ਮਸਲਾ ਚਾਰਾਂ ਪੈਰਾਂ ਨੂੰ ਹੱਥ ਲਾਉਣ ਦਾ
ਕਹਿੰਦੇ ਨੇ ਗੱਲਾਂ ’ਚੋਂ ਗੱਲਾਂ ਨਿਕਲਦੀਆਂ ਬਹੁਤ ਦੂਰ ਤੱਕ ਜਾਂਦੀਆਂ ਹਨ। ਇੱਕ ਮਸਲੇ ਵਿੱਚੋਂ ਹੀ ਨਵੇਂ ਮਸਲੇ ਪੈਦਾ ਹੋ ਜਾਂਦੇ ਹਨ। ਇਹ ਮਸਲੇ ਟੇਢੇ ਤੇ ਗੁੰਝਲਦਾਰ ਹੁੰਦੇ ਹੋਏ ਆਪਸ ਵਿੱਚ ਜੁੜ ਕੇ ਰੋਜ਼ਾਨਾ ਅਖ਼ਬਾਰ ਦੇ ਮਿਡਲ ਦਾ ਲੇਖ ਵੀ ਬਣ...
ਕਹਿੰਦੇ ਨੇ ਗੱਲਾਂ ’ਚੋਂ ਗੱਲਾਂ ਨਿਕਲਦੀਆਂ ਬਹੁਤ ਦੂਰ ਤੱਕ ਜਾਂਦੀਆਂ ਹਨ। ਇੱਕ ਮਸਲੇ ਵਿੱਚੋਂ ਹੀ ਨਵੇਂ ਮਸਲੇ ਪੈਦਾ ਹੋ ਜਾਂਦੇ ਹਨ। ਇਹ ਮਸਲੇ ਟੇਢੇ ਤੇ ਗੁੰਝਲਦਾਰ ਹੁੰਦੇ ਹੋਏ ਆਪਸ ਵਿੱਚ ਜੁੜ ਕੇ ਰੋਜ਼ਾਨਾ ਅਖ਼ਬਾਰ ਦੇ ਮਿਡਲ ਦਾ ਲੇਖ ਵੀ ਬਣ ਸਕਦੇ ਹਨ।
ਪਹਿਲੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਇੱਕ ਦਿਨ ਸਵੇਰ ਦੀ ਸੈਰ ਕਰਦੇ ਸਮੇਂ ਮੈਂ ਥੱਕ ਕੇ ਇੱਕ ਜਗ੍ਹਾ ਬੈਠ ਗਿਆ। ਉੱਥੇ ਕੁਝ ਗਾਵਾਂ ਚਰ ਰਹੀਆਂ ਸਨ। ਥੋੜ੍ਹੀ ਦੇਰ ਬਾਅਦ ਇੱਕ ਨੌਜਵਾਨ ਸਕੂਟਰ ’ਤੇ ਆਇਆ ਤੇ ਗਾਵਾਂ ਨੂੰ ਵੇਖ ਕੇ ਬਰੇਕ ਲਗਾ ਕੇ ਰੁਕ ਗਿਆ। ਗਾਵਾਂ ਵੀ ਸਕੂਟਰ ਰੁਕਣ ਦੀ ਆਵਾਜ਼ ਸੁਣ ਕੇ ਉਧਰ ਵੇਖਣ ਲੱਗ ਪਈਆਂ। ਨੌਜਵਾਨ ਨੇ ਡਿੱਗੀ ਖੋਲ੍ਹ ਕੇ ਇੱਕ ਰੋਟੀ ਕੱਢੀ ਤੇ ਜਿਸ ਰੰਗ ਦੀ ਗਾਂ ਬਾਰੇ ਘਰੋਂ ਤਾਕੀਦ ਹੋਈ ਸੀ, ਉਸ ਦੀ ਪਛਾਣ ਕਰਕੇ ਰੋਟੀ ਉਸ ਦੇ ਮੂੰਹ ਵਿੱਚ ਪਾ ਦਿੱਤੀ। ਗਾਂ ਗੜੱਪ ਕਰਕੇ ਖਾ ਗਈ। ਫਿਰ ਉਸ ਨੇ ਪਹਿਲਾਂ ਤਾਂ ਗਾਂ ਦੇ ਮੱਥੇ ਉੱਪਰ ਹੱਥ ਲਗਾਇਆ ਤੇ ਫਿਰ ਅਗਲੀਆਂ ਲੱਤਾਂ ਦੇ ਗੋਡਿਆਂ ਨੂੰ ਥੋੜ੍ਹਾ ਜਿਹਾ ਛੁਹਾ ਦਿੱਤਾ।
ਇਹ ਸਭ ਵੇਖ ਕੇ ਉੱਥੇ ਬੈਠੇ ਇੱਕ ਬਜ਼ੁਰਗ ਨੇ ਕਿਹਾ, ‘‘ਬੇਟਾ, ਜਿੱਥੇ ਤੂੰ ਹੱਥ ਲਗਾਇਆ ਇਹ ਤਾਂ ਗਾਂ ਦੇ ਹੱਥ ਹਨ, ਪੈਰ ਤਾਂ ਪਿਛਲੀਆਂ ਲੱਤਾਂ ਹੁੰਦੀਆਂ ਹਨ।’’ ਆਪਣੀ ਗ਼ਲਤੀ ਸੁਧਾਰਨ ਦੇ ਖ਼ਿਆਲ ਨਾਲ ਨੌਜਵਾਨ ਗਾਂ ਦੀਆਂ ਪਿਛਲੀਆਂ ਲੱਤਾਂ ਵੱਲ ਹੇਠਾਂ ਨੂੰ ਝੁਕਿਆ ਤਾਂ ਗਾਂ ਨੇ ਮੂੰਹ ਨਾਲ ਫੁੰਕਾਰਾ ਮਾਰਿਆ ਤੇ ਦੁਲੱਤੀ ਮਾਰਨ ਲਈ ਪਿਛਲੀ ਲੱਤ ਉੱਪਰ ਉਠਾ ਲਈ। ਨੌਜਵਾਨ ਦੌੜ ਕੇ ਪਿੱਛੇ ਹਟ ਗਿਆ। ਹੁਣ ਉਸ ਬਜ਼ੁਰਗ ਨੇ ਵਿਅੰਗ ਕੱਸਿਆ, ‘‘ਬਈ ਗਾਂ ਸੋਚਦੀ ਹੈ ਕਿ ਇੱਕ ਬਾਸੀ ਰੋਟੀ ਦੇ ਕੇ ਤੂੰ ਦੁੱਧ ਦੀਆਂ ਧਾਰਾਂ ਲੈਣੀਆਂ ਚਾਹੁੰਦਾ ਹੈਂ, ਇਹ ਨਹੀਂ ਚੱਲ ਸਕਦਾ।’’
ਇਸ ਤਰ੍ਹਾਂ ਚਾਰਾਂ ਪੈਰਾਂ ਨੂੰ ਹੱਥ ਲਗਾਉਣ ਦੀ ਨੌਬਤ ਨਾਲ ਗੱਲ ਇੱਕ ਹੋਰ ਵਿਸ਼ੇ ਵੱਲ ਮੁੜ ਗਈ। ਮੈਂ ਕਈ ਵਾਰ ਵੇਖਿਆ ਸੀ ਕਿ ਬੱਸਾਂ ਜਾਂ ਟਰੱਕਾਂ ਦੇ ਡਰਾਈਵਰ ਚਾਰਾਂ ਹੀ ਟਾਇਰਾਂ ਉੱਪਰ ਸੋਟੀ ਮਾਰ ਕੇ ਉਸ ਦੀ ਆਵਾਜ਼ ਨਾਲ ਉਨ੍ਹਾਂ ਵਿਚਲੀ ਹਵਾ ਚੈੱਕ ਕਰਦੇ ਸੀ। ਮੇਰੀ ਜੀਪ ਦੇ ਵੀ ਵੱਡੇ ਹੀ ਟਾਇਰ ਹਨ। ਮੈਂ ਵੀ ਇਸ ਤਰ੍ਹਾਂ ਕਰ ਲੈਂਦਾ ਰਿਹਾ। ਇੱਕ ਦਿਨ ਸਵੇਰੇ ਕੋਈ ਸੋਟੀ ਨਾ ਮਿਲੀ ਤਾਂ ਮੈਂ ਆਪਣੇ ਬੂਟਾਂ ਨਾਲ ਹੀ ਹਵਾ ਦਾ ਅੰਦਾਜ਼ਾ ਲਗਾਉਣ ਲੱਗ ਪਿਆ। ਮੇਰੇ ਮੁਹੱਲੇ ਦੇ ਹੀ ਇੱਕ ਸੱਜਣ ਬਾਲਕੋਨੀ ਵਿੱਚ ਬੈਠੇ ਸਨ। ਉਨ੍ਹਾਂ ਉੱਪਰੋਂ ਆਵਾਜ਼ ਦਿੱਤੀ, ‘‘ਵੀਰ ਜੀ ਏਦਾਂ ਨਾ ਕਰੋ। ਇਸ ਦੀ ਸਵਾਰੀ ਕਰਦੇ ਹੋ। ਇਹ ਮੰਜ਼ਿਲਾਂ ਤੱਕ ਪਹੁੰਚਾਉਂਦੀ ਹੈ। ਇਸ ਨੂੰ ਠੁੱਡੇ ਨਾ ਮਾਰੋ। ਇਸ ਦੇ ਤਾਂ ਚਾਰਾਂ ਪੈਰਾਂ ਨੂੰ ਹੱਥ ਲਗਾ ਕੇ ਵੇਖਿਆ ਕਰੋ ਸਤਿਕਾਰ ਨਾਲ, ਹਵਾ ਦਾ ਵੀ ਪਤਾ ਲੱਗ ਜਾਏਗਾ।’’ ਮੈਂ ਅਹਿਸਾਸ-ਏ-ਗੁਨਾਹ ਨਾਲ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਉਸੇ ਤਰ੍ਹਾਂ ਕਰਨ ਦਾ ਵਾਅਦਾ ਕੀਤਾ। ਇਹ ਕਿੰਨਾ ਨਿਭਾਇਆ ਗਿਆ ਤੇ ਕਿੰਨਾ ਨਹੀਂ, ਉਹ ਵੱਖਰੀ ਗੱਲ ਹੈ।
ਇਸ ਨਾਲ ਜੁੜਦੀ ਹੁਣ ਇੱਕ ਹੋਰ ਪੁਰਾਣੀ ਗੱਲ ਚੇਤੇ ਆਈ। ਮੈਂ ਤੇ ਮੇਰਾ ਛੋਟਾ ਭਰਾ ਪਿੰਡੋਂ ਤਿੰਨ ਮੀਲ ਦੂਰ ਕਸਬੇ ਦੇ ਹਾਈ ਸਕੂਲ ਵਿੱਚ ਪੜ੍ਹਦੇ ਸਾਂ। ਉੱਥੇ ਹੀ ਸਾਡੇ ਪਿਤਾ ਜੀ ਦੀ ਡਾਕਟਰੀ ਦੀ ਦੁਕਾਨ ਸੀ। ਪਿਤਾ ਜੀ ਰੋਜ਼ ਸਵੇਰੇ ਉੱਠਦਿਆਂ ਹੀ ਮਾਲ ਡੰਗਰ ਨੂੰ ਪੱਠੇ ਪਾਉਂਦੇ, ਪਾਣੀ ਪਿਆਉਂਦੇ ਤੇ ਫਿਰ ਦਾਤਣ ਕੁਰਲੀ ਕਰਨ ਮਗਰੋਂ ਨਹਾਉਣ ਵਾਸਤੇ ਜਾਣ ਤੋਂ ਪਹਿਲਾਂ ਆਪਣਾ ਸਾਈਕਲ ਅੰਦਰ ਦੇ ਵਰਾਂਡੇ ਵਿੱਚੋਂ ਕੱਢ ਕੇ ਬਾਹਰ ਵਿਹੜੇ ’ਚ ਦਰਵਾਜ਼ੇ ਵੱਲ ਨੂੰ ਮੂੰਹ ਕਰਕੇ ਖੜ੍ਹਾ ਦਿੰਦੇ। ਫਿਰ ਉਸ ਨੂੰ ਕੱਪੜੇ ਨਾਲ ਸਾਫ਼ ਕਰਦੇ, ਕਈ ਵਾਰ ਤੇਲ ਵੀ ਦਿੰਦੇ ਤੇ ਹਵਾ ਚੈੱਕ ਕਰਦੇ। ਜੇ ਹਵਾ ਘੱਟ ਹੁੰਦੀ ਤਾਂ ਘਰ ਰੱਖੇ ਪੰਪ ਨਾਲ ਹਵਾ ਭਰਦੇ ਤੇ ਪੰਪ ਨਾਲ ਹੀ ਲਟਕਿਆ ਰਹਿਣ ਦਿੰਦੇ। ਥੋੜ੍ਹੀ ਦੇਰ ਬਾਅਦ ਚੈੱਕ ਕੀਤਿਆਂ ਹਵਾ ਘਟ ਗਈ ਹੁੰਦੀ ਤਾਂ ਹੋਰ ਭਰਦੇ ਜਾਂ ਘਰ ਵਿੱਚ ਹੀ ਰੱਖੇ ਸਾਮਾਨ ਨਾਲ ਪੈਂਚਰ ਲਗਾਉਂਦੇ।
ਇੱਕ ਦਿਨ ਸਕੂਲ ਵਿੱਚ ਕੋਈ ਫੰਕਸ਼ਨ ਸੀ ਤੇ ਅਸੀਂ ਦੋਵੇਂ ਭਰਾ ਜ਼ਰਾ ਉਚੇਚ ਨਾਲ ਤਿਆਰ ਹੋਏ। ਇੱਕ ਦਿਨ ਪਹਿਲਾਂ ਅੱਧਾ ਪਿੰਡ ਘੁੰਮ ਕੇ ਲੱਕੜ ਦਾ ਕੋਇਲਾ ਲੱਭਿਆ ਤੇ ਕੱਪੜੇ ਪਰੈੱਸ ਕੀਤੇ ਸਨ। ਉਦੋਂ ਬਿਜਲੀ ਨਹੀਂ ਸੀ ਤੇ ਸੂਤੀ ਕੱਪੜਿਆਂ ਦੀ ਕਰੀਜ਼ ਵੀ ਛੇਤੀ ਖ਼ਰਾਬ ਹੋ ਜਾਂਦੀ ਸੀ। ਖ਼ੈਰ, ਅਸੀਂ ਤਿਆਰ ਹੋ ਕੇ ਜਾਣ ਵਾਸਤੇ ਸਾਈਕਲ ਸਟੈਂਡ ਤੋਂ ਉਤਾਰਿਆ ਤਾਂ ਉਹ ਪੈਂਚਰ ਸੀ। ਅਸੀਂ ਛੇਤੀ ਛੇਤੀ ਸਾਈਕਲ ਜ਼ਮੀਨ ’ਤੇ ਲਿਟਾਇਆ ਤੇ ਪੈਂਚਰ ਦਾ ਸਾਮਾਨ ਲੱਭਣ ਲੱਗ ਪਏੇੇ। ਇੰਨੀ ਦੇਰ ਤੱਕ ਪਿਤਾ ਜੀ ਆ ਗਏ। ਉਨ੍ਹਾਂ ਜ਼ੋਰ ਦੀ ਦਬਕਾ ਮਾਰਿਆ, ‘‘ਜੇ ਪੈਂਚਰ ਲਗਾਉਣਾ ਹੈ ਤਾਂ ਪਹਿਲਾਂ ਕੱਪੜੇ ਉਤਾਰੋ, ਸਾਰੀ ਪਰੈੱਸ ਖ਼ਰਾਬ ਕਰ ਲਵੋਗੇ।’’ ਅਸੀਂ ਦੋਵੇਂ ਭਰਾ ਉਨ੍ਹਾਂ ਦੇ ਕਹੇ ਮੁਤਾਬਿਕ ਉਹ ਕੱਪੜੇ ਉਤਾਰ ਕੇ ਸਾਈਕਲ ਦਾ ਟਾਇਰ ਖੋਲ੍ਹਣ ਲੱਗ ਪਏ। ਪਿਤਾ ਜੀ ਨੇ ਵੇਖ ਲਿਆ ਸੀ ਕਿ ਅਸੀਂ ਲੇਟ ਹੋ ਰਹੇ ਸਾਂ। ਉਨ੍ਹਾਂ ਪੈਂਚਰ ਲਗਾਉਣ ਵਿੱਚ ਸਾਡੀ ਮਦਦ ਕੀਤੀ ਤੇ ਨਾਲ ਹੀ ਝਿੜਕਾਂ ਦਾ ਪ੍ਰਸਾਦ ਵੀ ਦਿੰਦੇ ਗਏ। ਸਾਡੀ ਪੀੜ੍ਹੀ ਨੂੰ ਵੀ ਲਾਹਨਤਾਂ ਪਾਉਂਦੇ ਰਹੇ ਕਿ ਕਿੰਨੀ ਵਾਰ ਆਖਿਆ ਹੈ ਕਿ ਤਿਆਰ ਹੋਣ ਤੋਂ ਪਹਿਲਾਂ ਸਾਈਕਲ ਵੇਖੋ। ਸਾਨੂੰ ਲੇਟ ਹੁੰਦੇ ਵੇਖ ਪਿਤਾ ਜੀ ਨੇ ਹਵਾ ਵੀ ਭਰ ਦਿੱਤੀ। ਅਸੀਂ ਪਰੈੱਸ ਹੋਏ ਕੱਪੜੇ ਪਾਏ ਤੇ ਸਕੂਲ ਵੱਲ ਨੂੰ ਚੱਲ ਪਏ। ਉਦੋਂ ਧੰਨਵਾਦ ਕਰਨ ਦਾ ਤਾਂ ਅਜੇ ਰਿਵਾਜ ਹੀ ਨਹੀਂ ਪਿਆ ਸੀ।
ਦੋਵੇਂ ਸਿੱਖਿਆਵਾਂ ਤੇ ਨਸੀਹਤਾਂ ਕੀਮਤੀ ਹਨ। ਸਾਡੇ ਪਿਤਾ ਜੀ ਦਾ ਦੱਸਿਆ ਕਿ ਨਹਾਉਣ ਧੋਣ ਤੋਂ ਪਹਿਲਾਂ ਗੱਡੀ ’ਤੇ ਕੱਪੜਾ ਫੇਰੋ, ਹਵਾ ਚੈੱਕ ਕਰੋ ਤੇ ਮੇਰੇ ਮੁਹੱਲੇ ਦੇ ਵੀਰ ਜੀ ਦਾ ਵੀ ਕਿ ਗੱਡੀ ਦੇ ਚਾਰਾਂ ਪੈਰਾਂ ਨੂੰ ਹੱਥ ਲਗਾਓ, ਸਤਿਕਾਰ ਨਾਲ। ਵੈਸੇ ਇਨ੍ਹਾਂ ਗੱਲਾਂ ਬਾਰੇ ਹੋਰਨਾਂ ਨੂੰ ਤਾਂ ਲੈਕਚਰ ਦੇ ਦੇਈਦਾ ਹੈ ਪਰ ਆਪ ਅਮਲ ਨਹੀਂ ਹੁੰਦਾ। ਮੇਰਾ ਘਰ ਪਹਿਲੀ ਮੰਜ਼ਿਲ ’ਤੇ ਹੈ। ਬੜੀ ਵਾਰ ਨਹਾ ਧੋ ਕੇ, ਪੈਂਟ ਕੋਟ ਪਹਿਨ ਕੇ, ਟਾਈ ਲਗਾ ਕੇ ਤੇ ਹੱਥ ਵਿੱਚ ਸੂਟਕੇਸ ਫੜ ਕੇ ਹੇਠਾਂ ਆਓ ਤਾਂ ਵੇਖੀਦਾ ਹੈ ਕਿ ਗੱਡੀ ਪੈਂਚਰ ਹੋਣ ਕਰਕੇ ਇੱਕ ਪਾਸੇ ਉੱਲਰੀ ਪਈ ਹੈ। ਕਈ ਵਾਰ ਤਾਂ ਉਲਾਰ ਵੀ ਨਹੀਂ ਵੇਖੀਦਾ, ਗੱਡੀ ਸਟਾਰਟ ਕਰਕੇ ਗਿਅਰ ਵਿੱਚ ਪਾਓ ਤਾਂ ਪੈਂਚਰ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਟੱਕ ਟੱਕ ਕਰਦੀ ਹੈ। ਸੋਚੀਦਾ ਹੈ ਕਿ ਅੱਸੀਆਂ ਨੂੰ ਪਹੁੰਚਣ ਵਾਲਾ ਹਾਂ, ਪਤਾ ਨਹੀਂ ਸਿਆਣੀਆਂ ਗੱਲਾਂ ’ਤੇ ਅਮਲ ਕਰਨਾ ਕਦੋਂ ਸਿੱਖਾਂਗਾ! ਸ਼ਾਇਦ ਅਗਲੀ ਵਾਰ...।
ਸੰਪਰਕ: 98783-75903

