ਨਕਲੀ ਮੀਂਹ ਦੀ ਅਸਲੀਅਤ
ਦਿੱਲੀ ’ਚ ਨਕਲੀ ਮੀਂਹ ਪੁਆਉਣ ਦਾ ਸ਼ਾਨਦਾਰ ਪ੍ਰਯੋਗ ਖ਼ਤਮ ਹੋ ਗਿਆ ਹੈ- ਛਿੱਟਿਆਂ ਨਾਲ ਨਹੀਂ, ਸਗੋਂ ਰੌਲੇ-ਰੱਪੇ ਨਾਲ। 3.20 ਕਰੋੜ ਰੁਪਏ ਦੀ ਕਲਾਊਡ-ਸੀਡਿੰਗ ਮੁਹਿੰਮ, ਜਿਸ ਦਾ ਮਕਸਦ ਰਾਜਧਾਨੀ ਦਿੱਲੀ ਦੇ ਜ਼ਹਿਰੀਲੇ ਧੂੰਏਂ (ਸਮੋਗ) ਨੂੰ ਖ਼ਤਮ ਕਰਨਾ ਸੀ, ਇੱਕ ਬੂੰਦ ਵੀ...
ਦਿੱਲੀ ’ਚ ਨਕਲੀ ਮੀਂਹ ਪੁਆਉਣ ਦਾ ਸ਼ਾਨਦਾਰ ਪ੍ਰਯੋਗ ਖ਼ਤਮ ਹੋ ਗਿਆ ਹੈ- ਛਿੱਟਿਆਂ ਨਾਲ ਨਹੀਂ, ਸਗੋਂ ਰੌਲੇ-ਰੱਪੇ ਨਾਲ। 3.20 ਕਰੋੜ ਰੁਪਏ ਦੀ ਕਲਾਊਡ-ਸੀਡਿੰਗ ਮੁਹਿੰਮ, ਜਿਸ ਦਾ ਮਕਸਦ ਰਾਜਧਾਨੀ ਦਿੱਲੀ ਦੇ ਜ਼ਹਿਰੀਲੇ ਧੂੰਏਂ (ਸਮੋਗ) ਨੂੰ ਖ਼ਤਮ ਕਰਨਾ ਸੀ, ਇੱਕ ਬੂੰਦ ਵੀ ਮੀਂਹ ਦੀ ਨਹੀਂ ਬਰਸਾ ਸਕੀ। ਆਸਮਾਨ ਖੁਸ਼ਕ ਹੀ ਰਿਹਾ ਤੇ ਦਿੱਲੀ ਵਾਸੀਆਂ ਦੀਆਂ ਉਮੀਦਾਂ ਨੂੰ ਵੀ ਖੁਸ਼ਕੀ ਪੈ ਗਈ। ਪ੍ਰਦੂਸ਼ਣ ਦੀ ਸਮੱਸਿਆ ਹੱਲ ਕਰਨ ਲਈ ਇੱਕ ਨਵੇਂ ਢੰਗ-ਤਰੀਕੇ ਵਜੋਂ ਪ੍ਰਚਾਰੇ ਗਏ ਇਸ ਉਪਰਾਲੇ ਨੇ ਛੇਤੀ ਹੀ ਆਮ ਆਦਮੀ ਪਾਰਟੀ (ਆਪ) ਤੇ ਸੱਤਾਧਾਰੀ ਭਾਜਪਾ ਵਿਚਾਲੇ ਸਿਆਸੀ ਟਕਰਾਅ ਦਾ ਰੂਪ ਧਾਰ ਲਿਆ। ਵਿਗਿਆਨ ਅਜ਼ਮਾਇਸ਼ ਅਤੇ ਗ਼ਲਤੀ ਦੀ ਸੰਭਾਵਨਾ ’ਤੇ ਕੰਮ ਕਰਦਾ ਹੈ, ਪਰ ਦਿੱਲੀ ਦੇ ਕੇਸ ਵਿੱਚ, ਜਾਪਦਾ ਹੈ ਕਿ ਇਹ ਦੋਵੇਂ ਸਿਆਸੀ ਡਰਾਮੇ ਹੇਠ ਦੱਬੇ ਗਏ ਹਨ। ਕਲਾਊਡ-ਸੀਡਿੰਗ ਸਿਰਫ਼ ਵਿਸ਼ੇਸ਼ ਹਾਲਤਾਂ ਵਿੱਚ ਹੀ ਕੰਮ ਕਰਦੀ ਹੈ, ਜਿਵੇਂ ਕਿ ਢੁੱਕਵੀਂ ਨਮੀ, ਸੰਘਣੇ ਬੱਦਲ ਅਤੇ ਹਵਾ ਦੇ ਸਥਿਰ ਪੈਟਰਨ। ਇਸ ਵਿੱਚ ਚੀਨ, ਥਾਈਲੈਂਡ ਅਤੇ ਯੂਏਈ ਵਰਗੇ ਦੇਸ਼ਾਂ ਨੂੰ ਸਫਲਤਾ ਮਿਲੀ ਕਿਉਂਕਿ ਉਨ੍ਹਾਂ ਨੇ ਸਹੀ ਸਮੇਂ ਦੀ ਚੋਣ ਕੀਤੀ ਸੀ। ਦਿੱਲੀ ਨੇ ਜਦਕਿ ਖੁਸ਼ਕ ਆਸਮਾਨ ਅਤੇ ਘੱਟ ਨਮੀ ਦੇ ਬਾਵਜੂਦ ਇਸ ਅਸਲੀਅਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਢੁੱਕਵੀਂ ਨਮੀ ਜਾਂ ਬੱਦਲਾਂ ਦੀ ਘਣਤਾ ਤੋਂ ਬਿਨਾਂ, ਸਿਲਵਰ ਆਇਓਡਾਈਡ ਦੇ ਫਲੇਅਰ ਮੀਂਹ ਨਹੀਂ ਲਿਆ ਸਕਦੇ। ਇਨ੍ਹਾਂ ਕਮੀਆਂ ਬਾਰੇ ਤਾਂ ਪਹਿਲਾਂ ਤੋਂ ਹੀ ਪਤਾ ਸੀ, ਫਿਰ ਵੀ ਸਰਕਾਰ ਕੋਸ਼ਿਸ਼ਾਂ ’ਚ ਲੱਗੀ ਰਹੀ, ਜਾਪਦਾ ਹੈ ਕਿ ਸਰਕਾਰ ਦੀ ਦਿਲਚਸਪੀ ਨਤੀਜਿਆਂ ਨਾਲੋਂ ਦਿਖਾਵੇ ’ਚ ਜ਼ਿਆਦਾ ਸੀ।
ਸੁਆਲ ਇਹ ਹੈ ਕਿ ਕੀ ਦਿੱਲੀ ਅਸਲ ਹੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਅਜਿਹੇ ਮਹਿੰਗੇ ਦਾਅ ਖੇਡਣ ਦੀ ਸਮਰੱਥਾ ਰੱਖਦੀ ਹੈ। ਜੇਕਰ ਵਾਹਨਾਂ ਦਾ ਪ੍ਰਦੂਸ਼ਣ ਘਟਾਇਆ ਜਾਵੇ, ਉਸਾਰੀ ਨਾਲ ਉੱਠਦੀ ਧੂੜ ’ਤੇ ਨਿਗ੍ਹਾ ਰੱਖੀ ਜਾਵੇ, ਫ਼ਸਲੀ ਰਹਿੰਦ-ਖੂੰਹਦ ਨੂੰ ਸੰਭਾਲ ਕੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਇਹ ਨਕਲੀ ਮੀਂਹ ਪੁਆਉਣ ਨਾਲੋਂ ਹਵਾ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਾਫ਼ ਕਰੇਗਾ। ਇਹ ਅਸਫ਼ਲ ਕੋਸ਼ਿਸ਼ ਇੱਕ ਡੂੰਘੀ ਅਲਾਮਤ ਨੂੰ ਦਰਸਾਉਂਦੀ ਹੈ- ਪ੍ਰਦੂਸ਼ਣ ਕੰਟਰੋਲ ਦਾ ਨਾਟਕ ਕਰਨ ਦੀ ਪ੍ਰਵਿਰਤੀ। ਨੀਤੀ ਘੜ ਕੇ ਇਸ ਦਾ ਹੱਲ ਨਹੀਂ ਕੱਢਿਆ ਜਾ ਰਿਹਾ। ਅਸਲ ਕਦਮਾਂ ਲਈ ਡਰਾਮੇ ਦੀ ਘੱਟ ਤੇ ਅਨੁਸ਼ਾਸਨ ਦੀ ਵੱਧ ਲੋੜ ਹੈ। ਇਹ ਆਸਮਾਨ ਵਿੱਚ ਰਸਾਇਣ ਖਿਲਾਰਨ ਵਾਲੇ ਹੈਲੀਕਾਪਟਰਾਂ ਤੋਂ ਨਹੀਂ, ਬਲਕਿ ਜ਼ਮੀਨੀ ਪ੍ਰਸ਼ਾਸਨ, ਨਿਰੰਤਰ ਯੋਜਨਾਬੰਦੀ ਅਤੇ ਵਿਗਿਆਨਕ ਸਖ਼ਤੀ ਨਾਲ ਆਵੇਗਾ।
ਬੱਦਲਾਂ ਨੇ ਹਾਲਾਂਕਿ ਇਸ ਵਾਰ ਸਾਥ ਨਹੀਂ ਦਿੱਤਾ, ਪਰ ਇਹ ਹਾਰ ਮੰਨਣ ਦਾ ਕਾਰਨ ਨਹੀਂ ਬਣਨਾ ਚਾਹੀਦਾ। ਸਬਕ ਸਪੱਸ਼ਟ ਹੈ: ਵਿਗਿਆਨ ਨੂੰ ਅਗਵਾਈ ਕਰਨ ਦੇਣੀ ਚਾਹੀਦੀ ਹੈ, ਨਾ ਕਿ ਰਾਜਨੀਤੀ ਨੂੰ, ਜਿਸ ਵਿੱਚ ਵਿਗਿਆਨਕ ਸੰਸਥਾਵਾਂ ਅਤੇ ਨਾਗਰਿਕ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਹੋਵੇ। ਦਿੱਲੀ ਨੂੰ ਆਪਣੇ ਕਰੋੜਾਂ ਲੋਕਾਂ ਦੀ ਸਿਹਤ ਖ਼ਾਤਰ ਸਾਫ਼ ਹਵਾ ਦੀ ਸਖ਼ਤ ਲੋੜ ਹੈ।

