ਜੰਗ ’ਚ ਫ਼ੌਜੀ ਕਾਮਯਾਬੀ ਦੇ ਬਦਲਦੇ ਮਾਅਨੇ
ਸੀਮਤ ਜੰਗ ਜਿੱਤ ਦੇ ਹਿਸਾਬ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੰਦੀ ਹੈ। ਸੀਮਤ ਜੰਗਾਂ ਸੰਪੂਰਨ ਜਿੱਤ ਤੋਂ ਘੱਟ ਉਦੇਸ਼ਾਂ ਦੀ ਪ੍ਰਾਪਤੀ- ਖੇਤਰੀ ਤਬਦੀਲੀਆਂ ਜਾਂ ਰਣਨੀਤਕ ਫ਼ਾਇਦਿਆਂ ਲਈ ਲੜੀਆਂ ਜਾਂਦੀਆਂ ਹਨ ਜਿਨ੍ਹਾਂ ’ਚ ਲਡ਼ਾਈ ਵਿੱਚ ਵਾਧੇ ਤੋਂ ਬਚਣ ਲਈ ਸੀਮਤ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਮਰੀਕਾ ਨੇ ਵੀਅਤਨਾਮ ’ਚ ਦੁਖਦਾਈ ਸਬਕ ਸਿੱਖਿਆ, ਜਿੱਥੇ ਹਰ ਵੱਡੀ ਲੜਾਈ ਜਿੱਤਣਾ ਵੀ ਜੰਗ ਦੇ ਅੰਤਿਮ ਨਤੀਜਿਆਂ ਲਈ ‘ਪ੍ਰਸੰਗਿਕ’ ਸਾਬਿਤ ਨਹੀਂ ਹੋਇਆ।
ਆਧੁਨਿਕ ਜੰਗਾਂ ਦੇ ਬਦਲਦੇ ਰੂਪਾਂ ਦਰਮਿਆਨ, ਫ਼ੌਜੀ ਸਫ਼ਲਤਾ ਦੀ ਵਿਆਖਿਆ ਆਪਣੇ ਆਪ ’ਚ ਗੁੰਝਲਦਾਰ, ਟੁੱਟਵੀਂ ਤੇ ਪਹਿਲਾਂ ਨਾਲੋਂ ਕਿਤੇ ਵੱਧ ਵਿਵਾਦਤ ਹੋ ਗਈ ਹੈ। ਜੰਗੀ ਮੈਦਾਨ ਦੀ ਸ੍ਰੇਸ਼ਠਤਾ ਤੇ ਸਿਆਸੀ ਹੱਲ ਵਿਚਕਾਰ ਰਵਾਇਤੀ ਸਬੰਧ ਟੁੱਟ ਚੁੱਕਾ ਹੈ ਤੇ ਇੱਕ ਬਹੁਤ ਗੁੰਝਲਦਾਰ ਹਕੀਕਤ ਨੇ ਇਸ ਦੀ ਥਾਂ ਲੈ ਲਈ ਹੈ। ਗਾਜ਼ਾ ਦੇ ਖੰਡਰਾਂ ਤੋਂ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਵਾਦਤ ਕੰਟਰੋਲ ਰੇਖਾ ਤੱਕ ਹਾਲ ਹੀ ਦੇ ਭੇੜਾਂ ਨੇ ਇੱਕ ਬੁਨਿਆਦੀ ਸੱਚਾਈ ਨੂੰ ਉਜਾਗਰ ਕੀਤਾ ਹੈ, ਜਿਸ ਨੂੰ ਰੌਬਰਟ ਮੈਂਡੇਲ ਵਰਗੇ ਵਿਦਵਾਨ ਨੇ ਆਪਣੇ ਮਹੱਤਵਪੂਰਨ ਕਾਰਜ ‘ਦਿ ਮੀਨਿੰਗ ਆਫ ਮਿਲਟਰੀ ਵਿਕਟਰੀ’ ਵਿੱਚ ਬਿਆਨ ਕੀਤਾ ਹੈ: ਜੰਗੀ ਮੈਦਾਨ ’ਚ ਫ਼ੌਜੀ ਸਫ਼ਲਤਾ ਹੁਣ ਵਿਆਪਕ ਰਾਜਨੀਤਕ ਅਰਥਾਂ ’ਚ ਰਣਨੀਤਕ ਜਿੱਤ ਦੀ ਗਾਰੰਟੀ ਨਹੀਂ ਦਿੰਦੀ। ਇਹ ਤਬਦੀਲੀ ਇੱਕ ਅਜਿਹੇ ਯੁੱਗ ਵਿੱਚ ਜਿੱਤ ਦੇ ਅਰਥਾਂ ਦਾ ਵਿਆਪਕ ਪੁਨਰ-ਮੁਲਾਂਕਣ ਮੰਗਦੀ ਹੈ, ਜਿਸ ’ਚ ਸੀਮਤ ਜੰਗਾਂ, ਅਨੋਖੇ ਸੰਘਰਸ਼ਾਂ ਅਤੇ ਗ਼ੈਰ-ਸਰਕਾਰੀ ‘ਖਿਡਾਰੀਆਂ’ ਦਾ ਬੋਲਬਾਲਾ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਹਮਾਸ ’ਤੇ ਇੰਨੇ ਭਰੋਸੇ ਨਾਲ ਐਲਾਨੀ ਗਈ ਆਪਣੀ ਮੁਕੰਮਲ ਜਿੱਤ ਇਸ ਵਿਰੋਧਾਭਾਸ ਦੀ ਮਿਸਾਲ ਹੈ। ਅਕਤੂਬਰ 2023 ਤੋਂ ਨੇਤਨਯਾਹੂ ਕਈ ਵਾਰ ਕਹਿ ਚੁੱਕੇ ਹਨ ਕਿ ਇਜ਼ਰਾਈਲ ‘ਸੰਪੂਰਨ ਜਿੱਤ ਦੇ ਰਾਹ ਉੱਤੇ’ ਹੈ ਅਤੇ ਹਮਾਸ ਦਾ ਵਿਨਾਸ਼ ‘ਸਿਰਫ਼ ਕੁਝ ਮਹੀਨਿਆਂ ਦੀ ਗੱਲ’ ਹੈ। ਫਿਰ ਵੀ, ਜੰਗ ਨੂੰ ਲਗਭਗ ਦੋ ਸਾਲ ਹੋ ਚੱਲੇ ਹਨ ਤੇ ਹਮਾਸ ਜੰਗੀ ਪੱਖ ਤੋਂ ਪੂਰਾ ਸਮਰੱਥ ਦਿਸ ਰਿਹਾ ਹੈ, ਜਿਸ ਨੇ ਸਫ਼ਲਤਾਪੂਰਵਕ ਜੰਗਬੰਦੀ ਦੀ ਗੱਲਬਾਤ ਵਿੱਚ ਹਿੱਸਾ ਲਿਆ ਹੈ। ਇਸ ਸੰਗਠਨ ਨੇ ਕਮਾਲ ਦੀ ਲਚਕ ਦਾ ਪ੍ਰਦਰਸ਼ਨ ਕੀਤਾ ਹੈ, ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਦੇ 25,000 ਲੜਾਕਿਆਂ ਵਿੱਚੋਂ ਬਹੁ-ਗਿਣਤੀ ਅਜੇ ਵੀ ਜਿਊਂਦੇ ਹਨ ਤੇ ਲੁਕ ਕੇ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਗਾਜ਼ਾ ਵਿੱਚ ਅਤਿ ਦੀ ਤਬਾਹੀ, ਜਿਸ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਹੈ ਕਿ 80 ਫ਼ੀਸਦੀ ਰਿਹਾਇਸ਼ੀ ਮਕਾਨ ਅਤੇ ਪਾਣੀ ਦਾ 89 ਫ਼ੀਸਦੀ ਬੁਨਿਆਦੀ ਢਾਂਚਾ ਨੁਕਸਾਨਿਆ ਗਿਆ ਹੈ, ਦੇ ਬਾਵਜੂਦ ਇਜ਼ਰਾਈਲ ਫ਼ੌਜੀ ਅਤੇ ਰਾਜਨੀਤਕ ਸ਼ਕਤੀ ਵਜੋਂ ਹਮਾਸ ਨੂੰ ਖ਼ਤਮ ਕਰਨ ਦੇ ਆਪਣੇ ਮੰਤਵ ਦੀ ਪੂਰਤੀ ਵਿੱਚ ਅਸਫ਼ਲ ਰਿਹਾ ਹੈ। ਇਜ਼ਰਾਈਲ ਵੱਲੋਂ ਪਹਿਲਾਂ ਰਾਫਾ ਨੂੰ ‘ਹਮਾਸ ਦਾ ਆਖ਼ਰੀ ਗੜ੍ਹ’ ਤੇ ਫਿਰ ਗਾਜ਼ਾ ਨੂੰ ‘ਆਖ਼ਰੀ ਦੋ ਗੜ੍ਹਾਂ ਵਿੱਚੋਂ ਇੱਕ’ ਦੱਸ ਕੇ ਵਾਰ-ਵਾਰ ਨਿਸ਼ਾਨਾ ਬਦਲਣਾ ਦੱਸਦਾ ਹੈ ਕਿ ਮੁਕੰਮਲ ਜਿੱਤ ਦੀ ਤਲਾਸ਼ ਕਿਵੇਂ ਅੰਤਹੀਣ ਮੁਹਿੰਮ ਵਿੱਚ ਬਦਲ ਗਈ ਹੈ ਜਿਸ ਦਾ ਕੋਈ ਸਪੱਸ਼ਟ ਉਦੇਸ਼ ਹੀ ਨਹੀਂ ਹੈ।
ਇਜ਼ਰਾਈਲ ਨਾਲ ਜੁੜਿਆ ਇਹ ਤਜਰਬਾ ਇੱਕ ਵਿਆਪਕ ਖਾਕੇ ਨੂੰ ਦਰਸਾਉਂਦਾ ਹੈ ਜਿਸ ਦੀ ਸ਼ਨਾਖਤ ਮੈਂਡੇਲ ਵੱਲੋਂ ਕੀਤੀ ਗਈ ਹੈ, ਜੋ ਕਿ ਫ਼ੌਜੀ ਅਤੇ ਰਣਨੀਤਕ ਜਿੱਤ ਵਿਚਕਾਰ ਤਿੱਖਾ ਫ਼ਰਕ ਕਰਦਾ ਹੈ। ਉਸ ਦੇ ਖਾਕੇ ਅਨੁਸਾਰ, ਫ਼ੌਜੀ ਕਾਮਯਾਬੀ ’ਚ ਸ਼ਾਮਲ ਹੈ- ਵਿਰੋਧੀਆਂ ਨੂੰ ਲੜਾਈ ਵਿੱਚ ਮਾਤ ਦੇਣਾ ਤੇ ਕਾਰਵਾਈ ਜਾਰੀ ਰੱਖਣ ਦੀ ਦੁਸ਼ਮਣ ਦੀ ਸਮਰੱਥਾ ਨੂੰ ਘਟਾਉਣਾ- ਇਹ ਹੈ ਇੱਕ ਸੰਪੂਰਨ ਰਣਨੀਤਕ ਉਪਲਬਧੀ। ਹਾਲਾਂਕਿ, ਇੱਕ ਰਣਨੀਤਕ ਜਿੱਤ ਲਈ ਹਾਰੇ ਹੋਏ ਰਾਸ਼ਟਰ ’ਤੇ ਸਥਾਈ ਪਕੜ ਬਣਾਉਣ, ਇਸ ਦੀਆਂ ਰਾਜਨੀਤਕ ਅਤੇ ਆਰਥਿਕ ਪ੍ਰਣਾਲੀਆਂ ਨੂੰ ਬਦਲਣ ਤੇ ਆਲਮੀ ਵਾਤਾਵਰਨ ਦੇ ਦਾਇਰੇ ’ਚ ਜਾਇਜ਼ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ। ਇਨ੍ਹਾਂ ਮਾਪਦੰਡਾਂ ਅਨੁਸਾਰ, ਇਜ਼ਰਾਈਲ ਦੀ ਗਾਜ਼ਾ ਮੁਹਿੰਮ ਜ਼ਬਰਦਸਤ ਫ਼ੌਜੀ ਦਬਦਬੇ ਅਤੇ ਯੋਜਨਾਬੱਧ ਸਫ਼ਲਤਾ ਦੇ ਬਾਵਜੂਦ ਰਣਨੀਤਕ ਜਿੱਤ ਹਾਸਲ ਕਰਨ ’ਚ ਅਸਫ਼ਲ ਰਹੀ ਹੈ। ਮਨੁੱਖੀ ਤਬਾਹੀ, ਜਿਸ ਵਿੱਚ 47,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਅਤੇ ਬੁਨਿਆਦੀ ਢਾਂਚੇ ਦਾ ਯੋਜਨਾਬੱਧ ਵਿਨਾਸ਼ ਹੋਇਆ ਹੈ, ਨੇ ਇਜ਼ਰਾਈਲ ਨੂੰ ਕੂਟਨੀਤਕ ਤੌਰ ’ਤੇ ਅਲੱਗ-ਥਲੱਗ ਕਰ ਦਿੱਤਾ ਹੈ, ਜਦੋਂਕਿ ਫਲਸਤੀਨੀਆਂ ਤੇ ਸਮੁੱਚੇ ਮੁਸਲਿਮ ਜਗਤ ਵਿੱਚ ਹਮਾਸ ਦੇ ਰਾਜਨੀਤਕ ਬਿਰਤਾਂਤ ਨੂੰ ਮਜ਼ਬੂਤ ਕੀਤਾ ਹੈ।
ਮਈ 2025 ਦਾ ਭਾਰਤ-ਪਾਕਿਸਤਾਨ ਟਕਰਾਅ ਇੱਕ ਹੋਰ ਸਿੱਖਿਆਦਾਇਕ ਉਦਾਹਰਨ ਹੈ ਕਿ ਕਿਸ ਤਰ੍ਹਾਂ ਦੋਵੇਂ ਧਿਰਾਂ ਤੰਗ ਮੰਤਵਾਂ ਵਾਲੀਆਂ ਸੀਮਤ ਜੰਗਾਂ ਵਿੱਚ ਜਿੱਤ ਦਾ ਦਾਅਵਾ ਕਰ ਸਕਦੀਆਂ ਹਨ। ਪਹਿਲਗਾਮ ਦਹਿਸ਼ਤੀ ਹਮਲੇ ਵਿੱਚ 26 ਨਾਗਰਿਕਾਂ ਦੀ ਮੌਤ ਤੋਂ ਬਾਅਦ ਭਾਰਤ ਨੇ 7 ਮਈ ਨੂੰ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ, ਜਿਸ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਨੌਂ ਥਾਵਾਂ ’ਤੇ ਹਵਾਈ ਹਮਲੇ ਕੀਤੇ ਗਏ। ਪਾਕਿਸਤਾਨ ਨੇ ਜਵਾਬੀ ਕਾਰਵਾਈ ਵਿੱਚ ਭਾਰਤੀ ਫ਼ੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਚਾਰ ਦਿਨਾਂ ਦੀ ਤਿੱਖੀ ਝੜਪ ਤੋਂ ਬਾਅਦ, ਦੋਵਾਂ ਦੇਸ਼ਾਂ ਨੇ 10 ਮਈ ਨੂੰ ਜੰਗਬੰਦੀ ਦਾ ਐਲਾਨ ਕਰ ਦਿੱਤਾ। ਭਾਰਤ ਨੇ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਸਫ਼ਲਤਾ ਨਾਲ ਆਪਣੇ ਇਰਾਦੇ ਜ਼ਾਹਿਰ ਕਰਨ ਦਾ ਦਾਅਵਾ ਕੀਤਾ, ਜਦੋਂਕਿ ਪਾਕਿਸਤਾਨ ਨੇ ਆਪਣੀ ਖ਼ੁਦਮੁਖ਼ਤਾਰੀ ਦੀ ਰਾਖੀ ਕਰਨ ਅਤੇ ਕਈ ਭਾਰਤੀ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ। ਦੋਵਾਂ ਧਿਰਾਂ ਨੇ ਆਪੋ-ਆਪਣੇ ਨਾਗਰਿਕਾਂ ਲਈ ਟਕਰਾਅ ਦੇ ਸਿੱਟਿਆਂ ਨੂੰ ਇੱਕ ਜਿੱਤ ਵਜੋਂ ਪੇਸ਼ ਕੀਤਾ, ਭਾਵੇਂ ਸੰਘਰਸ਼ ਲਾਜ਼ਮੀ ਤੌਰ ’ਤੇ ਇੱਕ ਜਮੂਦ ਵਿੱਚ ਖ਼ਤਮ ਹੋ ਗਿਆ। ਦੋਵਾਂ ਵੱਲੋਂ ਜਿੱਤ ਦਾ ਇਹ ਐਲਾਨ, ਭਾਵੇਂ ਆਪਸ ’ਚ ਵਿਰੋਧੀ ਲੱਗਦਾ ਹੈ, ਪਰ ਸੀਮਤ ਜੰਗ ਦੀ ਇੱਕ ਬੁਨਿਆਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ: ਜਦੋਂ ਰਾਜਨੀਤਕ ਉਦੇਸ਼ ਸੀਮਤ ਹੁੰਦੇ ਹਨ ਅਤੇ ਕੋਈ ਵੀ ਧਿਰ ਦੂਜੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਕੋਸ਼ਿਸ਼ ਨਹੀਂ ਕਰਦੀ ਤਾਂ ਸੰਭਾਵੀ ਤੌਰ ’ਤੇ ਅਸਪੱਸ਼ਟ ਨਤੀਜੇ ਹੀ ਨਿਕਲਣੇ ਹੁੰਦੇ ਹਨ, ਬਲਕਿ ਉਮੀਦ ਵੀ ਅਜਿਹੇ ਨਤੀਜਿਆਂ ਦੀ ਹੀ ਹੁੰਦੀ ਹੈ।
ਇੱਕ ਦਹਾਕੇ ਤੋਂ ਯਮਨ ’ਚ ਹੂਤੀਆਂ ਖਿਲਾਫ਼ ਸਾਊਦੀ ਅਰਬ ਦੀ ਫ਼ੌਜੀ ਕਾਰਵਾਈ ਵਰਗਾ ਸ਼ਾਇਦ ਹੀ ਕੋਈ ਹੋਰ ਸਮਕਾਲੀ ਸੰਘਰਸ਼ ਹੈ ਜਿਹੜਾ ਜਿੱਤ ਦੇ ਬਦਲੇ ਹੋਏ ਅਰਥਾਂ ਨੂੰ ਇੰਨੇ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੋਵੇ। ਜਦੋਂ ਸਾਊਦੀ ਅਰਬ ਨੇ 26 ਮਾਰਚ 2015 ਨੂੰ ‘ਅਪਰੇਸ਼ਨ ਡਿਸਾਈਸਿਵ ਸਟੌਰਮ’ ਸ਼ੁਰੂ ਕੀਤਾ ਸੀ ਤਾਂ ਇਸ ਵੱਲੋਂ ਰਾਸ਼ਟਰਪਤੀ ਹਾਦੀ ਦੀ ਸਰਕਾਰ ਨੂੰ ਬਹਾਲ ਕਰਨ, ਸਨਾ ਵਿੱਚ ਹੂਤੀਆਂ ਦੇ ਕਬਜ਼ੇ ਨੂੰ ਖ਼ਤਮ ਕਰਨ ਅਤੇ ਮੁਲਕ ਦੀ ਦੱਖਣੀ ਸਰਹੱਦ ’ਤੇ ਇਰਾਨੀ ਪ੍ਰਭਾਵ ਨੂੰ ਮੁਕਾਉਣ ਲਈ ਛੇ-ਹਫ਼ਤਿਆਂ ਦੀ ਇੱਕ ਤੇਜ਼-ਤਰਾਰ ਮੁਹਿੰਮ ਦਾ ਐਲਾਨ ਕੀਤਾ ਗਿਆ ਸੀ। ਸ਼ੁਰੂ-ਸ਼ੁਰੂ ਵਿੱਚ ਗੱਠਜੋੜ ’ਚ ਦਸ ਤੋਂ ਵੱਧ ਦੇਸ਼ ਸ਼ਾਮਲ ਸਨ ਜਿਨ੍ਹਾਂ ਨੂੰ ਅਮਰੀਕਾ ਅਤੇ ਬਰਤਾਨੀਆ ਤੋਂ ਮਹੱਤਵਪੂਰਨ ਖ਼ੁਫ਼ੀਆ ਜਾਣਕਾਰੀ ਮਿਲ ਰਹੀ ਸੀ, ਇਸ ਨੇ ਹਵਾਈ ਹਮਲਿਆਂ ’ਚ ਪੂਰਾ ਦਬਦਬਾ ਬਣਾਇਆ ਤੇ ਪਹਿਲੇ ਮਹੀਨੇ ਵਿੱਚ ਹੀ 2,400 ਤੋਂ ਵੱਧ ਉਡਾਣਾਂ ਭਰੀਆਂ। ਫ਼ੌਜੀ ਸ਼ਕਤੀ ਦੇ ਹਰ ਰਵਾਇਤੀ ਤਰੀਕੇ- ਤਕਨੀਕ, ਸਰੋਤ, ਕੌਮਾਂਤਰੀ ਸਮਰਥਨ ਅਤੇ ਹਥਿਆਰਾਂ ਨਾਲ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼ਾਂ ਵਿੱਚੋਂ ਇੱਕ ’ਚ ਫੈਲੀ ਕਬਾਇਲੀ ਬਗ਼ਾਵਤ ਉੱਤੇ ਭਾਰੂ ਪੈ ਰਿਹਾ ਸੀ। ਫਿਰ ਵੀ ਦਸ ਸਾਲ ਬਾਅਦ, ਸਾਊਦੀ ਫ਼ੌਜ ਆਪਣੇ ਅਸਲ ਉਦੇਸ਼ਾਂ ’ਚੋਂ ਇੱਕ ਦੀ ਪ੍ਰਾਪਤੀ ਵੀ ਨਹੀਂ ਕਰ ਸਕੀ ਹੈ। ਰਾਸ਼ਟਰਪਤੀ ਹਾਦੀ ਕਦੇ ਵੀ ਸਨਾ ਨਹੀਂ ਪਰਤੇ ਅਤੇ ਜਲਾਵਤਨੀ ਵਿੱਚ ਹਨ, ਹੂਤੀਆਂ ਨੇ ਯਮਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਖੇਤਰਾਂ ਉੱਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਅਤੇ ਇਰਾਨੀ ਰਸੂਖ਼ ਘਟਣ ਦੀ ਬਜਾਏ ਨਾਟਕੀ ਢੰਗ ਨਾਲ ਵਧਿਆ ਹੈ।
ਸੀਮਤ ਜੰਗ ਜਿੱਤ ਦੇ ਹਿਸਾਬ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੰਦੀ ਹੈ। ਸੀਮਤ ਜੰਗਾਂ ਸੰਪੂਰਨ ਜਿੱਤ ਤੋਂ ਘੱਟ ਉਦੇਸ਼ਾਂ ਦੀ ਪ੍ਰਾਪਤੀ- ਖੇਤਰੀ ਤਬਦੀਲੀਆਂ ਜਾਂ ਰਣਨੀਤਕ ਫ਼ਾਇਦਿਆਂ ਲਈ ਲੜੀਆਂ ਜਾਂਦੀਆਂ ਹਨ ਜਿਨ੍ਹਾਂ ’ਚ ਲੜਾਈ ਵਿੱਚ ਵਾਧੇ ਤੋਂ ਬਚਣ ਲਈ ਸੀਮਤ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਸੰਘਰਸ਼ਾਂ ਵਿੱਚ ਜਿੱਤ ਫ਼ੌਜੀ ਮਾਪਦੰਡਾਂ ਦੀ ਬਜਾਏ ‘ਪਰਿਪੇਖ ’ਤੇ ਬਹੁਤ ਜ਼ਿਆਦਾ ਨਿਰਭਰ’ ਹੋ ਜਾਂਦੀ ਹੈ। ਅਮਰੀਕਾ ਨੇ ਵੀਅਤਨਾਮ ’ਚ ਦੁਖਦਾਈ ਸਬਕ ਸਿੱਖਿਆ, ਜਿੱਥੇ ਹਰ ਵੱਡੀ ਲੜਾਈ ਜਿੱਤਣਾ ਵੀ ਜੰਗ ਦੇ ਅੰਤਿਮ ਨਤੀਜਿਆਂ ਲਈ ‘ਪ੍ਰਸੰਗਿਕ’ ਸਾਬਿਤ ਨਹੀਂ ਹੋਇਆ। ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਵੀ ਅਜਿਹਾ ਹੀ ਵਾਪਰਿਆ। ਇਹ ਵਿਸ਼ਲੇਸ਼ਣ ਇੱਕ ਕਠੋਰ ਹਕੀਕਤ ਨੂੰ ਦਰਸਾਉਂਦਾ ਹੈ ਕਿ ਆਧੁਨਿਕ ਯੁੱਧ ਵਿੱਚ ਰਣਨੀਤਕ ਜਿੱਤਾਂ ਬਹੁਤ ਘੱਟ ਮਿਲਦੀਆਂ ਹਨ। ਅਮਰੀਕਾ ਨੇ ਅਲ-ਕਾਇਦਾ ਦੀਆਂ ਜੜ੍ਹਾਂ ਕਮਜ਼ੋਰ ਕੀਤੀਆਂ ਹਨ, ਪਰ ਫਿਰ ਵੀ ਇਸ ਦੀਆਂ ਸ਼ਾਖਾਵਾਂ ਬਰਕਰਾਰ ਹਨ ਅਤੇ ਇਸ ਨੇ ਇਸਲਾਮਿਕ ਸਟੇਟ ਵਰਗੇ ਨਵੇਂ ਗਰੁੱਪਾਂ ਦਾ ਰੂਪ ਧਾਰ ਲਿਆ ਹੈ।
ਭਵਿੱਖ ਦੀਆਂ ਜੰਗਾਂ ਲਈ ਇਸ ਦੇ ਡੂੰਘੇ ਪ੍ਰਭਾਵ ਹਨ। ਇੱਕੀਵੀਂ ਸਦੀ ਵਿੱਚ ਜਿੱਤਣ ਲਈ ਜੰਗੀ ਉਦੇਸ਼ਾਂ ਦੇ ਚੌਕਸ ਸੂਤਰੀਕਰਨ, ਫ਼ੌਜਾਂ ਦੀ ਸਹੀ ਚੋਣ, ਟਕਰਾਅ ’ਚੋਂ ਨਿਕਲਣ ਦੀਆਂ ਭਰੋਸੇਯੋਗ ਨੀਤੀਆਂ ਅਤੇ ‘ਰਣਨੀਤਕ ਜਿੱਤ ਦੀ ਅਸਪੱਸ਼ਟਤਾ’ ਨੂੰ ਪਛਾਣਨ ਦੀ ਲੋੜ ਪਏਗੀ। ਜਦੋਂ
ਤੱਕ ਰਾਜਨੀਤਕ ਅਤੇ ਫ਼ੌਜੀ ਅਗਵਾਈ ਇਸ ਹਕੀਕਤ ਨੂੰ ਨਹੀਂ ਪਛਾਣਦੀ ਤੇ ਉਸ ਅਨੁਸਾਰ ਆਪਣੇ ਮਕਸਦ ਤੈਅ ਨਹੀਂ ਕਰਦੀ, ਪ੍ਰਤੱਖ ਜੇਤੂਆਂ ਤੋਂ ਬਿਨਾਂ ਜੰਗਾਂ ਦੇ ਇਹ ਵਰਤਾਰੇ ਇੱਕੀਵੀਂ ਸਦੀ ਦੇ ਸੁਰੱਖਿਆ ਦੇ ਭੂ-ਦ੍ਰਿਸ਼ਾਂ ਨੂੰ ਪਰਿਭਾਸ਼ਿਤ ਕਰਦੇ ਰਹਿਣਗੇ, ਖ਼ੂਨ-ਖਰਾਬੇ ਤੇ ਸਾਧਨਾਂ ਦੀ ਖ਼ਪਤ ਦੇ ਨਾਲ ਅਜਿਹੇ ਹਾਲਾਤ ਪੈਦਾ ਹੋਣਗੇ ਜੋ ਨਾ ਤਾਂ ਕਿਸੇ ਨੂੰ ਸੰਤੁਸ਼ਟ ਕਰ ਸਕਣਗੇ ਤੇ ਨਾ ਹੀ ਕਿਸੇ ਚੀਜ਼ ਦਾ ਹੱਲ ਕੱਢ ਸਕਣਗੇ।
* ਲੇਖਕ ਥਲ ਸੈਨਾ ਦੇ ਉਪ ਮੁਖੀ ਰਹਿ ਚੁੱਕੇ ਹਨ।

