DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਰਪੋਰੇਟ ਜਗਤ ਦਾ ਲਿੰਗਕ ਪਾੜਾ

ਹਿੰਦੋਸਤਾਨ ਯੂਨੀਲੀਵਰ ਵੱਲੋਂ 92 ਸਾਲਾਂ ’ਚ ਪਹਿਲੀ ਵਾਰ ਕਿਸੇ ਔਰਤ (ਪ੍ਰਿਯਾ ਨਾਇਰ) ਨੂੰ ਸੀਈਓ ਤੇ ਐੱਮਡੀ ਨਿਯੁਕਤ ਕਰਨਾ ਇਤਿਹਾਸਕ ਪਲ ਹੈ। ਫਿਰ ਵੀ ਇਹ ਭਾਰਤੀ ਕਾਰਪੋਰੇਟ ਜਗਤ ’ਚ ਮੌਜੂਦ ਲਿੰਗਕ ਪਾੜੇ ਨੂੰ ਉਜਾਗਰ ਕਰਦਾ ਹੈ। ਪਹਿਲਾਂ ਨਾਲੋਂ ਕਿਤੇ ਵੱਧ ਔਰਤਾਂ...
  • fb
  • twitter
  • whatsapp
  • whatsapp

ਹਿੰਦੋਸਤਾਨ ਯੂਨੀਲੀਵਰ ਵੱਲੋਂ 92 ਸਾਲਾਂ ’ਚ ਪਹਿਲੀ ਵਾਰ ਕਿਸੇ ਔਰਤ (ਪ੍ਰਿਯਾ ਨਾਇਰ) ਨੂੰ ਸੀਈਓ ਤੇ ਐੱਮਡੀ ਨਿਯੁਕਤ ਕਰਨਾ ਇਤਿਹਾਸਕ ਪਲ ਹੈ। ਫਿਰ ਵੀ ਇਹ ਭਾਰਤੀ ਕਾਰਪੋਰੇਟ ਜਗਤ ’ਚ ਮੌਜੂਦ ਲਿੰਗਕ ਪਾੜੇ ਨੂੰ ਉਜਾਗਰ ਕਰਦਾ ਹੈ। ਪਹਿਲਾਂ ਨਾਲੋਂ ਕਿਤੇ ਵੱਧ ਔਰਤਾਂ ਦੇ ਕੰਮਕਾਜੀ ਖੇਤਰ ਵਿੱਚ ਆਉਣ ਦੇ ਬਾਵਜੂਦ ਉਹ ਸਿਖਰਲੇ ਅਹੁਦਿਆਂ ’ਤੇ ਬਹੁਤ ਘੱਟ ਹਨ। ਸਾਲ 2024 ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੇ ਕਾਰਪੋਰੇਟ ਖੇਤਰ ’ਚ ਸੀਨੀਅਰ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਸਿਰਫ਼ 18 ਪ੍ਰਤੀਸ਼ਤ ਹੈ। ਨਿਫਟੀ 200 ਕੰਪਨੀਆਂ ਵਿੱਚੋਂ ਸਿਰਫ਼ ਨੌਂ ਕੰਪਨੀਆਂ ’ਚ ਮਹਿਲਾ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ) ਜਾਂ ਐੱਮਡੀ (ਮੈਨੇਜਿੰਗ ਡਾਇਰੈਕਟਰ) ਹਨ। ਇਹ ਮਾਮੂਲੀ ਜਿਹਾ ਸੁਧਾਰ ਹੈ ਜੋ ਅਸਲ ਸ਼ਮੂਲੀਅਤ ਪ੍ਰਤੀ ਜ਼ਿੱਦੀ ਕਿਸਮ ਦੇ ਰਵੱਈਏ ਨੂੰ ਢਕਣ ਦਾ ਕੰਮ ਕਰਦਾ ਹੈ।

ਕਈ ਸਾਲਾਂ ਤੋਂ ਵੰਨ-ਸਵੰਨਤਾ ਤੇ ਵਿਆਪਕ ਸ਼ਮੂਲੀਅਤ ਦੀ ਗੱਲ ਕਰਨ ਦੇ ਬਾਵਜੂਦ ਭੇਦਭਾਵ ਅਜੇ ਵੀ ਕਾਇਮ ਹੈ। ਇਹ ਲਗਭਗ ਹਰ ਖੇਤਰ ਵਿਚ ਹੀ ਹੈ, ਨਾ ਕਿ ਕਿਸੇ ਇੱਕ ਖੇਤਰ ਵਿੱਚ। ਬਹੁਤ ਸਾਰੇ ਪ੍ਰਮੋਟਰ-ਸੰਚਾਲਿਤ ਕਾਰੋਬਾਰਾਂ ’ਚ, ਮਹਿਲਾ ਬੋਰਡ ਡਾਇਰੈਕਟਰਾਂ ਅਕਸਰ ਪਰਿਵਾਰਕ ਮੈਂਬਰਾਂ ਵਿੱਚੋਂ ਹੁੰਦੀਆਂ ਹਨ- ਇਹ ਬੰਦੋਬਸਤ ਵੰਨ-ਸਵੰਨਤਾ ਦੇ ਫ਼ਤਵੇ ਉੱਤੇ ਤਾਂ ਖ਼ਰਾ ਉਤਰਦਾ ਹੈ ਪਰ ਤਾਕਤ ਦੇ ਵਰਤਮਾਨ ਢਾਂਚੇ ਨੂੰ ਚੁਣੌਤੀ ਦੇਣ ਜਾਂ ਯੋਗਤਾ ਰੱਖਦੇ ਹੋਰਨਾਂ ਬਾਹਰਲਿਆਂ ਦੀ ਪਹੁੰਚ ਨੂੰ ਵਧਾਉਣ ਲਈ ਜ਼ਿਆਦਾ ਕੁਝ ਨਹੀਂ ਕਰਦਾ। ਇਸ ਦੌਰਾਨ ਪੁਰਾਣੇ ਸਭਿਆਚਾਰਕ ਰੀਤੀ-ਰਿਵਾਜ ਅਤੇ ਕੰਮ ਵਾਲੀਆਂ ਥਾਵਾਂ ’ਤੇ ਹੁੰਦਾ ਪੱਖਪਾਤ ਔਰਤਾਂ ਦੀ ਤਰੱਕੀ ਦੀ ਰਫ਼ਤਾਰ ਨੂੰ ਸੁਸਤ ਕਰਦੇ ਹਨ। ਔਰਤਾਂ ਨੂੰ ਅਕਸਰ ਮਨੁੱਖੀ ਸਰੋਤ, ਮਾਰਕੀਟਿੰਗ ਜਾਂ ਬਰਾਂਡਿੰਗ (ਇਸ਼ਤਿਹਾਰਬਾਜ਼ੀ) ਵਰਗੀਆਂ ਭੂਮਿਕਾਵਾਂ ਵਿੱਚ ਰੱਖਿਆ ਜਾਂਦਾ ਹੈ। ਇਹ ਭਾਵੇਂ ਮਹੱਤਵਪੂਰਨ ਅਹੁਦੇ ਹਨ, ਪਰ ਰਵਾਇਤੀ ਤੌਰ ’ਤੇ ਇਨ੍ਹਾਂ ਨੂੰ ਉੱਚ ਅਹੁਦਿਆਂ ਤੱਕ ਪਹੁੰਚਣ ਦਾ ਰਾਹ ਘੱਟ ਹੀ ਸਮਝਿਆ ਜਾਂਦਾ ਹੈ।

ਕੰਮ ਦੇ ਲੰਮੇ ਘੰਟੇ, ਰੋਜ਼ਾਨਾ ਦਾ ਸਫ਼ਰ ਤੇ ਸਹਾਇਤਾ ਢਾਂਚਿਆਂ ਦੀ ਘਾਟ ਸਮਾਜਿਕ ਆਸਾਂ-ਉਮੀਦਾਂ ਨਾਲ ਖਹਿੰਦੇ ਹਨ ਕਿ ਔਰਤਾਂ ਨੂੰ ਘਰ ’ਚ ਦੇਖਭਾਲ ਦੀਆਂ ਜ਼ਿੰਮੇਵਾਰੀਆਂ ਦਾ ਜ਼ਿਆਦਾ ਭਾਰ ਆਪਣੇ ਸਿਰ ਲੈਣਾ ਚਾਹੀਦਾ ਹੈ। ਇਹ ਦੋਹਰਾ ਬੋਝ ਨਿੱਜੀ ਇੱਛਾਵਾਂ ਤੇ ਪੇਸ਼ੇਵਰ ਭਰੋਸੇਯੋਗਤਾ, ਦੋਵਾਂ ਨੂੰ ਕਮਜ਼ੋਰ ਕਰਦਾ ਹੈ। ਇੱਥੋਂ ਤੱਕ ਕਿ ਚੰਗੇ ਇਰਾਦੇ ਵਾਲੇ ਕਾਇਮ ਹੋਏ ਈਐੱਸਜੀ (ਵਾਤਾਵਰਨ ਸਬੰਧੀ, ਸਮਾਜੀ ਤੇ ਸ਼ਾਸਕੀ) ਅਤੇ ਡੀਈਆਈ (ਵੰਨ-ਸਵੰਨਤਾ, ਸਮਾਨਤਾ ਅਤੇ ਸ਼ਮੂਲੀਅਤ) ਢਾਂਚੇ ਵੀ ਅਕਸਰ ਰੋਜ਼ਮਰ੍ਹਾ ਦੀ ਲਚਕਤਾ ਜਾਂ ਪੇਸ਼ੇਵਰ ਮਦਦ ’ਚ ਤਬਦੀਲ ਹੋਣ ਤੋਂ ਰਹਿ ਜਾਂਦੇ ਹਨ। ਕਾਰਪੋਰੇਟ ਸੈਕਟਰ ਨੂੰ ਪ੍ਰਤੀਕਾਤਮਕ ਜਿੱਤਾਂ ਦਾ ਜਸ਼ਨ ਮਨਾਉਣ ਤੋਂ ਇਲਾਵਾ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਕੰਪਨੀਆਂ ਨੂੰ ਖ਼ਾਨਾਪੂਰਤੀ ਤੋਂ ਅੱਗੇ ਵਧਣਾ ਪਏਗਾ। ਅਸਲ ਲਿੰਗਕ ਸਮਾਨਤਾ ਲਈ ਕਾਰਪੋਰੇਟ ਨੀਤੀਆਂ ਨੂੰ ਮੁੜ ਵਿਚਾਰਨ ਦੀ ਲੋੜ ਹੈ। ਇਨ੍ਹਾਂ ਨੀਤੀਆਂ ਵਿੱਚ ਕੰਮਕਾਜੀ ਲਚਕਤਾ, ਪਾਰਦਰਸ਼ੀ ਪਦਉੱਨਤੀ ਪ੍ਰਣਾਲੀ, ਬਾਲ ਤੇ ਬਜ਼ੁਰਗ ਦੇਖਭਾਲ ਸਹਾਇਤਾ ਅਤੇ ਸਰਗਰਮ ਮਾਰਗਦਰਸ਼ਨ ਸ਼ਾਮਿਲ ਹਨ। ਸਿਰਫ਼ ਉਦੋਂ ਹੀ ਪ੍ਰਿਯਾ ਨਾਇਰ ਵਰਗੀਆਂ ਪ੍ਰਾਪਤੀਆਂ ਰੀਤ ਬਣਨਗੀਆਂ, ਨਾ ਕਿ ਅਪਵਾਦ ਬਣ ਕੇ ਰਹਿ ਜਾਣਗੀਆਂ।