ਦਿਲਜੀਤ ਦੁਸਾਂਝ ਵੱਲੋਂ ਫਿਲਮ ‘ਬਾਰਡਰ 2’ ਦੀ ਸ਼ੂਟਿੰਗ ਮੁਕੰਮਲ
ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ ਆਪਣੀ ਆਉਣ ਵਾਲੀ ਫਿਲਮ ‘ਬਾਰਡਰ 2’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫ਼ਿਲਮ ਵਿੱਚ ਦਿਲਜੀਤ ਨਾਲ ਬੌਲੀਵੁੱਡ ਅਦਾਕਾਰ ਸੰਨੀ ਦਿਓਲ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਵੀ ਨਜ਼ਰ ਆਉਣਗੇ। ਦਿਲਜੀਤ ਨੇ ਇੰਸਟਾਗ੍ਰਾਮ ਦੇ ਫਿਲਮ ਦੀ ਸ਼ੂਟਿੰਗ ਨੇਪਰੇ ਚੜ੍ਹਨ ਸਬੰਧੀ ਅੱਜ ਵੀਡੀਓ ਸਾਂਝੀ ਕੀਤੀ ਹੈ। ਇਸ ਫਿਲਮ ਵਿੱਚ ਦਿਲਜੀਤ ਨੇ ਸ਼ਹੀਦ ਨਿਰਮਲਜੀਤ ਸਿੰੰਘ ਸੇਖੋਂ ਦਾ ਕਿਰਦਾਰ ਨਿਭਾਇਆ ਹੈ। ਦਿਲਜੀਤ ਨੇ ਇੰਸਟਾਗ੍ਰਾਮ ’ਤੇ ਆਖਿਆ, ‘‘ਫਿਲਮ ‘ਬਾਰਡਰ 2’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਇਸ ਫ਼ਿਲਮ ’ਚ ਮੈਨੂੰ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ।’’ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਦਿਲਜੀਤ ਆਪਣੇ ਸਾਥੀ ਕਲਾਕਾਰਾਂ ਤੇ ਹੋਰ ਅਮਲੇ ਨੂੰ ਮਠਿਆਈ ਵੰਡਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਹ ਸਾਲ 1997 ’ਚ ਰਿਲੀਜ਼ ਹੋਣ ਵਾਲੀ ਫਿਲਮ ‘ਬਾਰਡਰ’ ਦਾ ਅਗਲਾ ਭਾਗ ਹੈ। ਇਸ ਦੇ ਪਹਿਲੇ ਭਾਗ ਵਿੱਚ ਸੰਨੀ ਦਿਓਲ ਨਾਲ ਸੁਨੀਲ ਸ਼ੈੱਟੀ, ਜੈਕੀ ਸ਼ਰਾਫ਼ ਤੇ ਅਕਸ਼ੈ ਖੰਨਾ ਅਹਿਮ ਭੂਮਿਕਾਵਾਂ ਵਿੱਚ ਸਨ। ਫਿਲਮ ‘ਬਾਰਡਰ’ ਨੇ ਵਿਸ਼ਵ ਭਰ ਵਿੱਚ 60 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਇਹ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ’ਤੇ ਆਧਾਰਿਤ ਸੀ ਜਿਸ ’ਚ ਸੁਦੇਸ਼ ਬੇਰੀ ਤੇ ਪੁਨੀਤ ਇੱਸਰ ਅਹਿਮ ਭੂਮਿਕਾਵਾਂ ਵਿੱਚ ਸਨ। ਜਾਣਕਾਰੀ ਅਨੁਸਾਰ ਫਿਲਮ ‘ਬਾਰਡਰ 2’ ਸਾਲ 2026 ’ਚ 23 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਤੇ ਨਿਧੀ ਦੱਤਾ ਨੇ ਪ੍ਰੋਡਿਊਸ ਕੀਤਾ ਹੈ।