ਮਿਗ ਦੀ ਵਿਦਾਇਗੀ
ਮਿਗ-21 ਵੱਲੋਂ 26 ਸਤੰਬਰ ਨੂੰ ਚੰਡੀਗੜ੍ਹ ਉਪਰੋਂ ਭਰੀ ਆਖ਼ਿਰੀ ਉਡਾਣ ਸਿਰਫ਼ ਜਹਾਜ਼ ਦੀ ਸੇਵਾਮੁਕਤੀ ਤੋਂ ਕਿਤੇ ਵੱਧ ਦਾ ਪ੍ਰਤੀਕ ਸੀ; ਇਸ ਨੇ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ ਕਿ ਭਾਰਤ ਨੂੰ ਹਵਾਈ ਸ਼ਕਤੀ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ। ਦਹਾਕਿਆਂ ਤੋਂ ਸੇਵਾ ਵਿਚ,...
ਮਿਗ-21 ਵੱਲੋਂ 26 ਸਤੰਬਰ ਨੂੰ ਚੰਡੀਗੜ੍ਹ ਉਪਰੋਂ ਭਰੀ ਆਖ਼ਿਰੀ ਉਡਾਣ ਸਿਰਫ਼ ਜਹਾਜ਼ ਦੀ ਸੇਵਾਮੁਕਤੀ ਤੋਂ ਕਿਤੇ ਵੱਧ ਦਾ ਪ੍ਰਤੀਕ ਸੀ; ਇਸ ਨੇ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ ਕਿ ਭਾਰਤ ਨੂੰ ਹਵਾਈ ਸ਼ਕਤੀ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ। ਦਹਾਕਿਆਂ ਤੋਂ ਸੇਵਾ ਵਿਚ, ਸੋਵੀਅਤ ਯੁੱਗ ਦਾ ਇਹ ਲੜਾਕੂ ਜਹਾਜ਼ ਮਸ਼ੀਨ ਤੋਂ ਕਿਤੇ ਜ਼ਿਆਦਾ ਸੀ; ਇਹ ਆਪਣੇ ਆਸਮਾਨ ਨੂੰ ਸੁਰੱਖਿਅਤ ਰੱਖਣ ਲਈ ਉਤਾਵਲੇ ਜਵਾਨ ਰਾਸ਼ਟਰ ਦੇ ਇਰਾਦੇ ਦਾ ਗਵਾਹ ਸੀ। ਇਸ ਦੀ ਸਹਿਣਸ਼ੀਲਤਾ ਭਾਰਤ ਦੀ ਸੀਮਤ ਸਰੋਤਾਂ ਨੂੰ ਵਰਤਣ ਦੀ ਸਮਰੱਥਾ ਨੂੰ ਦਰਸਾਉਂਦੀ ਸੀ, ਪਰ ਇਹ ਸੰਕਟ ਵੱਲੋਂ ਮਜਬੂਰ ਕਰ ਦੇਣ ਤੱਕ ਆਧੁਨਿਕੀਕਰਨ ਨੂੰ ਲਟਕਾਉਣ ਦੀ ਪ੍ਰਵਿਰਤੀ ਨੂੰ ਵੀ ਦਰਸਾਉਂਦੀ ਸੀ। ਮਿਗ ਦੇ ਆਖ਼ਿਰੀ ਸਾਲਾਂ ਨੇ ਉਨ੍ਹਾਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ। ਜੈੱਟ ਦੀ ਲੰਮੀ ਉਮਰ ਇਸ ਦੀ ਕਮਜ਼ੋਰੀ ਬਣ ਗਈ। 300 ਤੋਂ ਵੱਧ ਹਾਦਸਿਆਂ ਅਤੇ ਵਾਰ-ਵਾਰ ਤਕਨੀਕੀ ਖਰਾਬੀਆਂ ਨੇ ਇਸ ਨੂੰ ਡਰਾਉਣਾ ‘ਉੱਡਦਾ ਤਾਬੂਤ’ ਬਣਾ ਕੇ ਰੱਖ ਦਿੱਤਾ। ਹਾਦਸਿਆਂ ਦਾ ਕਾਰਨ ਭਾਵੇਂ ਅਕਸਰ ਮਾੜੀ ਸਿਖਲਾਈ ਅਤੇ ਬਹੁਤ ਜ਼ਿਆਦਾ ਖਿੱਚੇ ਗਏ ਏਅਰਫ੍ਰੇਮ ਸਨ, ਪਰ ਖ਼ਤਰੇ ਬਰਦਾਸ਼ਤ ਤੋਂ ਬਾਹਰ ਹੋ ਗਏ ਸਨ। ਇਹ ਸਵਦੇਸ਼ੀ ਵਿਕਾਸ ਵਿੱਚ ਲੋੜੀਂਦੇ ਨਿਵੇਸ਼ ਤੋਂ ਬਿਨਾਂ ਦਰਾਮਦ ਕੀਤੇ ਗਏ ਪਲੇਟਫਾਰਮਾਂ ਉਤੇ ਬਹੁਤ ਜ਼ਿਆਦਾ ਨਿਰਭਰਤਾ ਦਾ ਨਤੀਜਾ ਸੀ।
ਵਿਦਾਇਗੀ ਸਮਾਰੋਹ ਨੇ ਲਗਾਤਾਰਤਾ ਅਤੇ ਤਬਦੀਲੀ, ਦੋਵਾਂ ਨੂੰ ਉਜਾਗਰ ਕੀਤਾ। ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਆਖ਼ਿਰੀ ਉਡਾਣ ਭਰੀ, ਜਿਸ ਵਿੱਚ ਸਕੁਐਡਰਨ ਲੀਡਰ ਪ੍ਰਿਆ ਸ਼ਰਮਾ ਵੀ ਸ਼ਾਮਲ ਸਨ, ਜੋ ਭਾਰਤੀ ਹਵਾਈ ਸੈਨਾ ਦੀਆਂ ਪੀੜ੍ਹੀ-ਦਰ-ਪੀੜ੍ਹੀ ਅਤੇ ਲਿੰਗਕ ਤਬਦੀਲੀਆਂ ਨੂੰ ਦਰਸਾਉਂਦਾ ਹੈ। ਤੇਜਸ ਜਹਾਜ਼ਾਂ ਅਤੇ ਜੈਗੁਆਰਾਂ ਦੀ ਫਾਰਮੇਸ਼ਨ ਫਲਾਈਪਾਸ ਯਾਦ ਦਿਵਾਉਂਦੀ ਸੀ ਕਿ ਪ੍ਰਤੀਕਵਾਦ ਨੂੰ ਤੇਜ਼ੀ ਨਾਲ ਕਾਰਜਸ਼ੀਲ ਤਿਆਰੀ ਵਿੱਚ ਬਦਲਣਾ ਚਾਹੀਦਾ ਹੈ।
ਮਿਗ ਦੀ ਯਾਤਰਾ ਤੋਂ ਸਬਕ ਸਪੱਸ਼ਟ ਹੈ: ਭਾਰਤ ਨੂੰ ਆਧੁਨਿਕੀਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਅਗਲੇ ਦਹਾਕਿਆਂ ਵਿੱਚ ਭਾਰਤ ਦੀ ਸੁਰੱਖਿਆ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਉਹ ਕਿੰਨੀ ਜਲਦੀ ਆਪਣੇ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰ ਕੇ ਇਨ੍ਹਾਂ ਨੂੰ ਤਾਇਨਾਤ ਕਰ ਸਕਦਾ ਹੈ, ਤੇ ਸੰਭਾਲ ਸਕਦਾ ਹੈ। 624 ਅਰਬ ਰੁਪਏ ਦੇ ਤੇਜਸ ਐੱਮ ਕੇ-1ਏ ਦਾ ਆਰਡਰ ਅੱਗੇ ਵਧਾਇਆ ਕਦਮ ਹੈ, ਪਰ ਮਿਗ ਦੁਆਰਾ ਛੱਡਿਆ ਗਿਆ ਪਾੜਾ ਭਰਨਾ ਆਸਾਨ ਨਹੀਂ ਹੈ। ਤੇਜਸ ਐੱਮ ਕੇ-2 ਭਾਵੇਂ ਏ ਐੱਮ ਸੀ ਏ ਅਤੇ ਟੀ ਈ ਡੀ ਬੀ ਐੱਫ ਪ੍ਰਾਜੈਕਟਾਂ ਵਿੱਚ ਉਮੀਦ ਹੈ ਪਰ ਦੇਰੀ, ਸਪਲਾਈ ਦੇ ਮੁੱਦੇ ਅਤੇ ਤਕਨੀਕੀ ਨਿਰਭਰਤਾ ਮੁੱਖ ਖ਼ਤਰੇ ਬਣੇ ਹੋਏ ਹਨ, ਜੋ ਰਣਨੀਤਕ ਤੌਰ ’ਤੇ ਤਸੱਲੀਬਖਸ਼ ਨਹੀਂ। ਗੁਆਂਢੀਆਂ ਵੱਲੋਂ ਹਮਲਾਵਰ ਢੰਗ ਨਾਲ ਕੀਤੇ ਆਧੁਨਿਕੀਕਰਨ ਦੇ ਨਾਲ, ਸਾਡੀ ਹਵਾਈ ਸ਼ਕਤੀ ਪ੍ਰਤੀਕਿਰਿਆਸ਼ੀਲ ਹੋਣ ਦਾ ਜੋਖ਼ਿਮ ਨਹੀਂ ਲੈ ਸਕਦੀ। ਜਿਵੇਂ ਕਈ ਸਰਹੱਦਾਂ ’ਤੇ ਭੂ-ਰਾਜਨੀਤਕ ਦਬਾਅ ਵਧੇ ਹਨ, ਸ਼ਕਤੀਸ਼ਾਲੀ ਹਵਾਈ ਸੈਨਾ ਦਾ ਹੋਣਾ ਕੋਈ ਠਾਠ ਨਹੀਂ, ਬਲਕਿ ਜ਼ਰੂਰਤ ਬਣ ਗਈ ਹੈ।