ਧਨਖੜ ਦਾ ਧਮਾਕਾ
ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਆਪਣੇ ਅਹੁਦੇ ਤੋਂ ਅਚਨਚੇਤ ਅਸਤੀਫ਼ਾ ਦੇਣ ਨਾਲ ਪੂਰਾ ਰਾਜਸੀ ਨਿਜ਼ਾਮ ਅਫ਼ਵਾਹਾਂ ਦੇ ਤੂਫ਼ਾਨ ਵਿੱਚ ਘਿਰ ਗਿਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂ ਲਿਖੇ ਆਪਣੇ ਪੱਤਰ ਵਿੱਚ ਉਨ੍ਹਾਂ ਅਸਤੀਫ਼ਾ ਦੇਣ ਲਈ ‘ਸਿਹਤ ਨਾਲ ਜੁੜੇ ਕਾਰਨਾਂ’ ਦਾ ਜ਼ਿਕਰ ਕੀਤਾ ਹੈ ਜਿਸ ਨਾਲ ਉਨ੍ਹਾਂ ਨੂੰ ਆਪਣਾ ਕਾਰਜਕਾਲ ਪੂਰਾ ਕੀਤੇ ਬਿਨਾਂ ਹੀ ਅਲਹਿਦਾ ਹੋਣਾ ਪਿਆ। ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਵਿਰੋਧੀ ਧਿਰ ਨਾਲ ਲੋਹੇ ਲਾਖੇ ਹੁੰਦਿਆਂ ਅਤੇ ਸੰਵਿਧਾਨਕ ਅਹੁਦਿਆਂ ਪ੍ਰਤੀ ਸੰਵੇਦਨਸ਼ੀਲ ਟਿੱਪਣੀਆਂ ਕਰਨ ਦੇ ਕਈ ਮੌਕੇ ਆਏ। ਉਂਝ, ਇਸ ਅਧਿਕਾਰਤ ਕਾਰਨ ’ਤੇ ਯਕੀਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਜੋ ਗੱਲ ਇਸ ਫ਼ੈਸਲੇ ਨੂੰ ਵਿਡੰਬਨਾ ਦੀ ਪਰਤ ਚਾੜ੍ਹਦੀ ਹੈ, ਉਹ ਹੈ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਤਬਦੀਲੀ। ਅਜੇ ਕੁਝ ਮਹੀਨੇ ਪਹਿਲਾਂ ਹੀ ਕਾਂਗਰਸ ਜਿਹੀਆਂ ਪਾਰਟੀਆਂ ਉਨ੍ਹਾਂ ’ਤੇ ਸੰਵਿਧਾਨਕ ਕਦਰਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਕਰਨ ਦੀ ਮੰਗ ਕਰ ਰਹੀਆਂ ਸਨ। ਅੱਜ ਉਹ ਇਹ ਦਾਅਵਾ ਕਰਦਿਆਂ ਉਨ੍ਹਾਂ ਦੀ ਆਬਰੂ ਦਾ ਬਚਾਓ ਕਰ ਰਹੀਆਂ ਹਨ ਕਿ ਉਨ੍ਹਾਂ ਦੀ ਰੁਖ਼ਸਤ ਬਹੁਤ ਗਹਿਰੇ ਕਾਰਨਾਂ ਵੱਲ ਸੰਕੇਤ ਕਰ ਰਹੀ ਹੈ ਅਤੇ ਇਹ ਸੁਝਾਅ ਦੇ ਰਹੀਆਂ ਹਨ ਕਿ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਵੱਲੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਭਾਜਪਾ ਦੀ ਚੁੱਪ ਇਸ ਬਿਰਤਾਂਤ ਨੂੰ ਬਲ ਦੇ ਰਹੀ ਹੈ।
ਕੁਝ ਵੀ ਹੋਵੇ, ਧਨਖੜ ਦਾ ਕਾਰਜਕਾਲ ਸੰਜਮੀ ਸੀ। ਉਨ੍ਹਾਂ ਹਮਲਾਵਰ ਪੈਂਤੜੇ ਅਪਣਾਏ ਜਿਨ੍ਹਾਂ ਨੇ ਅਕਸਰ ਸੰਸਦ ਅਤੇ ਨਿਆਂਪਾਲਿਕਾ ਦੋਵਾਂ ਨੂੰ ਅਸਥਿਰ ਕਰ ਦਿੱਤਾ ਸੀ। 2022 ਵਿੱਚ ਉਨ੍ਹਾਂ ਬੁਨਿਆਦੀ ਢਾਂਚੇ ਦੇ ਸਿਧਾਂਤ ਉੱਪਰ ਸਵਾਲ ਉਠਾਇਆ ਅਤੇ ਇਸ ਨੂੰ ਸੰਸਦੀ ਪ੍ਰਭੂਤਾ ਨਾਲ ਬੇਮੇਲ ਕਰਾਰ ਦਿੱਤਾ। ਇਸ ਟਿੱਪਣੀ ਦੀ ਕਾਨੂੰਨੀ ਮਾਹਿਰਾਂ ਅਤੇ ਸੰਵਿਧਾਨਕ ਵਿਦਵਾਨਾਂ ਵੱਲੋਂ ਬਰਾਬਰ ਤਿੱਖੀ ਨੁਕਤਾਚੀਨੀ ਕੀਤੀ ਗਈ ਸੀ। ਇੱਕ ਹੋਰ ਉਦਾਹਰਨ ਹੈ, ਜਿੱਥੇ ਉਨ੍ਹਾਂ ਨਿਆਂਪਾਲਿਕਾ ’ਤੇ ‘ਸੁਪਰ ਪਾਰਲੀਮੈਂਟ’ ਵਾਂਗੂ ਕੰਮ ਕਰਨ ਦਾ ਦੋਸ਼ ਲਾਇਆ, ਤੇ ਕਿਹਾ ਕਿ ਇਹ ਬੈਂਚ ਤੋਂ ਸੰਵਿਧਾਨ ਨੂੰ ਦੁਬਾਰਾ ਲਿਖ ਰਹੀ ਹੈ। ਇਸ ਤਰ੍ਹਾਂ ਦੇ ਬਿਆਨਾਂ ਨੂੰ ਬਹੁਤਿਆਂ ਵੱਲੋਂ ਸੰਵਿਧਾਨਕ ਸਦਾਚਾਰ ਦੀ ਉਲੰਘਣਾ ਮੰਨਿਆ ਗਿਆ। ਫਿਰ ਵੀ, ਧਨਖੜ ਕਾਰਜਪਾਲਿਕਾ ਦੇ ਬੋਲਬਾਲੇ ਦਾ ਪੱਖ ਪੂਰਦਿਆਂ ਨਿਰਲੱਜ ਬਣੇ ਰਹੇ ਅਤੇ ਸੰਸਦ ’ਚ ਆਪਣੀ ਸਿਆਸੀ ਆਵਾਜ਼ ਦੀ ਭੂਮਿਕਾ ’ਤੇ ਮਾਣ ਕਰਦੇ ਰਹੇ। ਉਨ੍ਹਾਂ ਦੇ ਆਲੋਚਕਾਂ ਨੇ ਉਨ੍ਹਾਂ ਨੂੰ ਅਜਿਹੀ ਸ਼ਖ਼ਸੀਅਤ ਵਜੋਂ ਦੇਖਿਆ ਜਿਹੜੀ ਸੰਵਿਧਾਨਕ ਨਿਰਪੱਖਤਾ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਵਿਚਲੀ ਰੇਖਾ ਨੂੰ ਫਿੱਕਾ ਪਾ ਰਹੀ ਸੀ।
ਉਨ੍ਹਾਂ ਦਾ ਅਸਤੀਫ਼ਾ ਇੱਕ ਮਤੇ ਨੂੰ ਪ੍ਰਵਾਨਗੀ ਦੇਣ ਤੋਂ ਤੁਰੰਤ ਬਾਅਦ ਆਇਆ ਹੈ ਜਿਸ ਵਿੱਚ ਹਾਈ ਕੋਰਟ ਦੇ ਇੱਕ ਜੱਜ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ, ਇਸ ਨੇ ਅੰਦਰੂਨੀ ਟਕਰਾਅ ਤੇ ਸੰਸਥਾਈ ਔਖਿਆਈ ਦੀਆਂ ਥਿਊਰੀਆਂ ਨੂੰ ਹੋਰ ਹਵਾ ਦਿੱਤੀ ਹੈ। ਕੀ ਉਨ੍ਹਾਂ ਨੂੰ ਰੇਖਾਵਾਂ ਉਲੰਘਣ ਲਈ ਪਾਸੇ ਕੀਤਾ ਗਿਆ ਹੈ ਜਾਂ ਮੁਸ਼ਕਿਲ ਸੱਚਾਈਆਂ ਬਿਆਨਣ ਲਈ ਉਨ੍ਹਾਂ ਦੀ ਕੁਰਬਾਨੀ ਲਈ ਗਈ ਹੈ? ਕਾਰਨ ਜੋ ਵੀ ਹੋਵੇ, ਧਨਖੜ ਦੇ ਬਾਹਰ ਹੋਣ ਨੇ ਉੱਚੀਆਂ ਪਦਵੀਆਂ ਦੀ ਖ਼ੁਦਮੁਖ਼ਤਾਰੀ ’ਤੇ ਖ਼ਦਸ਼ੇ ਖੜ੍ਹੇ ਕਰ ਦਿੱਤੇ ਹਨ। ਹੁਣ ਜਦੋਂ ਦੇਸ਼ ਉਨ੍ਹਾਂ ਦੇ ਜਾਨਸ਼ੀਨ ਨੂੰ ਉਡੀਕ ਰਿਹਾ ਹੈ, ਇਸ ਨੂੰ ਇਹ ਵੀ ਪੁੱਛਣਾ ਚਾਹੀਦਾ ਹੈ: ਕੀ ਸਾਡੀਆਂ ਸੰਸਥਾਵਾਂ ਐਨੀਆਂ ਨਿੱਗਰ ਹਨ ਕਿ ਅੰਦਰੋਂ ਹੁੰਦੀ ਰਾਜਨੀਤੀ ਅੱਗੇ ਟਿਕ ਸਕਣ?