ਜੰਗ ਦੀ ਸਿਆਸਤ ਅਤੇ ਸ਼ਿਕਵੇ-ਸ਼ਿਕਾਇਤਾਂ
ਅਰਵਿੰਦਰ ਜੌਹਲ
ਸਿਆਸਤ ਦੀ ਦੁਨੀਆ ਬਹੁਤ ਅਜੀਬ, ਬੇਦਰਦ ਅਤੇ ਬੇਰਹਿਮ ਹੈ। ਇਸ ਵੇਲੇ ਜਾਰੀ ਇਰਾਨ-ਇਜ਼ਰਾਈਲ ਜੰਗ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਇਸ ਜੰਗ ਦਾ ਇੱਕ ਵੱਡਾ ਨਿੱਜੀ ਨੁਕਸਾਨ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਆਪਣੇ ਪੁੱਤਰ ਦਾ ਵਿਆਹ ਅੱਗੇ ਪਾਉਣਾ ਪਿਆ ਹੈ। ਨੇਤਨਯਾਹੂ ਨੇ ਇਹ ਗੱਲ ਇਰਾਨੀ ਹਮਲੇ ਦੀ ਜ਼ੱਦ ’ਚ ਆਏ ਬੀਰਸ਼ੇਵਾ ਦੇ ਸੋਰੋਕਾ ਹਸਪਤਾਲ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਆਖਿਆ, ‘‘ਮੇਰੀ ਪਤਨੀ ਸਾਰਾ ਅਤੇ ਮੇਰੇ ਪੁੱਤਰ ਦੀ ਮੰਗੇਤਰ ਬਹੁਤ ਦੁਖੀ ਹਨ ਪਰ ਸਾਨੂੰ ਮਜ਼ਬੂਤੀ ਦਿਖਾਉਣੀ ਪਵੇਗੀ।’’ ਜੰਗ ਕਾਰਨ ਇੱਕ ਪਰਿਵਾਰਕ ਸਮਾਗਮ ਅੱਗੇ ਪਾਉਣ ਨੂੰ ਨੇਤਨਯਾਹੂ ਇੱਕ ਨਿੱਜੀ ‘ਕੁਰਬਾਨੀ’ ਵਜੋਂ ਪੇਸ਼ ਕਰ ਰਹੇ ਹਨ ਬਿਨਾਂ ਇਹ ਅਹਿਸਾਸ ਕੀਤਿਆਂ ਕਿ ਇਸ ਜੰਗ ਵਿੱਚ ਬਹੁਤ ਸਾਰੇ ਹੋਰਨਾਂ ਲੋਕਾਂ ਦੇ ਪੁੱਤਰਾਂ-ਧੀਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪੈ ਰਹੀਆਂ ਹਨ। ਸੋਚੋ ਉਨ੍ਹਾਂ ਲੋਕਾਂ ਦਾ ਕੀ ਹਾਲ ਹੋਵੇਗਾ ਜਿਨ੍ਹਾਂ ਨੂੰ ਪੁੱਤਰਾਂ ਦੇ ਵਿਆਹ ਦੇ ਜਸ਼ਨ ਮਨਾਉਣ ਦੀ ਬਜਾਏ ਉਨ੍ਹਾਂ ਦੀਆਂ ਮਾਤਮੀ ਰਸਮਾਂ ਨਿਭਾਉਣੀਆਂ ਪੈ ਰਹੀਆਂ ਹਨ। ਨੇਤਨਯਾਹੂ ਅਨੁਸਾਰ ਉਨ੍ਹਾਂ ਆਪਣੇ ਪੁੱਤਰ ਦੇ ਵਿਆਹ ਨੂੰ ਅੱਗੇ ਪਾ ਕੇ ਇਜ਼ਰਾਈਲ ਖ਼ਾਤਰ ‘ਵੱਡੀ ਕੁਰਬਾਨੀ’ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਇਸ ਬਿਆਨ ਲਈ ਖ਼ੂਬ ਟਰੋਲ ਕੀਤਾ ਜਾ ਰਿਹਾ ਹੈ।
ਇਹ ਉਹੀ ਆਗੂ ਹੈ, ਜਿਸ ਨੇ ਲਗਾਤਾਰ ਹਮਲੇ ਕਰ ਕੇ ਗਾਜ਼ਾ ਨੂੰ ਖੰਡਰ ’ਚ ਬਦਲ ਦਿੱਤਾ, ਫ਼ਲਸਤੀਨੀਆਂ ਲਈ ਮੈਡੀਕਲ ਸੇਵਾਵਾਂ ਤੇ ਖੁਰਾਕੀ ਵਸਤਾਂ ਪੁੱਜਣੀਆਂ ਔਖੀਆਂ ਕਰ ਦਿੱਤੀਆਂ ਅਤੇ ਹਮਾਸ ਲੜਾਕਿਆਂ ਨੂੰ ਕਾਬੂ ਕਰਨ ਲਈ ਗਾਜ਼ਾ ਵਿਚਲੇ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ। ਅਜੇ ਸ਼ੁੱਕਰਵਾਰ ਨੂੰ ਹੀ ਗਾਜ਼ਾ ’ਚ 44 ਫ਼ਲਸਤੀਨੀ ਉਦੋਂ ਮਾਰੇ ਗਏ ਜਦੋਂ ਉਹ ਨੇਤਜ਼ਰੀਮ ਵਿੱਚ ਭੋਜਨ ਸਮੱਗਰੀ ਲਈ ਟਰੱਕਾਂ ਦੀ ਉਡੀਕ ਕਰ ਰਹੇ ਸਨ ਕਿ ਇਜ਼ਰਾਇਲੀ ਫ਼ੌਜੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਇਜ਼ਰਾਇਲੀ ਫ਼ੌਜੀਆਂ ਦੀ ਗੋਲੀਬਾਰੀ ’ਚ 45 ਫ਼ਲਸਤੀਨੀ ਮਾਰੇ ਗਏ ਸਨ। ਦਰਅਸਲ, ਇਜ਼ਰਾਈਲ ਨੇ ਦਸ ਹਫ਼ਤਿਆਂ ਮਗਰੋਂ ਪਿਛਲੇ ਮਹੀਨੇ ਹੀ ਗਾਜ਼ਾ ਵਿੱਚ ਖੁਰਾਕੀ ਵਸਤਾਂ ਦੀ ਸਪਲਾਈ ਮੁੜ ਸ਼ੁਰੂ ਕੀਤੀ ਹੈ।
ਪਹਿਲਾਂ ਤਾਂ ਭੁੱਖ ਦੇ ਝੰਬੇ ਫ਼ਲਸਤੀਨੀਆਂ ਤੱਕ ਖੁਰਾਕੀ ਮਦਦ ਪੁੱਜਣ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਅਤੇ ਫਿਰ ਉੱਥੇ ਪੁੱਜੀ ਭੋਜਨ ਸਮੱਗਰੀ ਲੈਣ ਆਏ ਫ਼ਲਸਤੀਨੀਆਂ ਨੂੰ ਇਜ਼ਰਾਇਲੀ ਫ਼ੌਜੀ ਗੋਲੀਆਂ ਮਾਰ ਦਿੰਦੇ ਹਨ। ਅਜਿਹੀ ਕਾਰਵਾਈ ਉੱਤੇ ਜਦੋਂ ਸਵਾਲ ਉੱਠਦੇ ਹਨ ਤਾਂ ਇਜ਼ਰਾਇਲੀ ਰੱਖਿਆ ਬਲਾਂ ਦਾ ਘੜਿਆ-ਘੜਾਇਆ ਜਵਾਬ ਹੁੰਦਾ ਹੈ ਕਿ ਭੀੜ ’ਚ ਮੌਜੂਦ ਸ਼ੱਕੀ ਅਤਿਵਾਦੀਆਂ ਨੂੰ ਖਿੰਡਾਉਣ ਲਈ ਉਨ੍ਹਾਂ ਨੂੰ ਗੋਲੀਬਾਰੀ ਕਰਨੀ ਪਈ।
ਭੁੱਖ ਬੜੀ ਜ਼ਾਲਮ ਹੁੰਦੀ ਹੈ, ਜਦੋਂ ਇਹ ਪਤਾ ਹੁੰਦਾ ਹੈ ਕਿ ਖੁਰਾਕੀ ਵਸਤਾਂ ਹਾਸਲ ਕਰਨ ਲਈ ਜੁੜੇ ਲੋਕਾਂ ’ਤੇ ਇਜ਼ਰਾਇਲੀ ਫ਼ੌਜੀ ਗੋਲੀਆਂ ਵਰ੍ਹਾ ਸਕਦੇ ਹਨ ਤਾਂ ਵੀ ਵੱਡੀ ਗਿਣਤੀ ਭੁੱਖਣ-ਭਾਣੇ ਲੋਕ ਖੁਰਾਕ ਵੰਡ ਕੇਂਦਰਾਂ ’ਤੇ ਜਾ ਜੁੜਦੇ ਹਨ। ਅੱਗੋਂ ਇਹ ਉਨ੍ਹਾਂ ਦੀ ਕਿਸਮਤ ਹੈ ਕਿ ਗੋਲੀ ਮਿਲਦੀ ਹੈ ਜਾਂ ਰੋਟੀ। ਰੋਟੀ ਮਿਲ ਵੀ ਜਾਂਦੀ ਹੈ ਤਾਂ ਕਈ ਵਾਰ ਹਥਿਆਰਬੰਦ ਵਿਅਕਤੀ ਇਹ ਲੁੱਟ ਕੇ ਲੈ ਜਾਂਦੇ ਹਨ। ਖਾਲੀ ਹੱਥੀਂ ਪਰਤਣ ਵਾਲੇ ਲੋਕ ਅਗਲੇ ਦਿਨ ਫਿਰ ਰੋਟੀ ਹਾਸਲ ਕਰਨ ਦੇ ਉਸੇ ਸੰਘਰਸ਼ ਵਿੱਚ ਜੁਟ ਜਾਂਦੇ ਹਨ। ਜਮੀਲ ਨਾਂ ਦਾ ਇੱਕ ਫਲਸਤੀਨੀ ਇਸ ਸੰਘਰਸ਼ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਖੁਆਉਣ ਲਈ ਕੁਝ ਵੀ ਹਾਸਲ ਨਾ ਸਕਿਆ। ਖੁਰਾਕ ਵੰਡ ਕੇਂਦਰ ਤੋਂ ਖਾਲੀ ਹੱਥ ਪਰਤਦਿਆਂ ਉਸ ਦੀਆਂ ਭੁੱਬਾਂ ਨਿਕਲ ਗਈਆਂ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਘਰ ਪਰਤ ਕੇ ਆਪਣੇ ਭੁੱਖਣ-ਭਾਣੇ ਵਿਲਕਦੇ ਬੱਚਿਆਂ ਨੂੰ ਕੀ ਜਵਾਬ ਦੇਵੇਗਾ? ਇਹ ਕਹਾਣੀ ਸਿਰਫ਼ ਜਮੀਲ ਦੀ ਨਹੀਂ ਸਗੋਂ ਬਹੁਤੇ ਫਲਸਤੀਨੀਆਂ ਦੀ ਇਹੋ ਹੋਣੀ ਹੈ। ਜ਼ਾਹਿਰ ਹੈ ਕਿ ਇਜ਼ਰਾਈਲ ਵੱਲੋਂ ਭੁੱਖ ਨੂੰ ਫ਼ਲਸਤੀਨੀਆਂ ਖ਼ਿਲਾਫ਼ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਪਰ ਇਸ ਵੱਲੋਂ ਹੁਣ ਇਰਾਨ ਨਾਲ ਮੱਥਾ ਲਾਉਣ ਮਗਰੋਂ ਅੱਗੋਂ ਹੋਈ ਜਵਾਬੀ ਕਾਰਵਾਈ ਕਾਰਨ ਇਸ ਦੇ ਆਪਣੇ ਲੋਕਾਂ ਨੂੰ ਵੀ ਬੰਕਰਾਂ ਵਿੱਚ ਰਹਿਣ ਲਈ ਮਜਬੂਰ ਹੋਣ ਦੇ ਨਾਲ ਨਾਲ ਖੁਰਾਕੀ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਖ-ਵੱਖ ਦੇਸ਼ਾਂ ’ਚ ਪੈਦਾ ਹੋਏ ਤਣਾਅ ਅਤੇ ਫ਼ੌਜੀ ਸੰਘਰਸ਼ਾਂ ਦੌਰਾਨ ਨੋਬੇਲ ਪੁਰਸਕਾਰ ਹਾਸਲ ਕਰਨ ਦਾ ਆਪਣਾ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਗ਼ਿਲਾ ਹੈ ਕਿ ਨੋਬੇਲ ਕਮੇਟੀ ਨੇ ਅਜੇ ਤੱਕ ਉਨ੍ਹਾਂ ਨੂੰ ਅਮਨ ਪੁਰਸਕਾਰ ਨਹੀਂ ਦਿੱਤਾ ਹਾਲਾਂਕਿ ਉਨ੍ਹਾਂ ਨੇ ਕਈ ਦੇਸ਼ਾਂ ਵਿਚਾਲੇ ਅਮਨ ਸਮਝੌਤੇ ਕਰਵਾਏ ਹਨ।
ਟਰੰਪ ਨੇ ਇਸ ਸਬੰਧੀ ਦਾਅਵਾ ਕੀਤਾ ਕਿ ਵਾਸ਼ਿੰਗਟਨ ਵਿੱਚ ਕਾਂਗੋ ਅਤੇ ਰਵਾਂਡਾ ਵਿਚਾਲੇ ਹੋਇਆ ਅਮਨ ਸਮਝੌਤਾ ਉਨ੍ਹਾਂ ਕਰ ਕੇ ਹੀ ਸੰਭਵ ਹੋਇਆ ਹੈ। ਦੋਵੇਂ ਅਫ਼ਰੀਕੀ ਦੇਸ਼ਾਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਮਨ ਸਮਝੌਤੇ ਲਈ ਸਹਿਮਤ ਹੋ ਗਏ ਹਨ ਜਿਸ ਉੱਤੇ ਰਸਮੀ ਤੌਰ ’ਤੇ ਅਗਲੇ ਹਫ਼ਤੇ ਅਮਰੀਕਾ ਵਿੱਚ ਦਸਤਖ਼ਤ ਕੀਤੇ ਜਾਣਗੇ। ਇਸ ਸਮਝੌਤੇ ਬਾਰੇ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ, ‘‘ਇਹ ਦਿਨ ਅਫ਼ਰੀਕਾ ਲਈ ਹੀ ਨਹੀਂ ਸਗੋਂ ਸਮੁੱਚੀ ਦੁਨੀਆ ਲਈ ਬਹੁਤ ਸ਼ਾਨਦਾਰ ਦਿਨ ਹੈ।’’ ਇਸ ਮਗਰੋਂ ਉਨ੍ਹਾਂ ਨੇ ਇਸ ਗੱਲ ’ਤੇ ਨਾਰਾਜ਼ਗੀ ਜਤਾਈ ਕਿ ਨੋਬੇਲ ਕਮੇਟੀ ਨੇ ਉਨ੍ਹਾਂ ਵੱਲੋਂ ਦੁਨੀਆ ਭਰ ’ਚ ਅਮਨ ਕਾਇਮ ਕਰਨ ਲਈ ਕੀਤੇ ਗਏ ਯਤਨਾਂ ਦਾ ਮੁੱਲ ਨਹੀਂ ਪਾਇਆ। ਨੋਬੇਲ ਅਮਨ ਪੁਰਸਕਾਰ ਲਈ ਆਪਣੇ ਦਾਅਵੇ ਨੂੰ ਪੱਕਾ ਕਰਨ ਵਾਸਤੇ ਉਨ੍ਹਾਂ ਇਸ ਦਿਸ਼ਾ ’ਚ ਕੀਤੇ ਗਏ ਯਤਨ ਗਿਣਾਉਂਦਿਆਂ ਕਿਹਾ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ, ਸਰਬੀਆ ਤੇ ਕੋਸੋਵੋ ਅਤੇ ਮਿਸਰ ਤੇ ਇਥੋਪੀਆ ਵਿਚਾਲੇ ਅਮਨ ਦੀ ਕਾਇਮੀ ਲਈ ਪਹਿਲ ਕੀਤੀ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਬਣਦਾ ਮਾਣ ਨਹੀਂ ਦਿੱਤਾ ਗਿਆ। ਗੱਲ ਇੱਥੇ ਹੀ ਨਹੀਂ ਮੁੱਕੀ, ਉਨ੍ਹਾਂ
ਇਹ ਵੀ ਗਿਣਾਇਆ ਕਿ ਅਬਰਾਹਮ ਸਮਝੌਤੇ
ਰਾਹੀਂ ਇਜ਼ਰਾਈਲ ਅਤੇ ਅਰਬ ਦੇਸ਼ਾਂ ਵਿਚਾਲੇ ਸਬੰਧ ਸੁਖਾਵੇਂ ਬਣਾਉਣ ਲਈ ਵੀ ਉਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ ਹੈ।
ਭਾਰਤ ਸਰਕਾਰ ਹਾਲਾਂਕਿ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਫ਼ੌਜੀ ਸੰਘਰਸ਼ ਖ਼ਤਮ ਕਰਵਾਉਣ ਵਿੱਚ ਟਰੰਪ ਦੀ ਕੋਈ ਭੂਮਿਕਾ ਨਹੀਂ ਸੀ ਪਰ ਉੱਧਰ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਉਹ ਟਰੰਪ ਨੂੰ ਸਾਲ 2026 ਦਾ ਨੋਬੇਲ ਸ਼ਾਂਤੀ ਪੁਰਸਕਾਰ ਦਿੱਤੇ ਜਾਣ ਲਈ ਸਿਫ਼ਾਰਸ਼ ਕਰੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦਾ ਇਹ ਦਾਅਵਾ ਖਾਰਜ ਕਰ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਮਈ ਮਹੀਨੇ ਹੋਈ ਗੋਲੀਬੰਦੀ ਪਾਕਿਸਤਾਨ ਦੀ ਬੇਨਤੀ ’ਤੇ ਕੀਤੀ ਗਈ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ: ‘ਭਾਰਤੀ ਮੀਡੀਆ ’ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਗੋਲੀਬੰਦੀ ਦੀ ਅਪੀਲ ਕੀਤੀ ਸੀ। ਅਸੀਂ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹਾਂ ਕਿ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਗੋਲੀਬੰਦੀ ਲਈ ਭਾਰਤ ਤੱਕ ਪਹੁੰਚ ਕੀਤੀ ਸੀ।’ ਉਨ੍ਹਾਂ ਦਾਅਵਾ ਕੀਤਾ ਹੈ ਕਿ ਸਾਊਦੀ ਅਰਬ ਅਤੇ ਅਮਰੀਕਾ ਨੇ ਇਸ ਮਾਮਲੇ ’ਚ ਅਹਿਮ ਭੂਮਿਕਾ ਨਿਭਾਈ ਸੀ। ਪਾਕਿਸਤਾਨ ਸਰਕਾਰ ਵੱਲੋਂ ਅਧਿਕਾਰਕ ਤੌਰ ’ਤੇ ਡੋਨਲਡ ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਬਾਰੇ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਹਾਲ ’ਚ ਹੀ ਹੋਏ ਟਕਰਾਅ ਦੌਰਾਨ ਟਰੰਪ ਨੇ ਫ਼ੈਸਲਾਕੁਨ ਕੂਟਨੀਤੀ ਅਤੇ ਅਹਿਮ ਅਗਵਾਈ ਦਿਖਾਈ ਹੈ। ਪਾਕਿਸਤਾਨ ਦੇ ਇਸ ਪ੍ਰਤੀਕਰਮ ਮਗਰੋਂ ਟਰੰਪ ਨੇ ਦੁਬਾਰਾ ਕਿਹਾ ਕਿ ਮੈਨੂੰ ਹੁਣ ਤੱਕ ਚਾਰ-ਪੰਜ ਵਾਰ ਨੋਬੇਲ ਪੁਰਸਕਾਰ ਮਿਲ ਜਾਣਾ ਚਾਹੀਦਾ ਸੀ। ਫਿਰ ਉਨ੍ਹਾਂ ਨੋਬੇਲ ਕਮੇਟੀ ’ਤੇ ਤਨਜ਼ ਕਸਦਿਆਂ ਕਿਹਾ, ‘‘ਉਹ ਮੈਨੂੰ ਨੋਬੇਲ ਪੁਰਸਕਾਰ ਨਹੀਂ ਦੇਣਗੇ ਕਿਉਂਕਿ ਉਹ ‘ਲਿਬਰਲਜ਼’ ਨੂੰ ਹੀ ਪੁਰਸਕਾਰ ਦਿੰਦੇ ਹਨ।’’ ਰਾਸ਼ਟਰਪਤੀ ਟਰੰਪ ਘੱਟੋ ਘੱਟ 14 ਵਾਰ ਖ਼ੁਦ ਭਾਰਤ ਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਕਰਵਾਉਣ ਦਾ ਦਾਅਵਾ ਕਰ ਚੁੱਕੇ ਹਨ। ਇਸ ਵੇਲੇ ਇਰਾਨ-ਇਜ਼ਰਾਈਲ ਫ਼ੌਜੀ ਟਕਰਾਅ ਰੋਕਣ ਲਈ ਸੰਜੀਦਾ ਯਤਨਾਂ ਦੀ ਬਜਾਏ ਉਨ੍ਹਾਂ ਦਾ ਪੂਰਾ ਧਿਆਨ ਨੋਬੇਲ ਸ਼ਾਂਤੀ ਪੁਰਸਕਾਰ ਹਾਸਲ ਕਰਨ ’ਤੇ ਕੇਂਦਰਿਤ ਹੈ।
ਸਾਡੇ ਸਮਿਆਂ ਨੂੰ ਕਿਹੋ ਜਿਹੇ ਆਗੂਆਂ ਨੂੰ ਦੇਖਣਾ ਪੈ ਰਿਹਾ ਹੈ ਜਿਨ੍ਹਾਂ ਲਈ ਨਿੱਜੀ ਹਾਸਲ ਹੀ ਸਭ ਤੋਂ ਉੱਤੇ ਹੈ। ਸਵਾਲ ਤਾਂ ਉਨ੍ਹਾਂ ’ਤੇ ਵੀ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਚੁਣਿਆ ਹੈ।