ਸੁਰੱਖਿਆ ਲਈ ਠਹਿਰਾਅ
ਏਅਰ ਇੰਡੀਆ ਵਲੋਂ ਬਹੁਤ ਸਾਰੀਆਂ ਘਰੋਗੀ ਅਤੇ ਕੌਮਾਂਤਰੀ ਉਡਾਣਾਂ ਰੱਦ ਕਰਨ ਦੇ ਹਾਲੀਆ ਫ਼ੈਸਲੇ ਬਾਰੇ ਸਮਝਿਆ ਜਾ ਸਕਦਾ ਹੈ ਕਿ ਇਸ ਕਰ ਕੇ ਬਹੁਤ ਸਾਰੇ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਆਈ ਹੋਵੇਗੀ। ਇਕ ਹਫ਼ਤੇ ਵਿਚ 38 ਕੌਮਾਂਤਰੀ ਉਡਾਣਾਂ ਮੁਲਤਵੀ ਕਰਨ ਅਤੇ ਕੁਝ ਰੂਟਾਂ ’ਤੇ ਸੇਵਾਵਾਂ ਘਟਾਉਣ ਦਾ ਫ਼ੈਸਲਾ ਇਕ ਝਟਕੇ ਦੀ ਤਰ੍ਹਾਂ ਲੱਗ ਸਕਦਾ ਹੈ ਪਰ ਜੇ ਇਸ ਨੂੰ ਦੀਰਘਕਾਲੀ ਅਪਰੇਸ਼ਨਲ ਸਥਿਰਤਾ ਅਤੇ ਸੁਰੱਖਿਆ ਦੇ ਭਰੋਸੇ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਇਹ ਅਤਿ ਲੋੜੀਂਦੀ ਨਿਰਖ-ਪਰਖ ਦੀ ਕੜੀ ਦਾ ਹਿੱਸਾ ਹੈ। ਇਸ ਤਰ੍ਹਾਂ ਦੀ ਚਾਰਾਜੋਈ ਲਈ ਸਮਝ- ਬੂਝ ਦਰਕਾਰ ਹੈ ਨਾ ਕਿ ਨਿਰਾਸ਼ਾ। ਹਾਲ ਹੀ ਵਿਚ ਹੋਏ ਏਅਰ ਇੰਡੀਆ ਡਰੀਮਲਾਈਨਰ ਹਾਦਸੇ, ਜਿਸ ਕਰ ਕੇ ਦੁਨੀਆ ਭਰ ਵਿਚ ਹਵਾਬਾਜ਼ੀ ਸਨਅਤ ਵਿਚ ਤਰਥੱਲੀ ਮੱਚ ਗਈ ਹੈ, ਦੇ ਮੱਦੇਨਜ਼ਰ ਉਡਾਣਾਂ ਮੁਲਤਵੀ ਕਰਨ ਦੀਆਂ ਇਹ ਕਾਰਵਾਈਆਂ ਵਧੀ ਹੋਈ ਜਾਂਚ ਪਰਖ, ਉਲਟ ਮੌਸਮੀ ਹਾਲਤਾਂ ਅਤੇ ਵਧੇ ਹੋਏ ਮੇਨਟੀਨੈਂਸ ਪ੍ਰੋਟੋਕੋਲਾਂ ਕਰ ਕੇ ਕੀਤੀਆਂ ਜਾ ਰਹੀਆਂ ਹਨ। ਕਿਸੇ ਵੀ ਏਅਰਲਾਈਨ, ਖਾਸਕਰ ਜਿਸ ਉਪਰ ਕਿਸੇ ਦੇਸ਼ ਦਾ ਝੰਡਾ ਲੱਗਾ ਹੋਇਆ ਹੁੰਦਾ ਹੈ, ਲਈ ਸੁਰੱਖਿਆ ਨੂੰ ਲੈ ਕੇ ਕੋਈ ਉਕਾਈ ਨਹੀਂ ਕੀਤੀ ਜਾ ਸਕਦੀ। ਅਹਿਮਦਾਬਾਦ ਵਿਚ ਹੋਏ ਹਾਦਸੇ ਲਈ ਵੱਖ ਵੱਖ ਪੱਧਰਾਂ ’ਤੇ ਜਾਂਚ ਕੀਤੀ ਜਾ ਰਹੀ ਹੈ।
ਏਅਰਲਾਈਨ ਦੀ ਚੌਕਸੀ ਭਰੀ ਪਹੁੰਚ ਤੋਂ ਜ਼ਿੰਮੇਵਾਰਾਨਾ ਪੈਂਤੜੇ ਦੀ ਝਲਕ ਮਿਲਦੀ ਹੈ ਜੋ ਕਿ ਸੰਕਟ ਤੋਂ ਬਾਅਦ ਅੱਕੀਂ ਪਲਾਹੀ ਹੱਥ ਮਾਰਨ ਵਰਗੀ ਕਵਾਇਦ ਨਹੀਂ ਸਗੋਂ ਬਚਾਓ ’ਤੇ ਅਧਾਰਿਤ ਹੈ। ਏਅਰਲਾਈਨ ਲਈ ਇਹ ਇਕ ਮੌਕਾ ਵੀ ਹੈ ਕਿ ਉਹ ਲੰਮੇਰੀ ਸੁਰੱਖਿਆ ਅਤੇ ਭਰੋਸੇਯੋਗਤਾ ਯਕੀਨੀ ਬਣਾਉਣ ਲਈ ਆਪਣੀਆਂ ਆਦਰਸ਼ ਸੰਚਾਲਨ ਪ੍ਰਕਿਰਿਆਵਾਂ ਦੀ ਕਰੜੀ ਸਮੀਖਿਆ ਕਰੇ। ਪਾਇਲਟਾਂ, ਕੈਬਿਨ ਤੇ ਗਰਾਊਂਡ ਸਟਾਫ਼ ਦਾ ਹੌਸਲਾ ਵਧਾਉਣਾ ਵੀ ਓਨਾ ਹੀ ਜ਼ਰੂਰੀ ਹੈ, ਤੇ ਨਾਲ ਹੀ ਉਨ੍ਹਾਂ ਦੀਆਂ ਚਿੰਤਾਵਾਂ ਵੀ ਦੂਰ ਕੀਤੀਆਂ ਜਾਣ। ਇਹ ਉਹ ਪੇਸ਼ੇਵਰ ਹਨ ਜਿਹੜੇ ਉਡਾਣ ਦੀ ਸੁਰੱਖਿਆ ਤੇ ਗਾਹਕਾਂ ਦੀ ਸੇਵਾ ’ਚ ਅੱਗੇ ਰਹਿੰਦੇ ਹਨ। ਸਪੱਸ਼ਟ ਗੱਲਬਾਤ, ਅੰਦਰੂਨੀ ਸਮਰਥਨ ਤੇ ਲੋਕਾਂ ਦਾ ਭਰੋਸਾ ਇਹ ਯਕੀਨੀ ਬਣਾਉਣ ’ਚ ਲੰਮੇ ਸਮੇਂ ਲਈ ਸਹਾਈ ਹੋ ਸਕਦਾ ਹੈ ਕਿ ਅਪਰੇਸ਼ਨਲ ਅੜਿੱਕਿਆਂ ਵਿਚਾਲੇ ਉਨ੍ਹਾਂ ਦਾ ਭਰੋਸਾ ਨਾ ਡੋਲੇ।
ਯਾਤਰੀ ਨਿਰਾਸ਼ ਮਹਿਸੂਸ ਕਰ ਸਕਦੇ ਹਨ, ਖ਼ਾਸ ਕਰ ਕੇ ਉਦੋਂ ਜਦ ਉਹ ਬੇਖ਼ਬਰ ਹੋਣ ਜਾਂ ਉਨ੍ਹਾਂ ਨੂੰ ਪਤਾ ਨਾ ਲੱਗੇ। ਇਸ ਲਈ ਏਅਰ ਇੰਡੀਆ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੀਆਂ ਤਕਨੀਕੀ ਚੌਕਸੀਆਂ ਵਿਚ ਪਾਰਦਰਸ਼ੀ, ਢੁੱਕਵੀਆਂ ਸੋਧਾਂ ਨਾਲ ਇਜ਼ਾਫਾ ਕਰੇ, ਤੇ ਜਵਾਬਦੇਹ ਗਾਹਕ ਸੇਵਾ ਯਕੀਨੀ ਬਣਾਏ। ਹੁਣ ਕਿਉਂਕਿ ਏਅਰ ਇੰਡੀਆ ਟਾਟਾ ਗਰੁੱਪ ਹੇਠ ਨਿਰੰਤਰ ਬਦਲਾਅ ਦੇ ਦੌਰ ਵਿਚੋਂ ਲੰਘ ਰਿਹਾ ਹੈ, ਇਹ ਸਮਾਂ ਸਭਿਆਚਾਰ ਤੇ ਭਰੋਸੇ ਵਿਚ ਸੁਧਾਰ ਦਾ ਮੌਕਾ ਦਿੰਦਾ ਹੈ। ਢਾਂਚਾਗਤ ਸੁਧਾਰ ਲਈ ਆਰਜ਼ੀ ਰੋਕਾਂ, ਅਮਲੇ ਨੂੰ ਮਦਦ ਤੇ ਯਾਤਰੀ ਸੁਰੱਖਿਆ, ਵਿਸ਼ਵ-ਪੱਧਰੀ ਹਵਾਬਾਜ਼ੀ ਕੰਪਨੀ ਸਿਰਜਣ ਲਈ ਤਾਰੀ ਜਾਣ ਵਾਲੀ ਬਹੁਤ ਛੋਟੀ ਜਿਹੀ ਕੀਮਤ ਹੈ।