ਧਰਮਿੰਦਰ ਤੇ ਅਰਬਾਜ਼ 27 ਵਰ੍ਹਿਆਂ ਮਗਰੋਂ ਪਰਦੇ ’ਤੇ ਮੁੜ ਇਕੱਠੇ ਨਜ਼ਰ ਆਉਣਗੇ
ਮੁੰਬਈ: ਉੱਘੇ ਬੌਲੀਵੁੱਡ ਅਦਾਕਾਰ ਧਰਮਿੰਦਰ ਅਤੇ ਅਰਬਾਜ਼ ਖ਼ਾਨ ਆਉਣ ਵਾਲੀ ਫ਼ਿਲਮ ‘ਮੈਨੇ ਪਿਆਰ ਕੀਆ ਫਿਰ ਸੇ’ ਵਿੱਚ 27 ਸਾਲਾਂ ਬਾਅਦ ਮੁੜ ਪਰਦੇ ’ਤੇ ਇਕੱਠੇ ਨਜ਼ਰ ਆਉਣਗੇ। ਇਹ ਦੋਵੇਂ ਆਖਰੀ ਵਾਰ 1998 ਵਿੱਚ ਫ਼ਿਲਮ ‘ਪਿਆਰ ਕੀਆ ਤੋ ਡਰਨਾ ਕਿਆ’ ਵਿੱਚ ਇਕੱਠੇ ਨਜ਼ਰ ਆਏ ਸਨ। ਫ਼ਿਲਮ ‘ਮੈਨੇ ਪਿਆਰ ਕੀਆ ਫਿਰ ਸੇ’ ਦੇ ਨਿਰਮਾਤਾ ਪਰਲ ਗਰੁੱਪ ਆਫ ਕੰਪਨੀਜ਼ ਦੇ ਸੀਐੱਮਡੀ ਅਤੇ ਸਿਨੇਬਸਟਰ ਮੈਗਜ਼ੀਨ ਪ੍ਰਾਈਵੇਟ ਲਿਮਟਿਡ ਦੇ ਮਾਲਕ ਰੌਨੀ ਰੌਡਰਿਗਜ਼ ਹਨ।
ਨਿਰਮਾਤਾਵਾਂ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਫ਼ਿਲਮ ਦਾ ਮਹੂਰਤ ਹਾਲ ਹੀ ਦੌਰਾਨ ਮੁੰਬਈ ’ਚ ਕਈ ਕਲਾਕਾਰਾਂ ਦੀ ਹਾਜ਼ਰੀ ’ਚ ਹੋਇਆ। ਧਰਮਿੰਦਰ ਨੇ ਫ਼ਿਲਮ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ, ‘‘ਮੈਨੇ ਪਿਆਰ ਕੀਆ ਫਿਰ ਸੇ’ ਰੌਚਕ ਤੇ ਮਨੋਰੰਜਨ ਭਰਪੂਰ ਫ਼ਿਲਮ ਹੈ। ਰੌਨੀ ਰੌਡਰਿਗਜ਼ ਤੇ ਉਨ੍ਹਾਂ ਦੀ ਟੀਮ ਨੂੰ ਸ਼ੁੱਭਕਾਮਨਾਵਾਂ। ਇਸ ਤੋਂ ਪਹਿਲਾਂ ‘ਪਿਆਰ ਕੀਆ ਤੋ ਡਰਨਾ ਕਿਆ’ ਵਿੱਚ ਅਰਬਾਜ਼ ਖ਼ਾਨ ਨਾਲ ਕੰਮ ਕਰ ਕੇ ਬਹੁਤ ਵਧੀਆ ਲੱਗਾ ਸੀ ਤੇ ਹੁਣ ਮੈਂ ਇਸ ਨਵੇਂ ਸਫ਼ਰ ਲਈ ਉਤਸ਼ਾਹਿਤ ਹਾਂ।’’ ਅਰਬਾਜ਼ ਖ਼ਾਨ ਨੇ ਕਿਹਾ, ‘‘ਉੱਘੇ ਅਦਾਕਾਰ ਧਰਮਿੰਦਰ ਨਾਲ ਮੁੜ ਕੰਮ ਕਰਕੇ ਲੱਗਦਾ ਹੈ ਕਿ ਮੇਰਾ ਫ਼ਿਲਮੀ ਸਫ਼ਰ ਪੂੁਰਾ ਹੋ ਗਿਆ ਹੈ। ਧਰਮ ਜੀ ਨਾਲ ਸੈੱਟ ’ਤੇ ਮੁੜ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਹ ਆਪਣੇ ਆਪ ’ਚ ਇੱਕ ਸੰਸਥਾ ਹਨ।’’ ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਰਹੀ ਹੈ ਅਤੇ ਇਸ ਦੇ ਨਵੰਬਰ ਮਹੀਨੇ ਰਿਲੀਜ਼ ਹੋਣ ਦੀ ਉਮੀਦ ਹੈ। -ਏਐੱਨਆਈ