ਭਾਰਤੀ ਕ੍ਰਿਕਟ ਦਾ ਜਲਵਾ
ਨੌਜਵਾਨ ਟੀਮ, ਨਵਾਂ ਕਪਤਾਨ ਤੇ ਇਤਿਹਾਸ ਦਾ ਬੋਝ- ਐਜਬੈਸਟਨ, ਬਰਮਿੰਘਮ ’ਚ ਭਾਰਤ ਅੱਗੇ ਮੁਸ਼ਕਿਲਾਂ ਤਾਂ ਕਾਫ਼ੀ ਸਨ। ਕਿਸੇ ਵੀ ਭਾਰਤੀ ਕ੍ਰਿਕਟ ਟੀਮ ਨੇ ਇਸ ਪ੍ਰਸਿੱਧ ਮੈਦਾਨ ’ਤੇ ਟੈਸਟ ਮੈਚ ਨਹੀਂ ਜਿੱਤਿਆ ਸੀ ਅਤੇ ਇਹ ਅਸੰਭਵ ਜਾਪਦਾ ਸੀ ਕਿ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ ਇਸ ਸਰਾਪ ਨੂੰ ਧੋ ਦੇਵੇਗੀ, ਖ਼ਾਸ ਕਰ ਕੇ ਲੀਡਜ਼ ਦੇ ਪਹਿਲੇ ਟੈਸਟ ਵਿੱਚ ਸੰਭਾਵੀ ਜਿੱਤ ਦੇ ਮੂੰਹੋਂ ਹਾਰ ਖੋਹਣ ਤੋਂ ਬਾਅਦ ਤਾਂ ਅਜਿਹਾ ਨਹੀਂ ਲੱਗ ਰਿਹਾ ਸੀ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਰਵੀਚੰਦਰਨ ਅਸ਼ਿਵਨ ਵਰਗੇ ਕਈ ਭਾਰੇ ਨਾਂ ਵੀ ਨਹੀਂ ਖੇਡ ਰਹੇ ਸਨ, ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ‘ਰਣਨੀਤਕ’ ਬ੍ਰੇਕ ’ਤੇ ਸੀ। ਪਰ, ਅਡੋਲ ਗਿੱਲ ਜਾਣਦਾ ਸੀ ਕਿ ਇੰਗਲੈਂਡ ’ਤੇ ਜਿੱਤ ਹਾਸਿਲ ਕਰਨ ਲਈ ਕੀ ਕਰਨਾ ਹੈ। ਮੂਹਰੇ ਹੋ ਕੇ ਅਗਵਾਈ ਕਰਦਿਆਂ 25 ਸਾਲਾ ਖਿਡਾਰੀ ਨੇ ਪਹਿਲੀ ਪਾਰੀ ਵਿੱਚ ਸ਼ਾਨਦਾਰ 269 ਦੌੜਾਂ ਬਣਾਈਆਂ ਅਤੇ ਫਿਰ 161 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ, ਜਿਸ ਦੇ ਨਾਲ-ਨਾਲ ਕਈ ਰਿਕਾਰਡ ਵੀ ਤੋੜੇ। ਕਪਤਾਨ ਵਜੋਂ ਉਸ ਨੇ ਤੇਜ਼ ਗੇਂਦਬਾਜ਼ ਆਕਾਸ਼ਦੀਪ ਤੋਂ ਸਰਵੋਤਮ ਪ੍ਰਦਰਸ਼ਨ ਕਰਵਾਇਆ, ਜਿਸ ਨੇ 10 ਵਿਕਟਾਂ ਲੈ ਕੇ ਇੰਗਲੈਂਡ ਨੂੰ ਹਿਲਾ ਕੇ ਰੱਖ ਦਿੱਤਾ। ਬਾਕੀ ਗੇਂਦਬਾਜ਼ਾਂ ਨੇ ਵੀ ਬਣਦਾ ਯੋਗਦਾਨ ਦਿੱਤਾ ਤੇ ਬਰਤਾਨਵੀ ਟੀਮ ਖੁੱਲ੍ਹ ਕੇ ਨਹੀਂ ਖੇਡ ਸਕੀ।
ਭਾਰਤ ਦੀ ਸ਼ਾਨਦਾਰ 336 ਦੌੜਾਂ ਦੀ ਜਿੱਤ ਯਕੀਨਨ ਵਿਦੇਸ਼ ’ਚ ਉਸ ਦੀਆਂ ਸਭ ਤੋਂ ਮਹਾਨ ਟੈਸਟ ਜਿੱਤਾਂ ਵਿੱਚੋਂ ਇੱਕ ਹੈ। ਗਿੱਲ ਨੇ ਆਪਣੇ ਆਲੋਚਕਾਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ ਜੋ ਜਲਦਬਾਜ਼ੀ ਵਿੱਚ ਬਰਤਾਨਵੀ ਹਾਲਾਤ ਵਿੱਚ ਚੰਗੀ ਬੱਲੇਬਾਜ਼ੀ ਕਰਨ ਅਤੇ ਟੀਮ ਨੂੰ ਸੰਭਾਲਣ ਦੀ ਉਸ ਦੀ ਯੋਗਤਾ ’ਤੇ ਸਵਾਲ ਉਠਾ ਰਹੇ ਸਨ। ਲੜੀ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀਆਂ ਪ੍ਰਾਪਤੀਆਂ ਅਤੇ ਕਪਤਾਨ ਵਜੋਂ ਚੋਣ ਉੱਤੇ ਕਾਫ਼ੀ ਚਰਚਾ ਹੋਈ ਸੀ। ਉਸ ਨੇ ਚੋਣਕਾਰਾਂ ਦੇ ਭਰੋਸੇ ਨੂੰ ਵੀ ਸਹੀ ਸਾਬਿਤ ਕੀਤਾ ਹੈ, ਜਿਨ੍ਹਾਂ ਰੋਹਿਤ ਅਤੇ ਵਿਰਾਟ ਦੇ ਮਈ ਵਿੱਚ ਟੈਸਟ ਕ੍ਰਿਕਟ ਛੱਡਣ ਤੋਂ ਬਾਅਦ ਚੁਣੌਤੀਪੂਰਨ ਦੌਰੇ ਲਈ ਉਸ ਨੂੰ ਕਪਤਾਨੀ ਦੀ ਕਮਾਨ ਸੌਂਪੀ ਸੀ। ਇਸ ਟੀਮ ਦਾ ਭਵਿੱਖ ਰੌਸ਼ਨ ਹੈ, ਜੋ ਪ੍ਰਤਿਭਾ ਤੇ ਜੋਸ਼ ਨਾਲ ਭਰੀ ਹੋਈ ਹੈ। ਤੇਜ਼ ਤਰਾਰ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਤੋਂ ਲੈ ਕੇ ਬੇਖ਼ੌਫ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਅਤੇ ਸ਼ੇਰ ਦਿਲ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੱਕ।
ਗਿੱਲ ਅਤੇ ਟੀਮ ਜਾਣਦੇ ਹਨ ਕਿ ਉਨ੍ਹਾਂ ਦਾ ਕੰਮ ਅਜੇ ਸਿਰਫ਼ ਅੱਧਾ ਹੀ ਹੋਇਆ ਹੈ। ਆਪਣੀ ਲੈਅ ਲੱਭਣ ਤੋਂ ਬਾਅਦ ਉਨ੍ਹਾਂ ਨੂੰ ਹੁਣ ਪੰਜ ਮੈਚਾਂ ਦੀ ਲੜੀ ਜਿੱਤਣ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੰਗਲੈਂਡ ਨੂੰ ਘਰ ਵਿੱਚ ਹਾਰਨਾ ਪਸੰਦ ਨਹੀਂ ਅਤੇ ਬੈੱਨ ਸਟੋਕਸ ਦੀ ਟੀਮ ਲਾਰਡਜ਼ ਵਿੱਚ ਤੀਜੇ ਟੈਸਟ ਵਿੱਚ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਮਹਿਮਾਨ ਟੀਮ ਨੇ ਮਿਆਰ ਕਾਫ਼ੀ ਉੱਚਾ ਸਥਾਪਿਤ ਕਰ ਦਿੱਤਾ ਹੈ। ਇਹ ਭਾਰਤੀ ਕ੍ਰਿਕਟ ਲਈ ਬਹੁਤ ਚੰਗੀ ਖ਼ਬਰ ਹੈ।