ਬੇਗਾਨੇ ਦੇਸ਼ ’ਚ ਦਾਅ ’ਤੇ ਲੱਗੀ ਆਪਣਿਆਂ ਦੀ ਜ਼ਿੰਦਗੀ
ਕੋਈ ਵੀ ਵਿਅਕਤੀ ਆਪਣੇ ਵਤਨ, ਆਪਣੀ ਮਿੱਟੀ ਅਤੇ ਆਪਣੇ ਘਰ ਤੋਂ ਦੂਰ ਨਹੀਂ ਹੋਣਾ ਚਾਹੁੰਦਾ। ਬੇਗਾਨੀ ਧਰਤੀ ’ਤੇ ਜਾਣ ਪਿੱਛੇ ਕਈ ਕਾਰਨ ਹੁੰਦੇ ਹਨ। ਕਦੇ ਬਿਹਤਰ ਜ਼ਿੰਦਗੀ ਦੀ ਉਮੀਦ, ਕਦੇ ਰੋਜ਼ੀ-ਰੋਟੀ ਦਾ ਜੁਗਾੜ ਅਤੇ ਕਦੇ ਕੋਈ ਹੋਰ ਮਜਬੂਰੀਆਂ ਆਪਣਿਆਂ ਤੋਂ ਦੂਰ ਕਰ ਦਿੰਦੀਆਂ ਹਨ। ਘਰੋਂ ਬਾਹਰ ਪੈਰ ਪੁੱਟਣ ਵੇਲੇ ਅੱਖਾਂ ’ਚ ਚੰਗੇ ਭਵਿੱਖ ਦੇ ਸੁਫ਼ਨੇ ਹੁੰਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਸਭ ਦੇ ਸੁਫ਼ਨੇ ਸਾਕਾਰ ਹੀ ਹੋ ਜਾਣ। ਕਈ ਵਾਰ ਬੇਗਾਨੀ ਧਰਤੀ ’ਤੇ ਅਜਿਹੇ ਹਾਲਾਤ ਅਤੇ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਮਨੁੱਖ ਬੇਵੱਸ ਹੋ ਜਾਂਦਾ ਹੈ। ਤੰਗੀਆਂ-ਤੁਰਸ਼ੀਆਂ ਝੱਲਣਾ ਤਾਂ ਆਮ ਜਿਹੀ ਗੱਲ ਹੈ ਪਰ ਕਈ ਵਾਰੀ ਜ਼ਿੰਦਗੀਆਂ ਵੀ ਦਾਅ ’ਤੇ ਲੱਗ ਜਾਂਦੀਆਂ ਹਨ। ਭਾਰਤ ਤੋਂ ਰੂਸ ਜਾਣ ਵਾਲੇ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਨੌਜਵਾਨਾਂ ਦੇ ਕਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਉਹ ਉੱਥੇ ਜਾ ਕੇ ਯੂਕਰੇਨ ਖ਼ਿਲਾਫ਼ ਜੰਗ ਦੀ ਭੱਠੀ ’ਚ ਝੋਕੇ ਜਾਣਗੇ।
ਜੰਗ ਜਿੱਥੇ ਕਿਤੇ ਵੀ ਹੋਵੇ, ਜਿਹੋ ਜਿਹੀ ਵੀ ਹੋਵੇ, ਹਮੇਸ਼ਾ ਡਰਾਉਂਦੀ ਹੈ। ਜੰਗ ਦਾ ਨਾਮ ਲੈਂਦਿਆਂ ਹੀ ਮੁਹਾਜ਼ ’ਤੇ ਗਏ ਫ਼ੌਜੀ ਅਤੇ ਉਸ ਦੇ ਪਰਿਵਾਰ ਦੇ ਮਨ ’ਚ ਹਮੇਸ਼ਾ ਇਹ ਡਰਾਉਣਾ ਖ਼ਿਆਲ ਆਉਂਦਾ ਹੈ ਕਿ ਕਦੇ ਵੀ ਕੋਈ ਮਾੜੀ ਖ਼ਬਰ ਆ ਸਕਦੀ ਹੈ ਪਰ ਫਿਰ ਵੀ ਸਦੀਆਂ ਤੋਂ ਆਪਣੇ ਰਾਜ-ਭਾਗ ਨੂੰ ਬਚਾਉਣ ਜਾਂ ਵਧਾਉਣ ਲਈ ਜੰਗਾਂ ਲੜੀਆਂ ਜਾਂਦੀਆਂ ਰਹੀਆਂ ਹਨ। ਆਧੁਨਿਕ ਦੌਰ ਦੀਆਂ ਜੰਗਾਂ ਆਪੋ-ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਲੜੀਆਂ ਜਾਂਦੀਆਂ ਹਨ। ਕਈ ਵਾਰੀ ਕਾਰਨ ਕੋਈ ਹੋਰ ਵੀ ਹੁੰਦੇ ਹਨ ਪਰ ਕਿਹਾ ਇਹੋ ਹੀ ਜਾਂਦਾ ਹੈ। ਫ਼ੌਜੀਆਂ ਦੇ ਮਨਾਂ ਵਿੱਚ ਇਹ ਬਿਠਾ ਦਿੱਤਾ ਗਿਆ ਹੁੰਦਾ ਹੈ ਕਿ ਹਮੇਸ਼ਾ ਆਪਣੀ ਜਾਨ ਨਾਲੋਂ ਆਪਣੇ ਦੇਸ਼ ਤੇ ਉਸ ਦੇ ਮਾਣ-ਸਨਮਾਨ ਨੂੰ ਤਰਜੀਹ ਦੇਣੀ ਹੈ ਅਤੇ ਫ਼ੌਜੀ ਵੀ ਇਸ ਨੂੰ ਆਪਣਾ ਧਰਮ ਸਮਝ ਕੇ ਨਿਭਾਉਂਦੇ ਹਨ।
ਪਰ ਜਦੋਂ ਕਿਸੇ ਅਜਿਹੇ ਦੇਸ਼ ਲਈ ਲੜਾਈ ਲੜਨੀ ਪਵੇ ਜੋ ਨਾ ਤਾਂ ਤੁਹਾਡਾ ਆਪਣਾ ਹੋਵੇ ਅਤੇ ਨਾ ਹੀ ਉਸ ਦੀਆਂ ਹੱਦਾਂ-ਸਰਹੱਦਾਂ ਨਾਲ ਤੁਹਾਡਾ ਕੋਈ ਵਾਹ-ਵਾਸਤਾ ਹੋਵੇ ਤਾਂ ਫਿਰ ਉਸ ਦੇਸ਼ ਅਤੇ ਉਸ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਕੌਣ ਆਪਣੀ ਜਾਨ ਕੁਰਬਾਨ ਕਰਨਾ ਚਾਹੇਗਾ? ਪਰ ਅਜਿਹਾ ਹੋ ਰਿਹਾ ਹੈ। ਜੁਲਾਈ ਵਿੱਚ ਪੰਜਾਬ ਦੇ 15 ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਰੂਸ ਲਿਜਾਇਆ ਗਿਆ ਅਤੇ ਅਗਸਤ ਵਿੱਚ ਬਿਨਾਂ ਕੋਈ ਸਿਖਲਾਈ ਦਿੱਤਿਆਂ ਜਬਰੀ ਰੂਸੀ ਫ਼ੌਜ ’ਚ ਭਰਤੀ ਕਰਕੇ ਜੰਗ ਵਿੱਚ ਧੱਕ ਦਿੱਤਾ ਗਿਆ। ਇਨ੍ਹਾਂ ਵਿੱਚੋਂ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਲਾਪਤਾ ਹੋ ਗਏ।
ਹਾਲ ਹੀ ਵਿੱਚ ਪੰਜਾਬ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕੁਝ ਨੌਜਵਾਨਾਂ ਦੇ ਵੀਡੀਓ ਸਾਹਮਣੇ ਆਏ ਹਨ ਜਿਨ੍ਹਾਂ ਨੇ ਰੂਸੀ ਫ਼ੌਜੀ ਵਰਦੀ ਪਹਿਨੀ ਹੋਈ ਹੈ ਅਤੇ ਉਹ ਆਪਣੀ ਵਿੱਥਿਆ ਸੁਣਾ ਰਹੇ ਹਨ ਕਿ ਰੂਸੀ ਫ਼ੌਜ ਵੱਲੋਂ ਉਨ੍ਹਾਂ ਨੂੰ ਹਰ ਰੋਜ਼ ਜੰਗੀ ਮੋਰਚਿਆਂ ’ਤੇ ਭੇਜਿਆ ਜਾ ਰਿਹਾ ਹੈ ਅਤੇ ਹੀਲ-ਹੁੱਜਤ ਕਰਨ ’ਤੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਪਰਿਵਾਰਾਂ ਨੂੰ ਭੇਜੇ ਵੀਡੀਓ ਸੁਨੇਹੇ, ਜੋ ਮੀਡੀਆ ਨਾਲ ਵੀ ਸਾਂਝੇ ਕੀਤੇ ਗਏ ਹਨ, ਵਿੱਚ ਇਨ੍ਹਾਂ ਨੌਜਵਾਨਾਂ ਦੇ ਚਿਹਰਿਆਂ ’ਤੇ ਮੌਤ ਦੇ ਪਰਛਾਵੇਂ ਸਾਫ਼ ਨਜ਼ਰ ਆਉਂਦੇ ਹਨ। ਮਦਦ ਲਈ ਵਾਸਤਾ ਪਾਉਂਦੇ ਇਹ ਨੌਜਵਾਨ ਚਾਹੁੰਦੇ ਹਨ ਕਿ ਕਿਸੇ ਵੀ ਤਰ੍ਹਾਂ ਇਨ੍ਹਾਂ ਨੂੰ ਇੱਥੋਂ ਸੁਰੱਖਿਅਤ ਕੱਢਿਆ ਜਾਵੇ। ਰੂਸ ’ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸੂਬਾ ਅਤੇ ਕੇਂਦਰ ਸਰਕਾਰਾਂ ਕੋਲ ਆਪਣੇ ਬੱਚਿਆਂ ਦੇ ਦੁੱਖ-ਤਕਲੀਫ਼ ਪਹੁੰਚਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਇਹ ਮੁੱਦਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਨ ਮਗਰੋਂ ਕੇਂਦਰ ਸਰਕਾਰ ਨੇ ਜਿੱਥੇ ਇੱਕ ਪਾਸੇ ਰੂਸ ਨੂੰ ਉਸ ਦੀ ਫ਼ੌਜ ’ਚ ਭਾਰਤੀਆਂ ਦੀ ਸਹਾਇਕ ਅਮਲੇ ਵਜੋਂ ਭਰਤੀ ਬੰਦ ਕਰਨ ਲਈ ਕਿਹਾ, ਉੱਥੇ ਨਾਲ ਹੀ ਆਪਣੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਜੋਖ਼ਮਾਂ ਅਤੇ ਖ਼ਤਰਿਆਂ ਦੇ ਮੱਦੇਨਜ਼ਰ ਉਹ ਰੂਸੀ ਫ਼ੌਜ ’ਚ ਭਰਤੀ ਦੀਆਂ ਪੇਸ਼ਕਸ਼ਾਂ ਸਵੀਕਾਰ ਨਾ ਕਰਨ। ਇਹ ਨੌਜਵਾਨ ਉੱਥੇ ਫ਼ੌਜ ’ਚ ਭਰਤੀ ਹੋਣ ਲਈ ਨਹੀਂ ਗਏ ਸਨ, ਇਹ ਤਾਂ ਆਪਣੇ ਬਿਹਤਰ ਭਵਿੱਖ ਅਤੇ ਰੋਜ਼ੀ-ਰੋਟੀ ਦੇ ਜੁਗਾੜ ਲਈ ਗਏ ਸਨ। ਕੁਝ ਨੌਜਵਾਨ ਉੱਥੇ ਸਟੱਡੀ ਵੀਜ਼ਾ ਤੇ ਕੁਝ ਵਿਜ਼ਿਟਰ ਵੀਜ਼ਾ ’ਤੇ ਗਏ ਸਨ ਜਦੋਂਕਿ ਕੁਝ ਨੂੰ ਏਜੰਟ ਉਸਾਰੀ ਕੰਮਾਂ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਰੂਸ ਲੈ ਕੇ ਗਏ ਸਨ। ਏਜੰਟਾਂ ਦੇ ਮੱਕੜਜਾਲ ’ਚ ਫਸੇ ਇਹ ਨੌਜਵਾਨ ਉੱਥੇ ਪੁੱਜ ਕੇ ਡਰਾਉਣੀ ਹਕੀਕਤ ਦੇ ਰੂਬਰੂ ਹੁੰਦੇ ਹਨ। ਬਹੁਤੇ ਮਾਮਲਿਆਂ ਵਿੱਚ ਇਨ੍ਹਾਂ ਤੋਂ ਪਾਸਪੋਰਟ ਖੋਹ ਲਏ ਜਾਂਦੇ ਹਨ ਅਤੇ ਇਨ੍ਹਾਂ ਕੋਲ ਉੱਥੋਂ ਬਚ ਕੇ ਨਿਕਲਣ ਦਾ ਕੋਈ ਰਾਹ ਹੀ ਨਹੀਂ ਬਚਦਾ। ਅਜਿਹੇ ਮਾਮਲੇ ਪਹਿਲੀ ਵਾਰ ਸਾਹਮਣੇ ਨਹੀਂ ਆਏ। ਸਾਲ 2024 ਦੇ ਕਜ਼ਾਨ ’ਚ ਹੋਏ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕੋਲ ਇਹ ਮਾਮਲਾ ਉਠਾਇਆ ਸੀ। ਪੂਤਿਨ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਭਾਰਤੀ ਨੌਜਵਾਨ ਯੂਕਰੇਨ ਖ਼ਿਲਾਫ਼ ਜੰਗ ’ਚ ਧੱਕੇ ਜਾਂਦੇ ਰਹੇ।
ਇਨ੍ਹਾਂ ਨੌਜਵਾਨਾਂ ’ਤੇ ਜੋ ਬੀਤਦੀ ਹੈ ਉਸ ਦਾ ਪਤਾ ਤਾਂ ਉਨ੍ਹਾਂ ਦੀ ਵਿੱਥਿਆ ਤੋਂ ਲਗਦਾ ਹੈ ਪਰ ਉਨ੍ਹਾਂ ਦੇ ਪਰਿਵਾਰਾਂ ’ਤੇ ਜੋ ਬੀਤਦੀ ਹੈ ਉਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਉਨ੍ਹਾਂ ਦੇ ਹੰਝੂਆਂ, ਹਉਕਿਆਂ ਅਤੇ ਅਰਜ਼ੋਈਆਂ ’ਚ ਜੁੜੇ ਹੱਥਾਂ ਤੋਂ ਹੀ ਇਸ ਦੁੱਖ ਦੀ ਦਾਸਤਾਨ ਪਤਾ ਲੱਗਦੀ ਹੈ। ਉਨ੍ਹਾਂ ਨੌਜਵਾਨਾਂ ਨੇ ਕਮਾਈ ਕਰ ਕੇ ਘਰ ਪਰਤ ਆਉਣ ਲਈ ਪਰਦੇਸ ਦਾ ਹੂਲਾ ਫੱਕਿਆ ਸੀ ਪਰ ਕੁਝ ਹੋਰ ਹੀ ਭਾਣਾ ਵਾਪਰ ਗਿਆ। ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਨ੍ਹਾਂ ਟਰੈਵਲ ਏਜੰਟਾਂ ’ਤੇ ਭਰੋਸਾ ਕਰਕੇ ਉਹ ਬੇਗਾਨੀ ਧਰਤੀ ਵੱਲ ਕਦਮ ਪੁੱਟ ਰਹੇ ਹਨ, ਉਹੀ ਧੋਖੇਬਾਜ਼ ਨਿਕਲਣਗੇ। ਇਨ੍ਹਾਂ ਏਜੰਟਾਂ ਨੇ ਮਜਬੂਰ ਨੌਜਵਾਨਾਂ ਤੋਂ ਰਕਮਾਂ ਬਟੋਰ ਲਈਆਂ ਪਰ ਉਨ੍ਹਾਂ ਨੂੰ ਕਿਸੇ ਤਣ ਪੱਤਣ ਲਾਉਣ ਦੀ ਥਾਂ ਮਨੁੱਖੀ ਤਸਕਰੀ ਕਰਨ ਵਾਲੇ ਅਜਿਹੇ ਗਰੋਹਾਂ ਹਵਾਲੇ ਕਰ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਤੇ ਫਿਰ ਜਬਰੀ ਜੰਗ ’ਚ ਝੋਕ ਦਿੱਤਾ। ਇਨ੍ਹਾਂ ਨੌਜਵਾਨਾਂ ਕੋਲ ਏਜੰਟਾਂ ਦੀਆਂ ਵਧੀਕੀਆਂ ਝੱਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਬਚਿਆ। ਭੁੱਖਣ ਭਾਣੇ ਤੇ ਤਸ਼ੱਦਦ ਦਾ ਸ਼ਿਕਾਰ ਇਨ੍ਹਾਂ ਨੌਜਵਾਨਾਂ ਨੇ ਮਜਬੂਰੀਵੱਸ ਰੂਸੀ ਫ਼ੌਜ ਵਾਲੀਆਂ ਵਰਦੀਆਂ ਪਾ ਲਈਆਂ। ਇਉਂ ਉਨ੍ਹਾਂ ਦੀਆਂ ਜਿੰਦੜੀਆਂ ਦਾਅ ’ਤੇ ਲੱਗ ਗਈਆਂ।
ਇਹ ਸਾਰਾ ਮਸਲਾ ਰੁਜ਼ਗਾਰ ਅਤੇ ਮਜਬੂਰੀਆਂ ਦਾ ਹੀ ਹੈ। ਜੇ ਦੇਸ਼ ’ਚ ਰੁਜ਼ਗਾਰ ਮਿਲਦਾ ਹੋਵੇ ਤਾਂ ਕਿਸੇ ਨੂੰ ਪਰਦੇਸ ਦਾ ਆਸਰਾ ਤੱਕਣ ਦੀ ਕੀ ਲੋੜ ਹੈ? ਇਹ ਸਲਾਹਾਂ ਦੇਣੀਆਂ ਤਾਂ ਸੌਖੀਆਂ ਹਨ ਕਿ ਨੌਜਵਾਨ ਦੇਸ਼ ’ਚ ਹੀ ਆਪਣਾ ਕੋਈ ਕੰਮ-ਧੰਦਾ ਸ਼ੁਰੂ ਕਰ ਲੈਣ ਪਰ ਇਨ੍ਹਾਂ ’ਤੇ ਅਮਲ ਕਰਨ ਦਾ ਰਾਹ ਅੜਿੱਕਿਆਂ ਭਰਿਆ ਹੈ। ਇਸੇ ਲਈ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਦੇ ਸਤਾਏ ਨੌਜਵਾਨ ਬੇਗਾਨੀ ਧਰਤੀ ’ਤੇ ਕਮਾਈ ਕਰਨ ਦੀ ਆਸ ਨਾਲ ਆਪਣੀ ਜਾਨ ’ਤੇ ਖੇਡਣ ਲਈ ਵੀ ਤਿਆਰ ਹੋ ਜਾਂਦੇ ਹਨ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਨ ਹੈ। ਆਮ ਤੌਰ ’ਤੇ ਚੋਣਾਂ ਵੇਲੇ ਹਰ ਸਿਆਸੀ ਪਾਰਟੀ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ’ਚ ਇਨ੍ਹਾਂ ਨੂੰ ਚੋਣ ਜੁਮਲੇ ਦੱਸ ਕੇ ਪੱਲਾ ਝਾੜ ਲਿਆ ਜਾਂਦਾ ਹੈ। ਸਾਧਾਰਨ ਨੌਜਵਾਨਾਂ ਦੀ ਗੱਲ ਤਾਂ ਦੂਰ, ਚੰਗੇ ਭਲੇ ਪੜ੍ਹੇ ਲਿਖੇ ਤੇ ਵੱਡੀਆਂ ਡਿਗਰੀਆਂ ਵਾਲਿਆਂ ਨੂੰ ਵੀ ਯੋਗਤਾ ਮੁਤਾਬਿਕ ਕੰਮ ਨਹੀਂ ਮਿਲਦਾ। ਪ੍ਰਾਈਵੇਟ ਖੇਤਰ ਵਾਲੇ ਤਾਂ ਨਿਗੂਣੀਆਂ ਤਨਖ਼ਾਹਾਂ ਦੇ ਕੇ ਸ਼ੋਸ਼ਣ ਕਰਦੇ ਹੀ ਹਨ, ਪਰ ਸਾਡੀਆਂ ਸਰਕਾਰਾਂ ਵੀ ਘੱਟ ਨਹੀਂ ਗੁਜ਼ਾਰਦੀਆਂ। ਨੌਕਰੀਆਂ ਮਿਲ ਜਾਣ ਤਾਂ ਇਹ ਪੱਕੀਆਂ ਨਹੀਂ ਹੁੰਦੀਆਂ। ਦਰਅਸਲ, ਸਰਕਾਰਾਂ ਡੰਗ ਟਪਾਊ ਪ੍ਰਬੰਧ ਕਰਕੇ ਆਪਣਾ ਸਮਾਂ ਲੰਘਾਉਣ ’ਚ ਲੱਗੀਆਂ ਰਹਿੰਦੀਆਂ ਹਨ। ਜਦੋਂ ਤੱਕ ਸਰਕਾਰਾਂ ਦਾ ਰਵੱਈਆ ਇਹੀ ਰਿਹਾ, ਉਦੋਂ ਤੱਕ ਨੌਜਵਾਨਾਂ ਦੀਆਂ ਜ਼ਿੰਦਗੀਆਂ ਦਾਅ ’ਤੇ ਲੱਗਦੀਆਂ ਰਹਿਣਗੀਆਂ।