DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਵਾਸ ਦਾ ਮਸਲਾ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਲੋਕ ਸਭਾ ਵਿਚ ਦੱਸਿਆ ਹੈ ਕਿ 2022 ਵਿਚ 2,25,620 ਦੇਸ਼ਵਾਸੀਆਂ ਨੇ ਭਾਰਤ ਦੀ ਨਾਗਰਿਕਤਾ ਛੱਡੀ। ਇਹ ਰੁਝਾਨ 2011 ਤੋਂ ਵਧਿਆ ਹੈ ਅਤੇ ਪਿਛਲੇ 12 ਵਰ੍ਹਿਆਂ ਵਿਚ 16 ਲੱਖ ਭਾਰਤੀ ਦੇਸ਼ ਦੀ ਨਾਗਰਿਕਤਾ ਛੱਡ...
  • fb
  • twitter
  • whatsapp
  • whatsapp
Advertisement

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਲੋਕ ਸਭਾ ਵਿਚ ਦੱਸਿਆ ਹੈ ਕਿ 2022 ਵਿਚ 2,25,620 ਦੇਸ਼ਵਾਸੀਆਂ ਨੇ ਭਾਰਤ ਦੀ ਨਾਗਰਿਕਤਾ ਛੱਡੀ। ਇਹ ਰੁਝਾਨ 2011 ਤੋਂ ਵਧਿਆ ਹੈ ਅਤੇ ਪਿਛਲੇ 12 ਵਰ੍ਹਿਆਂ ਵਿਚ 16 ਲੱਖ ਭਾਰਤੀ ਦੇਸ਼ ਦੀ ਨਾਗਰਿਕਤਾ ਛੱਡ ਕੇ ਹੋਰ ਦੇਸ਼ਾਂ ਦੇ ਨਾਗਰਿਕ ਬਣੇ ਹਨ। 2020 ਵਿਚ ਕਰੋਨਾ ਕਾਰਨ ਇਹ ਸੰਖਿਆ ਘੱਟ (85,256) ਸੀ। 2020 ਨੂੰ ਛੱਡ ਕੇ 2011 ਤੋਂ ਬਾਅਦ ਦੇ ਸਾਲਾਂ ਵਿਚ ਹਰ ਸਾਲ 1,20,000 ਤੋਂ ਜ਼ਿਆਦਾ ਭਾਰਤੀ ਦੇਸ਼ ਛੱਡਦੇ ਰਹੇ ਹਨ।

ਇਹ ਕਿਹਾ ਜਾਂਦਾ ਹੈ ਕਿ ਮਨੁੱਖਤਾ ਦਾ ਇਤਿਹਾਸ ਪਰਵਾਸ ਦਾ ਇਤਿਹਾਸ ਹੈ। ਅਮਰੀਕਾ ਮਹਾਦੀਪ ਦੇ ਸਾਰੇ ਦੇਸ਼ਾਂ, ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚ ਯੂਰੋਪ ਦੇ ਦੇਸ਼ਾਂ ਤੋਂ ਹੋਏ ਵੱਡੇ ਪਰਵਾਸ ਤੋਂ ਪਹਿਲਾਂ ਉੱਥੇ ਮੁਕਾਮੀ ਲੋਕ ਵੱਸਦੇ ਸਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਸੀ। ਯੂਰੋਪ ਤੋਂ ਆਉਣ ਵਾਲੇ ਪਰਵਾਸੀ ਬਿਹਤਰ ਜੰਗੀ ਹਥਿਆਰਾਂ ਤੇ ਤਕਨੀਕ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਮੁਕਾਮੀ ਲੋਕਾਂ ’ਤੇ ਵੱਡੇ ਜ਼ੁਲਮ ਕਰ ਕੇ ਅਮਰੀਕਾ ਮਹਾਂਦੀਪ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਆਧੁਨਿਕ ਸ਼ਹਿਰ ਤੇ ਪਿੰਡ ਵਸਾਏ। ਇਨ੍ਹਾਂ ਦੇਸ਼ਾਂ ਨੂੰ ‘ਨਵੀਂ ਦੁਨੀਆ’ (New World) ਕਿਹਾ ਗਿਆ। ਇਨ੍ਹਾਂ ਦੇਸ਼ਾਂ ਦੇ ਵਿਕਾਸ ’ਚ ਅਫ਼ਰੀਕਾ ਤੋਂ ਗ਼ੁਲਾਮ ਬਣਾ ਕੇ ਲਿਆਂਦੇ ਸਿਆਹਫ਼ਾਮ ਲੋਕਾਂ ਨੇ ਵੱਡਾ ਹਿੱਸਾ ਪਾਇਆ। ਲਾਤੀਨੀ ਅਮਰੀਕਾ ਦੇ ਦੇਸ਼ ਕੁਝ ਇਤਿਹਾਸਕ ਕਾਰਨਾਂ ਕਰਕੇ ਪਛੜ ਗਏ ਜਦੋਂਕਿ ਅਮਰੀਕਾ, ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਵਿਕਾਸ, ਜਮਹੂਰੀਅਤ, ਸੰਸਥਾਵਾਂ ਦੀ ਭਰੋਸੇਯੋਗਤਾ, ਗਿਆਨ-ਵਿਗਿਆਨ ਦੀ ਤਰੱਕੀ ਆਦਿ ਮਾਪਦੰਡਾਂ ਦੇ ਆਧਾਰ ’ਤੇ ਪੱਛਮੀ ਯੂਰੋਪ ਦੇ ਦੇਸ਼ਾਂ ਵਾਂਗ ਵਿਕਸਤ ਮੰਨਿਆ ਜਾਂਦਾ ਹੈ।

Advertisement

ਭਾਰਤ ਵਾਸੀਆਂ ਨੇ 19ਵੀਂ ਸਦੀ ਦੇ ਆਖ਼ਰੀ ਦਹਾਕਿਆਂ ’ਚ ਪਰਵਾਸ ਸ਼ੁਰੂ ਕੀਤਾ। 20ਵੀਂ ਸਦੀ ਦੇ ਪਹਿਲੇ ਦਹਾਕਿਆਂ ’ਚ ਰੁਝਾਨ ਵਧਿਆ ਅਤੇ ਭਾਰਤੀਆਂ ਨੇ ਮਲਾਇਆ, ਸਿੰਘਾਪੁਰ, ਫਿਲਪੀਨਜ਼, ਮਿਆਂਮਾਰ, ਅਮਰੀਕਾ, ਇੰਗਲੈਂਡ ਤੇ ਕੈਨੇਡਾ ਪਰਵਾਸ ਕੀਤਾ। ਪੰਜਾਬੀਆਂ ਨੇ ਵੀ ਪਰਵਾਸ ਕੀਤਾ ਅਤੇ ਵੱਖ ਵੱਖ ਦੇਸ਼ਾਂ ’ਚ ਮਿਹਨਤ ਨਾਲ ਸਨਮਾਨਯੋਗ ਸਥਾਨ ਬਣਾਇਆ। ਮਨੁੱਖ ਹਮੇਸ਼ਾ ਉਨ੍ਹਾਂ ਦੇਸ਼ਾਂ ਵਿਚ ਪਰਵਾਸ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਆਪਣਾ ਭਵਿੱਖ ਬਿਹਤਰ ਦਿਖਾਈ ਦਿੰਦਾ ਹੈ। ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਪੱਛਮੀ ਯੂਰੋਪ ਦੇ ਦੇਸ਼ਾਂ ’ਚ ਸਿੱਖਿਆ, ਕਾਰੋਬਾਰ ਤੇ ਵਪਾਰ ਦੇ ਮੌਕੇ ਮਿਲਦੇ ਹਨ। ਇਤਿਹਾਸਕ ਕਾਰਨਾਂ ਕਰ ਕੇ ਉੱਥੇ ਜਮਹੂਰੀ ਨਿਜ਼ਾਮ ਤੇ ਸੰਸਥਾਵਾਂ ਵੀ ਪੱਕੇ ਪੈਰੀਂ ਹਨ। ਇਨ੍ਹਾਂ ਦੇਸ਼ਾਂ ’ਚ ਪਰਵਾਸ ਕਰਨ ਵਾਲਿਆਂ ਨੂੰ ਕਈ ਸਮੱਸਿਆਵਾਂ ਜਿਨ੍ਹਾਂ ’ਚੋਂ ਨਸਲੀ ਵਿਤਕਰਾ ਮੁੱਖ ਹੈ, ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਨ੍ਹਾਂ ਦੀ ਦਲੀਲ ਹੈ ਕਿ ਉਨ੍ਹਾਂ ਆਪਣੇ ਦੇਸ਼ ’ਚ ਕਈ ਤਰ੍ਹਾਂ ਦੇ ਵਿਤਕਰਿਆਂ ਦਾ ਸਾਹਮਣਾ ਕੀਤਾ ਹੈ। ਪੰਜਾਬ ਦੀ ਸਥਿਤੀ ਕੁਝ ਵੱਖਰੀ ਹੈ। ਇੱਥੋਂ ਦੋ ਦਹਾਕਿਆਂ ਤੋਂ ਵੱਡੀ ਪੱਧਰ ’ਤੇ ਹੋ ਰਹੇ ਪਰਵਾਸ ਦੇ ਮੁੱਖ ਕਾਰਨ ਇਹ ਹਨ: ਨਸ਼ਿਆਂ ਦਾ ਫੈਲਾਅ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਰਕਾਰੀ ਦਫ਼ਤਰਾਂ, ਥਾਣਿਆਂ, ਸੰਸਥਾਵਾਂ ’ਚ ਲੋਕਾਂ ਨਾਲ ਦੁਰਵਿਹਾਰ ਆਦਿ। ਜਿੱਥੇ ਪਰਵਾਸ ਨਿੱਜੀ ਚੋਣ ਦਾ ਮਸਲਾ ਹੈ ਉੱਥੇ ਸਰਕਾਰਾਂ ਤੇ ਸਮਾਜ ਨੂੰ ਇਨ੍ਹਾਂ ਅੰਕੜਿਆਂ ’ਤੇ ਨਜ਼ਰ ਮਾਰ ਕੇ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਭਾਰਤ ਦੇ ਲੋਕ ਏਨੀ ਵੱਡੀ ਪੱਧਰ ’ਤੇ ਪਰਵਾਸ ਕਿਉਂ ਕਰ ਰਹੇ ਹਨ।

Advertisement
×