ਵਿਦਯੁਤ ਜਾਮਵਾਲ ਹੌਲੀਵੁੱਡ ’ਚ ਕਰੇਗਾ ਫਿਲਮੀ ਸਫ਼ਰ ਦੀ ਸ਼ੁਰੂਆਤ
ਬੌਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ ਫਿਲਮ ‘ਕਮਾਂਡੋ’ ਦੀ ਲੜੀ ਵਿੱਚ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਦਾਕਾਰ ਜਾਮਵਾਲ ਹੁਣ ਹੌਲੀਵੁੱਡ ਵਿੱਚ ਆਪਣੇ ਫਿਲਮ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉਹ ਫਿਲਮ ਐਕਸ਼ਨ ਫਿਲਮ ‘ਸਟਰੀਟ ਫਾਈਟਰ’ ਵਿੱਚ ਨਜ਼ਰ ਆਵੇਗਾ। ਮਨੋਰੰਜਨ ਨਿਊਜ਼ ਆਊਟਲੈੱਟ ਡੈੱਡਲਾਈਨ ਅਨੁਸਾਰ 44 ਸਾਲਾ ਅਦਾਕਾਰ ਇਸ ਫਿਲਮ ਵਿੱਚ ਧਾਲਸਿਮ ਦਾ ਕਿਰਦਾਰ ਅਦਾ ਕਰੇਗਾ। ਇਹ ਫਿਲਮ ਕੈਪਕਾਮ ਦੀ ਇਸੇ ਨਾਲ ਵਾਲੀ ਵੀਡੀਓ ਗੇਮ ’ਤੇ ਆਧਾਰਿਤ। ਫਿਲਮ ‘ਸਟ੍ਰੀਟ ਫਾਈਟਰ’ ਦਾ ਨਿਰਦੇਸ਼ਨ ਕਿਤਾਓ ਸਾਕੁਰਾਈ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ‘ਬੈਡ ਟ੍ਰਿਪ’ ਅਤੇ ‘ਆਰਡਵਰਕ’ ਦਾ ਨਿਰਦੇਸ਼ਨ ਕੀਤਾ ਸੀ ਜਿਨ੍ਹਾਂ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਫਿਲਮ ਵਿੱਚ ਵਿਦਯੁਤ ਦੇ ਵਿਰੋਧ ਵਿੱਚ ਡੇਵਿਡ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਐਂਡਰਿਊ ਕੋਜੀ, ਨੋਹ ਸੈਂਟੀਨਿਓ, ਜੇਸਨ ਮੋਮੋਆ, ਓਰਵਿਲ ਪੈਕ ਆਦਿ ਵੀ ਦਿਖਾਈ ਦੇਣਗੇ। ਇਸ ਵੀਡੀਓ ਗੇਮ ਸੀਰੀਜ਼ ਨੂੰ ਅਧਿਕਾਰਤ ਤੌਰ ’ਤੇ ਸਾਲ 1987 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਨੂੰ ਐਮ ਬਾਇਸਨ ਵੱਲੋਂ ਇੱਕ ਆਲਮੀ ਪੱਧਰ ਦੇ ਲੜਾਈ ਟੂਰਨਾਮੈਂਟ ਵਜੋਂ ਸ਼ੁਰੂ ਕੀਤਾ ਗਿਆ ਸੀ। ਇਹ ਲੜਾਕੂਆਂ ਦੇ ਸਮੂਹਾਂ ਵਿੱਚ ਆਹਮੋ-ਸਾਹਮਣੀ ਲੜਾਈ ਦੇ ਦੁਆਲੇ ਘੁੰਮਦੀ ਕਹਾਣੀ ’ਤੇ ਆਧਾਰਿਤ ਹੈ। ਲਾਂਚ ਤੋਂ ਬਾਅਦ ਇਸ ਦੇ 55 ਮਿਲੀਅਨ ਯੂਨਿਟ ਵੇਚੇ ਗਏ ਸਨ। ਜਾਮਵਾਲ ਹਾਲ ਹੀ ਵਿੱਚ ‘ਕਰੈਕ: ਜੀਤੇਗਾ ਤੋਂ ਜੀਏਗਾ’ ਵਿੱਚ ਨਜ਼ਰ ਆਇਆ ਸੀ। ਇਸ ਵਿੱਚ ਐਮੀ ਜੈਕਸਨ, ਅਰਜੁਨ ਰਾਮਪਾਲ ਅਤੇ ਨੋਰਾ ਫਤੇਹੀ ਨੇ ਅਹਿਮ ਕਿਰਦਾਰ ਅਦਾ ਕੀਤੇ ਸਨ। ਇਸ ਫਿਲਮ ਦਾ ਨਿਰਦੇਸ਼ਨ ਅਦਿਤਿਆ ਦੱਤ ਨੇ ਕੀਤਾ ਸੀ। ਇਹ ਫਿਲਮ 23 ਫਰਵਰੀ 2024 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ।