ਪੰਜਾਬੀਆਂ ਦੀ ਚੜ੍ਹਦੀ ਕਲਾ
ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਅਕਸਰ ਪੰਜਾਬੀ ਹੀ ਸਭ ਤੋਂ ਅੱਗੇ ਹੁੰਦੇ ਹਨ। ਸੂਬੇ ’ਚ ਆਏ ਮੌਜੂਦਾ ਹੜ੍ਹ, ਜਿਨ੍ਹਾਂ ਨਾਲ 23 ਜ਼ਿਲ੍ਹਿਆਂ ਦੇ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਖੇਤਾਂ ’ਚ ਖੜ੍ਹੀ ਫ਼ਸਲ ਡੁੱਬ ਗਈ ਹੈ, ਨੇ ਇੱਕ ਵਾਰ ਫਿਰ ਪੰਜਾਬੀਆਂ ਦੀ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਉਜਾਗਰ ਕੀਤਾ ਹੈ। ਸਰਕਾਰੀ ਕਾਫ਼ਲਿਆਂ ਦੇ ਪਹੁੰਚਣ ਤੋਂ ਬਹੁਤ ਪਹਿਲਾਂ ਹੀ ਪਿੰਡਾਂ ਦੇ ਲੋਕਾਂ ਨੇ ਤੇਜ ਵਹਾਅ ਵਾਲੇ ਪਾਣੀਆਂ ਅੰਦਰ ਕਿਸ਼ਤੀਆਂ ਚਲਾ ਕੇ ਆਪਣੇ ਗੁਆਂਢੀਆਂ, ਬੱਚਿਆਂ ਅਤੇ ਪਸ਼ੂਆਂ ਨੂੰ ਬਚਾਇਆ। ਲੰਗਰ ਤਿਆਰ ਕੀਤੇ ਗਏ, ਅਸਥਾਈ ਆਸਰੇ ਕਾਇਮ ਕੀਤੇ ਗਏ ਅਤੇ ਬੇਝਿਜਕ ਹੋ ਕੇ ਰਾਸ਼ਨ ਵੰਡਿਆ ਗਿਆ। ਇਹ ਭਾਵਨਾ ਕੋਈ ਨਵੀਂ ਨਹੀਂ ਜਾਗੀ। ਪੰਜਾਬੀਆਂ ਨੇ ਨਾ ਸਿਰਫ਼ ਆਪਣੀ ਧਰਤੀ ’ਤੇ, ਸਗੋਂ ਦੁਨੀਆ ਭਰ ਦੇ ਹੋਰ ਸੰਕਟਗ੍ਰਸਤ ਖੇਤਰਾਂ ਵਿੱਚ- ਤੁਰਕੀ ਦੇ ਭੂਚਾਲ ਤੋਂ ਲੈ ਕੇ ਕੇਰਲ ਦੇ ਹੜ੍ਹਾਂ ਤੱਕ- ‘ਸਭ ਤੋਂ ਪਹਿਲਾਂ ਪੁੱਜ ਕੇ’ ਸੋਭਾ ਖੱਟੀ ਹੈ। ਇਸ ਸਾਲ ‘ਖਾਲਸਾ ਏਡ’, ‘ਯੂਨਾਈਟਿਡ ਸਿੱਖਸ’, ‘ਹੇਮਕੁੰਟ ਫਾਊਂਡੇਸ਼ਨ’ ਵਰਗੀਆਂ ਸੰਸਥਾਵਾਂ ਅਤੇ ਅਣਗਿਣਤ ਸਥਾਨਕ ਗੁਰਦੁਆਰਿਆਂ ਨੇ ਫੌਰੀ ਭੱਜ-ਨੱਠ ਕਰਦਿਆਂ ਭੋਜਨ, ਪਾਣੀ, ਦਵਾਈਆਂ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਇਆ। ਗੁਰਦਾਸਪੁਰ ਤੇ ਕਪੂਰਥਲਾ ਵਿੱਚ ਵਲੰਟੀਅਰਾਂ ਨੇ ਲੱਕ ਤੱਕ ਡੂੰਘੇ ਪਾਣੀ ’ਚੋਂ ਲੰਘ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ; ਜਾਨਵਰਾਂ ਦੀ ਦੇਖਭਾਲ ਕਰਨ ਵਾਲੀਆਂ ਟੀਮਾਂ ਨੇ ਪੇਂਡੂ ਖੇਤਰਾਂ ਵਿੱਚ ਫਸੇ ਪਸ਼ੂਆਂ ਦੀ ਸਾਂਭ-ਸੰਭਾਲ ਕੀਤੀ।
ਇਸੇ ਦੌਰਾਨ ਇਸ ਕਾਰਜ ਲਈ ਵਿੱਤੀ ਮਦਦ ਵੀ ਆ ਰਹੀ ਹੈ, ਜਿਸ ਵਿੱਚ ਗ਼ੈਰ-ਸਰਕਾਰੀ ਸੰਗਠਨ, ਸਮਾਜ ਸੇਵਕ ਅਤੇ ਕਲਾਕਾਰ ਵੀ ਪਰਿਵਾਰਾਂ ਦੀ ਮੁੜ ਵਸੇਬੇ ’ਚ ਮਦਦ ਕਰਨ ਦਾ ਵਾਅਦਾ ਕਰ ਰਹੇ ਹਨ। ਇੱਕ ਮਸ਼ਹੂਰ ਪੰਜਾਬੀ ਹਸਤੀ ਨੇ 200 ਘਰਾਂ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ, ਜੋ ਦਰਸਾਉਂਦਾ ਹੈ ਕਿ ਕਿਵੇਂ ਸਮਾਜਿਕ ਸੰਸਥਾਵਾਂ ਦੇ ਨਾਲ-ਨਾਲ ਸੱਭਿਆਚਾਰਕ ਹਸਤੀਆਂ ਵੀ ਤਬਾਹੀ ਮਗਰੋਂ ਲੋਕਾਂ ਦਾ ਇੱਜ਼ਤ-ਮਾਣ ਬਹਾਲ ਕਰਨ ਲਈ ਅੱਗੇ ਆ ਰਹੀਆਂ ਹਨ। ਸਰਕਾਰ ਅਤੇ ਕੇਂਦਰੀ ਏਜੰਸੀਆਂ- ਐੱਨਡੀਆਰਐੱਫ, ਐੱਸਡੀਆਰਐੱਫ, ਫ਼ੌਜ, ਹਵਾਈ ਸੈਨਾ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਕਿਸ਼ਤੀਆਂ, ਹੈਲੀਕਾਪਟਰਾਂ ਅਤੇ ਰਾਹਤ ਕੈਂਪਾਂ ਦਾ ਬੰਦੋਬਸਤ ਕੀਤਾ ਹੈ। ਫਿਰ ਵੀ ਸਭ ਤੋਂ ਪ੍ਰਭਾਵਸ਼ਾਲੀ ਤਸਵੀਰਾਂ ਪਿੰਡਾਂ ਦੇ ਲੋਕਾਂ ਦੀਆਂ ਹਨ, ਜਿਨ੍ਹਾਂ ਨੇ ਟਰੈਕਟਰ-ਟਰਾਲੀਆਂ ਨੂੰ ਜੀਵਨ-ਰੱਖਿਅਕ ਕਿਸ਼ਤੀਆਂ ਵਿੱਚ ਬਦਲ ਦਿੱਤਾ ਅਤੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੇ ਵੀ ਰਾਤੋ-ਰਾਤ ਵਿੱਤੀ ਮਦਦ ਭੇਜੀ।
‘ਸੇਵਾ’ ਦਾ ਇਹ ਸਭਿਆਚਾਰ ਕਈ ਮੌਕਿਆਂ ’ਤੇ ਪਰਖਿਆ ਗਿਆ ਹੈ, ਪਰ ਮੁੜ ਵਸੇਬੇ ਦਾ ਕੰਮ ਸਿਰਫ਼ ਸਦਇੱਛਾ ’ਤੇ ਨਿਰਭਰ ਨਹੀਂ ਰਹਿ ਸਕਦਾ। ਪੰਜਾਬ ਨੂੰ ਹੁਣ ਫੌਰੀ ਮੁਆਵਜ਼ੇ, ਫ਼ਸਲੀ ਨੁਕਸਾਨ ਦੇ ਪਾਰਦਰਸ਼ੀ ਮੁਲਾਂਕਣ ਅਤੇ ਤਾਲਮੇਲ ਨਾਲ ਘਰਾਂ ਤੇ ਖੇਤਾਂ ਦੀ ਪੁਨਰ ਉਸਾਰੀ ਦੀ ਲੋੜ ਹੈ। ਜੇਕਰ ਸਰਕਾਰੀ ਪ੍ਰਣਾਲੀਆਂ ਅਤੇ ਨਾਗਰਿਕ ਸੰਸਥਾਵਾਂ ਮਿਲ ਕੇ ਕੰਮ ਕਰਨ ਤਾਂ ਪੰਜਾਬ ਦੀ ਦ੍ਰਿੜ੍ਹਤਾ ਇਸ ਹੜ੍ਹ ਨੂੰ ਸਿਰਫ਼ ਸਬਰ ਦੀ ਹੀ ਨਹੀਂ, ਬਲਕਿ ਪੁਨਰਵਾਸ ਦੀ ਦਾਸਤਾਨ ਵਿੱਚ ਵੀ ਬਦਲ ਸਕਦੀ ਹੈ।