ਦੀਪਿਕਾ ਨੇ ਬਰੈਡ ਪਿਟ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ
ਮੁੰਬਈ: ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੀ ਫਿਲਮ ‘ਐੱਫ ਵਨ’ ਦੇ ਰਿਲੀਜ਼ ਤੋਂ ਬਾਅਦ ਹੌਲੀਵੁੱਡ ਸੁਪਰਸਟਾਰ ਬਰੈਡ ਪਿਟ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਹਨ। ਬਰੈਡ ਪਿਟ ਵੱਲੋਂ ਫਿਲਮ ’ਚ ਕੀਤੀ ਸ਼ਾਨਦਾਰ ਅਦਾਕਾਰੀ ਬਾਰੇ ਦੀਪਿਕਾ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ ਅਤੇ ਉਸ ਦੀ ਕਾਫੀ ਤਾਰੀਫ਼ ਕੀਤੀ ਹੈ। ਦੱਸਣਯੋਗ ਹੈ ਕਿ 27 ਜੂਨ ਨੂੰ ਕੌਮਾਂਤਰੀ ਪੱਧਰ ’ਤੇ ਰਿਲੀਜ਼ ਹੋਈ ‘ਐੱਫ ਵਨ’ ਨੇ ਦਰਸ਼ਕਾਂ ਤੇ ਆਲੋਚਕਾਂ ਦੋਵਾਂ ਤੋਂ ਕਾਫ਼ੀ ਪ੍ਰਸ਼ੰਸਾ ਹਾਸਲ ਕੀਤੀ ਹੈ। ਜੋਸਫ਼ ਕੋਸਿੰਸਕੀ ਵੱਲੋਂ ਨਿਰਦੇਸ਼ਿਤ ਇਹ ਫਿਲਮ ਬਰੈਡ ਪਿਟ ਵੱਲੋਂ ਨਿਭਾਏ ਕਿਰਦਾਰ ਸੋਨੀ ਹੇਅਜ਼ ਦੀ ਕਹਾਣੀ ਬਿਆਨ ਕਰਦੀ ਹੈ। ਸੋਨੀ ਹੇਅਜ਼ ਤਜਰਬੇਕਾਰ ਫਾਰਮੂਲਾ ਵਨ ਡਰਾਈਵਰ ਹੈ, ਜੋ 30 ਸਾਲਾਂ ਮਗਰੋਂ ਖੇਡ ਵਿੱਚ ਵਾਪਸੀ ਕਰਦਾ ਹੈ। ਇਹ ਫਿਲਮ ਫਾਰਮੂਲਾ ਵਨ ਦੇ ਦਿੱਗਜ਼ ਲੁਈਸ ਹੈਮਿਲਟਨ ਦੇ ਸਹਿਯੋਗ ਨਾਲ ਬਣਾਈ ਗਈ ਹੈ। ਦੱਸਣਯੋਗ ਹੈ ਕਿ ਲੰਡਨ ਵਿੱਚ ਕੀਤੇ ਗਏ ਫਿਲਮ ਦੇ ਪ੍ਰੀਮੀਅਰ ਦੌਰਾਨ ਦਰਸ਼ਕਾਂ ਦਾ ਉਤਸ਼ਾਹ ਵੇਖਣ ਵਾਲਾ ਸੀ, ਜਿਸ ਵਿੱਚ ਟੌਮ ਕਰੂਜ਼ ਵਰਗੇ ਸੁਪਰਸਟਾਰਾਂ ਨੇ ਸ਼ਮੂਲੀਅਤ ਕੀਤੀ ਸੀ। ‘ਐੱਫ ਵਨ’ ਵਿੱਚ ਡੈਮਸਨ ਇਦਰੀਸ, ਕੈਰੀ ਕੌਂਡਨ, ਜੇਵੀਅਰ ਬਾਰਡੇਮ, ਟੋਬੀਅਸ ਮੇਂਜ਼ੀਸ, ਸਾਰਾਹ ਨਾਈਲਜ਼ ਅਤੇ ਹੋਰ ਸ਼ਾਮਲ ਹਨ। ਨਿਰਮਾਤਾ ਜੈਰੀ ਬਰੁਕਹਾਈਮਰ ਅਤੇ ਲੇਵਿਸ ਹੈਮਿਲਟਨ ਵੱਲੋਂ ਬਣਾਈ ਫਿਲਮ ‘ਐੱਫ ਵਨ’ ਵਿੱਚ ਐੱਡ ਸ਼ਿਰੀਨ, ਰੋਜ਼ ਅਤੇ ਰੇਅ ਵਰਗੇ ਕਲਾਕਾਰਾਂ ਦੇ ਟਰੈਕ ਸ਼ਾਮਲ ਹਨ। -ਏਐੱਨਆਈ