ਵਿੱਚ ਵਾਧਾ ਹੋਇਆ ਹੈ। ਐਂਟਰੀ ਲੇਵਲ ਅਹੁਦੇ 45% ਤੋਂ ਵਧ ਕੇ 48%, ਮੈਨੇਜਰ ਪਦ 37% ਤੋਂ ਵਧ ਕੇ 39%, ਉੱਚ ਪ੍ਰਬੰਧਕੀ ਪਦ 17% ਤੋਂ ਵਧ ਕੇ 29%, ਵਾਈਸ ਪ੍ਰੈਜੀਡੈਂਟ ਪਦ 27% ਤੋਂ ਵਧ ਕੇ 34% ਹੋ ਗਏ ਹਨ। ਲੀਡਰਸ਼ਿਪ ਦੇ ਮਸਲੇ ਵਿੱਚ ਮਿਕਕਿੰਨਸੇ ਦੀ ਰਿਪੋਰਟ ਦੇ ਨਤੀਜੇ ਹਾਰਵਰਡ ਦੀ ਰਿਪੋਰਟ ਨਾਲ ਮਿਲਦੇ-ਜੁਲਦੇ ਹਨ। ਇਉਂ ਇਨ੍ਹਾਂ ਕੰਪਨੀਆਂ ਦੀ ਖੋਜ ਅਨੁਸਾਰ, ਜੇ ਕਿਤੇ ਉਤਪਾਦਕਤਾ ਘੱਟ ਲੱਗਦੀ ਹੈ ਤਾਂ ਇਹ ਅਕਸਰ ਬਾਹਰੀ ਰੁਕਾਵਟਾਂ ਕਰ ਕੇ ਹੁੰਦਾ ਹੈ ਜਿਵੇਂ ਘਰ ਦਫ਼ਤਰ ਦੀ ਜਿ਼ੰਮੇਵਾਰੀ ਵਿਚ ਸੰਤੁਲਨ ਦੀ ਘਾਟ, ਲਿੰਗ ਆਧਾਰਿਤ ਭੇਦਭਾਵ, ਅਗਵਾਈ ਮੌਕਿਆਂ ਦੀ ਘਾਟ ਕਰ ਕੇ। ਇਨ੍ਹਾਂ ਚੁਣੌਤੀਆਂ ਨੂੰ ਖ਼ਤਮ ਕਰਨ ਲਈ ਸਾਡੇ ਸਮਾਜ ਅਤੇ ਪਰਿਵਾਰ ਮਦਦ ਕਰ ਸਕਦੇ ਹਨ। ਘਰ ਦੇ ਕੰਮਕਾਜ ਨੂੰ ਔਰਤਾਂ ਦਾ ਕੰਮ ਨਾ ਸਮਝ ਕੇ ਸਮੂਹ ਪਰਿਵਾਰ ਦੀ ਜਿ਼ੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਔਰਤਾਂ ਭਾਵੇਂ ਕੁਝ ਸਥਿਤੀਆਂ ਵਿੱਚ ਸਰੀਰਕ ਬਲ ਪੱਖੋਂ ਅਸਮਰੱਥ ਹੋ ਸਕਦੀਆਂ ਹਨ ਪਰ ਆਮ ਹਾਲਾਤ ਵਿੱਚ ਉਹ ਮਰਦ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ। ਵਿਅਕਤੀਗਤ ਤੌਰ ’ਤੇ ਔਰਤਾਂ ਸਮਰੱਥ ,ਉਤਪਾਦਕ ਅਤੇ ਕੰਮ ਕਰਨ ਦੇ ਲਾਇਕ ਹਨ। ਕੰਮਕਾਜ ਵਿੱਚ ਔਰਤਾਂ ਦਾ ਸ਼ਾਮਿਲ ਹੋਣਾ ਮਨੁੱਖੀ ਸਮਾਨਤਾ ਲਈ ਜ਼ਰੂਰੀ ਤਾਂ ਹੈ ਹੀ ਪਰ ਨਾਲ ਦੀ ਨਾਲ ਕਿਸੇ ਪਰਿਵਾਰ, ਕੌਮ ਅਤੇ ਦੇਸ਼ ਦੀ ਆਰਥਿਕ ਤਰੱਕੀ ਲਈ ਵੀ ਜ਼ਰੂਰੀ ਹੈ।
ਸੰਪਰਕ: 91159-30504