ਵਿਅੰਗ ਦੀ ਸਿਆਸਤ
ਭਾਰਤ ਵਿੱਚ ਸਿਆਸਤਦਾਨ ਸਿਆਸੀ ਵਿਰੋਧ ਦੀ ਆੜ ਹੇਠ ਹਰ ਰੋਜ਼ ਇੱਕ ਦੂਜੇ ’ਤੇ ਚਿੱਕੜ ਸੁੱਟਦੇ ਰਹਿੰਦੇ ਹਨ ਤੇ ਉਨ੍ਹਾਂ ਦਾ ਕੱਖ ਵੀ ਨਹੀਂ ਵਿਗੜਦਾ ਪਰ ਜੇ ਕੋਈ ਸਟੈਂਡ-ਅਪ ਕਾਮੇਡੀਅਨ ਅਜਿਹਾ ਕਰ ਦੇਵੇ ਤਾਂ ਉਸ ਨੂੰ ਧਰ ਲਿਆ ਜਾਂਦਾ ਹੈ ਤੇ ਕੋਈ ਉਸ ਦੇ ਬਚਾਅ ਵਿੱਚ ਨਹੀਂ ਆਉਂਦਾ। ਕੁਨਾਲ ਕਾਮਰਾ ਨਾਲ ਮੁੰਬਈ ਵਿੱਚ ਇਹੀ ਕੁਝ ਵਾਪਰਿਆ ਹੈ ਜਿਸ ਨੇ ਆਪਣੇ ਇੱਕ ਸ਼ੋਅ ਵਿੱਚ ਸ਼ਿਵ ਸੈਨਾ (ਸ਼ਿੰਦੇ) ਦੇ ਆਗੂ ਏਕਨਾਥ ਸ਼ਿੰਦੇ ਬਾਰੇ ਇੱਕ ਗਾਣੇ ਵਿੱਚ ਕੁਝ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਲੈ ਕੇ ਸ਼ਿੰਦੇ ਦੀ ਪਾਰਟੀ ਦੇ ਕਾਰਕੁਨਾਂ ਨੇ ਨਾ ਕੇਵਲ ਹੈਬੀਟੈਟ ਸਟੂਡੀਓ ਵਿੱਚ ਬੁਰੀ ਤਰ੍ਹਾਂ ਭੰਨਤੋੜ ਕੀਤੀ ਜਿੱਥੇ ਕਾਮਰਾ ਦਾ ਸ਼ੋਅ ਫਿਲਮਾਇਆ ਗਿਆ ਸੀ ਸਗੋਂ ਉਸ ਹੋਟਲ ਵਿੱਚ ਕਾਫ਼ੀ ਤੋੜ-ਭੰਨ ਕੀਤੀ ਹੈ। ਪੁਲੀਸ ਨੇ ਕਾਮਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਾਮਰਾ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਨਗਰ ਨਿਗਮ ਨੇ ਬਾਅਦ ’ਚ ਹੈਬੀਟੈਟ ਸਟੂਡੀਓ ਨੂੰ ਵੀ ਢਾਹ ਦਿੱਤਾ ਹੈ। ਸ਼ਿਵ ਸੈਨਾ ਦੇ ਇੱਕ ਸੰਸਦ ਮੈਂਬਰ ਨੇ ਧਮਕੀ ਦਿੱਤੀ ਹੈ ਕਿ ਪਾਰਟੀ ਕਾਰਕੁਨਾਂ ਵੱਲੋਂ ਦੇਸ਼ ਭਰ ਵਿੱਚ ਕੁਨਾਲ ਕਾਮਰਾ ਦਾ ਪਿੱਛਾ ਕੀਤਾ ਜਾਵੇਗਾ ਅਤੇ ਉਸ ਨੂੰ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਜਾਵੇਗਾ।
ਕੀ ਕਾਮਰਾ ਨੇ ਕੋਈ ਅਜਿਹੀ ਜੱਗੋਂ ਤੇਰ੍ਹਵੀਂ ਗੱਲ ਆਖ ਦਿੱਤੀ ਹੈ ਜਿਸ ਬਦਲੇ ਉਸ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਉਹ ਪ੍ਰਧਾਨ ਮੰਤਰੀ ਜਾਂ ਹੋਰਨਾਂ ਸਿਆਸਤਦਾਨਾਂ ਬਾਰੇ ਅਜਿਹੀਆਂ ਟੀਕਾ ਟਿੱਪਣੀਆਂ ਕਰਦਾ ਆ ਰਿਹਾ ਹੈ ਅਤੇ ਉਸ ਦੀ ਕਾਮੇਡੀ ਨੂੰ ਸੁਣਨ ਵਾਲੇ ਲੋਕ ਮੌਜੂਦ ਹਨ। ਸ਼ਿੰਦੇ ਬਾਰੇ ਉਸ ਨੇ ਜੋ ਕੁਝ ਵੀ ਕਿਹਾ ਹੈ, ਉਹ ਪਹਿਲਾਂ ਹੀ ਜਨਤਕ ਖੇਤਰ ਵਿੱਚ ਉਪਲੱਬਧ ਹੈ। ਪਿਛਲੇ ਮਹੀਨੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਉੂਧਵ ਠਾਕਰੇ ਨੇ ਸ਼ਿੰਦੇ ਬਾਰੇ ਟਿੱਪਣੀ ਕੀਤੀ ਸੀ ਕਿ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਉਸ ਵੱਲੋਂ ਮਹਾਰਾਸ਼ਟਰ ਨਾਲ ਕੀਤੇ ਵਿਸ਼ਵਾਸਘਾਤ ਦਾ ਦੋਸ਼ ਨਹੀਂ ਉੱਤਰ ਸਕਣਾ। ਇਸ ’ਤੇ ਸ਼ਿੰਦੇ ਨੇ ਵੀ ਜਵਾਬੀ ਹਮਲਾ ਕਰਦਿਆਂ ਕਿਹਾ ਸੀ ਕਿ ਉਹ ਉਨ੍ਹਾਂ ਲੋਕਾਂ ਦੇ ਪਾਪ ਧੋਣ ਲਈ ਮਹਾਕੁੰਭ ਨਹਾਉਣ ਲਈ ਆਏ ਹਨ ਜਿਨ੍ਹਾਂ ਨੇ ਸ਼ਿਵ ਸੈਨਾ ਦੇ ਬਾਨੀ ਬਾਲ ਠਾਕਰੇ ਦੀ ਵਿਚਾਰਧਾਰਾ ਨੂੰ ਤਿਆਗ ਦਿੱਤਾ ਸੀ। ਇਨ੍ਹਾਂ ਦੋਵਾਂ ਵਿਚਕਾਰ ਇਹ ਸ਼ਬਦੀ ਜੰਗ ਜੂਨ 2022 ਤੋਂ ਚਲਦੀ ਆ ਰਹੀ ਹੈ ਜਦੋਂ ਸ਼ਿੰਦੇ ਨੇ ਭਾਜਪਾ ਨਾਲ ਹੱਥ ਮਿਲਾ ਕੇ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ ਸਰਕਾਰ ਡੇਗ ਦਿੱਤੀ ਸੀ। ਇਸ ਪ੍ਰਸੰਗ ਵਿੱਚ ਚਿੰਤਾ ਦੀ ਗੱਲ ਇਹ ਹੈ ਕਿ ਜੋ ਹਿੰਸਕ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਮਹਾਰਾਸ਼ਟਰ ਵਿੱਚ ਸਿਆਸੀ ਮਾਹੌਲ ਕਿੰਨਾ ਵਿਸ਼ੈਲਾ ਅਤੇ ਤੰਗਨਜ਼ਰ ਬਣਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਨਾਗਪੁਰ ਵਿੱਚ ਦੰਗੇ ਭੜਕ ਪਏ ਸਨ ਅਤੇ ਉੱਥੇ ਸਮਾਜਿਕ ਬੇਚੈਨੀ ਵਧਦੀ ਜਾ ਰਹੀ ਹੈ। ਦੇਸ਼ ਦੇ ਸੰਵਿਧਾਨ ਵਿੱਚ ਬੋਲਣ ਦੀ ਆਜ਼ਾਦੀ ਦੀ ਗਾਰੰਟੀ ਦਿੱਤੀ ਗਈ ਹੈ ਜੋ ਸਾਡੀ ਜਮਹੂਰੀਅਤ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਬੋਲਣ ਦੀ ਆਜ਼ਾਦੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਣੀ ਚਾਹੀਦੀ ਹੈ ਪਰ ਸਾਡੇ ਦੇਸ਼ ਅੰਦਰ ਆਨੇ-ਬਹਾਨੇ ਵਿਅਕਤੀਗਤ ਆਜ਼ਾਦੀਆਂ ਨੂੰ ਕੁਚਲਣ ਦਾ ਜੋ ਰੁਝਾਨ ਜ਼ੋਰ ਫੜਦਾ ਜਾ ਰਿਹਾ ਹੈ, ਉਹ ਸਾਡੀ ਲੋਕਰਾਜੀ ਪ੍ਰਣਾਲੀ ਲਈ ਸ਼ੁੱਭ ਸੰਕੇਤ ਨਹੀਂ ਹੈ।