ਚਿੱਪ ਖੇਤਰ ’ਚ ਤਕਨੀਕੀ ਪ੍ਰਾਪਤੀ
ਸਖ਼ਤ ਮੁਕਾਬਲੇ ਵਾਲੇ ਚਿੱਪ ਖੇਤਰ ’ਚ ਭਾਰਤ ਲਈ ਖ਼ੁਸ਼ਖਬਰੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਸੈਮੀਕੰਡਕਟਰ ਲੈਬਾਰਟਰੀ ਨੇ ਦੇਸ਼ ਦਾ ਪਹਿਲਾ ਪੂਰੀ ਤਰ੍ਹਾਂ ਸਵਦੇਸ਼ੀ 32-ਬਿੱਟ ਦਾ ਮਾਈਕ੍ਰੋਪ੍ਰਾਸੈਸਰ ਬਣਾ ਲਿਆ ਹੈ। ਪਹਿਲੀ ‘ਮੇਡ ਇਨ ਇੰਡੀਆ’ ਚਿੱਪ ਸਾਨੰਦ (ਗੁਜਰਾਤ) ਦੀ ਪਾਇਲਟ ਯੂਨਿਟ ਤੋਂ ਬਾਹਰ ਆਉਣ ਲਈ ਤਿਆਰ ਹੈ, ਜਦੋਂਕਿ ਕੁੱਲ 18 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼ ਵਾਲੇ 10 ਸੈਮੀਕੰਡਕਟਰ ਪ੍ਰਾਜੈਕਟ ਦੇਸ਼ ਵਿੱਚ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਪੰਜਾਬ ਦੇ ਮੁਹਾਲੀ ’ਚ ਵੀ ਹੈ। ਭਾਰਤ ਇਸ ਖੇਤਰ ਵਿੱਚ ਵੱਡਾ ਕੌਮਾਂਤਰੀ ਖਿਡਾਰੀ ਬਣਨ ਦੀ ਇੱਛਾ ਰੱਖਦਾ ਹੈ, ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਮੀਦ ਹੈ ਕਿ “ਉਹ ਦਿਨ ਦੂਰ ਨਹੀਂ, ਜਦੋਂ ਭਾਰਤ ਦੀ ਸਭ ਤੋਂ ਛੋਟੀ ਚਿੱਪ ਦੁਨੀਆ ਦੇ ਸਭ ਤੋਂ ਵੱਡੇ ਬਦਲਾਅ ਨੂੰ ਰਫ਼ਤਾਰ ਦੇਵੇਗੀ।” ਪੂਰੀ ਦੁਨੀਆ ਵਿੱਚ ਸੈਮੀਕੰਡਕਟਰ ਖੇਤਰ ’ਤੇ ਮੋਹਰੀ ਬਣਨ ਦੀ ਦੌੜ ਲੱਗੀ ਹੋਈ ਹੈ, ਜਿਸ ਦਾ ਇਸਤੇਮਾਲ ਪੁਲਾੜ ਖੋਜ ਤੋਂ ਲੈ ਕੇ ਰੱਖਿਆ ਖੇਤਰ ਅਤੇ ਸੂਚਨਾ ਤਕਨੀਕ ’ਚ ਹੋ ਰਿਹਾ ਹੈ। ਕੋਈ ਵੀ ਖੇਤਰ ਅਜਿਹਾ ਨਹੀਂ ਜਿੱਥੇ ਚਿੱਪ ਦੀ ਵਰਤੋਂ ਨਾ ਹੋ ਰਹੀ ਹੋਵੇ।
ਅੱਗੇ ਵਧਣਾ ਸੌਖਾ ਨਹੀਂ ਹੋਵੇਗਾ। ਆਲਮੀ ਸੈਮੀਕੰਡਕਟਰ ਉਦਯੋਗ 600 ਅਰਬ ਡਾਲਰ ਤੋਂ ਵੱਧ ਦਾ ਹੈ, ਜਿਸ ’ਚ ਭਾਰਤ ਦਾ ਹਿੱਸਾ ਸਿਰਫ਼ 45-50 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਇਸ ਖੇਤਰ ਵਿੱਚ ਤਾਇਵਾਨ, ਦੱਖਣੀ ਕੋਰੀਆ, ਜਪਾਨ, ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਦਾ ਬੋਲਬਾਲਾ ਹੈ। ਇਕੱਲਾ ਤਾਇਵਾਨ ਦੁਨੀਆ ਦੇ 60 ਪ੍ਰਤੀਸ਼ਤ ਤੋਂ ਵੱਧ ਸੈਮੀਕੰਡਕਟਰਾਂ ਦਾ ਉਤਪਾਦਨ ਕਰਦਾ ਹੈ, ਜਿਸ ਵਿੱਚ ਲਗਭਗ 90 ਪ੍ਰਤੀਸ਼ਤ ਸਭ ਤੋਂ ਉੱਨਤ ਸੈਮੀਕੰਡਕਟਰ ਸ਼ਾਮਿਲ ਹਨ। ਕੋਵਿਡ-19 ਤੋਂ ਬਾਅਦ ਦੇ ਸਾਲਾਂ ਵਿੱਚ ਦੂਜੀ ਥਾਂ ਲਈ ਦੌੜ ਤੇਜ਼ ਹੋ ਗਈ ਹੈ। ਚਿੱਪ ਉਤਪਾਦਨ ਦਾ ਵੱਡਾ ਕੇਂਦਰ ਬਣਨ ਲਈ ਭਾਰਤ ਨੂੰ ਲਗਾਤਾਰ ਨਿਵੇਸ਼, ਖੋਜ ਤੇ ਵਿਕਾਸ ਅਤੇ ਨਿਰਮਾਣ ਦੀ ਲੋੜ ਪਵੇਗੀ।
ਜਪਾਨ, ਜਿਸ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਕੀਤੀ ਸੀ, ਕੌਮਾਂਤਰੀ ਸੈਮੀਕੰਡਕਟਰ ਡਿਜ਼ਾਈਨ ਖੇਤਰ ਵਿੱਚ ਭਾਰਤ ਦੇ ਕੱਦ ਨੂੰ ਉੱਚਾ ਚੁੱਕਣ ’ਚ ਮੁੱਖ ਭੂਮਿਕਾ ਨਿਭਾ ਸਕਦਾ ਹੈ। ਇਹ ਦਿਲਚਸਪ ਹੈ ਕਿ ਭਾਰਤ ’ਚ ਚਿੱਪ ਨਾਲ ਸਬੰਧਿਤ ਪ੍ਰਾਜੈਕਟਾਂ ਵਿੱਚ ਜਪਾਨੀ ਨਿਵੇਸ਼ ਵਧ ਰਿਹਾ ਹੈ। ਕਾਰੋਬਾਰੀ ਸੌਖ ਨੂੰ ਬਿਹਤਰ ਕਰਨਾ ਸਮੇਂ ਦੀ ਲੋੜ ਹੈ। ਭਾਰਤ ਸਾਹਮਣੇ ਇੱਕ ਹੋਰ ਚੁਣੌਤੀ ਚੀਨ ਤੋਂ ਸੈਮੀਕੰਡਕਟਰ ਦਰਾਮਦ ਕਰਨ ਉੱਤੇ ਆਪਣੀ ਵੱਡੀ ਨਿਰਭਰਤਾ ਨੂੰ ਘਟਾਉਣਾ ਅਤੇ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਹੈ। ਦਿੱਲੀ ਨਾਲ ਵਪਾਰਕ ਰਿਸ਼ਤਿਆਂ ਦੇ ਵਿਸਤਾਰ ਦੀ ਪੇਈਚਿੰਗ ਦੀ ਤਾਂਘ ਦੇ ਮੱਦੇਨਜ਼ਰ ਇਹ ਆਸਾਨ ਨਹੀਂ ਹੋਵੇਗਾ। ਸੈਮੀਕੰਡਕਟਰ ਖੇਤਰ ’ਚ ਲੰਮੀ ਛਾਲ ਮਾਰਨ ਲਈ ਭਾਰਤ ਨੂੰ ਆਪਣੇ ਕੋਲ ਪਿਆ ਖ਼ਜ਼ਾਨਾ ਖਰਚਣਾ ਪਏਗਾ। ਯਾਦ ਰਹੇ ਕਿ ਦੁਨੀਆ ਦੇ ਲਗਭਗ 20 ਪ੍ਰਤੀਸ਼ਤ ਚਿੱਪ ਡਿਜ਼ਾਈਨ ਇੰਜਨੀਅਰ ਇਸੇ ਦੇਸ਼ ’ਚ ਹਨ।