ਧਰਮ ਹੇਤ ਸਾਕਾ ਜਿਨਿ ਕੀਆ ।।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਜਦੋਂ ਅਸੀਂ ਗੁਰੂ ਸਾਹਿਬ ਦੀ ਹਰ ਮਨੁੱਖ ਵੱਲੋਂ ਆਪਣੇ ਅਕੀਦੇ ਅਤੇ ਵਿਸ਼ਵਾਸ ਮੁਤਾਬਿਕ ਜ਼ਿੰਦਗੀ ਜਿਊਣ ਦੇ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹਾਂ, ਉਸ ਦਾ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਜਦੋਂ ਅਸੀਂ ਗੁਰੂ ਸਾਹਿਬ ਦੀ ਹਰ ਮਨੁੱਖ ਵੱਲੋਂ ਆਪਣੇ ਅਕੀਦੇ ਅਤੇ ਵਿਸ਼ਵਾਸ ਮੁਤਾਬਿਕ ਜ਼ਿੰਦਗੀ ਜਿਊਣ ਦੇ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹਾਂ, ਉਸ ਦਾ ਜ਼ਿਕਰ ਕਰਦੇ ਹਾਂ ਤਾਂ ਜਾਪਦਾ ਹੈ ਕਿ ਉਸ ਸ਼ਹਾਦਤ ਦੀ ਗੱਲ ਕਰਨ ਲਈ ਉਸ ਦੇ ਮੇਚ ਦੇ ਸ਼ਬਦ ਸਾਨੂੰ ਨਹੀਂ ਮਿਲਦੇ ... ... ਮਿਲ ਸਕਦੇ ਹੀ ਨਹੀਂ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਹੀ ਏਨੀ ਅਦੁੱਤੀ ਹੈ, ਜੋ ਸ਼ਬਦਾਂ ਦੀ ਸਮਰੱਥਾ ਤੋਂ ਕਿਤੇ ਵਡੇਰੀ ਹੈ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ’ਚ ਹੀ ਬਿਆਨ ਕੀਤਾ ਜਾ ਸਕਦਾ ਹੈ:
ਧਰਮ ਹੇਤ ਸਾਕਾ ਜਿਨਿ ਕੀਆ।।
ਸੀਸੁ ਦੀਆ ਪਰੁ ਸਿਰਰੁ ਨ ਦੀਆ।।
ਦੁਨੀਆ ਵਿੱਚ ਸ਼ਹਾਦਤ ਦੀ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ ਜਦੋਂ ਕਿਸੇ ਨੇ ਆਪਣੇ ਨਹੀਂ, ਸਗੋਂ ਦੂਜਿਆਂ ਦੇ ਅਕੀਦੇ ਤੇ ਵਿਸ਼ਵਾਸ ਖ਼ਾਤਰ ਸੈਂਕੜੇ ਮੀਲ ਦਾ ਪੰਧ ਤੈਅ ਕਰ ਕੇ ਆਪਣਾ ਸੀਸ ਵਾਰਿਆ ਹੋਵੇ। ਅਜਿਹੀ ਮਿਸਾਲ ਵੀ ਕਿਤੇ ਨਹੀਂ ਮਿਲਦੀ ਕਿ ਨੌਂ ਸਾਲ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਮੁਗ਼ਲਾਂ ਦੇ ਜ਼ੁਲਮ ਖ਼ਿਲਾਫ਼ ਸ਼ਹਾਦਤ ਦੇਣ ਲਈ ਆਖਿਆ ਹੋਵੇ। ਸਿੱਖੀ ’ਚ ਸ਼ਹਾਦਤ ਦੀ ਪਰੰਪਰਾ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ’ਤੇ ਬੈਠ, ਸਿਰ ’ਚ ਤਪਦੀ ਰੇਤ ਪੁਆ ਕੇ ਸ਼ੁਰੂ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਸਮੁੱਚੇ ਪਰਿਵਾਰ ਤੇ ਸਿੱਖ ਧਰਮ ’ਚ ਸ਼ਹਾਦਤਾਂ ਦੀ ਲੜੀ ਅੱਗੇ ਤੁਰੀ।
ਜ਼ਰਾ ਸੋਚੋ ...! ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ- ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਕਿਵੇਂ ਨੀਹਾਂ ’ਚ ਚਿਣੇ ਗਏ ਹੋਣਗੇ। ਨੀਹਾਂ ’ਚ ਚਿਣੇ ਜਾਣ ਵੇਲੇ ਇਹ ਦੋਵੇਂ ਬਾਲ ਰਤਾ ਵੀ ਨਾ ਡੋਲੇ। ਬੱਚਿਆਂ ਦੀ ਦਾਦੀ ਮਾਤਾ ਗੁਜਰੀ ਦਾ ਜਿਗਰਾ ਵੀ ਦੇਖੋ, ਜਿਨ੍ਹਾਂ ਨੇ ਠੰਢੇ ਬੁਰਜ ’ਚ ਕੈਦ ਦੌਰਾਨ ਆਪਣੇ ਨਿੱਕੇ ਨਿੱਕੇ ਪੋਤਰਿਆਂ ਨੂੰ ਉਨ੍ਹਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਦੱਸਦਿਆਂ ਦੁਸ਼ਮਣ ਦੀ ਈਨ ਨਾ ਮੰਨਣ ਦੀ ਸਿੱਖਿਆ ਦਿੱਤੀ। ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ - ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਮੁਗ਼ਲਾਂ ਦੀ ਫ਼ੌਜ ਖ਼ਿਲਾਫ਼ ਲੜਨ ਲਈ ਆਪਣੇ ਹੱਥੀਂ ਤਿਆਰ ਕਰ ਕੇ ਮੈਦਾਨ-ਏ-ਜੰਗ ਲਈ ਤੋਰਿਆ। ਇਨ੍ਹਾਂ ਸਭ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੇ ਪਰਿਵਾਰ ਨੇ ਸ਼ਹਾਦਤ ਦੇ ਜਜ਼ਬੇ ਨੂੰ ਹਰ ਵਾਰ ਨਵੀਂ ਪਰਿਭਾਸ਼ਾ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਕੁਰਬਾਨੀਆਂ ਦੀ ਐਸੀ ਚਿਣਗ ਮਘਾਈ, ਜਿਸ ਨਾਲ ਜ਼ਾਲਮ ਮੁਗ਼ਲ ਹਕੂਮਤ ਦੇ ਅੰਤ ਦਾ ਆਗਾਜ਼ ਹੋ ਗਿਆ।
ਹੁਣ ਜਦੋਂ ਅਸੀਂ ਉਨ੍ਹਾਂ ਨੂੰ 350ਵੇਂ ਸ਼ਹੀਦੀ ਦਿਹਾੜੇ ’ਤੇ ਯਾਦ ਕਰ ਰਹੇ ਹਾਂ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਅਮਲ ਕਰਦਿਆਂ ਇਸ ਅਜ਼ੀਮ ਸ਼ਹਾਦਤ ਦੀ ਲੋਅ ’ਚ ਆਪਣੇ ਮਨਾਂ ਅੰਦਰਲੇ ਸਿਆਹ ਕੋਨਿਆਂ ਦੀ ਸ਼ਨਾਖਤ ਕਰੀਏ ਅਤੇ ਖ਼ੁਦ ਨੂੰ ਇਮਾਨਦਾਰੀ ਨਾਲ ਸਵਾਲ ਪੁੱਛੀਏ ਕਿ ਕੀ ਅਸੀਂ ਹਉਮੈ, ਹੰਕਾਰ, ਈਰਖਾ, ਨਿੱਜ ਅਤੇ ਲਾਲਚ ਤੋਂ ਉੱਪਰ ਉੱਠ ਸਕੇ ਹਾਂ? ਆਪਣੇ ਕਿਰਦਾਰ ਬਾਰੇ ਸਹੀ ਜਵਾਬ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਉਂਜ, ਇਹ ਵੱਖਰੀ ਗੱਲ ਹੈ ਕਿ ਅਸੀਂ ਇਸ ਜਵਾਬ ਨੂੰ ਸੁਣਦੇ ਹਾਂ ਜਾਂ ਅਣਸੁਣਿਆ ਕਰ ਦਿੰਦੇ ਹਾਂ। ਇਸ ਮੌਕੇ ਹਰ ਸੱਚੇ ਸਿੱਖ ਮਨ ਦੀ ਇਹੋ ਅਰਦਾਸ ਹੋਵੇਗੀ ਕਿ ਪਰਮਾਤਮਾ ਸਾਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਦੇ ਹਰ ਕਾਰਜ ’ਚ ਭਾਈਵਾਲ ਬਣਨ ਦਾ ਬਲ ਬਖ਼ਸ਼ੇ।
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਜਦੋਂ ਅਸੀਂ ਸੰਸਥਾਵਾਂ ਤੇ ਸੱਤਾ ਵਿਚਾਲੇ ਟਕਰਾਅ ਦਾ ਜ਼ਿਕਰ ਤੇ ਚਰਚਾ ਮੀਡੀਆ ਵਿੱਚ ਪੜ੍ਹਦੇ-ਸੁਣਦੇ ਹਾਂ ਤਾਂ ਮਨ ਇਹ ਸੋਚ ਕੇ ਪ੍ਰੇਸ਼ਾਨ ਹੋ ਉੱਠਦਾ ਹੈ: ਕੀ ਵਾਕਈ ਅਸੀਂ ਉਸ ਲਾਸਾਨੀ ਸ਼ਹਾਦਤ ਦੇ ਅਸਲ ਮਾਅਨੇ ਸਮਝਦੇ ਹਾਂ ਜਾਂ ਫਿਰ ਸਮਝ ਕੇ ਵੀ ਸਮਝਣਾ ਨਹੀਂ ਚਾਹੁੰਦੇ?
ਫਿਰ ਵੀ ਆਸ ਹੈ ਕਿ ਇਸ ਮੌਕੇ ਸਿਆਸੀ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਤੋਂ ਬਗ਼ੈਰ ਸ਼ਰਧਾ ਦੇ ਨਾਲ ਅਸੀਂ ਕੁਰਬਾਨੀਆਂ ਭਰੇ ਇਸ ਸਫ਼ਰ ਦੀ ਪੈੜਚਾਲ ਸੁਣਦਿਆਂ ਉਸ ਦੇ ਅਨੁਸਾਰ ਸ਼ੁਭ ਕਰਮਾਂ ਨੂੰ ਤਰਜੀਹ ਦਿੰਦਿਆਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਾਂਗੇ।

