ਬਰਤਾਨਵੀ ਗਾਇਕ ਨੇ ਬੰਨ੍ਹੇ ਅਰਿਜੀਤ ਸਿੰਘ ਦੀ ਤਾਰੀਫ਼ ਦੇ ਪੁਲ
ਪ੍ਰਸਿੱਧ ਬਰਤਾਨਵੀ ਗਾਇਕ ਐਡ ਸ਼ੀਰਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਬੌਲੀਵੁੱਡ ਸੰਗੀਤਕਾਰ ਅਰਿਜੀਤ ਸਿੰਘ ਦੀ ਤਾਰੀਫ਼ ਦੇ ਪੁਲ ਬੰਨ੍ਹੇ ਹਨ। ਐਡ ਸ਼ੀਰਨ ਨੇ ਆਖਿਆ ਕਿ ਉਸ ਨੇ ਪੰਜਾਬੀ ’ਚ ਗਾਉਣਾ ਅਤੇ ਸਿਤਾਰ ਵਜਾਉਣਾ ਅਰਿਜੀਤ ਕੋਲੋਂ ਸਿੱਖਿਆ ਹੈ। ਜਾਣਕਾਰੀ ਅਨੁਸਾਰ ਜੂਨ ’ਚ ਰਿਲੀਜ਼ ਹੋਏ ਗੀਤ ‘ਸਫਾਇਰ’ ਵਿੱਚ ਸ਼ੀਰਨ ਤੇ ਅਰਿਜੀਤ ਸਿੰਘ ਨੇ ਇਕੱਠੇ ਕੰਮ ਕੀਤਾ ਹੈ। ਗੀਤ ‘ਸ਼ੇਪ ਆਫ਼ ਯੂ’ ਨਾਲ ਮਕਬੂਲ ਹੋਏ ਗਾਇਕ ਸ਼ੀਰਨ ਨੇ ਆਪਣੇ ਇੰਸਟਾਗ੍ਰਾਮ ’ਤੇ ਅਰਿਜੀਤ ਸਿੰਘ ਨਾਲ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਸ਼ੀਰਨ ਦੇ ਭਾਰਤ ਦੌਰੇ ਦੀ ਹੈ। ਸ਼ੀਰਨ ਨੇ ਆਖਿਆ,‘ਮੇਰੇ ਕਰੀਅਰ ਦੇ ਚੰਗੇ ਪਲਾਂ ’ਚੋਂ ਇੱਕ ਆਪਣੇ ਪਿਤਾ ਨਾਲ ਜੀਆਗੰਜ ਅਜ਼ੀਮਗੰਜ ਦਾ ਦੌਰਾ ਕਰਨਾ ਅਤੇ ਗੀਤ ‘ਸਫਾਇਰ’ ਲਈ ਅਰਿਜੀਤ ਨੂੰ ਮਿਲਣਾ ਸੀ। ਇਹ ਦੌਰਾ 24 ਘੰਟੇ ਦਾ ਸੀ ਅਤੇੇ ਉਥੇ ਜਾ ਕੇ ਸੰਗੀਤਕ ਯਾਤਰਾ ਦਾ ਅਹਿਸਾਸ ਹੋਇਆ। ਅਰਿਜੀਤ ਨੇ ਸਾਨੂੰ ਕੌਫੀ ਪਿਆਈ। ਫਿਰ ਜਦੋਂ ਅਸੀਂ ਸਟੂਡੀਓ ਵਿੱਚ ਗਏ ਤਾਂ ਉਸ ਨੇ ਮੈਨੂੰ ਪੰਜਾਬੀ ’ਚ ਗਾਉਣਾ ਅਤੇ ਥੋੜ੍ਹਾ ਜਿਹਾ ਸਿਤਾਰ ਵਜਾਉਣਾ ਸਿਖਾਇਆ। ਅਸੀਂ ਸੰਗੀਤ ਬਾਰੇ ਖੂਬ ਗੱਲਬਾਤਾਂ ਕੀਤੀਆਂ। ਸੱਚਮੁੱਚ ਇਹ ਮੇਰੇ ਸੰਗੀਤਕ ਕਰੀਅਰ ਦੇ ਸਫ਼ਰ ਦਾ ਅਹਿਮ ਦਿਨ ਸੀ। ਮੈਨੂੰ ਗੀਤ ‘ਸਫਾਇਰ’ ਬਹੁਤ ਪਸੰਦ ਹੈ ਅਤੇ ਇਹ ਗੀਤ ਮੈਂ ਰੋਜ਼ਾਨਾ ਸਵੇਰੇ ਆਪਣੀਆਂ ਧੀਆਂ ਨਾਲ ਸੁਣਦਾ ਹਾਂ, ਕਿਉਂਕਿ ਮੈਨੂੰ ਅਰਿਜੀਤ ਦੀ ਆਵਾਜ਼ ਬਹੁਤ ਪਸੰਦ ਹੈ।’’