ਸਿਨਰ ਦੀ ਖ਼ਿਤਾਬੀ ਜਿੱਤ
ਯਾਨਿਕ ਸਿਨਰ ਨੇ ਆਪਣਾ ਸਬਰ ਬਣਾ ਕੇ ਰੱਖਿਆ ਤੇ ਫਿਰ ਖ਼ਿਤਾਬ ਦੇ ਮੁੱਖ ਦਾਅਵੇਦਾਰ ਅਤੇ ਡਾਢੇ ਕਾਰਲੋਸ ਅਲਕਰਾਜ਼ ਨੂੰ ਮਾਤ ਦੇ ਕੇ ਆਪਣਾ ਪਹਿਲਾ ਵਿੰਬਲਡਨ ਖ਼ਿਤਾਬ ਜਿੱਤ ਲਿਆ। ਐਤਕੀਂ ਇਸ ਪੂਰੇ ਟੂਰਨਾਮੈਂਟ ਦੌਰਾਨ ਲੰਡਨ ਵਿੱਚ ਪਈ ਗਰਮੀ ਨੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਸਾਹ ਸੂਤ ਕੇ ਰੱਖਿਆ ਪਰ ਸਿਨਰ ਦੇ ਅਜ਼ਮ ਅੱਗੇ ਗਰਮੀ ਵੀ ਬੇਵੱਸ ਹੋ ਗਈ। ਇਸ ਵੱਡੀ ਜਿੱਤ ਨਾਲ ਸਿਨਰ ਉਸ ਨੇ ਆਪਣੀ ਪਿੱਠ ਤੋਂ ਕੁਝ ਭੂਤ ਲਾਹ ਦਿੱਤੇ ਹਨ ਜਿਨ੍ਹਾਂ ਵਿੱਚ ਇੱਕ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਵੱਲੋਂ ਉਸ ’ਤੇ ਲਾਈ ਤਿੰਨ ਮਹੀਨਿਆਂ ਦੀ ਪਾਬੰਦੀ ਵੀ ਸ਼ਾਮਿਲ ਸੀ; ਉਸ ਦੇ ਇੱਕ ਸੈਂਪਲ ਵਿੱਚੋਂ ਐਨਾਬੋਲਿਕ ਸਟੀਰਾਇਡ ਦਾ ਤੱਤ ਨਿੱਕਲਿਆ ਸੀ ਅਤੇ ਦੂਜਾ ਪਿਛਲੇ ਮਹੀਨੇ ਫ੍ਰੈਂਚ ਓਪਨ ਦੇ ਪੰਜ ਸੈੱਟਾਂ ਦੇ ਫਾਈਨਲ ਵਿੱਚ ਅਲਕਰਾਜ਼ ਹੱਥੋਂ ਮਿਲੀ ਸ਼ਿਕਸਤ ਵੀ ਸ਼ਾਮਿਲ ਸੀ।
ਇਸ ਤੋਂ ਇਲਾਵਾ ਯਾਨਿਕ ਸਿਨਰ ਵਿੰਬਲਡਨ ਖ਼ਿਤਾਬ ਜਿੱਤਣ ਵਾਲਾ ਇਟਲੀ ਦਾ ਪਹਿਲਾ ਟੈਨਿਸ ਖਿਡਾਰੀ ਬਣ ਗਿਆ ਹੈ ਅਤੇ ਨਾਲ ਹੀ ਉਸ ਨੇ ਚੌਥਾ ਗ੍ਰੈਂਡ ਸਲੈਮ ਜਿੱਤ ਕੇ ਅਲਕਰਾਜ਼ ਦੇ ਨੇੜੇ ਪਹੁੰਚ ਗਿਆ ਹੈ ਜੋ ਪੰਜ ਖ਼ਿਤਾਬ ਜਿੱਤ ਚੁੱਕਿਆ ਹੈ। ਉਂਝ, ਇਸ ਐਤਵਾਰ ਨੂੰ ਖੇਡਿਆ ਗਿਆ ਇਹ ਫਾਈਨਲ ਪੈਰਿਸ ਦੇ ਰੋਲਾਂ ਗੈਰੋ ਉੱਪਰ ਖੇਡੇ ਗਏ ਸਨਸਨੀਖੇਜ਼ ਭੇੜ ਦੀ ਸ਼੍ਰੇਣੀ ਵਿੱਚ ਨਹੀਂ ਗਿਣਿਆ ਜਾਂਦਾ ਕਿਉਂਕਿ ਉਸ ਮੈਚ ਵਿੱਚ ਸਿਨਰ ਨੇ ਦੋ ਸੈੱਟਾਂ ਅਤੇ ਆਪਣੇ ਸਪੇਨੀ ਵਿਰੋਧੀ ਉੱਤੇ ਤਿੰਨ ਮੈਚ ਪੁਆਇਟਾਂ ਦੀ ਲੀਡ ਲਈ ਹੋਈ ਸੀ। ਇਸ ਵਾਰ ਇਤਾਲਵੀ ਖਿਡਾਰੀ ਨੇ ਆਪਣੇ ਦਮਦਾਰ ਵਿਰੋਧੀ ਨੂੰ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਖੇਡ ਦੌਰਾਨ ਉਸ ਦੀ ਲਚਕਤਾ ਤੇ ਗ਼ਲਤੀਆਂ ਤੋਂ ਸਿੱਖਣ ਦੀ ਯੋਗਤਾ ਪ੍ਰਦਰਸ਼ਿਤ ਹੋਈ। ਇਹ ਹਾਰ ਅਲਕਰਾਜ਼ ਲਈ ਬਹੁਤ ਦੁਖਦਾਈ ਰਹੀ ਹੋਵੇਗੀ, ਜਿਸ ਨੂੰ ਕਿਸੇ ਵੀ ਗਰੈਂਡ ਸਲੈਮ ਫਾਈਨਲ ਵਿੱਚ ਕਦੇ ਵੀ ਪਛਾੜਿਆ ਨਹੀਂ ਜਾ ਸਕਿਆ। ਯਕੀਨਨ, ਅਗਲੇ ਮਹੀਨੇ ਯੂਐੱਸ ਓਪਨ ਵਿੱਚ ਉਹ ਸ਼ਾਨਦਾਰ ਪ੍ਰਦਰਸ਼ਨ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਯਾਨਿਕ ਸਿਨਰ ਤੇ ਕਾਰਲੋਸ ਅਲਕਰਾਜ਼ ਵਿਚਾਲੇ ਤੀਬਰ ਅਤੇ ਸਿਹਤਮੰਦ ਮੁਕਾਬਲਾ ਪੁਰਸ਼ਾਂ ਦੇ ਟੈਨਿਸ ਦੀ ਦੁਨੀਆ ਦੇ ਤਿੰਨ ਵੱਡੇ ਸਿਤਾਰਿਆਂ- ਰੌਜਰ ਫੈਡਰਰ, ਰਾਫ਼ੇਲ ਨਡਾਲ ਅਤੇ ਨੋਵਾਕ ਜੋਕੋਵਿਚ ਦੀ ਲੰਮੀ ਚੱਲੀ ਸਰਦਾਰੀ ਤੋਂ ਬਾਅਦ ਵਾਪਰੀ ਸਭ ਤੋਂ ਵਧੀਆ ਚੀਜ਼ ਹੈ। ਉਮਰ ਪੱਖੋਂ ਦੋਵੇਂ ਆਪਣੇ ਵੀਹਵਿਆਂ ਦੀ ਸ਼ੁਰੂਆਤ ’ਚ ਹਨ, ਅਤੇ ਜੇ ਉਹ ਇੱਕ ਦਹਾਕਾ ਜਾਂ ਇਸ ਤੋਂ ਵੱਧ ਸਮੇਂ ਤੱਕ ਇਸੇ ਤਰ੍ਹਾਂ ਖੇਡਦੇ ਰਹੇ ਤਾਂ ਅੰਤ ਵਿੱਚ ਖੇਡ ਦੇ ਸਰਬਕਾਲੀ ਮਹਾਨ ਖਿਡਾਰੀਆਂ ਵਿੱਚ ਸ਼ਾਮਿਲ ਹੋ ਜਾਣਗੇ। ਦੁਖਦਾਈ ਗੱਲ ਇਹ ਹੈ ਕਿ ਵਿੰਬਲਡਨ-2025 ਨੇ ਇੱਕ ਹੋਰ ਸ਼ਾਨਦਾਰ ਯੁੱਗ ਦਾ ਲਗਭਗ ਅੰਤ ਕਰ ਦਿੱਤਾ ਹੈ ਕਿਉਂਕਿ ਰਿਕਾਰਡ 24 ਗ੍ਰੈਂਡ ਸਲੈਮ ਖ਼ਿਤਾਬਾਂ ਦੇ ਜੇਤੂ ਜੋਕੋਵਿਚ ਸੈਮੀਫਾਈਨਲ ਵਿੱਚ ਸਿਨਰ ਤੋਂ ਹਾਰ ਗਏ। 38 ਸਾਲਾ ਇਸ ਮਹਾਨ ਖਿਡਾਰੀ ਲਈ ਹੁਣ ਲਗਭਗ ਸਭ ਕੁਝ ਖ਼ਤਮ ਹੋ ਚੁੱਕਾ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਨੌਜਵਾਨ ਖਿਡਾਰੀ ਚੰਗੀਆਂ ਬਾਜ਼ੀਆਂ ਮਾਰ ਰਹੇ ਹਨ।