DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ/ਇੰਡੀਆ/ਹਿੰਦੋਸਤਾਨ ਦੀ ਤਲਾਸ਼

ਸਵਰਾਜਬੀਰ ਹਰ ਸਮੇਂ ਵਿਚ ਲੋਕ ਆਪਣੀ ਸਮੂਹਿਕ ਸਮਝ ਵਿਚ ਉਸ ਭੂਗੋਲਿਕ ਖਿੱਤੇ ਦੀ ਪਛਾਣ ਲੱਭਣ, ਸਿਰਜਣ ਤੇ ਸਥਾਪਿਤ ਕਰਨ ਦਾ ਯਤਨ ਕਰਦੇ ਹਨ ਜਿਸ ਵਿਚ ਉਹ ਰਹਿੰਦੇ ਹਨ। ਉਹ ਉਸ ਭੂਗੋਲਿਕ ਖਿੱਤੇ ਨੂੰ ਸਥਾਨਕ ਰੂਪ ਵਿਚ ਪਛਾਣਨ ਦੀ ਕੋਸ਼ਿਸ਼ ਵੀ...
  • fb
  • twitter
  • whatsapp
  • whatsapp
Advertisement

ਸਵਰਾਜਬੀਰ

ਹਰ ਸਮੇਂ ਵਿਚ ਲੋਕ ਆਪਣੀ ਸਮੂਹਿਕ ਸਮਝ ਵਿਚ ਉਸ ਭੂਗੋਲਿਕ ਖਿੱਤੇ ਦੀ ਪਛਾਣ ਲੱਭਣ, ਸਿਰਜਣ ਤੇ ਸਥਾਪਿਤ ਕਰਨ ਦਾ ਯਤਨ ਕਰਦੇ ਹਨ ਜਿਸ ਵਿਚ ਉਹ ਰਹਿੰਦੇ ਹਨ। ਉਹ ਉਸ ਭੂਗੋਲਿਕ ਖਿੱਤੇ ਨੂੰ ਸਥਾਨਕ ਰੂਪ ਵਿਚ ਪਛਾਣਨ ਦੀ ਕੋਸ਼ਿਸ਼ ਵੀ ਕਰਦੇ ਹਨ ਅਤੇ ਆਪਣੇ ਗੁਆਂਢੀ ਖਿੱਤਿਆਂ ਨਾਲ ਜੋੜ ਕੇ ਵੀ। ਗੁਆਂਢੀ ਖਿੱਤਿਆਂ ਨੂੰ ਆਪਣੇ ਨਾਲ ਜੋੜ ਕੇ ਪਛਾਣਨ ਦੀ ਸੂਹ ਸਾਨੂੰ ਬਹੁਤ ਨੇੜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਮਿਲਦੀ ਹੈ ਜਦੋਂ ਬਾਬਰ ਦੇ ਹਮਲੇ ਸਮੇਂ ਉਹ ਕਹਿੰਦੇ ਹਨ, ‘‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।।’’ ਇਨ੍ਹਾਂ ਸ਼ਬਦਾਂ ਵਿਚ ਗੁਰੂ ਸਾਹਿਬ ਜਬਰ, ਔਰਤਾਂ ਦੀ ਬੇਪਤੀ ਅਤੇ ਬਾਬਰ ਦੇ ਜਰਵਾਣੇਪਣ ਵਿਰੁੱਧ ਆਵਾਜ਼ ਉਠਾਉਂਦੇ ਹਨ। ਇਹ ਆਵਾਜ਼ ਲੋਕਾਈ ਨਾਲ ਪ੍ਰੇਮ ਤੇ ਸਾਂਝੀਵਾਲਤਾ ਦੀਆਂ ਭਾਵਨਾਵਾਂ ’ਚੋਂ ਉਪਜੀ ਹੈ।

ਅੰਗਰੇਜ਼ੀ ਬਸਤੀਵਾਦ ਦੌਰਾਨ ਇਸ ਭੂਗੋਲਿਕ ਖਿੱਤੇ ਦੀ ਪਛਾਣ ਦਾ ਪ੍ਰਸ਼ਨ ਵੱਖਰੀ ਤਰ੍ਹਾਂ ਨਾਲ ਉੱਭਰਿਆ ਹੈ। ਪੱਛਮੀ ਸੋਚ ਦਾ ਦੁਨੀਆ ਬਾਰੇ ਸਮਝ ਦਾ ਖ਼ਾਕਾ ਆਪਣਾ ਸੀ। ਗ਼ੁਲਾਮੀ ਕਾਰਨ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਖੌਰੂ ਪਾਉਣ ਲੱਗਾ ਕਿ ਅਸੀਂ ਕੌਣ ਹਾਂ, ਸਾਡਾ ਪਿਛੋਕੜ ਕੀ ਹੈ, ਅਸੀਂ ਅੰਗਰੇਜ਼ਾਂ ਵਿਰੁੱਧ ਕਿਸ ਤਰ੍ਹਾਂ ਇਕੱਠੇ ਹੋਣਾ ਤੇ ਲੜਨਾ ਹੈ। ਇਸ ਸਮਝ ਦਾ ਸਭ ਤੋਂ ਅਮਲੀ, ਹਕੀਕੀ ਅਤੇ ਲੋਕ-ਪੱਖੀ ਪ੍ਰਗਟਾਵਾ 1857 ਵਿਚ ਅੰਗਰੇਜ਼ਾਂ ਵਿਰੁੱਧ ਹੋਈ ਬਗ਼ਾਵਤ ਦੌਰਾਨ ਹੋਇਆ ਜਦੋਂ ਦੇਸ਼ ਦੇ ਰਾਜਿਆਂ-ਰਜਵਾੜਿਆਂ, ਆਮ ਸਿਪਾਹੀਆਂ ਤੇ ਲੋਕਾਂ ਨੇ ਆਖ਼ਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੂੰ ਆਪਣਾ ਸਾਂਝਾ ਆਗੂ ਅਤੇ ਹਿੰਦੋਸਤਾਨ ਦਾ ਬਾਦਸ਼ਾਹ ਮੰਨ ਲਿਆ; ਇਹ ਲੋਕ-ਸਮਝ ਹਿੰਦੋਸਤਾਨ ਤੇ ਹਿੰਦੋਸਤਾਨੀਅਤ ਦੀ ਧਰਮ ਨਿਰਪੱਖ ਪਛਾਣ ਸਥਾਪਿਤ ਕਰਨ ਦਾ ਵੱਡਾ ਉਪਰਾਲਾ ਸੀ।

Advertisement

ਉੱਨੀਵੀਂ ਸਦੀ ਦੇ ਦੂਸਰੇ ਅੱਧ ਅਤੇ ਵੀਹਵੀਂ ਸਦੀ ਵਿਚ ਵੀ ਅਜਿਹੇ ਉਪਰਾਲੇ ਹੋਏ ਜਿਨ੍ਹਾਂ ਦੀ ਛਾਪ ਸਾਡੇ ਅਜੋਕੇ ਲੋਕ-ਮਨ, ਸਿਆਸਤ, ਸੰਵਿਧਾਨ ਤੇ ਇਸ ਭੂਗੋਲਿਕ ਖਿੱਤੇ ਦੀ ਹੋਣੀ ਦੇ ਹਰ ਪੱਖ ’ਤੇ ਅਜੇ ਵੀ ਮੌਜੂਦ ਹੈ। ਇਹ ਉਪਰਾਲੇ ਸਥਾਨਕ ਪੱਧਰ ’ਤੇ ਵੀ ਹੋਏ ਤੇ ਕੌਮੀ ਪੱਧਰ ’ਤੇ ਵੀ ਅਤੇ ਇਨ੍ਹਾਂ ਦੋਹਾਂ ਪੱਧਰਾਂ ਵਿਚਕਾਰ ਪੈਦਾ ਹੋਈ ਸਾਂਝੀ ਜ਼ਮੀਨ ’ਤੇ ਵੀ। ਆਪਣੇ ਬਹੁਤ ਨੇੜਿਉਂ ਇਸ ਦੀ ਕਨਸੋਅ ਅਸੀਂ 1913-14 ਵਿਚ ਕੈਨੇਡਾ-ਅਮਰੀਕਾ ਵਿਚ ਪੰਜਾਬੀਆਂ ਦੁਆਰਾ ਬਣਾਈ ਗਈ ਗ਼ਦਰ ਪਾਰਟੀ ਦੇ ਸਾਹਿਤ ’ਚੋਂ ਸੁਣ ਸਕਦੇ ਹਾਂ। ਅਪਰੈਲ 1915 ਵਿਚ ਬਾਬਾ ਹਰੀ ਸਿੰਘ ਉਸਮਾਨ ਉਰਫ਼ ਫ਼ਕੀਰ ਆਪਣੀ ਕਵਿਤਾ ਵਿਚ ਇਹ ਸਵਾਲ ਕਰਦਾ ਹੈ, ‘‘ਪੁੱਛਣ ਵਾਲਿਆਂ ਇਕ ਸਵਾਲ ਕੀਤਾ, ਅਸੀਂ ਦੱਸੀਏ ਹਿੰਦੋਸਤਾਨ ਕੀ ਹੈ।’’ ਗ਼ਦਰੀ ਕਵੀ ਅਨੇਕ ਕਵਿਤਾਵਾਂ ਵਿਚ ਹਿੰਦੋਸਤਾਨ ਅਤੇ ਇੱਥੋਂ ਦੇ ਵਾਸੀਆਂ, ਜਿਨ੍ਹਾਂ ਨੂੰ ਉਹ ਹਿੰਦੀ ਕਹਿੰਦੇ ਹਨ (ਬਾਅਦ ਵਿਚ ਉਰਦੂ ਸ਼ਾਇਰ ਵੀ ਇਹੀ ਸ਼ਬਦ ਵਰਤਦਾ ਹੈ, ‘‘ਹਿੰਦੀ ਹੈ ਹਮ ਵਤਨ ਹੈ ਹਿੰਦੋਸਤਾਂ ਹਮਾਰਾ’’) ਦੀ ਪਛਾਣ ਸਥਾਪਿਤ ਕਰਦੇ ਹਨ। ਗ਼ਦਰੀ ਕਵੀਆਂ ਦੀ ਕਵਿਤਾ ਵਿਚ ਪੰਜਾਬੀ ਬੰਦਾ ਹਿੰਦੂ, ਸਿੱਖ ਤੇ ਮੁਸਲਮਾਨ ਹੁੰਦਾ ਹੋਇਆ ਵੀ ਇਨ੍ਹਾਂ ਪਛਾਣਾਂ ਤੋਂ ਅਗਾਂਹ ਜਾਂਦਾ ਤੇ ਹਿੰਦੀ ਬਣਦਾ ਹੈ ਜਿਸ ਰਾਹੀਂ ਉਹ (ਗ਼ਦਰੀ) ਆਪਣੇ ਸੰਘਰਸ਼ ਦੀ ਪਛਾਣ ਸਥਾਪਿਤ ਕਰਦੇ ਹਨ; ਉਸ ਸੰਘਰਸ਼ ਵਿਚ ਇਕ ਪਾਸੇ ਅੰਗਰੇਜ਼ੀ ਸਾਮਰਾਜ ਤੇ ਅੰਗਰੇਜ਼ ਹਨ ਅਤੇ ਦੂਸਰੇ ਪਾਸੇ ਹਿੰਦੋਸਤਾਨ ਤੇ ਹਿੰਦੀ। ਜਨਵਰੀ 1914 ਵਿਚ ਛਪੀ ਗ਼ਦਰੀ ਕਵਿਤਾ ਕਹਿੰਦੀ ਹੈ, ‘‘ਆਓ, ਦੇਸ ਭਾਈ ਹਿੰਦੋਸਤਾਨ ਵਾਲੋ, ਢੰਗ ਸੋਚੀਏ ਦੁੱਖ ਮਿਟਾਵਣੇ ਦਾ।’’ ਗ਼ਦਰ ਲਹਿਰ ਦੀ ਕਵਿਤਾ ਵਿਚ ਇਸ ਪਛਾਣ ਦਾ ਪ੍ਰਮੁੱਖ ਪੱਖ ਹੈ, ਅੰਗਰੇਜ਼ੀ ਸਾਮਰਾਜ ਦੇ ਵਿਰੋਧ ਵਿਚ ਡਟਣ ਲਈ ਹਿੰਦੋਸਤਾਨੀਆਂ ਵਿਚਕਾਰ ਏਕਤਾ ’ਤੇ ਜ਼ੋਰ ਦੇਣਾ।

ਪਾਰਥਾ ਚੈਟਰਜੀ ਅਤੇ ਹੋਰ ਚਿੰਤਕਾਂ ਅਨੁਸਾਰ ਆਜ਼ਾਦੀ ਦੇ ਸੰਘਰਸ਼ ਵਿਚ ਭਾਰਤ ਜਾਂ ਹਿੰਦੋਸਤਾਨ ਦੇ ਸੰਕਲਪ ਉੱਤੇ ਉੱਸਰਦਾ ਰਾਸ਼ਟਰਵਾਦ ਪੱਛਮ ਤੋਂ ਆਈ ਸੋਚ ਤੋਂ ਪ੍ਰਭਾਵਿਤ ਹੈ। ਇਹ ਬਹਿਸ ਬਹੁਤ ਲੰਮੀ ਹੈ। ਇਸ ਵਿਚ ਅਗਾਂਹ ਨਾ ਜਾਂਦਿਆਂ ਇਸ ਸਮੇਂ ਇਹ ਦੇਖਣਾ ਜ਼ਰੂਰੀ ਹੈ ਕਿ ਆਜ਼ਾਦੀ ਸੰਘਰਸ਼ ਦੌਰਾਨ ਭਾਰਤ/ਇੰਡੀਆ/ਹਿੰਦੋਸਤਾਨ ਬਾਰੇ ਸਿਰਜੇ ਗਏ ਪ੍ਰਮੁੱਖ ਸੰਕਲਪਾਂ ਦੇ ਖ਼ਾਸੇ ਕੀ ਸਨ ਕਿਉਂਕਿ ਉਨ੍ਹਾਂ ਦਾ ਪ੍ਰਭਾਵ ਸਾਡੇ ਅੱਜ ਦੇ ਹਾਲਾਤ ’ਤੇ ਪੈ ਰਿਹਾ ਹੈ; ਵੱਖ ਵੱਖ ਤਰ੍ਹਾਂ ਦੇ ਸਿਆਸਤਦਾਨ ਭਾਰਤ/ਇੰਡੀਆ/ਹਿੰਦੋਸਤਾਨ ਦੀ ਖੋਜ ਵਿਚ ਨਿਕਲੇ ਹੋਏ ਸਨ/ਹਨ।

ਆਜ਼ਾਦੀ ਸੰਘਰਸ਼ ਦੌਰਾਨ ਪੈਦਾ ਹੋਏ ਇਨ੍ਹਾਂ ਸੰਕਲਪਾਂ ’ਚੋਂ ਅਸੀਂ ਸੀਮਤ ਰੂਪ ਵਿਚ ਰਾਬਿੰਦਰਨਾਥ ਟੈਗੋਰ-ਗਾਂਧੀ-ਨਹਿਰੂ, ਮੁਹੰਮਦ ਅਲੀ ਜਿਨਾਹ, ਡਾ. ਬੀਆਰ ਅੰਬੇਡਕਰ ਅਤੇ ਵਿਨਾਇਕ ਦਾਮੋਦਰ ਸਾਵਰਕਰ ਦੇ ਦ੍ਰਿਸ਼ਟੀਕੋਣਾਂ ਤੋਂ ਵਿਚਾਰ ਸਕਦੇ ਹਾਂ। ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੈਤਿਕਤਾ, ਅਹਿੰਸਾ ਅਤੇ ਸੱਚ ਦੇ ਸੰਕਲਪਾਂ ’ਤੇ ਆਧਾਰਿਤ ਹੁੰਦੀ ਹੋਈ ਸੱਤਿਆਗ੍ਰਹਿ ਤੇ ਨਾਮਿਲਵਰਤਣ ਜਿਹੇ ਹਥਿਆਰ ਖੋਜਦੀ ਹੈ ਜਿਹੜੇ ਦੇਸ਼ ਦੇ ਵੱਡੇ ਲੋਕ-ਸਮੂਹਾਂ ਲਈ ਅੰਗਰੇਜ਼ਾਂ ਵਿਰੁੱਧ ਲੜਨ ਦੇ ਦਰਵਾਜ਼ੇ ਖੋਲ੍ਹ ਦਿੰਦੇ ਹਨ। ਟੈਗੋਰ ਤੇ ਨਹਿਰੂ ਵਿਗਿਆਨ ਤੇ ਆਧੁਨਿਕਤਾ ਨੂੰ ਆਪਣੀ ਸੋਚ ਵਿਚ ਸਮਾਉਂਦੇ ਹਨ ਜਿਸ ਦੀ ਸਿਖਰ ਨਹਿਰੂ ਦੀ ਕਿਤਾਬ ‘ਭਾਰਤ ਦੀ ਖੋਜ (Discovery of India)’ ਵਿਚ ਦੇਖੀ ਜਾ ਸਕਦੀ ਹੈ; ਨਹਿਰੂ ਲਿਖਦਾ ਹੈ, ‘‘ਸਮੇਂ/ਯੁੱਗ ਦੀ ਭਾਵਨਾ ਸਮਾਜਿਕ ਬਰਾਬਰੀ ਦੇ ਹੱਕ ਵਿਚ ਹੈ, ਭਾਵੇਂ ਅਮਲੀ ਰੂਪ ਵਿਚ ਬਰਾਬਰੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ... ਇਸ ਦੇ ਅਰਥ ਹਨ ਮਨੁੱਖਤਾ ਵਿਚ ਵਿਸ਼ਵਾਸ ਅਤੇ ਉਸ ਸਿਧਾਂਤ ਵਿਚ ਯਕੀਨ ਕਿ ਦੁਨੀਆ ’ਚ ਕੋਈ ਅਜਿਹੀ ਨਸਲ ਜਾਂ ਵਰਗ ਨਹੀਂ ਜਿਹੜਾ ਮੌਕੇ ਮਿਲਣ ’ਤੇ ਆਪਣੇ ਆਪ ਤਰੱਕੀ ਨਹੀਂ ਕਰ ਸਕਦਾ... ਭਾਰਤ ਵਿਚ ਸਾਰਿਆਂ ਲਈ ਮੌਕਿਆਂ ਦੇ ਦਰਵਾਜ਼ੇ ਖੋਲ੍ਹਣ ਦੇ ਹਰ ਯਤਨ ਨਾਲ ਵੱਡੀ ਪੱਧਰ ’ਤੇ ਊਰਜਾ ਤੇ ਯੋਗਤਾ ਪੈਦਾ ਹੋਵੇਗੀ ਜਿਹੜੀ ਦੇਸ਼ ਨੂੰ ਹੈਰਾਨ ਕਰ ਦੇਣ ਵਾਲੀ ਰਫ਼ਤਾਰ ਨਾਲ ਬਦਲ ਕੇ ਰੱਖ ਦੇਵੇਗੀ।’’ ਸਮਾਜਿਕ ਤੇ ਆਰਥਿਕ ਬਰਾਬਰੀ ’ਤੇ ਟੇਕ ਰੱਖਦਾ ਹੋਇਆ ਇਹ ਦ੍ਰਿਸ਼ਟੀਕੋਣ ਆਸ਼ਾਵਾਦੀ ਸੀ।

ਟੈਗੋਰ-ਗਾਂਧੀ-ਨਹਿਰੂ ਚਿੰਤਨ ਵਿਕਾਸ ਕਰ ਰਿਹਾ ਤੇ ਰੂਪ ਬਦਲਦਾ ਦ੍ਰਿਸ਼ਟੀਕੋਣ ਸੀ ਜਿਹੜਾ ਤਬਦੀਲੀਆਂ ਨੂੰ ਸਵੀਕਾਰ ਕਰਦਾ ਰਿਹਾ ਪਰ ਉਸ ਸਮੇਂ ਰਾਸ਼ਟਰਵਾਦ ਦਾ ਦੂਸਰਾ ਸੰਕਲਪ ਮੁਹੰਮਦ ਅਲੀ ਜਿਨਾਹ ਦੀ ਸੋਚ ਰਾਹੀਂ ਸਾਹਮਣੇ ਆਇਆ ਜਿਸ ਅਨੁਸਾਰ ਹਿੰਦੂ ਤੇ ਮੁਸਲਮਾਨ ਦੋ ਵੱਖਰੀਆਂ ਵੱਖਰੀਆਂ ਕੌਮਾਂ ਸਨ ਅਤੇ ਮੁਸਲਮਾਨਾਂ ਨੂੰ ਆਪਣੇ ਲਈ ਵੱਖਰਾ ਖਿੱਤਾ ਚਾਹੀਦਾ ਸੀ; ਇਸ ਦ੍ਰਿਸ਼ਟੀਕੋਣ ਦੇ ਵਿਕਾਸ ਨਾਲ ਹਿੰਦੋਸਤਾਨ ਵਿਚ ਇਕ ਵੱਖਰੇ ਖਿੱਤੇ ਦੀ ਮੰਗ ਬਾਅਦ ਵਿਚ ਵੱਖਰੇ ਦੇਸ਼ ਪਾਕਿਸਤਾਨ ਦੀ ਮੰਗ ਵਿਚ ਤਬਦੀਲ ਹੋ ਗਈ।

ਉਸ ਸਮੇਂ ਸਾਡੇ ਸਾਹਮਣੇ ਵਿਨਾਇਕ ਦਾਮੋਦਰ ਸਾਵਰਕਰ ਦਾ ਦ੍ਰਿਸ਼ਟੀਕੋਣ ਵੀ ਹੈ ਜਿਸ ਮੁਤਾਬਿਕ ਭਾਰਤ/ਹਿੰਦੋਸਤਾਨ ਦੀ ਖੋਜ ਮਿਥਿਹਾਸਕ-ਇਤਿਹਾਸਕ ਬਿੰਦੂਆਂ ਤੋਂ ਸ਼ੁਰੂ ਹੁੰਦੀ ਹੈ ਜਿਸ ਅਨੁਸਾਰ ਹਿੰਦੋਸਤਾਨ ਵਿਚ ਸਿਰਫ਼ ਇਕੋ ਇਕ ਕੌਮ ਹੈ, ਹਿੰਦੂ। ਸਾਵਰਕਰ ਹਿੰਦੂ ਧਰਮ ਦੇ ਵੱਖ ਵੱਖ ਪੰਥਾਂ ਨੂੰ ਏਕਾਮਈ ਕਰਦਾ ਹੋਇਆ ਹਿੰਦੂਤਵ ਦਾ ਸਿਧਾਂਤ ਬਣਾਉਂਦਾ ਹੈ। ਉਹ ਵੱਖ ਵੱਖ ਧਾਰਮਿਕ ਫ਼ਿਰਕਿਆਂ, ਕਬੀਲਿਆਂ ਅਤੇ ਲੋਕ-ਸਮੂਹਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ; ਪਹਿਲੀ ਸ਼੍ਰੇਣੀ ਵਿਚ ਉਨ੍ਹਾਂ ਧਰਮਾਂ ਤੇ ਫ਼ਿਰਕਿਆਂ ਦੇ ਲੋਕ ਸ਼ਾਮਲ ਹਨ ਜਿਨ੍ਹਾਂ ਦੀ ਪਿਤਰ-ਭੂਮੀ (ਮਾਂ-ਭੂਮੀ) ਵੀ ਭਾਰਤ ਹੈ ਅਤੇ ਪੁੰਨਯ-ਭੂਮੀ ਵੀ; ਪੁੰਨਯ-ਭੂਮੀ ਤੋਂ ਉਸ ਦੇ ਅਰਥ ਇਹ ਹਨ ਕਿ ਇਨ੍ਹਾਂ ਲੋਕਾਂ ਦੇ ਧਾਰਮਿਕ ਰਹਿਬਰ ਵੀ ਭਾਰਤ ਵਿਚ ਹੀ ਪੈਦਾ ਹੋਏ। ਸਾਵਰਕਰ ਇਸ ਸ਼੍ਰੇਣੀ ਵਿਚ ਹਿੰਦੂਆਂ, ਸਿੱਖਾਂ, ਜੈਨੀਆਂ, ਬੋਧੀਆਂ ਅਤੇ ਕਬਾਇਲੀਆਂ ਨੂੰ ਸ਼ਾਮਲ ਕਰਦਾ ਹੈ। ਦੂਸਰੀ ਸ਼੍ਰੇਣੀ ਵਿਚ ਸਾਵਰਕਰ ਉਨ੍ਹਾਂ ਲੋਕਾਂ ਨੂੰ ਰੱਖਦਾ ਹੈ ਜਿਨ੍ਹਾਂ ਦੇ ਵਡੇਰੇ ਤਾਂ ਭਾਰਤ ਦੇ ਹਨ (ਭਾਵ ਜਿਨ੍ਹਾਂ ਦੀ ਪਿਤਰ-ਭੂਮੀ ਤਾਂ ਭਾਰਤ ਹੈ) ਪਰ ਉਨ੍ਹਾਂ ਦੇ ਧਾਰਮਿਕ ਆਗੂ ਤੇ ਰਹਿਬਰ ਭਾਰਤ ਦੇ ਨਹੀਂ, ਬਾਹਰਲੇ ਦੇਸ਼ਾਂ ਦੇ ਹਨ (ਭਾਵ ਜਿਨ੍ਹਾਂ ਦੀ ਪੁੰਨਯ-ਭੂਮੀ ਭਾਰਤ ਨਹੀਂ); ਇਸ ਸ਼੍ਰੇਣੀ ਵਿਚ ਸਾਵਰਕਰ ਮੁਸਲਮਾਨਾਂ ਤੇ ਇਸਾਈਆਂ ਨੂੰ ਰੱਖਦਾ ਹੈ; ਉਹਦੇ ਅਨੁਸਾਰ ਇਨ੍ਹਾਂ ਲੋਕਾਂ ਨੂੰ ਹਿੰਦੋਸਤਾਨ ਅਤੇ ਹਿੰਦੂਤਵ ਦੀ ਸਰਵਸ੍ਰੇਸ਼ਟਤਾ ਨੂੰ ਸਵੀਕਾਰ ਕਰਨਾ ਪੈਣਾ ਹੈ।

ਇਸ ਤਰ੍ਹਾਂ ਸਾਵਰਕਰਵਾਦੀ ਤਸੱਵਰ ਵਿਚ ‘ਆਪਣਿਆਂ (ਜਿਨ੍ਹਾਂ ਦੇ ਵਡੇਰੇ ਵੀ ਇੱਥੋਂ ਦੇ ਸਨ ਤੇ ਧਾਰਮਿਕ ਗੁਰੂ ਵੀ)’ ਅਤੇ ‘ਪਰਾਇਆਂ/ਬੇਗਾਨਿਆਂ (ਜਿਨ੍ਹਾਂ ਦੇ ਵਡੇਰੇ ਤਾਂ ਇੱਥੋਂ ਦੇ ਹਨ ਪਰ ਧਾਰਮਿਕ ਆਗੂ ਦੇਸ਼ੋਂ ਬਾਹਰ ਦੇ ਹਨ)’ ਦਾ ਸੰਕਲਪ ਪੈਦਾ ਕਰਦਾ ਹੈ। ਉਸ ਦੀ ਰਾਇ ਹੈ ਕਿ ਦੇਸ਼ ਦੀ ਨਵ-ਉਸਾਰੀ ‘ਹਿੰਦੂਤਵ’ ਦੇ ਆਧਾਰ ’ਤੇ ਹੋ ਸਕਦੀ ਹੈ ਅਤੇ ਇਸ ਦ੍ਰਿਸ਼ਟੀਕੋਣ ਤੋਂ ਹਿੰਦੂ ਰਾਸ਼ਟਰ ਦਾ ਸੰਕਲਪ ਪੈਦਾ ਹੁੰਦਾ ਹੈ।

ਡਾ. ਬੀਆਰ ਅੰਬੇਡਕਰ ਨੇ ਸਿੱਧੇ ਤੌਰ ’ਤੇ ਰਾਸ਼ਟਰਵਾਦ ਬਾਰੇ ਬਹੁਤ ਘੱਟ ਲਿਖਿਆ ਪਰ ਉਸ ਦੇ ਵਿਚਾਰ ਜ਼ਿਆਦਾ ਵਿਹਾਰਕ ਹਨ। ਉਸ ਦੀ ਰਾਸ਼ਟਰਵਾਦ ਦੀ ਧਾਰਨਾ ਦਲਿਤਾਂ ਨੂੰ ਬਰਾਬਰੀ ਦੇ ਅਧਿਕਾਰ ਮਿਲਣ, ਜਾਤੀਵਾਦ ਦੇ ਖਾਤਮੇ ਅਤੇ ਯੂਰੋਪੀਅਨ ਵਿਦਵਾਨਾਂ (ਖ਼ਾਸ ਕਰਕੇ ਅਰਨੈਸਟ ਰੈਨਨ) ਦੇ ਵਿਚਾਰਾਂ ’ਤੇ ਆਧਾਰਿਤ ਹੈ। ਅੰਬੇਡਕਰ ਉਨ੍ਹਾਂ ਸਾਰੀਆਂ ਸੰਭਾਵਨਾਵਾਂ ਨੂੰ ਵਿਚਾਰਦਾ ਹੈ ਜਿਨ੍ਹਾਂ ਅਨੁਸਾਰ ਹਿੰਦੂ ਤੇ ਮੁਸਲਮਾਨ ਇਕੱਠੇ ਰਹਿ ਸਕਦੇ ਸਨ ਅਤੇ ਉਸ ਸਿਆਸੀ ਜ਼ਮੀਨ ਨੂੰ ਵੀ ਜਿਹੜੀ ਮੁਸਲਿਮ ਆਗੂਆਂ ਨੇ ਵੱਖਰਾ ਦੇਸ਼ ਬਣਾਉਣ ਲਈ ਤਿਆਰ ਕੀਤੀ ਸੀ। ਉਹ ਸਮਾਜਿਕ ਇਨਕਲਾਬ ਅਤੇ ਸਵਰਾਜ ਨੂੰ ਇਕੋ ਧਰਾਤਲ ’ਤੇ ਰੱਖਦਾ ਸੀ।

ਹੁਣ ਭਾਰਤ/ਇੰਡੀਆ/ਹਿੰਦੋਸਤਾਨ ਦੀ ਤਲਾਸ਼ ਹੋ ਰਹੀ ਹੈ। ਗ਼ੈਰ-ਭਾਜਪਾ ਪਾਰਟੀਆਂ ਨੇ ਆਪਣੇ ਸਾਂਝੇ ਮੋਰਚੇ ਦਾ ਨਾਂ ‘ਇੰਡੀਆ’ ਰੱਖਿਆ ਹੈ; ਭਾਜਪਾ ਨੇ ਇਸ ਦਾ ਵਿਰੋਧ ਕੀਤਾ ਹੈ। ‘ਇੰਡੀਆ’ ਨਾਮ ਹੇਠ ਆਈਆਂ ਸਿਆਸੀ ਪਾਰਟੀਆਂ ਵਿਚਕਾਰ ਬਹੁਤ ਸਾਰੇ ਵਿਚਾਰਧਾਰਕ ਮਤਭੇਦ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਧਰਮ ਨਿਰਪੱਖਤਾ, ਜਮਹੂਰੀਅਤ ਤੇ ਜਮਹੂਰੀ ਸੰਸਥਾਵਾਂ ਦੀ ਰਾਖੀ ਕਰਨ ਲਈ ਇਕੱਠੀਆਂ ਹੋਈਆਂ ਹਨ; ਭਾਈਚਾਰਕ ਪਾੜੇ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਅਤੇ ਜਾਤੀਵਾਦ ਦੇ ਵਿਰੁੱਧ ਹਨ; ਇਹ ਟੈਗੋਰ-ਗਾਂਧੀ-ਨਹਿਰੂ, ਅੰਬੇਡਕਰ, ਰਾਮ ਮਨੋਹਰ ਲੋਹੀਆ ਅਤੇ ਹੋਰ ਉਦਾਰਵਾਦੀ ਤੇ ਖੱਬੇ-ਪੱਖੀ ਵਿਚਾਰਧਾਰਾਵਾਂ ਇਕ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਹੈ ਜੋ ਜਮਹੂਰੀ ਸੰਸਥਾਵਾਂ ਅਤੇ ਸੰਵਿਧਾਨ ਦੇ ਬਚਾਅ ਲਈ ਜ਼ਰੂਰੀ ਹੈ। ਦੂਸਰੇ ਪਾਸੇ ਭਾਜਪਾ ਦਾ ਸਾਵਰਕਰਵਾਦੀ ਦ੍ਰਿਸ਼ਟੀਕੋਣ ਹੈ; ਇਸ ਸ਼ੁੱਕਰਵਾਰ ਹੀ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਫਿਰ ਕਿਹਾ ਹੈ, ‘‘ਵਿਚਾਰਕ ਰੂਪ ਵਿਚ ਸਾਰੇ ਭਾਰਤੀ ਹਿੰਦੂ ਹਨ ਅਤੇ ਹਿੰਦੂ ਦਾ ਮਤਲਬ ਹੈ ਸਾਰੇ ਭਾਰਤੀ ਹਨ।’’

ਇਹ ਫ਼ੈਸਲਾ ਦੇਸ਼ ਵਾਸੀਆਂ ਨੇ ਕਰਨਾ ਹੈ ਕਿ ਉਨ੍ਹਾਂ ਨੂੰ ਕਿਹੋ ਜਿਹਾ ਦੇਸ਼ ਚਾਹੀਦਾ ਹੈ; ਉਨ੍ਹਾਂ ਲਈ ਭਾਰਤ/ਇੰਡੀਆ/ਹਿੰਦੋਸਤਾਨ ਦੇ ਕੀ ਅਰਥ ਹਨ: ਉਹ ਪੰਜਾਬੀ ਸ਼ਾਇਰ ਪਾਸ਼ ਦੇ ਇਨ੍ਹਾਂ ਸ਼ਬਦਾਂ ਮੁਤਾਬਿਕ ਵੀ ਸੋਚ ਸਕਦੇ ਹਨ, ‘‘... ਭਾਰਤ ਦੇ ਅਰਥ/ ਕਿਸੇ ਦੁਸ਼ਯੰਤ ਨਾਲ ਸਬੰਧਤ ਨਹੀਂ/ ਸਗੋਂ ਖੇਤਾਂ ਵਿਚ ਦਾਇਰ ਹਨ/ ਜਿੱਥੇ ਅੰਨ ਉੱਗਦਾ ਹੈ/ ਜਿੱਥੇ ਸੰਨ੍ਹਾਂ ਲਗਦੀਆਂ ਹਨ।’’

ਜਮਹੂਰੀਅਤ ਵਿਚ ਜਮਹੂਰੀ ਸੰਸਥਾਵਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਇਹ ਫ਼ੈਸਲਾ ਲੋਕਾਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਕਿਹੋ ਜਿਹੇ ਵਿਚਾਰ ਅਪਣਾਉਣੇ ਅਤੇ ਕਿਹੜੇ ਅਸਵੀਕਾਰ ਕਰਨੇ ਹਨ। ਫ਼ੈਸਲੇ ਕਰਨੇ ਲਗਾਤਾਰ ਪ੍ਰਕਿਰਿਆ ਹੈ; ਅਸੀਂ ਇਕ ਫ਼ੈਸਲੇ ਤੋਂ ਬਾਅਦ ਦੂਸਰੇ ਫ਼ੈਸਲੇ ਤਕ ਸਫ਼ਰ ਕਰਦੇ ਹਾਂ; ਕੋਈ ਫ਼ੈਸਲਾ ਅੰਤਮ ਨਹੀਂ ਹੁੰਦਾ; 2024 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਇਕ ਅਜਿਹਾ ਸਮੂਹਿਕ ਮੌਕਾ ਲੈ ਕੇ ਆ ਰਹੀਆਂ ਹਨ ਜਿਨ੍ਹਾਂ ਵਿਚ ਇਕ ਪਾਸੇ ਭਾਜਪਾ ਦੀ ਅਗਵਾਈ ਵਾਲਾ ‘ਕੌਮੀ ਜਮਹੂਰੀ ਗੱਠਜੋੜ’ ਹੋਵੇਗਾ ਅਤੇ ਦੂਸਰੇ ਪਾਸੇ ਗ਼ੈਰ-ਭਾਜਪਾ ਪਾਰਟੀਆਂ ਦਾ ਗੱਠਬੰਧਨ ‘ਇੰਡੀਆ’।

Advertisement
×