ਝੰਜੋੜਨ ਵਾਲੀ ਟੀਵੀ ਸੀਰੀਜ਼
ਬਰਤਾਨਵੀ ਮਿਨੀ ਸੀਰੀਜ਼ ‘ਅਡੋਲਸੈਂਸ’, ਜਿਸ ਨੇ ਸੋਸ਼ਲ ਮੀਡੀਆ ਅਤੇ ਨਾਰੀ-ਦਵੈਸ਼ੀ ਇਨਫਲੂਐਂਸਰਾਂ ਦੇ ਕਿਸ਼ੋਰ ਲੜਕਿਆਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਆਲਮੀ ਬਹਿਸ ਸ਼ੁਰੂ ਕੀਤੀ, ਨੇ ਛੇ ਐਮੀ ਪੁਰਸਕਾਰ ਜਿੱਤੇ ਹਨ, ਜੋ ਟੈਲੀਵਿਜ਼ਨ ਦੇ ਖੇਤਰ ਵਿੱਚ ਆਸਕਰ ਪੁਰਸਕਾਰ ਦੇ ਬਰਾਬਰ ਮੰਨੇ ਜਾਂਦੇ ਹਨ। ਸਿਰਫ਼ 15 ਸਾਲ ਦੀ ਉਮਰ ਵਿੱਚ ਓਵਨ ਕੂਪਰ, ਜੋ 13 ਸਾਲ ਦੇ ਲੜਕੇ ਦਾ ਕਿਰਦਾਰ ਨਿਭਾਉਂਦਾ ਹੈ, ਜਿਸ ਨੂੰ ਇੱਕ ਕੁੜੀ ਦੇ ਬੇਰਹਿਮੀ ਨਾਲ ਕੀਤੇ ਕਤਲ ਲਈ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਅਭਿਨੈ ਦੀ ਕਿਸੇ ਵੀ ਸ਼੍ਰੇਣੀ ਵਿੱਚ ਐਮੀ ਜਿੱਤਣ ਵਾਲਾ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਪੁਰਸ਼ ਅਭਿਨੇਤਾ ਬਣ ਗਿਆ ਹੈ। ਇਸ ਹਿੱਟ ਨੈੱਟਫਲਿਕਸ ਸੀਰੀਜ਼ ਵਿੱਚ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਦੇ ਹਾਲਾਤ ਨੂੰ ਦਿਖਾਇਆ ਗਿਆ ਹੈ, ਜਦੋਂਕਿ ਇਸ ’ਚ ਆਨਲਾਈਨ ‘ਮੈਨੋਸਫੀਅਰ’ ਨੂੰ ਵੀ ਖੋਜਿਆ ਗਿਆ ਹੈ ਕਿ ਕਿਵੇਂ ਇੰਟਰਨੈੱਟ ’ਤੇ ਬਿਤਾਇਆ ਗਿਆ ਸਮਾਂ ਆਮ ਲੜਕੇ ਨੂੰ ਕੱਟੜ ਤੇ ਕ੍ਰੋਧੀ ਅੱਲੜ੍ਹ ਮੁੰਡੇ ਵਿੱਚ ਤਬਦੀਲ ਕਰ ਦਿੰਦਾ ਹੈ। ‘ਅਡੋਲਸੈਂਸ’ ਟੀਵੀ ਸੀਰੀਜ਼ ਦਰਸ਼ਕਾਂ ਨੂੰ ਸੋਸ਼ਲ ਮੀਡੀਆ ਦੇ ਬੇਲਗਾਮ ਪ੍ਰਭਾਵ ਬਾਰੇ ਡੂੰਘਾਈ ਨਾਲ ਵਿਚਾਰ ਕਰਨ ਲਈ ਮਜਬੂਰ ਕਰਦੀ ਹੈ। ਜਿਵੇਂ ਹੀ ਲੜਕੇ ਆਪਣੇ ਆਪ ਨੂੰ ਪਛਾਨਣਾ ਸ਼ੁਰੂ ਕਰਦੇ ਹਨ, ਉਹ ਉਨ੍ਹਾਂ ਜ਼ਹਿਰੀਲੇ ਵਿਚਾਰਾਂ ਨੂੰ ਵੀ ਚਰਿੱਤਰ ਦਾ ਹਿੱਸਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਮਰਦ ਹੋਣ ਦੇ ਮਾਇਨੇ ਕੀ ਹੁੰਦੇ ਹਨ, ਇੰਟਰਨੈੱਟ ’ਤੇ ਆਸਾਨੀ ਨਾਲ ਉਪਲਬਧ ਸਾਧਨ ਇਸ ਤਰ੍ਹਾਂ ਦੇ ਨਾਰੀ-ਦਵੈਸ਼ ਨੂੰ ਆਮ ਬਣਾ ਸਕਦੇ ਹਨ। ਇਹ ਡਰਾਉਣਾ ਹੈ, ਪਰ ਬਿਲਕੁਲ ਸੱਚ ਹੈ।
ਇਸ ਦੇ ਸਾਰੇ ਚਾਰ ਇੱਕ-ਇੱਕ ਘੰਟੇ ਦੇ ਐਪੀਸੋਡ ਬਿਨਾਂ ਰੁਕਿਆਂ ਇੱਕੋ ਸਮੇਂ ਫਿਲਮਾਏ ਗਏ ਸਨ, ਜਿਸ ਨਾਲ ਦੇਖਣ ਦਾ ਅਨੁਭਵ ਹੋਰ ਵੀ ਡੂੰਘਾ ਹੋ ਜਾਂਦਾ ਹੈ। ਇਸ ਸੀਰੀਜ਼ ਨੇ ਦੁਨੀਆ ਭਰ ਵਿੱਚ ਲੋਕਾਂ ਨਾਲ ਸਾਂਝ ਬਣਾਈ ਹੈ, ਕਿਉਂਕਿ ਮਾਪੇ ਉਨ੍ਹਾਂ ਵਿਲੱਖਣ ਚੁਣੌਤੀਆਂ ਨਾਲ ਨਜਿੱਠ ਰਹੇ ਹਨ, ਜਿਸ ਦਾ ਕਾਰਨ ਬੱਚਿਆਂ ਦਾ ਸਮਾਰਟਫੋਨ ਨਾਲ ਚਿੰਬੜੇ ਰਹਿਣਾ ਹੈ। ਇਸ ਨੇ ਨਿੱਗਰ ਭਾਵਨਾਤਮਕ ਸਹਾਇਤਾ ਪ੍ਰਣਾਲੀਆਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ ਜੋ ਬੱਚੇ ਦੀਆਂ ਉਨ੍ਹਾਂ ਜ਼ਰੂਰਤਾਂ ਨਾਲ ਨਜਿੱਠਣ ’ਚ ਕੰਮ ਆ ਸਕਣ, ਜਿਨ੍ਹਾਂ ’ਚੋਂ ਬੱਚਾ ਉਹ ਸਭ ਕੁਝ ਲੱਭਦਾ ਹੈ ਜੋ ਉਸ ਨੂੰ ਪ੍ਰਭਾਵ ਜਾਂ ਜੁੜਾਅ ਦਾ ਆਰਜ਼ੀ ਤੌਰ ’ਤੇ ਅਹਿਸਾਸ ਕਰਾਉਂਦੀਆਂ ਹਨ। ‘ਅਡੋਲਸੈਂਸ’ ਪਰਦੇ ਦੀਆਂ ਬੁਰਾਈਆਂ ਵਿਰੁੱਧ ਲਗਾਤਾਰ ਚੱਲ ਰਹੀ ਲੜਾਈ ’ਚ ਪਰਿਵਾਰਾਂ ਦੀ ਬੇਵਸੀ ’ਤੇ ਵੀ ਬਾਖ਼ੂਬੀ ਰੌਸ਼ਨੀ ਪਾਉਂਦੀ ਹੈ।
ਚਿੰਤਾਵਾਂ ਵਿਆਪਕ ਹਨ: ਫੋਨ ਦੀ ਆਦਤ, ਸਾਈਬਰ-ਬੁਲਿੰਗ, ਜਿਨਸੀ ਹਿੰਸਾ, ਲਿੰਗਕਵਾਦੀ ਭਾਸ਼ਾ, ਮਾਨਸਿਕ ਸਿਹਤ ’ਚ ਨਿਘਾਰ ਅਤੇ ਮਾੜੀ ਅਕਾਦਮਿਕ ਕਾਰਗੁਜ਼ਾਰੀ। ਬੱਚਿਆਂ ਨਾਲ ਛੇਤੀ ਹੀ ਮੁਸ਼ਕਿਲ ਪਰ ਜ਼ਰੂਰੀ ਗੱਲਬਾਤ ਸ਼ੁਰੂ ਕਰਨਾ ਹੁਣ ਸਮੇਂ ਦੀ ਸਖ਼ਤ ਲੋੜ ਹੈ। ਹੱਲ ਵਿਚਾਰਾਂ ਦੇ ਅੰਤਰ-ਸੱਭਿਆਚਾਰਕ ਵਟਾਂਦਰੇ ਵਿੱਚ ਵੀ ਪਏ ਹਨ, ਤਜਰਬਿਆਂ ਤੋਂ ਸੇਧ ਲਈ ਜਾ ਸਕਦੀ ਹੈ ਜਿਵੇਂ ਸਖ਼ਤ ਇੰਟਰਨੈੱਟ ਕੰਟਰੋਲ ਅਤੇ ਢਾਂਚਾਗਤ ਕੌਂਸਲਿੰਗ।