ਕ੍ਰਿਕਟ ’ਤੇ ਪਹਿਲਗਾਮ ਦਾ ਪਰਛਾਵਾਂ
ਪਹਿਲਗਾਮ ਅਤਿਵਾਦੀ ਹਮਲੇ ਦਾ ਪਰਛਾਵਾਂ ਐਤਵਾਰ ਨੂੰ ਦੁਬਈ ’ਚ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ’ਤੇ ਵੀ ਦੇਖਣ ਨੂੰ ਮਿਲਿਆ, ਜਿੱਥੇ ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠਲੀ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਤੋਂ ਬਾਅਦ ਵਿਰੋਧੀ ਟੀਮ ਨਾਲ ਰਸਮੀ ਤੌਰ ’ਤੇ ਹੱਥ ਮਿਲਾਉਣ ਤੋਂ ਮਨ੍ਹਾ ਕਰ ਦਿੱਤਾ। ਇਹ ਕੁੜੱਤਣ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਹਿਸੂਸ ਹੋ ਗਈ ਸੀ, ਜਦੋਂ ਯਾਦਵ ਅਤੇ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਟਾਸ ਦੌਰਾਨ ਨਾ ਤਾਂ ਹੱਥ ਮਿਲਾਏ ਅਤੇ ਨਾ ਹੀ ਅੱਖ ਮਿਲਾਈ। ਉਨ੍ਹਾਂ ਨੇ ਆਪੋ-ਆਪਣੀਆਂ ਟੀਮਾਂ ਦੀਆਂ ਸ਼ੀਟਾਂ ਵੀ ਇੱਕ-ਦੂਜੇ ਨੂੰ ਦੇਣ ਦੀ ਬਜਾਏ ਮੈਚ ਰੈਫਰੀ ਨੂੰ ਦਿੱਤੀਆਂ ਅਤੇ ਮੈਚ ਤੋਂ ਬਾਅਦ ਯਾਦਵ ਨੇ ਪਹਿਲਗਾਮ ਦੇ ਪੀੜਤਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਅਤੇ ਜਿੱਤ ਨੂੰ ‘ਅਪਰੇਸ਼ਨ ਸਿੰਧੂਰ’ ਵਿੱਚ ਹਿੱਸਾ ਲੈਣ ਵਾਲੀਆਂ ਹਥਿਆਰਬੰਦ ਸੈਨਾਵਾਂ ਨੂੰ ਸਮਰਪਿਤ ਕਰਦਿਆਂ ਠੋਸ ਰਾਜਨੀਤਕ ਸੰਦੇਸ਼ ਦਿੱਤਾ।
ਭੂ-ਰਾਜਨੀਤਕ ਮਤਭੇਦ ਸਪੱਸ਼ਟ ਤੌਰ ’ਤੇ ਖੇਡ ਦੇ ਮੈਦਾਨ ਤੱਕ ਪਹੁੰਚ ਗਏ ਹਨ ਅਤੇ ਮੌਜੂਦਾ ਏਸ਼ੀਆ ਕੱਪ ਵਿੱਚ ਦੋ ਹੋਰ ਭਾਰਤ-ਪਾਕਿਸਤਾਨ ਮੁਕਾਬਲਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਯਾਦਵ ਦੀ ਟੀਮ ਮੈਚ ਤੋਂ ਪਹਿਲਾਂ ਹੀ ਔਖ ਵਿੱਚ ਸੀ, ਕਿਉਂਕਿ ਸਰਹੱਦ ਪਾਰ ਦੇ ਟਕਰਾਅ ਦੇ ਬਾਵਜੂਦ ਭਾਰਤ ਦੇ ਪਾਕਿਸਤਾਨ ਵਿਰੁੱਧ ਖੇਡਣ ਦੇ ਫੈਸਲੇ ’ਤੇ ਦੇਸ਼ ਵਿੱਚ ਵਿਆਪਕ ਰੋਸ ਸੀ। ਵਿਰੋਧੀ ਪਾਰਟੀਆਂ ਨੇ ਖਾਸ ਤੌਰ ’ਤੇ ਸਰਕਾਰ ਉਤੇ ਦੋ ਗੁਆਂਢੀ ਮੁਲਕਾਂ ਵਿਚਕਾਰ ਚੱਲੇ ਚਾਰ ਦਿਨਾਂ ਦੇ ਟਕਰਾਅ ਤੋਂ ਬਾਅਦ ‘ਸਭ ਕੁਝ ਠੀਕ ਹੋਣ’ ਵਾਲੀ ਪਹੁੰਚ ਅਪਣਾਉਣ ਦਾ ਦੋਸ਼ ਲਾਇਆ ਹੈ। ਪੈਸੇ ਪੱਖੋਂ ਅਮੀਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਜਨਤਕ ਭਾਵਨਾਵਾਂ ਨਾਲੋਂ ਪੈਸੇ ਨੂੰ ਤਰਜੀਹ ਦੇਣ ਕਰ ਕੇ ਨਿਸ਼ਾਨੇ ’ਤੇ ਹੈ। ਖਾਸ ਤੌਰ ’ਤੇ ਸ਼ਿਖਰ ਧਵਨ ਅਤੇ ਹੋਰ ਭਾਰਤੀ ਸੀਨੀਅਰ ਖਿਡਾਰੀ, ਜੋ ਜੁਲਾਈ ਵਿੱਚ ਇੰਗਲੈਂਡ ਦੀ ਧਰਤੀ ’ਤੇ ਕਰਵਾਏ ਗਏ ਈਵੈਂਟ ਵਿੱਚ ਅਧਿਕਾਰਤ ਤੌਰ ’ਤੇ ਦੇਸ਼ ਦੀ ਨੁਮਾਇੰਦਗੀ ਨਹੀਂ ਵੀ ਕਰ ਰਹੇ ਸਨ, ਨੇ ‘ਮੌਜੂਦਾ ਤਣਾਅ’ ਦਾ ਹਵਾਲਾ ਦਿੰਦਿਆਂ ਫਿਰ ਵੀ ਪਾਕਿਸਤਾਨ ਵਿਰੁੱਧ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਸੀ।
ਭਾਰਤ ਨੇ ਹੋਰਨਾਂ ਦੇਸ਼ਾਂ ਵੱਲੋਂ ਕਰਵਾਏ ਜਾਂਦੇ ਕੌਮਾਂਤਰੀ ਟੂਰਨਾਮੈਂਟਾਂ ’ਚ ਪਾਕਿਸਤਾਨ ਦਾ ਬਾਈਕਾਟ ਕਰਨ ਦੇ ਸਿਰੇ ਦੇ ਫੈਸਲੇ ਤੋਂ ਅਜੇ ਤੱਕ ਬਚਾਅ ਰੱਖਿਆ ਹੈ। ਕੇਂਦਰ ਦੀ ਨਵੀਂ ਖੇਡ ਨੀਤੀ ਦੇ ਅਨੁਸਾਰ, ਭਾਰਤੀ ਟੀਮਾਂ ਅਤੇ ਖਿਡਾਰੀਆਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਮਨਾਹੀ ਹੈ; ਪਾਕਿਸਤਾਨ ਸਰਕਾਰ ਨੇ ਵੀ ਇਸੇ ਤਰ੍ਹਾਂ ਦਾ ਸਖ਼ਤ ਰੁਖ ਅਪਣਾਇਆ ਹੈ। ਭਾਰਤੀ ਕ੍ਰਿਕਟ ਟੀਮ ਨੇ ਸਿਆਸੀ ਤੌਰ ’ਤੇ ਮਜ਼ਬੂਤ ਸੰਦੇਸ਼ ਦਿੱਤਾ ਹੈ। ਇਹ ਉਨ੍ਹਾਂ ਦੇ ਦੇਸ਼ ਵਾਸੀਆਂ ਨੂੰ ਸ਼ਾਂਤ ਕਰਨ ਲਈ ਕਾਫੀ ਹੋਣਾ ਚਾਹੀਦਾ ਹੈ। ਯਾਦਵ ਅਤੇ ਉਸ ਦੇ ਸਾਥੀਆਂ ਅੱਗੇ ਚੁਣੌਤੀ ਹੁਣ ਏਸ਼ੀਆ ਕੱਪ ਜਿੱਤਣ ’ਤੇ ਆਪਣਾ ਧਿਆਨ ਬਣਾਈ ਰੱਖਣਾ ਹੈ। ਟੀਮ ਨੂੰ ਕਿਸੇ ਵੀ ਧਿਆਨ ਭਟਕਾਉਣ ਵਾਲੀ ਚੀਜ਼ ਨੂੰ ਆਪਣੀ ਜਿੱਤ ਦੇ ਰਾਹ ਦਾ ਰੋੜਾ ਨਹੀਂ ਬਣਨ ਦੇਣਾ ਚਾਹੀਦਾ।