ਸੰਧੀ ਦੀ ਅਜ਼ਮਾਇਸ਼
ਇਰਾਨ ਵੱਲੋਂ ਪਰਮਾਣੂ ਅਪਸਾਰ ਸੰਧੀ (ਐੱਨਪੀਟੀ) ਤੋਂ ਵੱਖ ਹੋ ਜਾਣ ਦੀ ਦਿੱਤੀ ਗਈ ਧਮਕੀ ਕੌਮਾਂਤਰੀ ਸਥਿਰਤਾ ਲਈ ਗੰਭੀਰ ਪਲ ਹੈ। ਇੱਕ ਪਾਸੇ ਇਜ਼ਰਾਈਲ ਵੱਲੋਂ ਇਰਾਨ ਦੇ ਪਰਮਾਣੂ ਅਤੇ ਫ਼ੌਜੀ ਕੇਂਦਰਾਂ ਉੱਪਰ ਹਮਲੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਤਹਿਰਾਨ ਦਾ ਸੁਰ ਵੀ ਤਿੱਖਾ ਤੇ ਸਖ਼ਤ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਰਾਨੀ ਪਾਰਲੀਮੈਂਟ ਵੱਲੋਂ ਪਰਮਾਣੂ ਅਪਸਾਰ ਸੰਧੀ ਤੋਂ ਵੱਖ ਹੋਣ ਲਈ ਕਾਨੂੰਨ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਇਹ ਖਿੱਤਾ ਅਸਥਿਰਤਾ ਦੇ ਕੰਢੇ ਖੜ੍ਹਾ ਹੈ ਅਤੇ ਪਰਮਾਣੂ ਅਪਸਾਰ ਸੰਧੀ ਤੋਂ ਵੱਖ ਹੋਣ ਦਾ ਮਤਲਬ ਹੋਵੇਗਾ, ਇਰਾਨ ਨੇ ਆਪਣਾ ਪਰਮਾਣੂ ਹਥਿਆਰ ਪ੍ਰੋਗਰਾਮ ਅੱਗੇ ਵਧਾਉਣ ਦਾ ਤਹੱਈਆ ਕਰ ਲਿਆ ਹੈ। ਇਰਾਨ ਵੱਲੋਂ ਇਸ ਸਮੇਂ ਦੀ ਚੋਣ ਬਹੁਤ ਹੀ ਮੰਦਭਾਗੀ ਹੈ। ਪਰਮਾਣੂ ਅਪਸਾਰ ਸੰਧੀ ’ਤੇ 1970 ਵਿੱਚ ਸਹੀ ਪਾਈ ਗਈ ਸੀ ਜੋ ਕੌਮਾਂਤਰੀ ਪਰਮਾਣੂ ਵਿਵਸਥਾ ਦਾ ਮੀਲ ਪੱਥਰ ਗਿਣੀ ਜਾਂਦੀ ਹੈ। ਇਰਾਨ ਨੂੰ ਇਸ ਸੰਧੀ ਤਹਿਤ ਪਰਮਾਣੂ ਹਥਿਆਰਾਂ ਤੋਂ ਬਿਨਾਂ ਰਾਜ ਦਾ ਦਰਜਾ ਦਿੱਤਾ ਗਿਆ ਹੈ ਜਿਸ ਨਾਲ ਇਸ ਦੀ ਜਾਂਚ ਪਰਖ ਦਾ ਚੌਖਟਾ ਵੀ ਮੁਹੱਈਆ ਕਰਾਇਆ ਗਿਆ ਸੀ ਹਾਲਾਂਕਿ ਇਸ ਨੂੰ ਲੈ ਕੇ ਮਤਭੇਦ ਬਣੇ ਰਹੇ ਹਨ। ਜੇ ਇਰਾਨ ਪਰਮਾਣੂ ਅਪਸਾਰ ਸੰਧੀ ਤੋਂ ਵੱਖ ਹੋ ਜਾਂਦਾ ਹੈ ਤਾਂ ਇਸ ਨਾਲ ਕੌਮਾਂਤਰੀ ਐਟਮੀ ਊਰਜਾ ਏਜੰਸੀ (ਆਈਏਈਏ) ਦਾ ਇਸ ਦੀ ਜਾਂਚ ਪਰਖ ਕਰਨ ਦਾ ਅਧਿਕਾਰ ਖੁੱਸ ਜਾਵੇਗਾ। ਇਸ ਤੋਂ ਪਹਿਲਾਂ ਹੀ ਕੌਮਾਂਤਰੀ ਐਟਮੀ ਊਰਜਾ ਏਜੰਸੀ ਦੀਆਂ ਰਿਪੋਰਟਾਂ ਵਿੱਚ ਇਸ ਗੱਲ ਦਾ ਇਸ਼ਾਰਾ ਕੀਤਾ ਗਿਆ ਸੀ ਕਿ ਇਰਾਨ ਵੱਲੋਂ ਕੀਤੀ ਜਾ ਰਹੀ ਯੂਰੇਨੀਅਮ ਸੁਧਾਈ ਹਥਿਆਰ ਬਣਾਉਣ ਯੋਗ ਪੱਧਰ ਦੇ ਨੇੜੇ-ਤੇੜੇ ਪੁੱਜ ਗਈ ਹੈ।
ਇਸ ਦੌਰਾਨ ਇਜ਼ਰਾਈਲ, ਜੋ ਪਰਮਾਣੂ ਅਪਸਾਰ ਸੰਧੀ ਦਾ ਹਿੱਸਾ ਨਹੀਂ ਹੈ, ਇਰਾਨ ਦੇ ਪਰਮਾਣੂ ਢਾਂਚੇ ਨੂੰ ਢਹਿ-ਢੇਰੀ ਕਰਨ ਵੱਲ ਸੇਧਿਤ ਆਪਣੀ ਸੈਨਿਕ ਮੁਹਿੰਮ ਜਾਰੀ ਰੱਖ ਰਿਹਾ ਹੈ। ਉਹ ਆਪਣੀਆਂ ਕਾਰਵਾਈਆਂ ਨੂੰ ਸਵੈ-ਰੱਖਿਆ ਦੇ ਅਗਾਊਂ ਕਦਮ ਦੱਸ ਕੇ ਇਨ੍ਹਾਂ ਨੂੰ ਜਾਇਜ਼ ਠਹਿਰਾ ਰਿਹਾ ਹੈ। ਉਹ ਕਹਿੰਦਾ ਹੈ ਕਿ ਇਰਾਨ ਪਰਮਾਣੂ ਖ਼ਤਰਾ ਹੈ ਤੇ ਇਸ ਦੀ ਵਕਾਲਤ ਉਹ ਚਿਰਾਂ ਤੋਂ ਕਰ ਰਿਹਾ ਹੈ; ਹਾਲਾਂਕਿ ਇਸ ਦੇ ਹਮਲਿਆਂ ਦੇ ਸ਼ਾਇਦ ਉਲਟ ਸਿੱਟੇ ਨਿਕਲ ਸਕਦੇ ਹਨ: ਇਜ਼ਰਾਈਲ, ਇਰਾਨ ਨੂੰ ਉਹ ਕਰਨ ਲਈ ਭੜਕਾ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਪੱਛਮ ਨਾਲ ਇਸ ਦਾ ਸਹਿਯੋਗ ਖ਼ਤਮ ਹੋ ਸਕਦਾ ਹੈ। ਪੱਛਮੀ ਏਸ਼ੀਆ ਵਿੱਚ ਪਰਮਾਣੂ ਅਪਸਾਰ ਸੰਧੀ ਖ਼ਤਮ ਹੋਣਾ ਭਿਆਨਕ ਹੋਵੇਗਾ। ਇਸ ਦੇ ਅੱਗੇ ਤੋਂ ਅੱਗੇ ਕਈ ਅਸਰ ਹੋਣਗੇ; ਸਾਊਦੀ ਅਰਬ, ਤੁਰਕੀ ਤੇ ਮਿਸਰ ਵੀ ਗ਼ੈਰ-ਪਰਮਾਣੂ ਮੁਲਕ ਬਣੇ ਰਹਿਣ ਦੀ ਆਪਣੀ ਨੀਤੀ ਉੱਤੇ ਪੁਨਰ-ਵਿਚਾਰ ਕਰ ਸਕਦੇ ਹਨ। ਸੰਕਟ ’ਚ ਹੋਰ ਵਾਧੇ ਦੇ ਤੌਰ ’ਤੇ, ਇਰਾਨ ਹਰਮੂਜ਼ ਜਲ ਮਾਰਗ ਬੰਦ ਕਰਨ ਦੀ ਧਮਕੀ ਦੇ ਰਿਹਾ ਹੈ, ਜੋ ਬੇਹੱਦ ਅਹਿਮ ਆਲਮੀ ਤੇਲ ਮਾਰਗ ਹੈ।
ਜ਼ਿੰਮੇਵਾਰੀ ਹੁਣ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਅਤੇ ਅਹਿਮ ਵਿਚੋਲਿਆਂ ਦੀ ਹੈ ਕਿ ਉਹ ਕੂਟਨੀਤਕ ਤੌਰ ’ਤੇ ਦਖ਼ਲ ਦੇਣ। ਸੰਸਾਰ ਨੂੰ ਚਾਹੀਦਾ ਹੈ ਕਿ ਉਹ ਇਰਾਨ ਨੂੰ ਕੰਢੇ ਤੋਂ ਮੋੜ ਲਿਆਉਣ ਲਈ ਤੇਜ਼ੀ ਨਾਲ ਕਦਮ ਚੁੱਕੇ ਅਤੇ ਇਜ਼ਰਾਈਲ ਦੇ ਸੈਨਿਕ ਤਣਾਅ ਨੂੰ ਰੋਕੇ। ਪਰਮਾਣੂ ਹਥਿਆਰਾਂ ਨਾਲ ਲੈਸ ਪੱਛਮੀ ਏਸ਼ੀਆ ਸਾਰਿਆਂ ਲਈ ਤਬਾਹਕੁਨ ਸਾਬਿਤ ਹੋ ਸਕਦਾ ਹੈ।