DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਟਰੰਪ ਨੂੰ ਮਿਲੇ ਕਾਰਨੀ

ਕੈਨੇਡਾ ਦੀਆਂ ਆਮ ਚੋਣਾਂ ਵਿੱਚ ਭਰਵਾਂ ਫ਼ਤਵਾ ਹਾਸਿਲ ਕਰਨ ਤੋਂ ਬਾਅਦ ਬੀਤੇ ਦਿਨੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਗਏ ਸਨ ਜਿਸ ਮੌਕੇ ਦੁਵੱਲੇ ਸਬੰਧਾਂ ਨੂੰ ਲੈ ਕੇ ਦੋਵਾਂ ਆਗੂਆਂ ਵੱਲੋਂ ਕੁਝ ਖ਼ਰੀਆਂ ਖ਼ਰੀਆਂ ਗੱਲਾਂ ਕੀਤੀਆਂ...
  • fb
  • twitter
  • whatsapp
  • whatsapp
Advertisement

ਕੈਨੇਡਾ ਦੀਆਂ ਆਮ ਚੋਣਾਂ ਵਿੱਚ ਭਰਵਾਂ ਫ਼ਤਵਾ ਹਾਸਿਲ ਕਰਨ ਤੋਂ ਬਾਅਦ ਬੀਤੇ ਦਿਨੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਗਏ ਸਨ ਜਿਸ ਮੌਕੇ ਦੁਵੱਲੇ ਸਬੰਧਾਂ ਨੂੰ ਲੈ ਕੇ ਦੋਵਾਂ ਆਗੂਆਂ ਵੱਲੋਂ ਕੁਝ ਖ਼ਰੀਆਂ ਖ਼ਰੀਆਂ ਗੱਲਾਂ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਦੀ ‘ਮਹਿਮਾਨ ਨਿਵਾਜ਼ੀ’ ਲਈ ਟਰੰਪ ਪਹਿਲਾਂ ਹੀ ਮਸ਼ਹੂਰ ਹੋ ਚੁੱਕੇ ਹਨ ਪਰ ਨਵੇਂ ਕੈਨੇਡੀਅਨ ਆਗੂ ਨੇ ਜਿਸ ਢੰਗ ਨਾਲ ਟਰੰਪ ਨੂੰ ਮੋੜਵਾਂ ਜਵਾਬ ਦਿੱਤਾ, ਉਸ ਤੋਂ ਇਹ ਪ੍ਰਭਾਵ ਗਿਆ ਹੈ ਕਿ ਟਰੰਪ ਲਈ ਸਭ ਨੂੰ ਦਰਕਿਨਾਰ ਕਰ ਕੇ ਅੱਗੇ ਵਧਣ ਦਾ ਰਾਹ ਹੁਣ ਸੌਖਾ ਨਹੀਂ ਹੋਵੇਗਾ। ਇਸੇ ਕਰ ਕੇ ਸ਼ਾਇਦ ਟਰੰਪ ਨੂੰ ਇਹ ਕਹਿਣਾ ਪਿਆ ਹੈ ਕਿ ਇਸ ਮੀਟਿੰਗ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਅਸੀਂ ਦੋਵੇਂ ਮਿੱਤਰ ਬਣੇ ਰਹਾਂਗੇ। ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੈਨੇਡਾ ਨੂੰ ਟੈਰਿਫਾਂ ਦੀ ਮਾਰ ਤੋਂ ਬਚਣ ਲਈ ਅਮਰੀਕਾ ਦਾ 51ਵਾਂ ਸੂਬਾ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਦਾ ਅਸਰ ਪੁੱਠਾ ਪੈ ਗਿਆ। ਮਾਰਕ ਕਾਰਨੀ ਨੇ ਮੀਟਿੰਗ ਵਿੱਚ ਦੁਹਰਾਇਆ ਕਿ ‘ਕੈਨੇਡਾ ਵਿਕਾਊ ਨਹੀਂ ਹੈ ਤੇ ਅਜਿਹਾ ਕਦੇ ਵੀ ਨਹੀਂ ਹੋ ਸਕਦਾ।’

ਲੰਘੀ 28 ਅਪਰੈਲ ਨੂੰ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਜਿੱਤ ਤੋਂ ਬਾਅਦ ਮਾਰਕ ਕਾਰਨੀ ਪੂਰੇ ਹੌਸਲੇ ਵਿੱਚ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਦੇ ਅਰਥਚਾਰੇ ਨੂੰ ਮੁੜ ਲੀਹ ’ਤੇ ਚਾੜ੍ਹਨ ਦਾ ਭਰੋਸਾ ਵੀ ਹੈ। ਕਾਰਨੀ ਨੇ ਕੈਨੇਡਾ ਦੀ ਪ੍ਰਭੂਸੱਤਾ ਅਤੇ ਕੌਮੀ ਹਿੱਤਾਂ ਦੀ ਰਾਖੀ ਕਰਨ ’ਤੇ ਦ੍ਰਿੜ ਸਟੈਂਡ ਲਿਆ ਹੈ। ਉਨ੍ਹਾਂ ਇਹ ਪੁਜ਼ੀਸ਼ਨ ਵੀ ਅਪਣਾਈ ਹੈ ਕਿ ਵਪਾਰਕ ਸਬੰਧਾਂ ਨੂੰ ਲੈ ਕੇ ਟਰੰਪ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਤਣਾਤਣੀ ਦਾ ਮੁੱਖ ਮੁੱਦਾ ਟਰੰਪ ਵੱਲੋਂ ਸਟੀਲ ਅਤੇ ਐਲੂਮੀਨੀਅਮ ਸਣੇ ਕੈਨੇਡੀਅਨ ਮਾਲ ਅਤੇ ਵਸਤਾਂ ਉੱਪਰ ਟੈਰਿਫ ਲਾਗੂ ਕਰਨ ਤੋਂ ਵਧੀ ਸੀ ਜਿਸ ਤੋਂ ਇਤਿਹਾਸਕ ਤੌਰ ’ਤੇ ਇੱਕ ਦੂਜੇ ਦੇ ਬਹੁਤ ਕਰੀਬ ਰਹੇ ਦੋਵਾਂ ਮੁਲਕਾਂ ਵਿਚਕਾਰ ਤਣਾਅ ਆ ਗਿਆ ਸੀ। ਟਰੰਪ ਵੱਲੋਂ ਉੱਤਰ ਅਟਲਾਂਟਿਕ ਮੁਕਤ ਵਪਾਰ ਸੰਧੀ (ਨਾਫਟਾ) ਉੱਪਰ ਮੁੜ ਵਿਚਾਰ ਕਰਨ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਜਿਸ ਕਰ ਕੇ ਅਮਰੀਕਾ-ਮੈਕਸਿਕੋ-ਕੈਨੇਡਾ ਸੰਧੀ ਨੂੰ ਵਿਵਾਦ ਦਾ ਕੇਂਦਰ ਬਣ ਗਈ ਹੈ।

Advertisement

ਟਰੰਪ ਅਤੇ ਕਾਰਨੀ ਦੀ ਮੁਲਾਕਾਤ ਨਾਲ ਇਹ ਗੱਲ ਜੱਗ ਜ਼ਾਹਿਰ ਹੋ ਗਈ ਹੈ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਏ ਨਿਘਾਰ ਨੂੰ ਠੱਲ੍ਹ ਪਾਉਣੀ ਸੌਖਾ ਕੰਮ ਨਹੀਂ ਹੋਵੇਗਾ ਅਤੇ ਜਿਸ ਤਰ੍ਹਾਂ ਵਪਾਰ, ਪ੍ਰਭੂਸੱਤਾ ਅਤੇ ਦੁਵੱਲੇ ਸਬੰਧਾਂ ਪ੍ਰਤੀ ਦੋਵਾਂ ਦੇਸ਼ਾਂ ਦੀਆਂ ਧਾਰਨਾਵਾਂ ਵਿੱਚ ਫ਼ਰਕ ਸਾਹਮਣੇ ਆ ਰਿਹਾ ਹੈ, ਉਸ ਦੇ ਮੱਦੇਨਜ਼ਰ ਉਨ੍ਹਾਂ ਵਿਚਕਾਰ ਪਈ ਦੁਫੇੜ ਨੂੰ ਭਰਨ ਲਈ ਦੋਵੇਂ ਪਾਸਿਓਂ ਬਹੁਤ ਜ਼ਿਆਦਾ ਅਤੇ ਸੁਹਿਰਦ ਕੋਸ਼ਿਸ਼ਾਂ ਦੀ ਲੋੜ ਪਵੇਗੀ। ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸਪੱਸ਼ਟ ਬਿਆਨੀ ਤੋਂ ਇਹ ਸਾਫ਼ ਸੰਕੇਤ ਗਿਆ ਹੈ ਕਿ ਉਹ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਸੁਧਾਰਨਾ ਚਾਹੁੰਦੇ ਹਨ ਪਰ ਆਪਣੇ ਦੇਸ਼ ਦੇ ਆਤਮ-ਸਨਮਾਨ ਦੀ ਕੀਮਤ ’ਤੇ ਹਰਗਿਜ਼ ਨਹੀਂ।

Advertisement
×