ਬਲੀਦਾਨ ਨੂੰ ਸਿਜਦਾ
ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਵੱਲੋਂ ਪਰਮਵੀਰ ਚੱਕਰ ਨਾਲ ਸਨਮਾਨਿਤ ਮੇਜਰ ਰਾਮਾਸਵਾਮੀ ਪਰਮੇਸ਼ਵਰਨ ਦੇ ਬਲੀਦਾਨ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਜੰਗੀ ਯਾਦਗਾਰ ’ਤੇ ਫੁੱਲਾਂ ਦੀ ਮਾਲਾ ਭੇਟ ਕਰਨਾ ਇੱਕ ਮਹੱਤਵਪੂਰਨ ਪਲ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ...
ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਵੱਲੋਂ ਪਰਮਵੀਰ ਚੱਕਰ ਨਾਲ ਸਨਮਾਨਿਤ ਮੇਜਰ ਰਾਮਾਸਵਾਮੀ ਪਰਮੇਸ਼ਵਰਨ ਦੇ ਬਲੀਦਾਨ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਜੰਗੀ ਯਾਦਗਾਰ ’ਤੇ ਫੁੱਲਾਂ ਦੀ ਮਾਲਾ ਭੇਟ ਕਰਨਾ ਇੱਕ ਮਹੱਤਵਪੂਰਨ ਪਲ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ਰਧਾਂਜਲੀ ਭੇਟ ਕਰਦਿਆਂ ਇੱਕ ਸੰਦੇਸ਼ ਲਿਖਿਆ ਹੈ। ਭਾਵੇਂ ਦੇਰ ਨਾਲ ਹੀ ਸਹੀ, ਇਹ ਸਾਂਝੀਆਂ ਕੋਸ਼ਿਸ਼ਾਂ ਸ੍ਰੀਲੰਕਾ ਵਿੱਚ ਅਪਰੇਸ਼ਨ ‘ਪਵਨ’ ਦੌਰਾਨ ਸ਼ਹੀਦ ਹੋਏ 1,171 ਭਾਰਤੀ ਸੈਨਿਕਾਂ ਨੂੰ ਢੁੱਕਵਾਂ ਸਨਮਾਨ ਦੇਣ ਦਾ ਯਤਨ ਹਨ। ਉਹ ਸੈਨਿਕ ਕਾਰਵਾਈ ਜਿਸ ’ਚ 3,000 ਤੋਂ ਵੱਧ ਜਵਾਨ ਜ਼ਖ਼ਮੀ ਹੋਏ ਸਨ ਅਤੇ ਕਈਆਂ ਨੂੰ ਵੀਰਤਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ, ਨੂੰ ਅਕਸਰ ‘ਭੁੱਲੀ-ਵਿਸਰੀ ਜੰਗ’ ਕਿਹਾ ਜਾਂਦਾ ਹੈ। 1987 ਦੀ ਭਾਰਤੀ ਸ਼ਾਂਤੀ ਸੈਨਾ (ਆਈਪੀਕੇਐਫ) ਦੇ ਸਾਬਕਾ ਫ਼ੌਜੀਆਂ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਸਹੀ ਢੰਗ ਨਾਲ ਮਾਨਤਾ ਦਿੱਤੀ ਜਾਵੇ।
ਕੋਲੰਬੋ ਵਿੱਚ ਆਈ ਪੀ ਕੇ ਐੱਫ ਅਤੇ ਪਾਲਾਲੀ ਵਿੱਚ 10 ਪੈਰਾ ਯੂਨਿਟ ਦੀ ਇੱਕ ਯਾਦਗਾਰ ਹੈ, ਪਰ ਭਾਰਤ ਵਿੱਚ ਅਜਿਹੀ ਕੋਈ ਯਾਦਗਾਰ ਨਹੀਂ ਹੈ। ਆਈ ਪੀ ਕੇ ਐੱਫ ਦੇ ਸਾਬਕਾ ਸੈਨਿਕ, ਵਿਧਵਾਵਾਂ ਅਤੇ ਪਰਿਵਾਰ ਰਾਸ਼ਟਰੀ ਜੰਗੀ ਯਾਦਗਾਰ ’ਤੇ ਆਪਣੇ ਪੱਧਰ ’ਤੇ ਯਾਦਗਾਰੀ ਸਮਾਰੋਹ ਕਰਦੇ ਕਰਾਉਂਦੇ ਰਹੇ ਹਨ। ਉਹ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ 1971 ਦੀ ਬੰਗਲਾਦੇਸ਼ ਮੁਕਤੀ ਜੰਗ ਅਤੇ 1999 ਦੀ ਕਾਰਗਿਲ ਜੰਗ ਦੇ ਯਾਦਗਾਰੀ ਸਮਾਗਮਾਂ ਦੀ ਤਰ੍ਹਾਂ ਅਪਰੇਸ਼ਨ ‘ਪਵਨ’ ਨੂੰ ਯਾਦ ਕਰਨ ਲਈ ਵੀ ਅਧਿਕਾਰਤ ਤੌਰ ’ਤੇ ਇੱਕ ਦਿਨ ਮਿੱਥਿਆ ਜਾਵੇ। ਦਰਅਸਲ, ਮ੍ਰਿਤਕਾਂ ਦਾ ਅੰਤਿਮ ਸੰਸਕਾਰ ਜਾਂ ਉਨ੍ਹਾਂ ਨੂੰ ਦਫ਼ਨਾਉਣ ਦੀ ਰਸਮ ਵਿਦੇਸ਼ੀ ਧਰਤੀ ’ਤੇ ਹੋਈ ਸੀ। ਪਰਿਵਾਰ, ਸਨੇਹੀਆਂ ਅਤੇ ਦੇਸ਼ ਵਾਸੀਆਂ ਲਈ ਇਹ ਬੜੀ ਦੁਖਦਾਈ ਸਥਿਤੀ ਹੈ, ਜੋ ਆਪਣੇ ਸੂਰਬੀਰਾਂ ਦੇ ਆਖ਼ਰੀ ਦਰਸ਼ਨ ਵੀ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਨਹੀਂ ਕਰ ਸਕੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ ਲਈ ਕੁਰਬਾਨੀ ਦੇਣ ਵਾਲੇ ਇਨ੍ਹਾਂ ਸੂਰਬੀਰਾਂ ਨੂੰ ਆਪਣੇ ਦੇਸ਼ ਦੀ ਮਿੱਟੀ ਵੀ ਨਸੀਬ ਨਹੀਂ ਹੋਈ। ਉਨ੍ਹਾਂ ਸ਼ਹੀਦ ਹੋਏ ਸੈਨਿਕਾਂ ਦੀਆਂ ਨਿਸ਼ਾਨੀਆਂ ਨੂੰ ਵਤਨ ਵਾਪਸ ਲਿਆਉਣ ਲਈ ਇਕਸਾਰ ਨੀਤੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ। ‘ਗ੍ਰੇਵਜ਼ ਕਮਿਸ਼ਨ’ ਦੀ ਸਥਾਪਨਾ ਲਈ ਵੀ ਮੰਗਾਂ ਉੱਠੀਆਂ ਹਨ, ਜਿਸ ਨੂੰ ਅਸਥੀਆਂ ਤੇ ਹੋਰ ਨਿਸ਼ਾਨੀਆਂ ਭਾਰਤ ਵਿੱਚ ਆਈ ਪੀ ਕੇ ਐੱਫ ਦੀ ਇੱਕ ਯਾਦਗਾਰ ਵਿੱਚ ਤਬਦੀਲ ਕਰਨ ਦਾ ਕੰਮ ਸੌਂਪਿਆ ਜਾਵੇ। ਇਨ੍ਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਬਣਦਾ ਹੈ।
ਯਾਦਗਾਰਾਂ ਦੇਖ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੇ ਸਮੂਹਿਕ ਚੇਤਿਆਂ ਵਿੱਚ ਵਸ ਜਾਂਦੀਆਂ ਹਨ। ਰਾਸ਼ਟਰੀ ਜੰਗੀ ਯਾਦਗਾਰ ਹਥਿਆਰਬੰਦ ਸੈਨਾਵਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਇੱਕ ਸਥਾਈ ਸ਼ਰਧਾਂਜਲੀ ਹੈ- ਇਹ ਸਤਿਕਾਰ ਅਤੇ ਯਾਦਾਂ ਦੀ ਥਾਂ ਹੈ। ਅੰਦਰੂਨੀ ਪੇਚੀਦਗੀਆਂ ਭਾਵੇਂ ਜੋ ਵੀ ਹੋਣ, ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਦੇ ਅਨਾਦਰ ਲਈ ਕੋਈ ਤਰਕ ਨਹੀਂ ਦਿੱਤਾ ਜਾ ਸਕਦਾ।

