ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿੱਧਰ ਜਾ ਰਿਹੈ ਆਪਣਾ ਪੰਜਾਬ

ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਮਾਨ ਤੇਰੇ, ਜਲ ਪੌਣ ਤੇਰੇ ਹਰਿਆਲ ਤੇਰੀ, ਦਰਿਆ ਪਰਬਤ ਮੈਦਾਨ ਤੇਰੇ। ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਦੇ ਪੰਜਾਬ ਬਾਰੇ ਲਿਖੇ ਇਹ ਬੋਲ ਹੁਣ ਫਿੱਕੇ ਪੈਂਦੇ ਜਾਪਦੇ ਹਨ। ਗੁਰੂਆਂ ਪੀਰਾਂ ਦੀ ਵਰੋਸਾਈ...
Advertisement
ਐ ਪੰਜਾਬ ਕਰਾਂ ਕੀ ਸਿਫਤ ਤੇਰੀ,

ਸ਼ਾਨਾਂ ਦੇ ਸਭ ਸਮਾਨ ਤੇਰੇ,

Advertisement

ਜਲ ਪੌਣ ਤੇਰੇ ਹਰਿਆਲ ਤੇਰੀ,

ਦਰਿਆ ਪਰਬਤ ਮੈਦਾਨ ਤੇਰੇ।

ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਦੇ ਪੰਜਾਬ ਬਾਰੇ ਲਿਖੇ ਇਹ ਬੋਲ ਹੁਣ ਫਿੱਕੇ ਪੈਂਦੇ ਜਾਪਦੇ ਹਨ। ਗੁਰੂਆਂ ਪੀਰਾਂ ਦੀ ਵਰੋਸਾਈ ਧਰਤੀ ਜਿੱਥੋਂ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਹੋਕਾ ਦਿੱਤਾ ਗਿਆ ਸੀ, ਉਹ ਅੱਜ ਕਿਹੜੇ ਰਾਹ ਤੁਰ ਪਈ ਹੈ, ਇਹ ਗੰਭੀਰਤਾ ਨਾਲ ਸੋਚਣ ਦਾ ਵੇਲਾ ਹੈ। ਪੰਜਾਬ ਦੇ ਦਰਿਆ, ਪੌਣ, ਪਾਣੀ ਸਭ ਦੂਸ਼ਿਤ ਹੋਇਆ ਪਿਆ ਹੈ। ਇਸ ਨੂੰ ਦੂਸ਼ਿਤ ਕਰਨ ਵਿੱਚ ਬਹੁਤ ਸਾਰੀਆਂ ਧਿਰਾਂ ਨੇ ਹਿੱਸਾ ਪਾਇਆ ਹੈ। ਅੰਨ ਦੀ ਵਧੇਰੇ ਪੈਦਾਵਾਰ ਕਰ ਕੇ ਭਾਵੇਂ ਅਸੀਂ ਅੰਨਦਾਤਾ ਅਖਵਾ ਲਿਆ ਹੈ, ਪਰ ਅਸੀਂ ਖੇਤਾਂ ਵਿੱਚ ਵੱਡੀ ਮਾਤਰਾ ਵਿੱਚ ਨਦੀਨ ਨਾਸ਼ਕ, ਕੀਟ ਨਾਸ਼ਕ, ਖਾਦਾਂ, ਰੇਹਾਂ-ਸਪਰੇਆਂ ਪਾ-ਪਾ ਕੇ ਧਰਤੀ ਨੂੰ ਜ਼ਹਿਰੀਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਧਰਤੀ ਦੀ ਉਪਜਾਊ ਸ਼ਕਤੀ ਤੋਂ ਕਈ ਗੁਣਾ ਵੱਧ ਅਸੀਂ ਫਸਲਾਂ ਲੈਣ ਲਈ ਆਪਣੀ ਪੂਰੀ ਵਾਹ ਲਾਈ ਹੈ। ਜੇ ਅਜਿਹਾ ਵਰਤਾਰਾ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ।

ਇੱਕ ਜਾਂ ਪੌਣੀ ਸਦੀ ਪਹਿਲਾਂ ਦੇ ਪੰਜਾਬ ’ਤੇ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਉਸ ਸਮੇਂ ਹਰ ਪਿੰਡ ਕਸਬੇ ਵਿੱਚ ਛੋਟੇ-ਛੋਟੇ ਜੰਗਲ, ਰੱਖ, ਝਿੜੀਆਂ ਆਮ ਹੁੰਦੀਆਂ ਸਨ। ਕੱਚੀਆਂ ਸੜਕਾਂ ਦੇ ਕਿਨਾਰਿਆਂ, ਨਹਿਰਾਂ ਦੁਆਲੇ, ਸਾਂਝੀਆਂ ਪੰਚਾਇਤੀ ਥਾਵਾਂ ਅਤੇ ਪਸ਼ੂਆਂ ਲਈ ਛੱਡੀਆਂ ਚਰਾਂਦਾ ਵਿੱਚ ਵੀ ਰੁੱਖ ਹੁੰਦੇ ਸਨ। ਹਰ ਪਿੰਡ ਵਿੱਚ ਨਿੰਮ, ਪਿੱਪਲ, ਬੋਹੜ, ਤੂਤ, ਸ਼ਹਿਤੂਤ, ਟਾਹਲੀ, ਕਿੱਕਰ, ਜੰਡ ਕਰੀਰ ਦੇ ਰੁੱਖ ਆਮ ਮਿਲਦੇ ਸਨ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਕਈ-ਕਈ ਰੁੱਖ ਲੱਗੇ ਹੁੰਦੇ ਸਨ ਜਿਨ੍ਹਾਂ ਦੀ ਸੰਘਣੀ ਛਾਂ ਹੇਠ ਬੈਠ ਕੇ ਬਜ਼ੁਰਗ ਆਪਣੇ ਤਜਰਬੇ ਇੱਕ ਦੂਜੇ ਨਾਲ ਸਾਂਝੇ ਕਰਦੇ ਸਨ। ਇਨ੍ਹਾਂ ਬਜ਼ੁਰਗਾਂ ਕੋਲ ਹਰ ਘਰ ਦੀ ਚੰਗੀ ਮਾੜੀ ਗੱਲ ਦੀ ਸੂਚਨਾ ਹੁੰਦੀ ਸੀ ਪਰ ਸਮਾਂ ਬਦਲਿਆ ਅਤੇ ਮਸ਼ੀਨੀ ਯੁੱਗ ਆਇਆ। ਕੁਝ ਦਹਾਕਿਆਂ ਵਿੱਚ ਹੀ ਬਹੁਤ ਵੱਡਾ ਪਰਿਵਰਤਨ ਆ ਗਿਆ ਜੋ 20ਵੀਂ ਸਦੀ ਦੇ ਅੰਤ ਤੱਕ ਸਿਖਰ ਵੱਲ ਵਧਣਾ ਸ਼ੁਰੂ ਹੋ ਗਿਆ ਸੀ। ਹੁਣ ਤਾਂ ਉਸ ਤੋਂ ਵੀ ਅੱਗੇ ਡਿਜੀਟਲ ਯੁੱਗ ਅਤੇ ਮਸਨੂਈ ਬੁੱਧੀ ਦੇ ਯੁੱਗ ਵੱਲ ਅਸੀਂ ਪੁਲਾਂਘਾਂ ਪੁੱਟ ਰਹੇ ਹਾਂ। ਇਸ ਅਰਸੇ ਦੌਰਾਨ ਅਸੀਂ ਜਿੱਥੇ ਬਹੁਤ ਕੁਝ ਕਮਾਇਆ ਹੈ, ਉੱਥੇ ਬਹੁਤ ਕੁਝ ਗਵਾਇਆ ਵੀ ਹੈ।

ਸਭ ਤੋਂ ਵੱਡੀ ਘਾਟ ਜੋ ਸਾਡੇ ਪਿੰਡਾਂ ਵਿੱਚ ਆਈ ਹੈ, ਉਹ ਭਾਈਚਾਰਕ ਸਾਂਝ ਵਿੱਚ ਵੱਡੇ ਪੱਧਰ ’ਤੇ ਕਮੀ ਦੀ ਹੈ। ਪਹਿਲਾਂ ਪਿੰਡ ਦਾ ਪ੍ਰਾਹੁਣਾ ਹਰ ਘਰ ਦਾ ਪ੍ਰਾਹੁਣਾ ਹੁੰਦਾ ਸੀ। ਪਿੰਡ ਦੀ ਹਰ ਧੀ ਸਾਰੇ ਪਿੰਡ ਦੀ ਸਾਂਝੀ ਧੀ ਹੁੰਦੀ ਸੀ, ਪਰ ਹੁਣ ਅਜਿਹਾ ਨਹੀਂ ਰਿਹਾ। ਕੰਮੀਆਂ ਤੇ ਕਿਰਸਾਨਾਂ ਦਾ ਰਿਸ਼ਤਾ ਵੀ ਭਾਈਚਾਰਕ ਸਾਂਝ ਵਾਲਾ ਹੁੰਦਾ ਸੀ। ਦਹਾਕਿਆਂ ਬੱਧੀ ਸ਼ੀਰੀ ਇੱਕੋ ਕਿਰਸਾਨ ਪਰਿਵਾਰ ਨਾਲ ਨਿਭਦੇ ਸਨ। ਪੌਣੀ ਸਦੀ ਪਹਿਲਾਂ ਪਿੰਡਾਂ ਵਿੱਚ ਹਰ ਕੰਮ ਜਿਵੇਂ ਤਰਖਾਣਾ, ਲੁਹਾਰਾ ਕੰਮ ਸੇਪੀ ’ਤੇ ਹੋਇਆ ਕਰਦਾ ਸੀ। ਕਿਸਾਨ ਖੇਤੀ ਦੀਆਂ ਜ਼ਰੂਰਤਾਂ ਜਿਵੇਂ ਦਾਤਰੀ ਦੇ ਦੰਦੇ ਕਢਵਾਉਣੇ, ਰੰਬੇ ਕਹੀਆਂ ਚੰਡਵਾਉਣੇ, ਹਲਾਂ ਨੂੰ ਫਾਲੇ ਲਗਵਾਉਣੇ, ਘਰਾਂ ਦੀਆਂ ਜ਼ਰੂਰੀ ਚੀਜ਼ਾਂ ਮੰਜੇ-ਪੀੜ੍ਹੇ ਬਣਵਾਉਣੇ, ਸਭ ਕੰਮ ਸੇਪੀ ’ਤੇ ਕਰਵਾਉਂਦੇ ਸਨ। ਕੱਪੜੇ ਸਿਉਣ ਵਾਲਾ ਦਰਜ਼ੀ ਸਾਰਾ ਸਾਲ ਜਿ਼ਮੀਦਾਰਾਂ ਦੇ ਕੱਪੜੇ ਸਿਉਂਦਾ ਰਹਿੰਦਾ ਸੀ ਅਤੇ ਹਾੜ੍ਹੀ ਸਾਉਣੀ ਉਸ ਨੂੰ ਫਸਲ ਵਿੱਚੋਂ ਕੁਝ ਨਾ ਕੁਝ ਹਿੱਸਾ ਦਿੱਤਾ ਜਾਂਦਾ ਸੀ। ਵਿਆਹ ਵਾਲੇ ਸਮੇਂ ਦਰਜ਼ੀ ਘਰਾਂ ਵਿੱਚ ਬੈਠ ਜਾਂਦੇ ਸਨ ਅਤੇ ਸਾਰੇ ਪਰਿਵਾਰ ਦੇ ਕੱਪੜੇ ਸਿਉਂਦੇ ਸਨ। ਉਜਰਤ ਵਜੋਂ ਕੁਝ ਅਨਾਜ ਹਾੜ੍ਹੀ ਸਾਉਣੀ ਸੇਪੀ ਕਰਤਾ ਨੂੰ ਦਿੱਤਾ ਜਾਂਦਾ ਸੀ। ਸਾਗ, ਮੂਲੀਆਂ ਅਤੇ ਗੰਨੇ ਪਿੰਡ ਦਾ ਹਰ ਬਾਲ ਬੱਚਾ ਲੈ ਆਉਂਦਾ ਸੀ ਪਰ ਹੁਣ ਇਹ ਵਰਤਾਰਾ ਨਹੀਂ ਰਿਹਾ।

ਹੁਣ ਖੇਤੀ ਵੀ ਇੱਕ ਤਰ੍ਹਾਂ ਦਾ ਧੰਦਾ ਬਣ ਗਿਆ ਹੈ। ਵਿਰਲੇ ਟਾਵੇਂ ਕਿਸਾਨ ਹੀ ਆਪਣੀ ਫ਼ਸਲ ਖੁਦ ਬੀਜਦੇ ਹਨ; ਨਹੀਂ ਤਾਂ ਅਕਸਰ ਕਿਸਾਨ ਆਪਣੀ ਜ਼ਮੀਨ ਠੇਕੇ ’ਤੇ ਦੇ ਕੇ ਸੁਰਖਰੂ ਹੋਣ ਨੂੰ ਵਧੇਰੇ ਤਰਜੀਹ ਦਿੰਦੇ ਹਨ। ਮਹਿੰਗਾਈ ਦੇ ਨਾਲ-ਨਾਲ ਠੇਕੇ ਦੀ ਕੀਮਤ ਵੀ 80-85 ਹਜ਼ਾਰ ਰੁਪਏ ਪ੍ਰਤੀ ਕਿੱਲਾ ਤੱਕ ਪਹੁੰਚ ਗਈ ਹੈ। ਇੰਨਾ ਠੇਕਾ ਦੇ ਕੇ ਕਾਸ਼ਤਕਾਰ ਨੂੰ ਕੀ ਬਚਦਾ ਹੋਵੇਗਾ, ਇਹ ਸੋਚਣ ਦਾ ਵਿਸ਼ਾ ਹੈ। ਫਿਰ ਜ਼ਮੀਨ ਤੋਂ ਵਧੇਰੇ ਝਾੜ ਲੈਣ ਲਈ ਉਹ ਕੀ-ਕੀ ਕਰਦਾ ਹੋਵੇਗਾ, ਇਹ ਉਹੀ ਜਾਣਦਾ ਹੋਵੇਗਾ। ਜੇ ਕੁਦਰਤ ਦਾ ਕਹਿਰ ਵਾਪਰ ਜਾਵੇ ਤਾਂ ਉਸ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।

ਪੰਜਾਬ ਵਿੱਚ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਫੈਲੀ ਹੋਈ ਹੈ। ਇਹ ਭਾਵੇਂ ਸਮੁੱਚੇ ਦੇਸ਼ ਅਤੇ ਵਿਸ਼ਵ ਦਾ ਵਰਤਾਰਾ ਹੋਵੇ, ਪਰ ਅਸੀਂ ਜਿਸ ਖਿੱਤੇ ਵਿੱਚ ਰਹਿੰਦੇ ਹਾਂ, ਸਾਡੇ ਧਿਆਨ ਵਿੱਚ ਉਹੀ ਆਉਂਦਾ ਹੈ। ਚਾਰ ਕੁ ਸਾਲ ਪਹਿਲਾਂ ਸਿਹਤ ਵਿਭਾਗ ਵਿੱਚ ਵਾਰਡ ਸਰਵੈਂਟ (ਦਰਜਾ ਚਾਰ) ਦੀ ਅਸਾਮੀ ਲਈ ਭਰਤੀ ਹੋਈ। ਭਰਤੀ ਦੌਰਾਨ ਐੱਮਟੈੱਕ, ਬੀਟੈੱਕ, ਐੱਮਐੱਡ, ਬੀਐੱਡ, ਬੀ ਫਾਰਮੇਸੀ ਅਤੇ ਹੋਰੀ ਉਚੇਰੀਆਂ ਯੋਗਤਾਵਾਂ ਵਾਲੇ ਮੁੰਡੇ ਕੁੜੀਆਂ ਭਰਤੀ ਹੋਏ। 800 ਅਸਾਮੀਆਂ ਸਨ, ਲੱਖ ਦੇ ਕਰੀਬ ਬੇਰੁਜ਼ਗਾਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦਿੱਤੀ ਸੀ।

ਵੱਖ-ਵੱਖ ਸਰਕਾਰਾਂ ਬੇਰੁਜ਼ਗਾਰਾਂ ਦਾ ਵੱਡੀ ਪੱਧਰ ’ਤੇ ਸ਼ੋਸ਼ਣ ਕਰਦੀਆਂ ਹਨ। ਕਿਸੇ ਵੀ ਮਹਿਕਮੇ ਵਿੱਚ ਅਸਾਮੀਆਂ ਨਿਕਲਦੀਆਂ ਹਨ ਤਾਂ ਲੱਖਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਅਰਜ਼ੀ ਦਿੰਦੇ ਹਨ। ਅਪਲਾਈ ਕਰਨ ਦੇ ਨਾਂ ’ਤੇ ਉਨ੍ਹਾਂ ਤੋਂ ਮੋਟੀ ਫੀਸ ਵਸੂਲੀ ਜਾਂਦੀ ਹੈ। ਭਰਤੀ ਸਿਰੇ ਚੜ੍ਹਨੀ ਹੈ ਜਾਂ ਨਹੀਂ, ਇਹ ਵੱਖਰੀ ਗੱਲ ਹੈ। ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਸਰਕਾਰੀ ਕਾਲਜਾਂ ਦੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਰੱਦ ਕਰ ਦਿੱਤੀ। ਪੱਕੀ ਨੌਕਰੀ ਛੱਡ ਕੇ ਜਦੋਂ ਇਹ ਬੱਚੇ ਖਾਲੀ ਹੱਥ ਘਰਾਂ ਨੂੰ ਮੁੜਨਗੇ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਉੱਪਰ ਕੀ ਗੁਜ਼ਰੇਗੀ? ਬੱਚਿਆਂ ਦੇ ਰਿਸ਼ਤੇ ਅਕਸਰ ਨੌਕਰੀ ਦੇਖ ਕੇ ਕੀਤੇ ਜਾਂਦੇ ਹਨ, ਹੁਣ ਰਿਸ਼ਤੇ ਵੀ ਟੁੱਟਣਗੇ; ਪਹਿਲਾਂ ਵੀ ਕਈ ਰਿਸ਼ਤੇ ਟੁੱਟਦੇ ਸੇਖੇ ਹਨ।

ਪੰਜਾਬ ਵਿੱਚ ਪਰਵਾਸ ਵੀ ਵੱਡੀ ਸਮੱਸਿਆ ਹੈ। ਇੱਥੋਂ ਦੇ ਪੜ੍ਹੇ-ਲਿਖੇ ਲੋਕ ਭੋਇੰ-ਭਾਂਡਾ ਵੇਚ-ਵੱਟ ਕੇ ਜਾਂ ਕੋਈ ਹੋਰ ਜੁਗਾੜ ਕਰ ਕੇ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਹੋਰ ਯੂਰੋਪੀਅਨ ਮੁਲਕਾਂ ਨੂੰ ਜਾਣ ਲਈ ਤਰਲੋ-ਮੱਛੀ ਹਨ। ਸਾਡੇ ਉੱਚ ਯੋਗਤਾ ਪ੍ਰਾਪਤ ਬੱਚੇ ਜਦੋਂ ਬਾਹਰ ਜਾਂਦੇ ਹਨ ਤਾਂ ਬਰੇਨ ਡਰੇਨ ਵੀ ਹੁੰਦਾ ਹੈ ਅਤੇ ਇੱਕ ਬੱਚੇ ਦੇ ਜਾਣ ’ਤੇ ਲੱਖਾਂ ਰੁਪਏ ਖਰਚ ਆਉਂਦੇ ਹਨ। ਜੇਕਰ ਪੜ੍ਹੇ-ਲਿਖੇ ਬੱਚਿਆਂ ਨੂੰ ਇੱਥੇ ਉਨ੍ਹਾਂ ਦੀ ਯੋਗਤਾ ਮੁਤਾਬਿਕ ਰੁਜ਼ਗਾਰ ਮਿਲਦਾ ਹੋਵੇ ਤਾਂ ਪੜ੍ਹਿਆ-ਲਿਖਿਆ ਵਰਗ ਕਦੇ ਵੀ ਬਾਹਰ ਨਾ ਜਾਵੇ। ਮੁਲਕ ਵਿੱਚ ਬੈਠੇ ਉਨ੍ਹਾਂ ਦੇ ਮਾਪੇ ਇਕੱਲ ਭੋਗਦੇ ਹਨ। ਬਾਹਰ ਭੇਜਣ ਦੇ ਨਾਂ ’ਤੇ ਵੀ ਮੁਲਕ ਵਿੱਚ ਵੱਡੇ ਪੱਧਰ ’ਤੇ ਗੋਰਖ ਧੰਦਾ ਚਲਦਾ ਹੈ। ਹਰ ਸ਼ਹਿਰ ਕਸਬੇ ਵਿੱਚ ਆਈਲੈਟਸ ਸੈਂਟਰ ਅਤੇ ਇਮੀਗਰੇਸ਼ਨ ਸੈਂਟਰ ਵੱਡੀ ਗਿਣਤੀ ਵਿੱਚ ਖੁੱਲ੍ਹੇਆਮ ਮਿਲਦੇ ਹਨ ਜੋ ਲੋਕਾਂ ਨੂੰ ਭਰਮਾ ਕੇ ਬੱਚਿਆਂ ਨੂੰ ਬਾਹਰ ਭੇਜਣ ਲਈ ਤਿਆਰ ਕਰਦੇ ਹਨ, ਫਿਰ ਲੱਖਾਂ ਰੁਪਿਆ ਬਟੋਰਦੇ ਹਨ। ਉਹ ਡੌਂਕੀ ਰੂਟ ਅਤੇ ਕਬੂਤਰਬਾਜ਼ੀ ਰਾਹੀਂ ਬੱਚੇ ਬਾਹਰ ਭੇਜਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਹ ਬੱਚਿਆਂ ਨੂੰ ਬਾਹਰ ਭੇਜਣ ਲਈ ਹਰ ਪ੍ਰਕਾਰ ਦੇ ਗ਼ੈਰ-ਕਾਨੂੰਨੀ ਢੰਗ-ਤਰੀਕੇ ਅਮਲ ਵਿੱਚ ਲਿਆਉਂਦੇ ਹਨ। ਵਿਦੇਸ਼ਾਂ ਵਿੱਚ ਹੁਣ ਇਹ ਗੱਲ ਤਕੜੇ ਰੂਪ ਵਿੱਚ ਪ੍ਰਗਟ ਹੋ ਗਈ ਹੈ ਕਿ ਭਾਰਤੀ ਲੋਕ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਮੁਲਕਾਂ ਵਿੱਚ ਪੱਕੇ ਤੌਰ ’ਤੇ ਰਹਿਣਾ ਚਾਹੁੰਦੇ ਹਨ। ਪਹਿਲਾਂ ਜੇ ਕੋਈ ਪਰਵਾਸ ਕਰਦਾ ਸੀ ਤਾਂ ਉਥੋਂ ਕਮਾਈ ਕਰ ਕੇ ਦੇਸ਼ ਭੇਜਦਾ ਸੀ, ਪਰ ਹੁਣ ਇਸ ਤੋਂ ਐਨ ਉਲਟ ਵਾਪਰ ਰਿਹਾ ਹੈ। ਹੁਣ ਜਦ ਵੀ ਕਿਸੇ ਦਾ ਧੀ ਪੁੱਤ ਵਿਦੇਸ਼ ਜਾਂਦਾ ਹੈ, ਕੁਝ ਸਮੇਂ ਬਾਅਦ ਉਸ ਦੇ ਉੱਥੇ ਸੈੱਟ ਹੋਣ ਲਈ ਰਾਹ ਖੁੱਲ੍ਹ ਜਾਂਦਾ ਹੈ ਤਾਂ ਉਹ ਦੇਸ਼ ਵਿੱਚੋਂ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਪੈਸੇ ਵਿਦੇਸ਼ ਭੇਜਦਾ ਹੈ ਤਾਂ ਜੋ ਸਾਰਾ ਪਰਿਵਾਰ ਉੱਥੇ ਜਾ ਸਕੇ।

ਅਣਵੰਡੇ ਪੰਜਾਬ ਦੇ ਮਹਾਨ ਕਵੀਸ਼ਰ ਬਾਬੂ ਰਜਬ ਅਲੀ ਨੇ ਕਦੀ ਲਿਖਿਆ ਸੀ, “ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ” ਪਰ ਹੁਣ ਅਸੀਂ ਕਿੰਨੇ ਨਿਰਮੋਹੇ ਹੋ ਗਏ ਹਾਂ, ਅਸੀਂ ਵਤਨ ਤੋਂ ਦੂਰ ਜਾਣ ਨੂੰ ਤਰਜੀਹ ਦੇ ਰਹੇ ਹਾਂ।

ਪੰਜਾਬ ਵਿੱਚ ਭ੍ਰਿਸ਼ਟਾਚਾਰ ਨੇ ਵੀ ਆਪਣੇ ਪੈਰ ਪਸਾਰੇ ਹੋਏ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਭਾਵੇਂ ਭ੍ਰਿਸ਼ਟ ਕਰਮਚਾਰੀਆਂ ਅਧਿਕਾਰੀਆਂ ਨੂੰ ਫੜਦੀਆਂ ਰਹਿੰਦੀਆਂ ਹਨ, ਕੇਸ ਵੀ ਬਣਦੇ ਹਨ, ਪਰ ਕੁਝ ਸਮੇਂ ਬਾਅਦ ਚੋਰ ਮੋਰੀਆਂ ਰਾਹੀਂ ਵਧੇਰੇ ਕੇਸਾਂ ਵਿੱਚੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਫੜੇ ਅਧਿਕਾਰੀ ਅਤੇ ਕਰਮਚਾਰੀ ਬਰੀ ਹੋ ਜਾਂਦੇ ਹਨ। ਵੱਖ-ਵੱਖ ਦਫਤਰਾਂ ਨਾਲ ਸਾਡਾ ਸਾਰਿਆਂ ਦਾ ਵਾਹ ਪੈਂਦਾ ਹੈ, ਆਮ ਕਰ ਕੇ ਵੱਢੀ ਤੋਂ ਬਿਨਾਂ ਕੰਮ ਸਿਰੇ ਚੜ੍ਹ ਜਾਣਾ ਬਹੁਤ ਵੱਡੀ ਗੱਲ ਹੈ। ਹਰ ਦਫਤਰ ਵਿੱਚ ਦਲਾਲ ਆਮ ਘੁੰਮਦੇ ਹਨ, ਜੋ ਆਮ ਪਬਲਿਕ ਨੂੰ ਕੰਮ ਕਰਵਾਉਣ ਬਹਾਨੇ ਲੁੱਟਦੇ ਹਨ।

ਪੰਜ ਦਰਿਆਵਾਂ ਦੀ ਧਰਤੀ ’ਤੇ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ। ਬਹੁਤ ਪ੍ਰਕਾਰ ਦੇ ਨਸ਼ੇ ਪੰਜਾਬ ਵਿੱਚ ਪ੍ਰਚਲਤ ਹਨ। ਸਰਕਾਰ ਨੇ ਭਾਵੇਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ, ਪਰ ਇਸ ਦਾ ਖਾਤਮਾ ਹੁੰਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਇਹ ਕਾਰੋਬਾਰ ਕਿਸੇ ਨਾ ਕਿਸੇ ਦੀ ਸਰਪ੍ਰਸਤੀ ਬਿਨਾਂ ਸੰਭਵ ਨਹੀਂ ਹੋ ਸਕਦਾ।

ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਛੋਟੇ ਵੱਡੇ ਹਜ਼ਾਰਾਂ ਡੇਰੇ ਅਤੇ ਹੋਰ ਧਾਰਮਿਕ ਸਥਾਨ ਹਨ, ਪਰ ਪਿੰਡਾਂ ਸ਼ਹਿਰਾਂ ਵਿੱਚ ਸਕੂਲਾਂ ਕਾਲਜਾਂ ਦੀ ਗਿਣਤੀ ਬਹੁਤ ਘੱਟ ਹੈ। ਕਿਸੇ ਵਿਰਲੇ ਟਾਵੇਂ ਪਿੰਡ ਹੀ ਗਿਆਨ ਦਾ ਖਜ਼ਾਨਾ ਲਾਇਬ੍ਰੇਰੀ ਦੇ ਦਰਸ਼ਨ ਹੋਣਗੇ। ਕਿਸੇ ਸਮੇਂ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਖੋਲ੍ਹੀਆਂ ਪਬਲਿਕ ਲਾਇਬ੍ਰੇਰੀਆਂ ਵਿੱਚ ਵੱਡੇ ਪੱਧਰ ’ਤੇ ਸਟਾਫ ਦੀ ਘਾਟ ਹੈ। ਇੱਕ-ਇੱਕ ਲਾਇਬ੍ਰੇਰੀਅਨ ਨੂੰ ਕਈ-ਕਈ ਜ਼ਿਲ੍ਹਾ ਪੱਧਰੀ ਲਾਇਬ੍ਰੇਰੀਆਂ ਦਾ ਇੰਚਾਰਜ ਬਣਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ, ਜਾਂ ਫਿਰ ਭਾਸ਼ਾ ਵਿਭਾਗ ਵੱਲੋਂ ਜਿ਼ਲ੍ਹਾ ਭਾਸ਼ਾ ਅਫਸਰ ਜੋ ਸਿੱਖਿਆ ਮਹਿਕਮੇ ਵੱਲੋਂ ਡੈਪੂਟੇਸ਼ਨ ’ਤੇ ਗਏ ਹੋਏ ਹਨ, ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਇਨ੍ਹਾਂ ਦੀ ਜਿ਼ੰਮੇਵਾਰੀ ਦਿੱਤੀ ਹੋਈ ਹੈ।

ਹਰ ਪਿੰਡ ਸ਼ਹਿਰ ਵਿੱਚ ਬਹੁਤ ਸਾਰੇ ਸਿਆਣੇ ਲੋਕ ਪੁੱਛਾਂ ਦੇਣ ਦਾ ਧੰਦਾ ਕਰਦੇ ਆਮ ਮਿਲਦੇ ਹਨ ਅਤੇ ਆਮ ਜਨਤਾ ਉਨ੍ਹਾਂ ਦੁਆਲੇ ਚੱਕਰ ਕੱਟਦੀ ਰਹਿੰਦੀ ਹੈ। ਸਰਕਾਰਾਂ ਦੀ ਮਨਸ਼ਾ ਹਮੇਸ਼ਾ ਅਜਿਹੀ ਰਹੀ ਹੈ ਕਿ ਲੋਕ ਜਾਗਰੂਕ ਨਾ ਹੋਣ, ਉਹ ਇਧਰ ਉਧਰ ਭਟਕਦੇ ਰਹਿਣ ਅਤੇ ਰਾਜਸੀ ਲੋਕਾਂ ਦਾ ਧੰਦਾ ਨਿਰਵਿਘਨ ਚੱਲਦਾ ਰਹੇ। ਸਰਕਾਰ ਨੂੰ ਜਨਤਾ ਦੀਆਂ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਹਸਪਤਾਲਾਂ ਵਿੱਚ ਮਨੋਰੋਗ ਦੇ ਮਾਹਿਰ ਡਾਕਟਰਾਂ ਦੀ ਭਰਤੀ ਕਰਨੀ ਚਾਹੀਦੀ ਹੈ।

ਸਰਕਾਰੀ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ, ਆਮ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ। ਬਹੁਤ ਸਾਰੇ ਹਸਪਤਾਲਾਂ ਵਿੱਚ ਸੀਨੀਅਰ ਮੈਡੀਕਲ ਅਫਸਰਾਂ ਦੀਆਂ ਅਸਾਮੀਆਂ ਸਾਲਾਂ ਬੱਧੀ ਖਾਲੀ ਰਹਿੰਦੀਆਂ ਹਨ। ਸਿੱਖਿਆ ਮਹਿਕਮੇ ਦਾ ਹਾਲ ਵੀ ਇਸ ਤੋਂ ਕੋਈ ਵੱਖਰਾ ਨਹੀਂ। ਪ੍ਰਿੰਸੀਪਲ ਅਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਸੈਂਕੜਿਆਂ ਦੀ ਗਿਣਤੀ ਵਿੱਚ ਖਾਲੀ ਹਨ। ਬਾਕੀ ਮਹਿਕਮਿਆਂ ਦਾ ਵੀ ਇਹੀ ਹਾਲ ਹੈ। ਸਰਕਾਰਾਂ ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ ਮਹਿਕਮਿਆਂ ਵਿੱਚ ਭਰਤੀ ਕਰਨ ਬਾਰੇ ਦਾਅਵੇ ਕਰਦੀਆਂ ਹਨ ਅਤੇ ਆਪਣੀ ਪਿੱਠ ਵੀ ਥਪ-ਥਪਾਉਂਦੀਆਂ ਰਹਿੰਦੀਆਂ ਹਨ। ਸਰਕਾਰਾਂ ਵੱਖ-ਵੱਖ ਵਰਗਾਂ ਨੂੰ ਖੈਰਾਤਾਂ ਦੇ ਕੇ ਵੀ ਭਰਮਾਉਂਦੀਆਂ ਹਨ। ਮੁਫਤਖੋਰੀ ਦੀ ਆਦਤ ਸਭ ਤੋਂ ਬੁਰੀ ਬਿਮਾਰੀ ਹੈ।

ਸੰਪਰਕ: 97812-00168

Advertisement