DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਣਕ ਦੇ ਖਰੀਦ ਪ੍ਰਬੰਧ

ਪੰਜਾਬ ਸਰਕਾਰ ਨੇ ਰਾਜ ਵਿੱਚ ਕਣਕ ਦੀ ਜਨਤਕ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ ਪਰ ਪਿਛਲੇ ਕੁਝ ਸੀਜ਼ਨਾਂ ਦੌਰਾਨ ਦੋਵੇਂ ਮੁੱਖ ਫ਼ਸਲਾਂ ਦੀ ਸਰਕਾਰੀ ਖਰੀਦ ਦਾ ਜੋ ਹਾਲ ਰਿਹਾ ਹੈ, ਉਸ ਦੇ ਮੱਦੇਨਜ਼ਰ ਸਰਕਾਰ ਦੇ ਦਾਅਵਿਆਂ...
  • fb
  • twitter
  • whatsapp
  • whatsapp
Advertisement
ਪੰਜਾਬ ਸਰਕਾਰ ਨੇ ਰਾਜ ਵਿੱਚ ਕਣਕ ਦੀ ਜਨਤਕ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ ਪਰ ਪਿਛਲੇ ਕੁਝ ਸੀਜ਼ਨਾਂ ਦੌਰਾਨ ਦੋਵੇਂ ਮੁੱਖ ਫ਼ਸਲਾਂ ਦੀ ਸਰਕਾਰੀ ਖਰੀਦ ਦਾ ਜੋ ਹਾਲ ਰਿਹਾ ਹੈ, ਉਸ ਦੇ ਮੱਦੇਨਜ਼ਰ ਸਰਕਾਰ ਦੇ ਦਾਅਵਿਆਂ ਨੂੰ ਵਾਰ-ਵਾਰ ਪਰਖਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਹਾੜ੍ਹੀ ਦੇ ਚਲੰਤ ਖਰੀਦ ਸੀਜ਼ਨ (2025-26) ਦੌਰਾਨ 310 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਹੈ ਜਿਸ ਵਿੱਚੋਂ 40 ਫ਼ੀਸਦੀ (ਭਾਵ 124 ਲੱਖ ਟਨ) ਕਣਕ ਪੰਜਾਬ ਵਿੱਚੋਂ ਖਰੀਦੀ ਜਾਵੇਗੀ। ਕਣਕ ਦੀ ਖਰੀਦ ਲਈ 2425 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਅਤੇ 28 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ (ਸੀਸੀਐੱਲ) ਪੰਜਾਬ ਨੂੰ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਰਾਜ ਦੀਆਂ ਸਾਰੀਆਂ 1865 ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ, ਸਾਫ਼ ਸਫ਼ਾਈ, ਲਾਈਟਾਂ, ਬਾਰਦਾਨੇ ਆਦਿ ਦੇ ਪ੍ਰਬੰਧ ਮੁਕੰਮਲ ਕਰ ਲੈਣ ਦੇ ਦਾਅਵੇ ਕੀਤੇ ਗਏ ਹਨ ਪਰ ਪਿਛਲੇ ਕੁਝ ਖਰੀਦ ਸੀਜ਼ਨਾਂ ਦੌਰਾਨ ਜਿਣਸ ਦੀ ਚੁਕਾਈ ਅਤੇ ਖਰੀਦੀ ਹੋਈ ਫ਼ਸਲ ਦੇ ਭੰਡਾਰਨ ਨੂੰ ਲੈ ਕੇ ਕਾਫ਼ੀ ਦਿੱਕਤਾਂ ਆਈਆਂ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਹਫ਼ਤੇ ਕੇਂਦਰੀ ਖ਼ਪਤਕਾਰ ਮਾਮਲੇ ਅਤੇ ਖ਼ੁਰਾਕ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲ ਕੇ ਪੰਜਾਬ ’ਚੋਂ ਚੌਲਾਂ ਦੀ ਚੁਕਾਈ ਤੇਜ਼ੀ ਨਾਲ ਕਰਨ ਲਈ ਕਿਹਾ ਸੀ। ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਨੇ ਮੰਗ ਕੀਤੀ ਸੀ ਕਿ ਅਨਾਜ ਦੇ ਘੱਟੋ-ਘੱਟ ਚਾਲੀ ਰੈਕ (ਮਾਲਗੱਡੀਆਂ) ਹਰ ਰੋਜ਼ ਲਾਈਆਂ ਜਾਣ ਤਾਂ ਕਿਤੇ ਜੂਨ ਦੇ ਅੰਤ ਤੱਕ ਨਵੀਂ ਜਿਣਸ ਨੂੰ ਸਾਂਭਣ ਲਈ ਲੋੜੀਂਦੀ ਥਾਂ ਮਿਲ ਸਕੇਗੀ। ਪਿਛਲੇ ਸਾਉਣੀ ਸੀਜ਼ਨ ਦੌਰਾਨ ਜਿਣਸਾਂ ਦੇ ਭੰਡਾਰਨ ਲਈ ਜਗ੍ਹਾ ਨਾ ਹੋਣ ਕਰ ਕੇ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਸਨ ਅਤੇ ਖਰੀਦ ਵਿੱਚ ਅੜਿੱਕਿਆਂ ਕਾਰਨ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਉਠਾਉਣਾ ਪਿਆ ਸੀ। ਦੁੱਖ ਦੀ ਗੱਲ ਇਹ ਰਹੀ ਕਿ ਪੰਜਾਬ ਸਰਕਾਰ ਨੇ ਖਰੀਦ ਦੇ ਸੰਕਟ ਦੀ ਨਿਸ਼ਾਨਦੇਹੀ ਲਈ ਕੋਈ ਜਾਂਚ ਨਹੀਂ ਕਰਵਾਈ ਜਿਸ ਕਰ ਕੇ ਕਿਸਾਨਾਂ ਨੂੰ ਧੁੜਕੂ ਲੱਗਿਆ ਹੋਇਆ ਹੈ ਕਿ ਉਨ੍ਹਾਂ ਨਾਲ ਮੁੜ ਭਾਣਾ ਵਾਪਰ ਸਕਦਾ ਹੈ।

Advertisement

ਪੰਜਾਬ ਵਿੱਚ 235 ਲੱਖ ਟਨ ਜਿਣਸ ਦੇ ਭੰਡਾਰਨ ਦੀ ਸਮੱਰਥਾ ਹੈ ਜਿਸ ਵਿੱਚੋਂ 145 ਲੱਖ ਟਨ ਝੋਨਾ ਪਹਿਲਾਂ ਹੀ ਸਟੋਰ ਕੀਤਾ ਹੋਇਆ ਹੈ; ਮਿੱਲਾਂ ਦੇ ਛੰਡੇ ਗਏ ਕਰੀਬ ਸੌ ਲੱਖ ਟਨ ਚੌਲਾਂ ਨੂੰ ਭੰਡਾਰਨ ਦੀ ਜਗ੍ਹਾ ਤਲਾਸ਼ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਚਾਲੂ ਖਰੀਦ ਸੀਜ਼ਨ ਲਈ 175 ਲੱਖ ਟਨ ਅਨਾਜ ਨੂੰ ਕਵਰ ਕੀਤੀਆਂ ਪਲਿੰਥਾਂ ’ਤੇ ਰੱਖਣ ਅਤੇ 60 ਲੱਖ ਟਨ ਖੁੱਲ੍ਹੀਆਂ ਪਲਿੰਥਾਂ ’ਤੇ ਰੱਖਣ ਦੀ ਯੋਜਨਾ ਬਣਾਈ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇਸ ਬਾਬਤ ਕੇਂਦਰ ਤੋਂ ਮਨਜ਼ੂਰੀ ਲੈਣ ਦਾ ਦਾਅਵਾ ਕੀਤਾ ਹੈ ਪਰ ਇਸ ਮੁਤੱਲਕ ਅਧਿਕਾਰਤ ਤੌਰ ’ਤੇ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੈ। ਐਤਕੀਂ ਬਾਜ਼ਾਰ ਵਿੱਚ ਕਣਕ ਦਾ ਭਾਅ ਘੱਟੋ-ਘੱਟ ਸਮਰਥਨ ਮੁੱਲ ਨਾਲੋਂ ਚਾਰ ਸੌ ਰੁਪਏ ਪ੍ਰਤੀ ਕੁਇੰਟਲ ਉੱਪਰ ਚੱਲ ਰਿਹਾ ਹੈ। ਸਰਕਾਰ ਨੂੰ ਕਣਕ ਦੀ ਖਰੀਦ ਦਾ ਟੀਚਾ ਪੂਰਾ ਕਰਨ ਲਈ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉੱਥੇ ਵਪਾਰੀਆਂ ਵੱਲੋਂ ਵੀ ਕਣਕ ਦੀ ਭਰਵੀਂ ਖਰੀਦ ਦੇ ਆਸਾਰ ਬਣੇ ਹੋਏ ਹਨ। ਕਿਸਾਨਾਂ ਨੂੰ ਮੰਡੀ ਦੀਆਂ ਹਾਲਤਾਂ ਦਾ ਫ਼ਾਇਦਾ ਲੈਣ ਲਈ ਘਬਰਾਹਟ ਵਿੱਚ ਆਉਣ ਤੋਂ ਬਚਣ ਦੀ ਲੋੜ ਹੈ ਅਤੇ ਨਾਲ ਹੀ ਜਿੱਥੇ ਕਿਤੇ ਕੋਈ ਗੜਬੜ ਹੋਵੇ, ਉੱਥੇ ਮਾਮਲੇ ਨੂੰ ਜਥੇਬੰਦਕ ਰੂਪ ਵਿੱਚ ਉਠਾਉਣ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ।

Advertisement
×