‘ਦ੍ਰਿਸ਼ਯਮ 3’ ਅਕਤੂਬਰ ਵਿੱਚ ਹੋਵੇਗੀ ਰਿਲੀਜ਼
ਨਵੀਂ ਦਿੱਲੀ: ਮਲਿਆਲਮ ਸਿਨੇਮਾ ਦੇ ਸੁਪਰਸਟਾਰ ਮੋਹਨਲਾਲ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ‘ਦ੍ਰਿਸ਼ਯਮ 3’ ਇਸ ਸਾਲ ਅਕਤੂਬਰ ਵਿੱਚ ਰਿਲੀਜ਼ ਹੋਵੇਗੀ। ‘ਆਸ਼ੀਰਵਾਦ ਸਿਨੇਮਾ’ ਦੇ ਬੈਨਰ ਹੇਠ ਐਂਟਨੀ ਪੇਰੰਬਵੂਰ ਵੱਲੋਂ ਬਣਾਈ ਇਹ ਫਿਲਮ ‘ਦ੍ਰਿਸ਼ਯਮ’ ਲੜੀ ਦੀ ਤੀਜੀ ਫਿਲਮ ਹੈ। ਇਸ ਲੜੀ ਦੀ ਪਹਿਲੀ ਫਿਲਮ ਸਾਲ 2013 ਵਿੱਚ ਰਿਲੀਜ਼ ਹੋਈ ਸੀ। ਇਸ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਸਫਲਤਾ ਹਾਸਲ ਕੀਤੀ ਸੀ। ਇਸ ਦਾ ਸੀਕੁਅਲ ‘ਦ੍ਰਿਸ਼ਯਮ 2’ ਸਾਲ 2022 ਵਿੱਚ ਆਇਆ ਸੀ। ਮੋਹਨਲਾਲ ਨੇ ਸ਼ਨਿਚਰਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਫ਼ਿਲਮ ਅਕਤੂਬਰ ਵਿੱਚ ਰਿਲੀਜ਼ ਹੋਣ ਦਾ ਐਲਾਨ ਕੀਤਾ। ਵੀਡੀਓ ਵਿੱਚ ਪਹਿਲਾਂ ਅਦਾਕਾਰ ਦਾ ਚਿਹਰਾ ਦਿਖਾਇਆ ਗਿਆ ਅਤੇ ਫਿਰ ਲਿਖਿਆ ਹੈ, ‘ਜਲਦੀ ਆ ਰਿਹਾ ਹੈ। ਲਾਈਟਸ। ਕੈਮਰਾ। ਅਕਤੂਬਰ।’’ ਫਿਲਮ ਦਾ ਨਿਰਦੇਸ਼ਨ ਜੀਤੂ ਜੋਸਫ਼ ਨੇ ਕੀਤਾ ਹੈ। ‘ਦ੍ਰਿਸ਼ਯਮ’ ਨੂੰ ਕਾਫ਼ੀ ਸਫਲਤਾ ਅਤੇ ਪ੍ਰਸ਼ੰਸਾ ਮਿਲੀ ਸੀ, ਜਿਸ ਮਗਰੋਂ ਇਸ ਦਾ ਕਈ ਭਾਸ਼ਾਵਾਂ ਜਿਵੇਂ ਹਿੰਦੀ, ਤਾਮਿਲ, ਤੇਲਗੂ, ਕੰਨੜ, ਮੈਂਡਰਿਨ (ਚੀਨੀ) ਅਤੇ ਸਿੰਹਲੀ (ਸ੍ਰੀਲੰਕਾ) ਵਿੱਚ ‘ਰੀਮੇਕ’ ਕੀਤਾ ਗਿਆ। -ਪੀਟੀਆਈ