ਟਰੰਪ ਦਾ ਮਨਭਾਉਂਦਾ ਬਿੱਲ
ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਹੁਤ ਹੀ ਪ੍ਰਚਾਰਿਆ ਅਤੇ ਵਿਵਾਦਪੂਰਨ ‘ਵੰਨ ਬਿੱਗ ਬਿਊਟੀਫੁਲ ਬਿੱਲ’ ਪਾਸ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਹੈ। ਸੰਸਦ ਵਿਚ 214 ਵੋਟਾਂ ਦੇ ਮੁਕਾਬਲੇ 218 ਵੋਟਾਂ ਨਾਲ ਪਾਸ ਹੋਣਾ ਦਰਸਾਉਂਦਾ ਹੈ ਕਿ ਇਹ ਬਿੱਲ ਕਿੰਨਾ ਵੰਡਪਾਊ ਹੈ। ਜੇ ਟਰੰਪ ਦੀ ਗੱਲ ਮੰਨੀਏ ਤਾਂ ਇਹ ਬਿੱਲ ਅਮਰੀਕਾ ਲਈ ‘ਨਵੇਂ ਸੁਨਹਿਰੀ ਯੁੱਗ’ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਹੁਣ ਅਮਰੀਕੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਮੀਰ, ਸੁਰੱਖਿਅਤ ਅਤੇ ਮਾਣਮੱਤੇ ਹੋਣਗੇ। ਉਨ੍ਹਾਂ ਦੇ ਇਸ ਆਸ਼ਾਵਾਦ ਨੂੰ ਰਿਪਬਲਿਕਨ ਸਫ਼ਾਂ ਤੋਂ ਬਾਹਰ ਬਹੁਤੇ ਲੋਕ ਸਵੀਕਾਰ ਨਹੀਂ ਕਰਦੇ।
ਗੈਰ-ਪਾਰਟੀ ਕਾਂਗਰਸ ਬਜਟ ਆਫਿਸ ਨੇ ਅਨੁਮਾਨ ਲਾਇਆ ਹੈ ਕਿ ਇਹ ਨੀਤੀ ਪੈਕੇਜ ਅਗਲੇ 10 ਸਾਲਾਂ ਵਿੱਚ ਵਿੱਤੀ ਘਾਟੇ ਵਿੱਚ 3.3 ਖਰਬ/ਟ੍ਰਿਲੀਅਨ ਡਾਲਰ ਦਾ ਵਾਧਾ ਕਰ ਦੇਵੇਗਾ ਅਤੇ 1 ਕਰੋੜ 18 ਲੱਖ ਹੋਰ ਲੋਕ ਸਿਹਤ ਕਵਰੇਜ ਤੋਂ ਵਾਂਝੇ ਰਹਿ ਜਾਣਗੇ। ਇਹ ਬਿੱਲ ਸਰਹੱਦੀ ਸੁਰੱਖਿਆ ਅਤੇ ਫੌਜ ’ਤੇ ਵਧੇਰੇ ਖਰਚ ਨੂੰ ਪ੍ਰਵਾਨਗੀ ਦਿੰਦਾ ਹੈ ਪਰ ਮੈਡੀਕੇਅਰ ਅਤੇ ਮੈਡੀਕੇਡ ਵਿੱਚ ਭਾਰੀ ਕਟੌਤੀ ਕਰਦਾ ਹੈ, ਜੋ ਲੱਖਾਂ ਅਮਰੀਕੀਆਂ ਲਈ ਜੀਵਨ ਰੇਖਾ ਹਨ। ਫੂਡ ਸਟੈਂਪਾਂ ਜਿਨ੍ਹਾਂ ਰਾਹੀਂ 4 ਕਰੋੜ ਤੋਂ ਵੱਧ ਲੋਕਾਂ ਨੂੰ ਭੋਜਨ ਦੇਣ ਵਿੱਚ ਸਹਾਇਤਾ ਮਿਲਦੀ ਹੈ, ਉਪਰ ਕਟੌਤੀ ਅਤੇ ਗ੍ਰੀਨ ਐਨਰਜੀ ਟੈਕਸ ਕ੍ਰੈਡਿਟ ਵਾਪਸ ਲਏ ਜਾਣਾ ਇਸ ਕਾਨੂੰਨ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਨੂੰ ਲੈ ਕੇ ਟਰੰਪ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਜਦੋਂ ਟਰੰਪ ਦੇ ਖਰਬਪਤੀ ਸਹਿਯੋਗੀ ਐਲਨ ਮਸਕ ਨੇ ਵੱਖ-ਵੱਖ ਸਰਕਾਰੀ ਮਹਿਕਮਿਆਂ ਅਤੇ ਏਜੰਸੀਆਂ ਵਿਚ ਕੰਮ ਕਰਦੇ ਹਜ਼ਾਰਾਂ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਸੀ ਤਾਂ ਇਸ ਦਾ ਤਿੱਖਾ ਪ੍ਰਤੀਕਰਮ ਨਜ਼ਰ ਆਇਆ ਸੀ। ਟਰੰਪ ਨੇ ਕਦੇ ਵੀ ਅਮੀਰ ਅਮਰੀਕੀਆਂ ਲਈ ਆਪਣਾ ਪਿਆਰ ਦੁਲਾਰ ਛੁਪਾਇਆ ਨਹੀਂ ਅਤੇ ਇਹ ਬਿੱਲ ਉਨ੍ਹਾਂ ਦੀ ਉਸੇ ਪਹੁੰਚ ਨਾਲ ਮੇਲ ਖਾਂਦਾ ਹੈ।
ਇਹ ਬਿੱਲ ਅਮੀਰਾਂ ਨੂੰ ਟੈਕਸ ਕਟੌਤੀਆਂ ਵਿੱਚ ਖਰਬਾਂ ਡਾਲਰ ਦੀਆਂ ਰਿਆਇਤਾਂ ਬਖ਼ਸ਼ਦਾ ਹੈ ਜਦੋਂ ਕਿ ਘੱਟ ਤੋਂ ਘੱਟ ਦੌਲਤ ਵਾਲੇ ਲੋਕਾਂ ਲਈ ਵਿੱਤੀ ਸਥਿਤੀ ਹੋਰ ਵੀ ਬਦਤਰ ਹੋ ਜਾਵੇਗੀ। ਜ਼ਾਹਿਰ ਹੈ ਕਿ ਟਰੰਪ ਆਪਣੇ ਹਮਵਤਨਾਂ ਦੇ ਸਿਰਫ ਇੱਕ ਹਿੱਸੇ ਨੂੰ ਹੀ ਅਮੀਰ, ਸੁਰੱਖਿਅਤ ਅਤੇ ਮਾਣਮੱਤਾ ਬਣਾਉਣਾ ਚਾਹੁੰਦੇ ਹਨ, ਤੇ ਉਹ ਵੀ ਆਰਥਿਕ ਪੌੜੀ ਤੋਂ ਹੇਠਾਂ ਆਉਣ ਵਾਲਿਆਂ ਦੀ ਕੀਮਤ ’ਤੇ। ਇਹ ਵਿਡੰਬਨਾ ਹੈ ਕਿ ਬਿੱਲ ਵਿੱਚ ਅਜਿਹੇ ਪ੍ਰਬੰਧਾਂ ਦੀ ਘਾਟ ਹੈ ਜੋ ਆਰਥਿਕ ਵਿਕਾਸ ਨੂੰ ਕਾਫ਼ੀ ਵਧਾ ਸਕਦੇ ਹਨ। ਅਜਿਹੀਆਂ ਕਮੀਆਂ ਨੇ ਡੈਮੋਕ੍ਰੇਟਾਂ ਨੂੰ ਸੱਤਾਧਾਰੀ ਰਿਪਬਲਿਕਨਾਂ ਵਿਰੁੱਧ ਮੁੜ ਸੰਗਠਿਤ ਹੋਣ ਅਤੇ ਅੱਗੇ ਵਧਣ ਦਾ ਮੌਕਾ ਦਿੱਤਾ ਹੈ। ਕੁਝ ਪ੍ਰਗਤੀਸ਼ੀਲ ਸਮੂਹ ਇਹ ਉਜਾਗਰ ਕਰਨ ਦੀ ਯੋਜਨਾ ਬਣਾ ਰਹੇ ਹਨ ਕਿ ਨਵੀਆਂ ਮੈਡੀਕੇਡ ਕਟੌਤੀਆਂ ਨਾਲ ਅਮਰੀਕੀਆਂ ਨੂੰ ਕਿੰਨਾ ਨੁਕਸਾਨ ਹੋਵੇਗਾ। ਇਸ ਬਿੱਲ ਦੀ ਜਿੱਤ ਦੇ ਜਸ਼ਨ ਜਦੋਂ ਖਤਮ ਹੋ ਜਾਣਗੇ ਤਾਂ ਵੱਡਾ ਵਿਰੋਧ ਉੱਠਣ ਵਾਲਾ ਹੈ ਤੇ ਉਦੋਂ ਟਰੰਪ ਲਈ ਕਰਨ ਲਈ ਹੋਰ ਕੁਝ ਨਹੀਂ ਬਚੇਗਾ ਸਗੋਂ ਉਹ ਇਸ ਨਾਲ ਹੀ ਨਜਿੱਠਦੇ ਨਜ਼ਰ ਆਉਣਗੇ।