ਟਰੰਪ ਦੀ ਪੇਸ਼ਕਸ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਮੇਂ-ਸਮੇਂ ’ਤੇ ਪਲਟਣ ਜਾਂ ਪਿੱਛੇ ਮੁੜਨ ਦੀ ਕਲਾ ਦੇ ਮਾਹਿਰ ਹਨ, ਜਿਸ ਦਾ ਅਨੁਮਾਨ ਪਹਿਲਾਂ ਹੀ ਲੱਗ ਜਾਂਦਾ ਹੈ। ਸ਼ੁੱਕਰਵਾਰੀਂ ਰਾਸ਼ਟਰਪਤੀ ਨੇ ਦੁੱਖ ਪ੍ਰਗਟ ਕੀਤਾ ਕਿ ਭਾਰਤ ਤੇ ਰੂਸ ਨੂੰ ਉਨ੍ਹਾਂ ‘ਸਭ ਤੋਂ ਡੂੰਘੇ, ਸਭ ਤੋਂ ਹਨੇਰੇ’ ਚੀਨ ਦੇ ਹੱਥਾਂ ’ਚ ਗੁਆ ਲਿਆ ਹੈ, ਕਿਉਂਕਿ ਉਨ੍ਹਾਂ ਦੇ ਨੇਤਾਵਾਂ ਨੇ ਤਿਆਨਜਿਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਨਿੱਘੀ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਵਿਅੰਗਾਤਮਕ ਢੰਗ ਨਾਲ ਤਿੰਨਾਂ ਲਈ ਲੰਮੇ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਵੀ ਕੀਤੀ। ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਰੁਖ਼ ਬਦਲਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ, ਨਾਲ ਹੀ ਇਹ ਜ਼ੋਰ ਦੇ ਕੇ ਕਿਹਾ ਕਿ “ਭਾਰਤ ਅਤੇ ਅਮਰੀਕਾ ਦਾ ਵਿਸ਼ੇਸ਼ ਰਿਸ਼ਤਾ ਹੈ” ਅਤੇ “ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ।” ਟਰੰਪ ਦੀ ਸਪੱਸ਼ਟ ਪਹੁੰਚ ਦਾ ਪ੍ਰਧਾਨ ਮੰਤਰੀ ਨੇ ਤੁਰੰਤ ਜਵਾਬ ਦਿੱਤਾ, ਜਿਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਦੀਆਂ ਭਾਵਨਾਵਾਂ ਅਤੇ ਦੁਵੱਲੇ ਸਬੰਧਾਂ ਦੇ ਸਕਾਰਾਤਮਕ ਮੁਲਾਂਕਣ ਦੀ ਸ਼ਲਾਘਾ ਕਰਦੇ ਹਨ ਤੇ ਖ਼ੁਦ ਵੀ ਇਹੀ ਸੋਚਦੇ ਹਨ।
ਕੀ ਇਹ ਪੇਸ਼ਕਸ਼ ਭਾਰਤ-ਅਮਰੀਕਾ ਸਬੰਧਾਂ ਵਿੱਚ ਸੁਧਾਰ ਦਾ ਰਾਹ ਪੱਧਰਾ ਕਰ ਸਕਦੀ ਹੈ? ਨਵੀਂ ਦਿੱਲੀ ਨੂੰ ਬਹੁਤ ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ, ਕਿਉਂਕਿ ਟਰੰਪ ਭਾਰਤ ਦੇ ਰੂਸ ਤੋਂ ਤੇਲ ਖਰੀਦਣ ਬਾਰੇ ਅਜੇ ਵੀ ਨਾਰਾਜ਼ ਹਨ। ਟਰੰਪ ਨੇ ਆਪਣੇ ਕਈ ਉਨ੍ਹਾਂ ਸਹਿਯੋਗੀਆਂ ਨੂੰ ਰੋਕਣ ਤੋਂ ਵੀ ਗੁਰੇਜ਼ ਕੀਤਾ ਹੈ, ਜਿਹੜੇ ਭਾਰਤ ਸਰਕਾਰ ਖ਼ਿਲਾਫ਼ ਬੇਲਗਾਮ ਜ਼ਹਿਰ ਉਗਲ ਰਹੇ ਹਨ। ਵਪਾਰ ਅਤੇ ਨਿਰਮਾਣ ਬਾਰੇ ਸੀਨੀਅਰ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ’ਤੇ ਨਾ ਸਿਰਫ਼ ਰੂਸੀ ਤੇਲ ਤੋਂ ਮੁਨਾਫ਼ਾ ਕਮਾਉਣ ਦਾ ਦੋਸ਼ ਲਾਇਆ ਹੈ ਬਲਕਿ ਉੱਚ ਟੈਰਿਫ ਕਾਰਨ ਅਮਰੀਕੀਆਂ ਦੀਆਂ ਨੌਕਰੀਆਂ ਦਾ ਨੁਕਸਾਨ ਹੋਣ ਦਾ ਇਲਜ਼ਾਮ ਵੀ ਭਾਰਤ ਸਿਰ ਮੜ੍ਹਿਆ ਹੈ। ਕੌਮੀ ਆਰਥਿਕ ਕੌਂਸਲ ਦੇ ਡਾਇਰੈਕਟਰ ਕੇਵਿਨ ਹੈਸੇਟ ਅਨੁਸਾਰ, ਟਰੰਪ ਦੀ ਵਪਾਰਕ ਟੀਮ ਨਿਰਾਸ਼ ਹੈ ਕਿ ਰੂਸ ਦੀ ਯੂਕਰੇਨ ਖ਼ਿਲਾਫ਼ ਜੰਗ ਨੂੰ ਭਾਰਤ ‘ਫੰਡ’ ਕਰਨਾ ਜਾਰੀ ਰੱਖ ਰਿਹਾ ਹੈ ਤੇ ਵਣਜ ਮੰਤਰੀ ਹਾਵਰਡ ਲੁਟਨਿਕ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਮੁਆਫ਼ੀ ਮੰਗੇਗਾ ਅਤੇ ਵਪਾਰ ਸੌਦੇ ਲਈ ਗੱਲਬਾਤ ਲਈ ਪਰਤੇਗਾ।
ਦਿੱਲੀ ਵਾਸ਼ਿੰਗਟਨ ਨੂੰ ਸਖਤ ਸੰਦੇਸ਼ ਦੇਣ ਵਿੱਚ ਕਾਮਯਾਬ ਰਹੀ ਹੈ ਕਿ ਉਹ ਦਬਾਅ ਅੱਗੇ ਨਹੀਂ ਝੁਕੇਗੀ। ‘ਹਾਥੀ ਦੀ ਰਿੱਛ ਨਾਲ ਘੁੱਟਵੀਂ ਜੱਫੀ’ ਅਤੇ ‘ਡਰੈਗਨ ਨਾਲ ਮਿਲਾਇਆ ਹੱਥ’ ਰਣਨੀਤਕ ਖ਼ੁਦਮੁਖ਼ਤਾਰੀ ਦਾ ਪ੍ਰਭਾਵਸ਼ਾਲੀ ਦਾਅਵਾ ਹੈ। ਟਰੰਪ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ। ਉਨ੍ਹਾਂ ਨੂੰ ਆਪਣੇ ਰੁਖ਼ ’ਤੇ ਅੜੇ ਭਾਰਤ ’ਤੇ ਸ਼ਰਤਾਂ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ, ਆਪਸੀ ਲਾਭਕਾਰੀ ਵਪਾਰ ਸਮਝੌਤਾ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।